ਕਮਲ ਸਰਾਵਾਂ
ਗੁਜ਼ਰੇ ਹੋਏ ਸਮੇਂ ਵਾਪਸ ਨਹੀਂ ਆਉਂਦੇ, ਪਰ ਯਾਦ ਜ਼ਰੂਰ ਆਉਂਦੇ ਨੇ। ਅਸੀਂ ਜਿਸ ਸਮੇਂ ਵਿੱਚ ਹੁੰਦੇ ਹਾਂ, ਉਸ ਦੀ ਖੂਬਸੂਰਤੀ ਅਸੀਂ ਦੇਖ ਨਹੀਂ ਪਾਉਂਦੇ। ਪੈਰ ਵਰਤਮਾਨ ਵਿੱਚ ਤੇ ਧਿਆਨ ਅਤੀਤ ਵਿੱਚ ਹੁੰਦਾ ਹੈ। ਬੀਤ ਰਹੇ ਸਮੇਂ ਨੂੰ ਵੀ ਇਸੇ ਅੱਖ ਨਾਲ ਪਿਛਾਂਹ ਮੁੜ ਕੇ ਦੇਖਾਂਗੇ ਤੇ ਕਹਾਂਗੇ ਕਿ ਉਹ ਸਮਾਂ ਕਿੰਨਾ ਸੋਹਣਾ ਸੀ, ਓਹਦੇ ਵਰਗੀ ਰੀਸ ਨਹੀਂ। ਜਦੋਂ ਹੁੰਦਾ ਹੈ ਤਾਂ ਸਮਝ ’ਚ ਨਹੀਂ ਆਉਂਦਾ, ਬੀਤ ਕੇ ਯਾਦ ਆਉਂਦੈ, ਸੋਹਣਾ ਲੱਗਦੈ। ਸ਼ਾਇਦ ਇਹੀ ਸਮੇਂ ਦੀ ਖ਼ਾਸੀਅਤ ਤੇ ਇਹੀ ਖੂਬਸੂਰਤੀ ਹੈ। ਅੱਜ ਪਿਛਾਂਹ ਮੁੜ ਕੇ ਦੇਖੀਏ ਤਾਂ ਅੱਖਾਂ ਸਾਹਮਣੇ ਉਹ ਖੁੱਲ੍ਹੀਆਂ ਗਲੀਆਂ, ਵੀਹੀਆਂ, ਖੁੱਲ੍ਹ ਬਹਾਰੇ ਘਰ ਬਾਰ, ਬਹੁਤੇ ਘਰਾਂ ਨੂੰ ਗੇਟ ਨਹੀਂ ਲੱਗਦੇ ਸਨ। ਲੱਕੜ ਦੇ ਬਾਰ ਹੁੰਦੇ ਸਨ।
ਗਰਮੀ ਦੀਆਂ ਰਾਤਾਂ ਨੂੰ ਕੋਠਿਆਂ ’ਤੇ ਮੰਜੇ ਚੜ੍ਹਾਉਣੇ, ਛੱਤ ’ਤੇ ਪਾਣੀ ਛਿੜਕਣਾ ਤਾਂ ਕਿ ਵਾਅ ਚੱਲੇ ਤਾਂ ਠੰਢਕ ਦਾ ਅਹਿਸਾਸ ਹੋਵੇ, ਗਰਮੀ ਤੋਂ ਰਾਹਤ ਮਿਲੇ। ਬਿਜਲੀ ਅਕਸਰ ਚਲੀ ਜਾਂਦੀ ਸੀ। ਬੇਬੇ ਬਾਪੂ ਨੇ ਪੱਖੀਆਂ ਨਾਲ ਹਵਾ ਦੇਣੀ। ਨਾਲ ਨਾਲ ਰਾਜੇ ਰਾਣੀ ਦੀਆਂ, ਕਾਂ ਚਿੜੀ ਦੀਆਂ ਬਾਤਾਂ ਸੁਣਾਉਣੀਆਂ। ਬਾਤਾਂ ਸੁਣਦਿਆਂ ਸੁਣਦਿਆਂ ਸੌਂ ਜਾਣਾ, ਕਦੋਂ ਨੀਂਦ ਆ ਜਾਣੀ, ਕੁਝ ਪਤਾ ਨਹੀਂ ਚੱਲਦਾ ਸੀ।
ਸੂਰਜ ਸਿਰ ’ਤੇ ਹੋਣਾ ਤਾਂ ਅੱਖ ਖੁੱਲ੍ਹਣੀ, ਉੱਠਣਸਾਰ ਸਕੂਲ ਜਾਣ ਦਾ ਫਿਕਰ ਪੈ ਜਾਣਾ। ਉੱਠਣ ਸਾਰ ਚਾਹ ਪੀਣੀ ਤੇ ਫਿਰ ਸੌਣ ਦੀ ਨਾਕਾਮ ਕੋਸ਼ਿਸ਼ ਕਰਨੀ ਕਿਉਂਕਿ ਬੇਬੇ ਨੇ ਸਕੂਲ ਲਈ ਤਿਆਰ ਕਰਨਾ ਸ਼ੁਰੂ ਕਰ ਦੇਣਾ। ਬੈਠਣ ਲਈ ਸਕੂਲ ਵਾਲੇ ਝੋਲੇ ਵਿੱਚ ਬੋਰੀ ਜਾਂ ਗੱਟਾ ਪਾਉਣਾ ਭੁੱਲ ਜਾਣਾ ਤਾਂ ਨਾਲ ਦੇ ਕਿਸੇ ਆੜੀ ਨਾਲ ਸਾਂਝ ਬਣਾ ਕੇ ਬੈਠਣਾ, ਬਾਅਦ ਵਿੱਚ ਓਸੇ ਨਾਲ ਕਿਸੇ ਗੱਲ ਤੋਂ ਲੜ ਪੈਣਾ ਤਾਂ ਹੋਰ ਨਾਲ ਆੜੀ ਪਾ ਲੈਣੀ। ਅੱਧੀ ਛੁੱਟੀ ਵੇਲੇ ਘਰੇ ਰੋਟੀ ਖਾਣ ਆਉਣਾ। ਲੱਸੀ ਵਿੱਚ ਹਰੀ ਮਿਰਚ ਤੇ ਗੰਢੇ ਦੀ ਚਟਣੀ ਘੋਲ ਕੇ ਰੋਟੀ ਕੁੱਟ ਕੇ ਚੂਰੀ ਬਣਾ ਕੇ ਟੌਹਰ ਨਾਲ ਖਾਣੀ। ਪੜ੍ਹਾਈ ਘੱਟ ਲੜਾਈ ਜ਼ਿਆਦਾ ਹੋ ਜਾਂਦੀ ਸੀ। ਮਾਸਟਰ ਨੇ ਮੁਰਗਾ ਬਣਾਉਣਾ ਤੇ ਭੈਣ ਜੀ ਨੇ ਥੱਪੜ ਲਾ ਦੇਣੇ। ਰਹਿੰਦੀ ਖੂੰਹਦੀ ਕਸਰ ਮੌਨੀਟਰ ਨੇ ਕੱਢ ਦੇਣੀ। ਸ਼ਿਕਾਇਤਾਂ ਲਾਉਣ ਦਾ, ਦੂਜੇ ਨੂੰ ਫਸਾਉਣ ਦਾ, ਉਸ ਦੇ ਕੁੱਟ ਪਵਾਉਣ ਦਾ ਆਪਣਾ ਇੱਕ ਨਜ਼ਾਰਾ ਸੀ। ਇਹ ਨਜ਼ਾਰੇ ਹਰ ਇੱਕ ਦੇ ਹਿੱਸੇ ਹੀ ਆਂ ਜਾਂਦੇ, ਕੁੱਟ ਖਾਣ ਦੇ ਵੀ ਤੇ ਕੁੱਟ ਪਵਾਉਣ ਦੇ ਵੀ। ਕਈ ਵਾਰ ਤਾਂ ਲੜਾਈ ਵਿੱਚ ਸਲੇਟਾਂ, ਫੱਟੀਆਂ ਵੀ ਚੱਲਦੀਆਂ। ਮਾਸਟਰ ਨੇ ਪੁੱਛਣਾ ਕੰਮ ਕਿਉਂ ਨਹੀਂ ਕਰਿਆ? ਕਹਿਣਾ ਕਿ ਸਿਆਹੀ ਨਹੀਂ ਮਿਲੀ, ਗਾਚੀ ਨਹੀਂ ਮਿਲੀ, ਲੈਟ ਹੈਣੀ ਸੀ, ਪੈਂਸਿਲ ਟੁੱਟਗੀ ਸੀ, ਵਗੈਰਾ ਵਗੈਰਾ।
ਸਕੂਲ ਜਾਣ ਦਾ ਮਨ ਤਾਂ ਕਿਹੜਾ ਕਰਦਾ ਸੀ। ਬੇਬੇ ਧੱਕੇ ਨਾਲ ਕੁੱਟ ਕੁਟਾਪਾ ਕਰ ਕੇ ਹੀ ਭੇਜਦੀ ਸੀ। ਬਹਾਨੇ ਓਹੀ ਕਿ ਠੰਢ ਲੱਗਦੀ ਐ, ਸਿਰ ਦੁਖਦਾ, ਢਿੱਡ ਦੁਖਦਾ ਤੇ ਬੇਬੇ ਫਿਰ ਦਵਾਈ ਦੇ ਕੇ ਆਪ ਸਕੂਲ ਛੱਡ ਕੇ ਆਉਂਦੀ, ਕਈ ਵਾਰ ਤਾਂ ਘੜੀਸ ਕੇ ਲਿਜਾਇਆ ਜਾਂਦਾ। ਕਈ ਵਾਰ ਤੜਕੇ ਹੀ ਤੇ ਕਈ ਵਾਰ ਅੱਧੀ ਛੁੱਟੀ ਵੇਲੇ ਘਰਦਿਆਂ ਤੋਂ ਇੱਕ ਰੁਪਈਆ ਜਾਂ ਦੋ ਰੁਪਈਏ ਲੈਣੇ ਕਿ ਚੀਜ਼ੀ ਖਾਣੀ ਐਂ। ਸਕੂਲ ਦੀ ਨਿੱਕੀ ਜਿਹੀ ਹੱਟੀ, ਜਿਸ ਨੂੰ ਸਕੂਲ ਵਿੱਚ ਅਧਿਆਪਕਾਂ ਲਈ ਚਾਹ ਬਣਾਉਣ ਵਾਲਾ ਚਾਚਾ ਹੀ ਚਲਾਉਂਦਾ ਸੀ। ਚੂਰਨ ਦੀਆਂ ਪਾਈਪਾਂ, ਇਮਲੀ ਵਾਲੇ ਗੋਲੇ, ਪੁੜੀਆਂ, ਮੱਠੀਆਂ, ਬਾਲੂਸ਼ਾਹੀਆਂ, ਗੋਲੀ ਵਾਲੇ ਬੱਤੇ ਤੇ ਹੋਰ ਕਿੰਨੀਆਂ ਹੀ ਚੀਜ਼ੀਆਂ ਜੋ 36 ਪਕਵਾਨਾਂ ਨੂੰ ਵੀ ਮਾਤ ਦਿੰਦੀਆਂ।
ਸ਼ਨਿਚਰਵਾਰ ਸ਼ਾਮ ਨੂੰ ਪੰਜਾਬੀ ਫਿਲਮ ਦਾ ਚਾਅ ਤੇ ਐਤਵਾਰ ਨੂੰ ‘ਰੰਗੋਲੀ’, ‘ਸ਼ਕਤੀਮਾਨ’। ਸ਼ੁੱਕਰਵਾਰ ਰਾਤ 9:30 ’ਤੇ ਚੱਲਣ ਵਾਲੀ ਹਿੰਦੀ ਫਿਲਮ। ਇੱਕੋ ਚੈਨਲ ਸੀ, ਸੋ ਮਸ਼ਹੂਰੀ ਟਾਈਮ ਵੀ ਟੀਵੀ ਅੱਗੇ ਬੈਠਣ ਦਾ ਸਬਰ ਸੀ। ਮਸ਼ਹੂਰੀ ਵਾਲੀਆਂ ਚੀਜ਼ਾਂ ਲਿਆਉਣ ਦੀ ਕੋਸ਼ਿਸ਼ ਕਰਦੇ। ਸ਼ਾਮ ਨੂੰ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਘਰਦਿਆਂ ਨੂੰ ਕਹਿ ਦੇਣਾ ਕਿ ਹੱਟੀ ਤੋਂ ਕੋਈ ਚੀਜ਼ ਜੇ ਮੰਗਾਉਣੀ ਆ ਤਾਂ ਹੁਣ ਮੰਗਾ ਲਵੋ, ਫਿਰ ਨਾ ਫਿਲਮ ਚੱਲਦੀ ’ਚ ਕਹਿਣਾ। ਗੱਗੂ ਗਿੱਲ, ਯੋਗਰਾਜ, ਵਰਿੰਦਰ, ਸ਼ੇਰਾ, ਮੇਹਰ ਮਿੱਤਰ, ਮਹਿੰਗਾ, ਸ਼ੈਹਰੂ ਖਾਨ, ਸੰਨੀ ਦਿਓਲ, ਲੰਬੂ, ਅਮੀਰ ਖਾਨ, ਸੁਨੀਲ ਸ਼ੈਟੀ, ਜੈਕੀ ਸ਼ਰਾਫ਼, ਅਮਰੀਸ਼ ਪੁਰੀ, ਸਲਮਾਨ ਖਾਨ ਉਸ ਸਮੇਂ ਚਰਚਿਤ ਐਕਟਰ ਸਨ।
ਗਲੀ ਵਿੱਚ ਕੁਲਫੀ ਵਾਲਾ, ਕੁਲਚਿਆਂ ਵਾਲਾ, ਪਾਪੜਾਂ ਵਾਲਾ ਜਦੋਂ ਵੀ ਆਉਂਦਾ, ਬਸ ਫਿਰ ਦਾਣਿਆਂ ਦਾ ਕੌਲਾ ਭਰ ਕੇ ਲੈ ਜਾਣਾ ਜਾਂ ਫਿਰ ਘਰਦਿਆਂ ਤੋਂ ਪੈਸੇ ਮੰਗਣੇ, ਰੋਣਾ ਲਿਟਣਾ, ਪਰ ਚੀਜ਼ੀ ਜ਼ਰੂਰ ਲੈਂਦੇ ਸਾਂ, ਭਾਵੇਂ ਇਸ ਦੇ ਇਵਜ਼ ਵਿੱਚ ਕੁੱਟ ਵੀ ਪੈ ਜਾਂਦੀ ਸੀ। ਸ਼ਾਮ ਨੂੰ ਸਬਜ਼ੀ ਵਾਲੇ ਭਾਈ ਨੇ ਆਉਣਾ, ਉਸ ਕੋਲ ਵੀ ਜੇ ਕੋਈ ਖਾਣ ਵਾਲੀ ਚੀਜ਼ ਹੋਣੀ ਜਿਵੇਂ ਤਰਾਂ, ਖੱਖੜੀ, ਚਿੱਭੜ, ਟਮਾਟਰ ਉਹ ਵੀ ਲੈਣ ਦੀ ਜ਼ਿੱਦ ਕਰਨਾ। ਗੰਢੇ ਦੀ ਚਟਣੀ, ਹਰੀ ਮਿਰਚ ਦੀ ਚਟਣੀ, ਸੁੱਕੀ ਲਾਲ ਮਿਰਚ ਦੀ ਚਟਣੀ ਕੂੰਡੇ ਘੋਟੇ ਨਾਲ ਤਿਆਰ ਕਰਨੀ ਤੇ ਲੱਸੀ ਦਾ ਘੋਲ ਤਿਆਰ ਕਰਨਾ, ਕਿਆ ਸੁਆਦ ਸੀ। ਨਾਨਕੇ ਜਾਣਾ ਤਾਂ ਬੱਸ ਵਿੱਚ ਦਾਲ ਵੇਚਣ ਵਾਲੇ, ਗਿਰੀਆਂ, ਭੁਜੀਆ, ਕੱਚੀ ਗਿਰੀ ਵਾਲੇ ਗੰਨੇ ਦੇ ਜੂਸ ਵਾਲੇ ਆਉਂਦੇ। ਸਭ ਤੋਂ ਕੁਝ ਨਾ ਕੁਝ ਖਾਣਾ। ਫਿਰ ਮਰੂੰਡੇ ਪੋਪਲੇ ਲੈਣੇ। ਬੱਸ ਤੋਂ ਉੱਤਰ ਕੇ ਘਰ ਪਹੁੰਚਣ ਤੋਂ ਪਹਿਲਾਂ ਹੀ ਆਵਦੀ ਨਵੀਂ ਪਾਈ ਪੈਂਟ ਸ਼ਰਟ ਦਿਖਾਉਣ ਉਨ੍ਹਾਂ ਦੇ ਘਰ ਜਾਣਾ। ਖ਼ਾਸ ਆੜੀਆਂ ਨੂੰ ਘਰੇ ਨਾਲ ਲੈ ਆਉਣਾ ਕਿ ਚੀਜ਼ੀ ਲਿਆਂਦੀ ਐ। ਫਿਰ ਜਦੋਂ ਉਨ੍ਹਾਂ ਨੇ ਚੀਜ਼ੀ ਲਿਆਉਣੀ ਫਿਰ ਆਪਣੀ ਖਵਾਈ ਚੀਜ਼ੀ ਯਾਦ ਕਰਾ ਕੇ ਪੱਕੇ ਆੜੀ ਹੋਣ ਦੀ ਗੱਲ ਕਰ ਕੇ ਉਸ ਤੋਂ ਚੀਜ਼ੀ ਖਾਣੀ।
ਉਹ ਇੱਕ ਯੁੱਗ ਸੀ, ਖ਼ੁਸ਼ੀਆਂ ਖ਼ੁਸ਼ਹਾਲੀਆਂ, ਸਰਦਾਰੀਆਂ ਦਾ। ਪੈਸੇ ਘੱਟ ਸੀ ਸਕੂਨ ਜ਼ਿਆਦਾ ਸੀ। ਦਿਲ ਦੀ ਅਮੀਰੀ ਜ਼ਿਆਦਾ ਸੀ, ਪੈਸੇ ਦੀ ਘੱਟ। ਮੁਕਾਬਲਾ ਨਹੀਂ ਸੀ, ਈਰਖਾ ਨਹੀਂ ਸੀ, ਰਲ ਮਿਲ ਕੇ ਰਹਿਣ ਦਾ ਸੱਭਿਆਚਾਰ ਸੀ। ਥੁੜ੍ਹਾਂ ਤੰਗੀਆਂ ਵਿੱਚ ਜ਼ਿੰਦਗੀ ਜਿਉਂਦੇ ਸਭ ਇੱਕ ਦੂਜੇ ਦੀ ਲੋੜ ਵੇਲੇ ਮਦਦ ਕਰਦੇ, ਚੰਗੇ ਮਾੜੇ ਵਕਤ ਵਿੱਚ ਸਾਥ ਦਿੰਦੇ। ਮੈਂਬਰ ਪੰਚਾਇਤ ਦੀ ਗੱਲ ਮੰਨੀ ਜਾਂਦੀ ਸੀ। ਪਿੰਡ ਦਾ ਮਸਲਾ ਪਿੰਡ ਦੀ ਪੰਚਾਇਤ ਹੀ ਹੱਲ ਕਰ ਦਿੰਦੀ ਸੀ। ਉਹ ਸਮਾਂ ਫਿਲਮ ਵਾਂਗ ਬੀਤ ਗਿਆ, ਪਰ ਸਾਡੇ ਚੇਤਿਆਂ ਵਿੱਚ ਅੱਜ ਵੀ ਓਵੇਂ ਹੀ ਰੁਕਿਆ ਹੋਇਆ ਹੈ ਕਿਸੇ ਤਸਵੀਰ ਵਾਂਗ।
ਸੰਪਰਕ: 99156-81496