ਮੁੰਬਈ, 9 ਮਈ
ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਮਾਂ ਦਿਵਸ ਮੌਕੇ ਆਪਣੀ ਮਾਤਾ ਨੂੰ ਭਾਵੁਕ ਪੱਤਰ ਲਿਖਿਆ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘ਪਿਆਰੀ ਮਾਂ ਜਦੋਂ ਮੈਂ ਘਰ ਛੱਡਿਆ ਸੀ ਤਾਂ ਪਤਾ ਨਹੀਂ ਸੀ ਕਿ ਐਨੀ ਛੇਤੀ ਸਭ ਕੁਝ ਬਦਲ ਜਾਵੇਗਾ। ਆਮ ਤੌਰ ’ਤੇ ਜਦੋਂ ਘਰ ਫੋਨ ਕਰਦੀ ਸੀ ਤਾਂ ਪਿਤਾ ਤੇ ਭੈਣ-ਭਰਾ ਬਹੁਤ ਸਾਰੀਆਂ ਗੱਲਾਂ ਕਰਦੇ ਸਨ ਪਰ ਤੂੰ ਹਮੇਸ਼ਾਂ ਮੈਨੂੰ ਇਹੀ ਪੁੱਛਦੇ ਸੀ ਕਿ ਕੁਝ ਖਾਧਾ ਬੇਟਾ? ਤੇਰੇ ਲਈ ਖਾਣਾ ਕੌਣ ਬਣਾਉਂਦਾ ਹੈ? ਤੁਸੀਂ ਖਾਣਾ ਕਿੱਥੋਂ ਲੈਂਦੇ ਹੋ? ਮਾਂ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਭਰ ਆਉਂਦੀਆਂ ਸਨ। ਜਦੋਂ ਮੈਂ ਨਿਰਾਸ਼ ਹੁੰਦੀ ਸੀ ਤਾਂ ਮੈਂ ਖੁਦ ਨੂੰ ਯਾਦ ਕਰਵਾਉਂਦੀ ਸੀ ਕਿ ਕੁਝ ਵੀ ਹੋਵੇ ਇਕ ਬੰਦਾ ਤਾਂ ਹੈ ਜਿਹੜਾ ਮੈਨੂੰ ਹਮੇਸ਼ਾਂ ਪਿਆਰ ਕਰੇਗਾ ਅਤੇ ਇਸ ਨੇ ਮੈਨੂੰ ਲੜਨ ਲਈ ਬਹੁਤ ਤਾਕਤ ਦਿੱਤੀ ਤੇ ਮੈਂ ਆਪਣੀ ਕਿਸਮਤ ਖੁਦ ਬਣਾਈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮਾਂ ਦਿਵਸ ਦੀ ਵਧਾਈ ਹੋਵੇ। ਤੁਹਾਡਾ ਛੋਟੂ।’’ ਜਾਣਕਾਰੀ ਅਨੁਸਾਰ ਬੀਤੇ ਦਿਨ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਆਖਿਆ ਸੀ ਕਿ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਉਸ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। -ਆਈਏਐੱਨਐੱਸ