ਮੁੰਬਈ: ਅਦਾਕਾਰ ਮਨੋਜ ਬਾਜਪਾਈ, ਨਸੀਰੂਦੀਨ ਸ਼ਾਹ, ਕੋਂਕਨਾ ਸੇਨ ਸ਼ਰਮਾ ਅਤੇ ਨਿਰਦੇਸ਼ਕ ਹੰਸਲ ਮਹਿਤਾ ਨੇ ਆਪੋ-ਆਪਣੇ ਖੇਤਰ ਵਿਚ ‘ਏਸ਼ੀਅਨ ਅਕੈਡਮੀ ਕਰੀਏਟਿਵ ਐਵਾਰਡਜ਼ 2021’ ਹਾਸਲ ਕੀਤੇ ਹਨ। ਸਿੰਗਾਪੁਰ ਵਿੱਚ ਕਰਵਾਏ ਗਏ ਇਸ ਸਨਮਾਨ ਸਮਾਰੋਹ ਦੌਰਾਨ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਵੱਖ-ਵੱਖ ਮੁਲਕਾਂ ਦੀਆਂ 38 ਸ਼ਖ਼ਸੀਅਤਾਂ ਨੂੰ ਆਪੋ-ਆਪਣੇ ਖੇਤਰ ’ਚ ਰਚਨਾਤਮਕ ਕੰਮ ਕਰਨ ਲਈ ਪੁਰਸਕਾਰ ਦਿੱਤੇ ਗਏ। ਭਾਰਤ ਦੇ ਮਨੋਜ ਬਾਜਪਾਈ ਨੂੰ ਐਮਾਜ਼ੋਨ ਪ੍ਰਾਈਮ ਦੀ ਲੜੀ ‘ਦਿ ਫੈਮਿਲੀ ਮੈਨ 2’ ਵਿੱਚ ਨਿਭਾਏ ਗਏ ‘ਸ੍ਰੀਕਾਂਤ ਤਿਵਾੜੀ’ ਦੇ ਕਿਰਦਾਰ ਲਈ ‘ਸਰਬੋਤਮ ਅਦਾਕਾਰ’ ਦਾ ਪੁਰਸਕਾਰ ਦਿੱਤਾ ਗਿਆ। ਕੋਂਕਨਾ ਸੇਨ ਸ਼ਰਮਾ ਨੂੰ ਨੈੱਟਫਲਿਕਸ ਸੀਰੀਜ਼ ‘ਅਜੀਬ ਦਾਸਤਾਨਜ਼’ ਵਿੱਚ ਨਿਭਾਈ ਗਈ ‘ਭਾਰਤੀ ਮੰਡਲ’ ਦੀ ਭੂਮਿਕਾ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ। ਨਸੀਰੂਦੀਨ ਸ਼ਾਹ ਨੂੰ ਵੈੱਬ ਸੀਰੀਜ਼ ‘ਬੈਂਡਿਸ਼ ਬੈਂਡਿਟਸ’ ਵਿਚਲੇ ਆਪਣੇ ਸੰਗੀਤਕਾਰ ਦੇ ਕਿਰਦਾਰ ਲਈ ‘ਸਰਬੋਤਮ ਸਹਾਇਕ ਅਦਾਕਾਰ’ ਦਾ ਪੁਰਸਕਾਰ ਦਿੱਤਾ ਗਿਆ ਅਤੇ ਅੰਮ੍ਰਿਤਾ ਸੁਭਾਸ਼ ਨੂੰ ‘ਬੰਬੇ ਬੇਗਮਜ਼’ ਵਿੱਚ ਬਾਰ ਡਾਂਸਰ ਲਿਲੀ ਦੀ ਭੂਮਿਕਾ ਨਿਭਾਉਣ ਲਈ ‘ਸਰਬੋਤਮ ਸਹਾਇਕ ਅਦਾਕਾਰਾ’ ਦਾ ਐਵਾਰਡ ਦਿੱਤਾ ਗਿਆ। ਅੰਮ੍ਰਿਤਾ ਨੇ ਟਵਿੱਟਰ ’ਤੇ ਆਪਣੀ ਟੀਮ ਦਾ ਧੰਨਵਾਦ ਕਰਦਿਆਂ ਆਖਿਆ, ‘‘ਮੇਰਾ ਪਹਿਲਾ ਕੌਮਾਂਤਰੀ ਪੁਰਸਕਾਰ। ਟੀਮ ਦਾ ਸ਼ੁਕਰੀਆ।’’ ਐਮਾਜ਼ੋਨ ਸੀਰੀਜ਼ ‘ਮਿਰਜ਼ਾਪੁਰ’ ਦੇ ਦੂਜੇ ਭਾਗ ਨੂੰ ‘ਸਟ੍ਰੀਮਰ/ਓਟੀਟੀ ਦੇ ਸਰਬੋਤਮ ਮੂਲ ਪ੍ਰੋਗਰਾਮ’ ਲਈ ਸਨਮਾਨਿਆ ਗਿਆ। ਸੀਰੀਜ਼ ਲਿਖਣ ਵਾਲੇ ਪੁਨੀਤ ਕ੍ਰਿਸ਼ਨਾ ਨੇ ਇਹ ਐਵਾਰਡ ਅਦਾਕਾਰ ਬ੍ਰਹਮਸਵਰੂਪ ਮਿਸ਼ਰਾ ਨੂੰ ਸਮਰਿਪਤ ਕੀਤਾ, ਜੋ ਬੀਤੇ ਵੀਰਵਾਰ ਆਪਣੇ ਫਲੈਟ ਵਿੱਚ ਮ੍ਰਿਤਕ ਮਿਲਿਆ ਸੀ। ਅੰਸਲ ਮਹਿਤਾ ਨੇ ‘ਸਕੈਮ 1992’ ਲਈ ‘ਸਰਬੋਤਮ ਡਰਾਮਾ ਸੀਰੀਜ਼’ ਅਤੇ ‘ਸਰਬੋਤਮ ਨਿਰਦੇਸ਼ਕ’ ਦਾ ਪੁਰਸਕਾਰ ਜਿੱਤਿਆ। ਮਹਿਤਾ ਨੇ ਟਵਿੱਟਰ ’ਤੇ ਆਪਣੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ। ਨਿਰਦੇਸ਼ਕ ਉਮੇਸ਼ ਬਿਸ਼ਟ ਦੀ ‘ਪਗਲੈਟ’ ਨੇ ਵੀ ਸਕਰੀਨਪਲੇਅ ਅਤੇ ਸੰਗੀਤ ਲਈ ਦੋ ਐਵਾਰਡ ਪ੍ਰਾਪਤ ਕੀਤੇ। -ਪੀਟੀਆਈ