ਮਨਦੀਪ ਸਿੰਘ ਸਿੱਧੂ
ਮਦਨ ਪੁਰੀ ਦੀ ਪੈਦਾਇਸ਼ 30 ਸਤੰਬਰ 1915 ਨੂੰ ਨਵਾਂ ਸ਼ਹਿਰ ਦੇ ਪਿੰਡ ਰਾਹੋਂ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਲਾਲਾ ਨਿਹਾਲ ਚੰਦ ਪੁਰੀ ਅਤੇ ਮਾਤਾ ਦਾ ਨਾਮ ਵੇਦ ਕੌਰ ਸੀ। ਮਦਨਪੁਰੀ ਨੇ ਬੀ. ਏ. ਤਕ ਤਾਲੀਮ ਹਾਸਲ ਕੀਤੀ। ਵੱਡਾ ਭਰਾ ਚਮਨ ਪੁਰੀ (ਚਰਿੱਤਰ ਅਦਾਕਾਰ), ਛੋਟਾ ਭਰਾ ਅਮਰੀਸ਼ ਪੁਰੀ (ਖ਼ਲਨਾਇਕ) ਅਤੇ ਉਸ ਤੋਂ ਛੋਟਾ ਭਰਾ ਹਰੀਸ਼ ਪੁਰੀ ਤੇ ਇਕ ਭੈਣ ਚੰਦਰਕਾਂਤਾ ਮਿਹਰਾ (ਪਤਨੀ ਰਾਜੇਸ਼ ਮਿਹਰਾ) ਹੈ। ਅਦਾਕਾਰ/ਗੁਲੂਕਾਰ ਕੁੰਦਨ ਲਾਲ ਸਹਿਗਲ ਰਿਸ਼ਤੇਦਾਰੀ ’ਚੋਂ ਇਨ੍ਹਾਂ ਦੇ ਭਰਾ ਸਨ। ਮਦਨਪੁਰੀ ਦਾ ਵਿਆਹ ਸ਼ੀਲਾ ਦੇਵੀ (ਮਰਹੂਮ) ਨਾਲ ਹੋਇਆ ਸੀ। ਇਨ੍ਹਾਂ ਦੇ ਤਿੰਨ ਪੁੱਤਰ ਪਰਵੇਸ਼ ਪੁਰੀ, ਲੈਫਟੀਨੈਂਟ ਕਰਨਲ ਡਾ. ਕਮਲੇਸ਼ ਕੇ. ਪੁਰੀ ਅਤੇ ਰਮਨੀਸ਼ ਪੁਰੀ (ਹਿਦਾਇਤਕਾਰ) ਹਨ।
ਜਦੋਂ ਹਿਦਾਇਤਕਾਰ ਮੋਤੀ ਬੀ. ਗਿਡਵਾਨੀ ਨੇ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਹਿੰਦੀ ਫ਼ਿਲਮ ‘ਖ਼ਜ਼ਾਨਚੀ’ (1941) ਬਣਾਈ ਤਾਂ ਮਦਨ ਪੁਰੀ ਨੂੰ ਫ਼ਿਲਮਾਂ ਵਿਚ ਕੰਮ ਕਰਨ ਦਾ ਪਹਿਲਾ ਮੌਕਾ ਦਿੱਤਾ। ਇਸ ਫ਼ਿਲਮ ਵਿਚ ਉਸ ਨੇ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਦੇ ਸੰਗੀਤ ਵਿਚ ਵਲੀ ਸਾਹਿਬ ਦੇ ਲਿਖੇ ਇਕ ਰੁਮਾਨੀ ਗੀਤ ‘ਸਾਵਨ ਕੇ ਨਜ਼ਾਰੇ ਹੈਂ’ (ਸ਼ਮਸ਼ਾਦ ਬੇਗ਼ਮ, ਗ਼ੁਲਾਮ ਹੈਦਰ) ਦੋਸਤਾਂ ਦੇ ਸਾਈਕਲ ਕਾਫ਼ਲੇ ਵਿਚ ਸ਼ਮੂਲੀਅਤ ਕੀਤੀ ਸੀ। ਬਤੌਰ ਹੀਰੋ ਮਦਨ ਪੁਰੀ ਦੀ ਪਹਿਲੀ ਫ਼ਿਲਮ ਮਾਯਾ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਐੱਨ. ਵਾਸਵਾਨੀ ਨਿਰਦੇਸ਼ਿਤ ‘ਕੁਲਦੀਪ’ (1946) ਸੀ। ਫ਼ਿਲਮ ਵਿਚ ਉਸ ਨੇ ‘ਕੁਲਦੀਪ’ ਦਾ ਟਾਈਟਲ ਕਿਰਦਾਰ, ਜਿਸ ਦੇ ਰੂਬਰੂ ਅਦਾਕਾਰਾ ਵਿਜਯ ਮੋਹਿਨੀ ‘ਸੁਖੀਆ’ ਦਾ ਪਾਰਟ ਅਦਾ ਕਰ ਰਹੀ ਸੀ। ਗੀਤ ਤੇ ਮੁਕਾਲਮੇ ਨਵਾ ਨੱਕਵੀ ਤੇ ਸੰਗੀਤ ਸੁਸ਼ਾਂਤਾ ਬੈਨਰਜੀ ਨੇ ਤਾਮੀਰ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ‘ਉਮਰ ਖ਼ਯਾਮ’, ‘1857’ (1946), ‘ਅਹਿੰਸਾ’, ‘ਪੁਲ’, ‘ਲਾਖੋਂ ਮੇਂ ਏਕ’, ‘ਚਿਤੌੜ ਵਿਜਯ’ (1947), ‘ਵਿੱਦਿਆ’ (ਹਰੀਸ਼), ‘ਸੋਨਾ’ (1948), ‘ਇਮਤਿਹਾਨ’, ‘ਜੀਤ’ (ਰਤਨ ਬਾਬੂ), ‘ਨਮੂਨਾ’ (ਲੱਛੂ), ‘ਰਾਤ ਕੀ ਰਾਨੀ’, ‘ਦਿਲ ਕੀ ਦੁਨੀਆ’, ‘ਕਮਲ’, ‘ਸਿੰਗਾਰ’ (ਡਾ. ਨਿਰੰਜਨ/1949) ਵਰਗੀਆਂ ਕਾਮਯਾਬ ਨਗ਼ਮਾਤੀ ਫ਼ਿਲਮਾਂ ਵਿਚ ਸਹਾਇਕ ਤੇ ਖ਼ਲ ਪਾਤਰ ਨਿਭਾਏ।
ਮਦਨ ਪੁਰੀ ਦੀ ਪਹਿਲੀ ਪੰਜਾਬੀ ਫ਼ਿਲਮ ਰਾਜ ਰੰਗ ਪਿਕਚਰਜ਼, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਮਦਾਰੀ’ (1950) ਸੀ। ਫ਼ਿਲਮ ’ਚ ਉਸ ਨੇ ਕਾਰਖਾਨੇ ਦੇ ਮਾਲਕ ‘ਪਿਲਪਿਲੀ ਸਾਹਬ’ ਦਾ ਨੈਗੇਟਿਵ ਕਿਰਦਾਰ ਨਿਭਾਇਆ, ਜਿਸ ਦੇ ਸਨਮੁੱਖ ਅਦਾਕਾਰਾ ਕੁਲਦੀਪ ਕੌਰ ਅਦਾਕਾਰੀ ਕਰ ਰਹੀ ਸੀ। ਕਹਾਣੀ, ਗੀਤ ਤੇ ਮੁਕਾਲਮੇ ਅਜ਼ੀਜ਼ ਕਸ਼ਮੀਰੀ ਅਤੇ ਮੌਸੀਕੀ ਏ. ਆਰ. ਕਸ਼ਮੀਰੀ ਨੇ ਮੁਰੱਤਬਿ ਕੀਤੀ। ਫ਼ਿਲਮ ਦਾ ਇਕ ਕੱਵਾਲੀ ਗੀਤ ਮਦਨ ਪੁਰੀ ਤੇ ਕੁਲਦੀਪ ਕੌਰ ’ਤੇ ਫ਼ਿਲਮਾਇਆ ਗਿਆ ‘ਐਡਾ ਹੁਸਨ ਤੇ ਗਰੂਰ ਨਹੀਂ ਹਜ਼ੂਰ ਚਾਹੀਦਾ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ) ਵੀ ਬੜਾ ਹਿੱਟ ਹੋਇਆ। ਇਹ ਫ਼ਿਲਮ 13 ਅਪਰੈਲ 1950 ਨੂੰ ਰਿਆਲਟੋ ਥੀਏਟਰ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਨਵ-ਚਿੱਤਰਕਾਰ ਲਿਮਟਿਡ, ਬੰਬੇ ਦੀ ਕੁਲਦੀਪ ਨਿਰਦੇਸ਼ਿਤ ਫ਼ਿਲਮ ‘ਬਾਲੋ’ (1951) ’ਚ ਵੀ ਉਸ ਨੇ ਨਕਾਰਾਤਮਕ ਭੂਮਿਕਾ ਨਿਭਾਈ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਰਾਮ ਪ੍ਰਕਾਸ਼ ‘ਅਸ਼ਕ’, ਗੀਤ ਸਾਹਿਰ ਲੁਧਿਆਣਵੀ (ਪਹਿਲੀ ਫ਼ਿਲਮ) ਅਤੇ ਸੰਗੀਤਕ ਤਰਜ਼ਾਂ ਐੱਨ. ਦੱਤਾ ਨੇ ਤਾਮੀਰ ਕੀਤੀਆਂ। ਇਹ ਫ਼ਿਲਮ 2 ਨਵੰਬਰ 1951 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਅੰਮ੍ਰਿਤ ਆਰਟ ਪ੍ਰੋਡਕਸ਼ਨਜ਼ ਲਿਮਟਿਡ, ਬੰਬੇ ਦੀ ਰਾਜਪਾਲ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਫੁੱਮਣ’ (1951) ’ਚ ਮਦਨ ਪੁਰੀ ਨੇ ‘ਜੱਗੂ ਚੌਧਰੀ’ ਦਾ ਪਾਰਟ ਅਦਾ ਕੀਤਾ। ਕਹਾਣੀ, ਮੁਕਾਲਮੇ ਰਾਜਪਾਲ ਅਤੇ ਸੰਗੀਤ ਏ. ਆਰ. ਕੁਰੈਸ਼ੀ ਨੇ ਤਿਆਰ ਕੀਤਾ। ਇਹ ਫ਼ਿਲਮ 4 ਮਈ 1951 ਨੂੰ ਹਰੀ ਪੈਲੇਸ, ਜਲੰਧਰ ਵਿਖੇ ਪਰਦਾਪੇਸ਼ ਹੋਈ। ਪੀ. ਐੱਸ. ਪਿਕਚਰਜ਼, ਬੰਬੇ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਅਸ਼ਟੱਲੀ’ (1954) ’ਚ ਇਕ ਵਾਰ ਫਿਰ ਮਦਨ ਪੁਰੀ ਨੈਗੇਟਿਵ ਪਾਰਟ ਅਦਾ ਕਰ ਰਹੇ ਸਨ। ਇਹ ਫ਼ਿਲਮ 25 ਨਵੰਬਰ 1955 ਨੂੰ ਕ੍ਰਿਸ਼ਨਾ ਥੀਏਟਰ, ਜਲੰਧਰ ਵਿਖੇ ਨੁਮਾਇਸ਼ ਹੋਈ।
ਵਿਸ਼ਵ ਵਿਜੈ ਮੰਦਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗੁੱਡੀ’ (1961) ਵਿਚ ਉਸ ਨੇ ਪਿੰਡ ਦੇ ‘ਲੰਬੜਦਾਰ’ ਦਾ ਨੈਗੇਟਿਵ ਪਾਰਟ ਨਿਭਾਇਆ। ਹੰਸਰਾਜ ਬਹਿਲ ਦੇ ਸੰਗੀਤ ਵਿਚ ਵਰਮਾ ਮਲਿਕ ਦਾ ਲਿਖਿਆ ਇਕ ਹਿੱਟ ਗੀਤ ‘ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ’ (ਸ਼ਮਸ਼ਾਦ ਬੇਗ਼ਮ) ਦੇ ਪਸਮੰਜ਼ਰ ’ਚ ਸ਼ੀਲਾ ਕਸ਼ਮੀਰੀ ਨਾਲ ਮਦਨ ਪੁਰੀ ਵੀ ਮੌਜੂਦ ਸੀ। ਇਹ ਫ਼ਿਲਮ 10 ਮਾਰਚ 1961 ਨੂੰ ਸੁਸਾਇਟੀ ਥੀਏਟਰ, ਲੁਧਿਆਣਾ ਵਿਖੇ ਨੁਮਾਇਸ਼ ਹੋਈ। ਸ਼ੋਭਾ ਪਿਕਚਰਜ਼, ਬੰਬੇ ਦੀ ਬੇਕਲ ‘ਅੰਮ੍ਰਿਤਸਰੀ’ ਨਿਰਦੇਸ਼ਿਤ ਤਹਿਰੀਰਸ਼ੁਦਾ ਫ਼ਿਲਮ ‘ਕਿੱਕਲੀ’ (1964) ’ਚ ਉਸ ਨੇ ‘ਲੱਖਾ’ ਨਾਮੀ ਖ਼ਲ ਪਾਤਰ ਅਦਾ ਕੀਤਾ। ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਰਾਜ ਝੀਂਗਣ ਨਿਰਦੇਸ਼ਿਤ ਫ਼ਿਲਮ ‘ਮੈਂ ਜੱਟੀ ਪੰਜਾਬ ਦੀ’ (1964) ’ਚ ਮਦਨ ਪੁਰੀ ‘ਪਿਆਰੇ ਲਾਲ’ ਦਾ ਖ਼ਲ ਕਿਰਦਾਰ ਨਿਭਾ ਰਿਹਾ ਸੀ।
ਨੀਰਜ ਫ਼ਿਲਮਜ਼, ਬੰਬੇ ਦੀ ਹਰੀਸ਼ ਰਾਣਾ ਨਿਰਦੇਸ਼ਿਤ ਫ਼ਿਲਮ ‘ਪਟੋਲਾ’ (1973) ਵਿਚ ‘ਚੌਧਰੀ ਮਦਨ ਲਾਲ’ ਦਾ ਨਕਾਰਾਤਮਕ ਰੋਲ ਕੀਤਾ। ਬੀ. ਐੱਨ. ਬਾਲੀ ਦੇ ਸੰਗੀਤ ਵਿਚ ਕੇ. ਜ਼ਮਾਨ ਦਾ ਲਿਖਿਆ ਇਕ ਮੁਜਰਾ ਗੀਤ ‘ਲਿਆ ਵੇ ਲਿਆ ਮੇਰਾ ਦਿਲ ਦੇ’ (ਆਸ਼ਾ ਭੌਸਲੇ) ਸ਼ੀਲਾ ਆਰ. ਤੇ ਮਦਨ ਪੁਰੀ ’ਤੇ ਫ਼ਿਲਮਾਇਆ ਗਿਆ। ਪੀ. ਐੱਲ. ਫ਼ਿਲਮਜ਼, ਬੰਬੇ ਦੀ ਜੁਗਲ ਕਿਸ਼ੋਰ (ਸਹਾਇਕ ਸਤੀਸ਼ ਭਾਖੜੀ) ਨਿਰਦੇਸ਼ਿਤ ਫ਼ਿਲਮ ‘ਮੋਰਨੀ’ (1975) ’ਚ ਮਦਨ ਪੁਰੀ ਨੇ ਸਤੀਸ਼ ਕੌਲ ਦੇ ਪਿਓ ‘ਹਵੇਲੀਰਾਮ’/ ‘ਸ਼ਾਹ ਜੀ’ ਦਾ ਚਰਿੱਤਰ ਕਿਰਦਾਰ ਨਿਭਾਇਆ। ਇੰਦਰਜੀਤ ਹਸਨਪੁਰੀ ਦੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਦਾਜ’ (1976) ਵਿਚ ਉਸ ਨੇ ਫ਼ਿਲਮ ਦੇ ਹੀਰੋ ਧੀਰਜ ਕੁਮਾਰ ਦੇ ਪਿਓ ‘ਸੇਠ ਦੀਨ ਦਿਆਲ’ ਦਾ ਸੋਹਣਾ ਚਰਿੱਤਰ ਪਾਰਟ ਅਦਾ ਕੀਤਾ। ਹਿੰਦੀ ਵਿਚ ਇਹ ਫ਼ਿਲਮ ਲੁਧਿਆਣਾ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ‘ਦਹੇਜ’ (1981) ਵਿਚ ਡੱਬ ਹੋਈ। ਪੀ. ਐੱਲ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਲੱਛੀ’ (1977) ਵਿਚ ਮਦਨ ਪੁਰੀ ਨੇ ਸਤੀਸ਼ ਕੌਲ (ਰਾਜੂ) ਤੇ ਰਜ਼ਾ ਮੁਰਾਦ (ਬਿੱਲਾ) ਦੇ ਪਿਓ ‘ਥਾਣੇਦਾਰ ਧਰਮ ਚੰਦ’ ਦਾ ਸ਼ਾਨਦਾਰ ਕਿਰਦਾਰ ਨਿਭਾਇਆ। ਹਿੰਦੀ ਵਿਚ ਇਹ ਫ਼ਿਲਮ ‘ਬਦਮਾਸ਼ੋਂ ਕਾ ਬਦਮਾਸ਼’ (1979) ਦੇ ਸਿਰਲੇਖ ਹੇਠ ਡੱਬ ਹੋਈ। ਜਸਵੰਤ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸ਼ੇਰ ਪੁੱਤਰ’ (1977) ’ਚ ਉਸ ਨੇ ਅਦਾਕਾਰਾ ਪਦਮਾ ਖੰਨਾ ਦੇ ਪਿਓ ਤੇ ਪਿੰਡ ਦੇ ਜ਼ਿਮੀਂਦਾਰ ‘ਮਦਨ ਲਾਲ’/ ‘ਮਦਨ ਸੇਠ’ ਦਾ ਚਰਿੱਤਰ ਪਾਰਟ ਅਦਾ ਕੀਤਾ। ਪੰਜਾਬ ਪਿਕਚਰਜ਼, ਬੰਬੇ ਦੀ ਪ੍ਰੋਫੈਸਰ ਨਰੂਲਾ ਨਿਰਦੇਸ਼ਿਤ ਫ਼ਿਲਮ ‘ਵੰਗਾਰ’ (1977) ’ਚ ਉਸ ਨੇ ਮਜ਼ਾਹੀਆ ਅਦਾਕਾਰ ਮਿਹਰ ਮਿੱਤਲ ਦੇ ਪਿਓ ‘ਚੇਤ ਰਾਮ’ ਦਾ ਨਕਾਰਾਤਮਕ ਪਾਤਰ ਨਿਭਾਇਆ। ਫ਼ਿਲਮ ਵਿਚ ਮਦਨ ਪੁਰੀ ਦਾ ਵੱਡਾ ਭਰਾ ਚਮਨਪੁਰੀ ਵੀ ਭਰਾ ‘ਨੇਕੀ ਰਾਮ’ ਦਾ ਰੋਲ ਕਰ ਰਿਹਾ ਸੀ। ਭਾਖੜੀ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜੱਟ ਪੰਜਾਬੀ’ (1979) ਵਿਚ ਉਸ ਨੇ ਠਰਕੀ ‘ਸ਼ਾਹ ਜੀ’ ਦਾ ਰੋਲ ਕੀਤਾ ਜਦੋਂ ਕਿ ‘ਜੱਟ ਪੰਜਾਬੀ’ ਦੇ ਟਾਈਟਲ ਕਿਰਦਾਰ ’ਚ ਮਨੋਜ ਕੁਮਾਰ ਮੌਜੂਦ ਸੀ। ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ’ਤੇ ਬਣੀ ਪਰਨੀਤ ਇੰਟਰਨੈਸ਼ਨਲ, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸਰਦਾਰ-ਏ-ਆਜ਼ਮ’ (1979) ’ਚ ਉਸ ਨੇ ਦੇਸ਼ ਭਗਤਾਂ ਦੇ ਸਾਥੀ ‘ਪਠਾਨ’ ਦਾ ਸੋਹਣਾ ਪਾਰਟ ਅਦਾ ਕੀਤਾ।
ਡੀ. ਜੇ. ਫ਼ਿਲਮਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਫੌਜੀ ਚਾਚਾ’ (1980) ’ਚ ਉਸ ਨੇ ਬੇਈਮਾਨ ਸੇਠ ‘ਬਨਵਾਰੀ ਲਾਲ’ ਦਾ ਨਕਾਰਾਤਮਕ ਕਿਰਦਾਰ ਨਿਭਾਇਆ ਜੋ ਗੱਲ-ਗੱਲ ’ਤੇ ਬੋਲਦਾ ਹੈ ‘ਜਯ ਬੋਲੋ ਬਈਮਾਨ ਕੀ’। ਐੱਮ. ਕੇ. ਬੀ. ਫ਼ਿਲਮਜ਼, ਬੰਬੇ ਦੀ ਮੋਹਨ ਭਾਖੜੀ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਜੱਟੀ’ (1980) ’ਚ ਉਸ ਨੇ ਮਿੱਤਲ ਦੇ ਪਿਓ ‘ਕ੍ਰਿਸ਼ਨ ਲਾਲ ਕਪੂਰ’ ਦਾ ਚਰਿੱਤਰ ਰੋਲ ਕੀਤਾ।
ਕਮਲ ਰਾਜ ਫ਼ਿਲਮਜ਼, ਬੰਬੇ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ਫ਼ਿਲਮ ‘ਮੌਜਾਂ ਦੁਬਈ ਦੀਆਂ’ (1985) ’ਚ ਉਸ ਨੇ ਵਿਨੋਦ ਮਹਿਰਾ ਦੇ ਪਿਓ ‘ਜਗਨ ਨਾਥ’ ਦਾ ਚਰਿੱਤਰ ਪਾਰਟ ਅਦਾ ਕੀਤਾ। ਨਾਗੀ ਇੰਟਰਪ੍ਰਾਈਜਸ, ਬੰਬਈ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜਗ ਚਾਨਣ ਹੋਇਆ’ (1986) ’ਚ ਮਦਨ ਪੁਰੀ ਨੇ ਜ਼ਾਲਮ ਰਾਜੇ ‘ਮਲਿਕ ਭਾਗੋ’ ਦਾ ਕਿਰਦਾਰ ਨਿਭਾਇਆ। ਸਾਲ 1974 ਵਿਚ ਇਹ ਫ਼ਿਲਮ ‘ਸਤਿਗੁਰੂ ਨਾਨਕ ਬਖ਼ਸ਼ਣਹਾਰ’ ਦੇ ਨਾਮ ਨਾਲ ਸ਼ੁਰੂ ਹੋਈ ਸੀ ਜੋ ਕਿਸੇ ਧਾਰਮਿਕ ਵਿਵਾਦ ਦੇ ਚੱਲਦਿਆਂ 1986 ਵਿਚ ‘ਜਗ ਚਾਣਨ ਹੋਇਆ’ ਦੇ ਨਾਮ ਨਾਲ ਸੈਂਸਰ ਹੋਈ ਸੀ।
ਮਦਨਪੁਰੀ 13 ਜਨਵਰੀ 1985 ਨੂੰ 70 ਸਾਲਾਂ ਦੀ ਉਮਰੇ ਬੰਬਈ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਫ਼ੌਤ ਹੋ ਗਏ। ਪੰਜਾਬੀ ਅਤੇ ਹਿੰਦੀ ਫ਼ਿਲਮ ਸਨਅਤ ਵਿਚ ਇਨ੍ਹਾਂ ਨੂੰ ਅਦਬ ਨਾਲ ‘ਮੱਦੀ ਚਾਚਾ’ ਕਿਹਾ ਜਾਂਦਾ ਸੀ। ਜ਼ਾਤੀ ਜ਼ਿੰਦਗੀ ਵਿਚ ਇਹ ਇੰਤਹਾਈ ਸ਼ਰੀਫ਼ ਇਨਸਾਨ ਸਨ। ਮਦਨਪੁਰੀ ਦੀ ਮੌਤ ਦੇ ਚਾਰ ਸਾਲ ਬਾਅਦ ਵੀ ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਦੀ ਆਖਰੀ ਹਿੰਦੀ ਫ਼ਿਲਮ ‘ਸੰਤੋਸ਼’ (1989) ਕਰਾਰ ਪਾਈ। ਇਸ ਫ਼ਿਲਮ ਵਿਚ ਉਸ ਨੇ ‘ਕਾਕਾ’ ਦਾ ਕਿਰਦਾਰ ਨਿਭਾਇਆ ਸੀ।
ਸੰਪਰਕ: 97805-09545