ਰਣਬੀਰ ਸਿੰਘ ਟੂਸੇ
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਹੌਲੀ ਦਾ ਜੰਮਪਲ ਗੀਤਕਾਰ ਹਰਵਿੰਦਰ ਸਿੰਘ ਉਰਫ਼ ਬਿੱਲੂ ਸਹੌਲੀ ਸਕੂਲ ਸਮੇਂ ਫੁੱਟਬਾਲ ਦਾ ਚੋਟੀ ਦਾ ਖਿਡਾਰੀ ਸੀ। ਬਾਅਦ ਵਿਚ ਉਸਦਾ ਝੁਕਾਅ ਸੱਭਿਆਚਾਰਕ ਵੰਨਗੀਆਂ ਵੱਲ ਹੋ ਗਿਆ। ਗਿਆਰਵੀਂ ਜਮਾਤ ਵਿਚ ਜਦੋਂ ਉਸਨੇ ਸੁਧਾਰ ਕਾਲਜ ਵਿਚ ਦਾਖਲਾ ਲਿਆ ਤਾਂ ਉਸਨੂੰ ਕਾਲਜ ਦੇ ਭੰਗੜਾ ਪਾਉਂਦੇ ਮੁੰਡਿਆਂ ਨੂੰ ਦੇਖ ਕੇ ਭੰਗੜਾ ਸਿੱਖਣ ਦੀ ਚੇਟਕ ਲੱਗ ਗਈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਖਜਿਆਰ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਕੈਂਪ ਦੌਰਾਨ ਆਥਣ ਵੇਲੇ ਹੁੰਦੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸਾਥੀਆਂ ਨੇ ਧੱਕੇ ਨਾਲ ਉਸਨੂੰ ਸਟੇਜ ’ਤੇ ਚੜ੍ਹਾ ਦਿੱਤਾ, ਇੱਥੇ ਉਸਨੇ ਜਦੋਂ ਜਗਮੋਹਣ ਕੌਰ-ਕੇ ਦੀਪ ਦਾ ਦੋਗਾਣਾ ‘ਮੇਲਾ ਛੜਿਆਂ ਦਾ ਦੇਖ ਚੁਬਾਰੇ ਚੜ੍ਹ ਕੇ’ ਗਾਇਆ ਤਾਂ ਗੀਤ ਉਪਰੰਤ ਵੱਜੀਆਂ ਤਾੜੀਆਂ ਤੇ ਸੀਟੀਆਂ ਨੇ ਉਸਦਾ ਹੌਸਲਾ ਵਧਾ ਦਿੱਤਾ। ਫਿਰ ਗਾਇਕੀ ਦੇ ਅੰਤਰ ਕਾਲਜ ਮੁਕਾਬਲਿਆਂ ਵਿਚ ਉਸਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਸਮੇਂ ਦੌਰਾਨ ਉਹ ਭੰਗੜਾ ਵੀ ਪਾਉਂਦਾ ਰਿਹਾ ਅਤੇ ਭੰਗੜੇ ਨਾਲ ਬੋਲੀਆਂ ਵੀ। ਇਸ ਦੌਰਾਨ ਸੱਭਿਆਚਾਰਕ ਮੇਲਿਆਂ ਅਤੇ ਦੋਸਤਾਂ ਦੇ ਵਿਆਹ ਵਿਚ ਬਿੱਲੂ ਸਹੌਲੀ ਨੂੰ ਉਚੇਚਾ ਸੱਦਿਆ ਜਾਣ ਲੱਗਾ। ਭੰਗੜਾ ਅਤੇ ਬੋਲੀਆਂ ਪਾਉਂਦਿਆਂ ਹੀ ਉਸਨੂੰ ਗੀਤ ਲਿਖਣ ਦਾ ਭੁਸ ਪੈ ਗਿਆ। ਫਿਰ ਉਸਨੇ ਇਸ ਵਿਚ ਨਾਮਣਾ ਖੱਟਿਆ।
ਸਭ ਤੋਂ ਪਹਿਲਾਂ ਉਸਦਾ ਲਿਖਿਆ ‘ਮਿਰਜ਼ਾ’ ਰਣਜੀਤ ਕੌਰ ਨੇ ਗਾਇਆ। ਜਿਸ ਨਾਲ ਉਸਦੀ ਹਰ ਪਾਸੇ ਬੱਲੇ-ਬੱਲੇ ਹੋ ਗਈ। ਇਸ ਦੌਰਾਨ ਹੀ ਕੇ ਦੀਪ ਅਤੇ ਜਗਮੋਹਣ ਕੌਰ ਨਾਲ ਉਸਦਾ ਮੇਲ ਗੀਤਕਾਰ ਗੋਲੂ ਦਾਖਿਆਂ ਵਾਲੇ ਜ਼ਰੀਏ ਹੋਇਆ। ਜਗਮੋਹਣ ਕੌਰ ਨੇ ਉਚੇਚਾ ਉਸਨੂੰ ਰਣਜੀਤ ਕੌਰ ਵੱਲੋਂ ਗਾਏ ‘ਮਿਰਜ਼ਾ’ ਦੀ ਤਰਜ਼ ’ਤੇ ਕੋਈ ਗੀਤ ਲਿਖ ਕੇ ਦੇਣ ਲਈ ਕਿਹਾ। ਬਿੱਲੂ ਥੋੜ੍ਹੇ ਦਿਨ ਬਾਅਦ ਹੀ ਉਸਨੂੰ ਉਸੇ ਤਰਜ਼ ’ਤੇ ਗੀਤ ਲਿਖ ਕੇ ਦੇ ਆਇਆ ਜਿਸਦੇ ਬੋਲ ਸਨ :
ਖੇੜੀਂ ਜਾਊ ਖਾਲੀ ਡੋਲੀ
ਸ਼ਰੀਕਾਂ ਦੇ ਵੱਜੂ ਸੀਨੇ ਬੋਲੀ
ਬਿੱਲੂ ਸੱਚੀ ਗੱਲ ਹੈ ਖੋਲੀ
ਲੋਕੋ ਬਹਿ ਕੇ ਪਿੰਡ ਸਹੌਲੀ
ਰੱਬ ਯਾਰਾਂ ਵਿਚ ਵਸਦਾ
ਲੋਕੋ ਕੁਝ ਨਾਂ ਬਲਖ ਬੁਖਾਰੇ
ਸੁਣ ਅੰਮੀਏ ਮੇਰੇ ਦਿਲ ਦੀ
ਮੈਨੂੰ ਵਿਆਹ ਦੇ ਤਖ਼ਤ ਹਜ਼ਾਰੇ
ਸੁਣ ਅੰਮੀਏ ਮੇਰੇ ਦਿਲ ਦੀ…
ਇਹ ਗੀਤ ਜਦੋਂ ਜਗਮੋਹਣ ਕੌਰ ਦੀ ਆਵਾਜ਼ ਵਿਚ ਸਪੀਕਰਾਂ ਰਾਹੀਂ ਘਰਾਂ ਦਿਆਂ ਬਨੇਰਿਆਂ ਤੋਂ ਵੱਜਿਆ ਤਾਂ ਹਰ ਪਾਸੇ ਬਿੱਲੂ ਦਾ ਨਾਂ ਗੂੰਜਣ ਲੱਗਿਆ। ਜਗਮੋਹਣ ਕੌਰ ਦਾ ਗਾਇਆ ਇਹ ਗੀਤ ਸੁਪਰ-ਡੁਪਰ ਹਿੱਟ ਹੋਇਆ ਸੀ। ਇਸ ਉਪਰੰਤ ਉਹ 1987 ਵਿਚ ਕੈਨੇਡਾ ਚਲਾ ਗਿਆ। ਉਸਨੇ ਹੋਰ ਵੀ ਸੈਂਕੜੇ ਗੀਤ ਲਿਖੇ, ਪਰ ਉਹ ਕਦੇ ਰਿਕਾਰਡ ਨਹੀਂ ਹੋ ਸਕੇ। ਉਹ ਆਪਣੇ ਗਾਇਕੀ ਦੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਆਪਣਾ ਨਾਂ ਰੌਸ਼ਨ ਕਰ ਗਿਆ।
ਸੰਪਰਕ: 94177-19994