ਦਲਬੀਰ ਸਿੰਘ ਧਾਲੀਵਾਲ
ਕਿਹਾ ਜਾਂਦਾ ਹੈ ਕਿ ਪੁਰਾਤਨ ਸਮਿਆਂ ਵਿਚ ਮਨੁੱਖ ਵੱਲੋਂ ਆਪਣੀ ਕਿਸੇ ਵੱਡੀ ਖ਼ੁਸ਼ੀ ਨੂੰ ਮਨਾਉਣ ਲਈ ਢੋਲ ਢਮੱਕੇ ਵਜਾ ਕੇ ਦੂੁਸਰੇ ਲੋਕਾਂ ਨੂੰ ਆਪਣੀ ਖ਼ੁਸ਼ੀ ਦੱਸੀ ਜਾਂਦੀ ਸੀ। ਜਦੋਂ ਕਿ ਸਮਾਜ ਦੇ ਕਿਸੇ ਉੱਚੇ ਰੁਤਬੇ ਵਾਲੇ ਵਿਅਕਤੀ ਦੀ ਸਫਲਤਾ ਵੇਲੇ ਘਿਓ ਦੇ ਦੀਵੇ ਬਾਲ ਕੇ ਖ਼ੁਸ਼ੀ ਮਨਾਈ ਜਾਂਦੀ ਸੀ, ਪਰ ਅਜੋਕੇ ਯੁੱਗ ਵਿਚ ਇਹ ਸਭ ਤਰੀਕੇ ਬਦਲ ਗਏ ਹਨ ਜਿਵੇਂ ਕਿ ਦੀਵਾਲੀ ਦਾ ਤਿਉਹਾਰ ਵੱਡੇ-ਵੱਡੇ ਪਟਾਕੇ ਅਤੇ ਮਹਿੰਗੀਆਂ ਰੌਸ਼ਨੀਆਂ ਕਰਕੇ ਮਨਾਇਆ ਜਾਂਦਾ ਹੈ। ਦੀਵਾਲੀ ਦੀ ਪਰੰਪਰਾ ਹਿੰਦੂ ਇਤਿਹਾਸ ਅਨੁਸਾਰ ਇਹ ਕਹਿੰਦੀ ਹੈ ਕਿ ਸ੍ਰੀ ਰਾਮ ਚੰਦਰ ਇਸ ਦਿਨ 14 ਸਾਲਾਂ ਦਾ ਬਨਵਾਸ ਕੱਟਣ ਉਪਰੰਤ ਅਤੇ ਲੰਕਾ ਪਤੀ ਰਾਜਾ ਰਾਵਣ ਨੂੰ ਯੁੱਧ ਵਿਚ ਮਾਰਨ ਉਪਰੰਤ ਅਯੁੱਧਿਆ ਪਹੁੰਚੇ ਸਨ ਤਾਂ ਜਨਤਾ ਨੇ ਖ਼ੁਸ਼ੀ ਵਜੋਂ ਆਪਣੇ ਘਰਾਂ ’ਚ ਦੀਵੇ ਜਗਾਏ ਸਨ ਜੋ ਅੱਜ ਤਕ ਦੀਵਾਲੀ ਦੇ ਤਿਉਹਾਰ ਵਜੋਂ ਪ੍ਰਚੱਲਿਤ ਹੈ। ਇਸੇ ਹਿੰਦੂ ਇਤਿਹਾਸ ਅਨੁਸਾਰ ਹੀ ਕੁਝ ਦਿਨ ਪਹਿਲਾਂ ਦੁਸਹਿਰਾ ਮਨਾਇਆ ਗਿਆ। ਦੀਵਾਲੀ, ਦੀਵਿਆਂ-ਵਾਲੀ, ਭਾਵ ਦੀਪ-ਵਾਲੀ ਸ਼ਬਦਾਂ ਦਾ ਸੁਮੇਲ ਹੈ।
ਦੀਵਾਲੀ ਤਿਉਹਾਰ ਦੇ ਇਤਿਹਾਸ ਨੂੰ ਗੌਰ ਨਾਲ ਵਾਚਣ ਉਪਰੰਤ ਇਸ ਤੋਂ ਸਿੱਖਿਆ ਤਾਂ ਸਾਨੂੰ ਹੰਕਾਰ ਅਤੇ ਬੁਰਾਈ ਤੋਂ ਦੂਰ ਰਹਿਣ ਦੀ ਮਿਲਦੀ ਹੈ, ਪਰ ਅਜੋਕੇ ਸਮਾਜ ਵਿਚ ਜੋ ਧਾਰਮਿਕ ਤੇ ਜਾਤੀਵਾਦੀ ਕੱਟੜਤਾ ਦੇ ਹੰਕਾਰੀ ਲੋਕ ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ ਅਤੇ ਇਵੇਂ ਹੀ ਜੋ ਲੋਕ ਬੇਤਹਾਸ਼ਾ ਵੱਡੇ- ਵੱਡੇ ਪਟਾਕੇ ਚਲਾ ਕੇ ਜ਼ਹਿਰੀਲੇ ਧੂੰਏਂ ਅਤੇ ਪਟਾਕਿਆਂ ਦੇ ਉੱਚੇ ਸ਼ੋਰ ਨਾਲ ਕਈ ਮਰੀਜ਼ਾਂ ਲਈ ਬੇਚੈਨੀ ਅਤੇ ਆਮ ਲੋਕਾਂ ਲਈ ਸਾਹ ਅਤੇ ਚਮੜੀ ਦੇ ਰੋਗ ਪੈਦਾ ਕਰਦੇ ਹਨ। ਕਈ ਅਮੀਰ ਲੋਕ ਫਜ਼ੂਲ ਖ਼ਰਚੀ ਤਾਂ ਬਹੁਤ ਕਰਦੇ ਹਨ, ਪਰ ਕਿਸੇ ਗ਼ਰੀਬ ਮਜ਼ਦੂਰ ਨੂੰ ਮਿਹਨਤਾਨਾ ਦੇਣ ਵੇਲੇ ਉਸ ਨਾਲ ਬਹਿਸ ਕਰਦੇ ਹਨ ਅਤੇ ਇਵੇਂ ਹੀ ਕਈ ਲੋਕ ਸ਼ਰਾਬ ਆਦਿ ਪੀ ਕੇ ਲੜਾਈ ਝਗੜੇ ਕਰਕੇ ਸਮਾਜ ਵਿਚ ਅਸ਼ਾਂਤੀ ਫੈਲਾਉਂਦੇ ਹਨ, ਉਨ੍ਹਾਂ ਲਈ ਦੀਵਾਲੀ ਦੇ ਇਸ ਅਸੂਲ ਦਾ ਕੀ ਮਹੱਤਵ ਹੈ? ਬੇਸ਼ੱਕ ਦੀਵਾਲੀ ਦੇ ਤਿਉਹਾਰ ਨੂੰ ਬੁਰਾਈ ਉੱਪਰ ਨੇਕੀ ਦੀ ਜਿੱਤ ਵਜੋਂ ਵੀ ਪ੍ਰਚਾਰਿਆ ਜਾਂਦਾ ਹੈ, ਪਰ ਅਜੋਕੇ ਹਾਲਾਤ ਅਨੁਸਾਰ ਦੀਵਾਲੀ ਮੌਕੇ ਕਈ ਵੱਡੇ ਸਿਆਸਤਦਾਨ ਅਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਮਤਾਹਿਤਾਂ (ਛੋਟੇ ਲੀਡਰਾਂ, ਛੋਟੇ ਮੁਲਾਜ਼ਮਾਂ ਤੇ ਲੋੜਵੰਦ ਜਨਤਾ) ਤੋਂ ਕੀਮਤੀ ਤੋਹਫ਼ੇ ਲੈਣ ਨੂੰ ਪਹਿਲ ਦੇ ਕੇ ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ। ਪਿੰਡਾਂ ਤੇ ਸ਼ਹਿਰਾਂ ਵਿਚ ਤਾਂ ਦੀਵਾਲੀ ਮਨਾਈ ਜਾਂਦੀ ਹੈ, ਪਰ ਦਫ਼ਤਰਾਂ ਵਿਚ ਦੀਵਾਲੀ ਕਮਾਈ ਜਾਂ ਬਣਾਈ ਜਾਂਦੀ ਹੈ।
ਇਹ ਵੀ ਵੇਖਿਆ ਜਾਂਦਾ ਹੈ ਕਿ ਕਈ ਵੱਡੇ ਘਰਾਂ ਵਿਚ ਭਾਰੀ ਮਾਤਰਾ ਵਿਚ ਬਚੀਆਂ ਹੋਈਆਂ ਮਿਠਾਈਆਂ ਆਦਿ ਨੂੰ ਕੂੁੜੇ ਦੇ ਢੇਰਾਂ ਉੱਤੇ ਸੁੱਟ ਦਿੱਤਾ ਜਾਂਦਾ ਹੈ ਜਦੋਂ ਕਿ ਸਾਡੇ ਦੇਸ਼ ਵਿਚ ਕਰੋੜਾਂ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਹ ਅਮੀਰ ਲੋਕ ਦੀਵਾਲੀ ਦੌਰਾਨ ਵੱਡੇ ਵੱਡੇ ਰੈਸਟੋਰੈਂਟਾਂ ਵਿਚ ਮਹਿੰਗੀਆਂ ਪਾਰਟੀਆਂ ਕਰਕੇ ਜਸ਼ਨਾਂ ਵਜੋਂ ਬੇਤਹਾਸ਼ਾ ਪੈਸਾ ਖ਼ਰਚਦੇ ਅਤੇ ਬਹੁਤ ਸਾਰਾ ਖਾਣਾ ਵੀ ਇੱਥੇ ਅਮੀਰੀ ਦੀ ਹਉਮੈ ਵਜੋਂ ਛੱਡ ਦਿੰਦੇ ਹਨ, ਪਰ ਕਿਸੇ ਗ਼ਰੀਬ ਤੇ ਭੁੱਖੇ ਪੇਟ ਬਾਰੇ ਨਹੀਂ ਸੋਚਿਆ ਜਾਂਦਾ ਜਿਸ ਨੂੰ ਇਹ ਲੋਕ ਤਾਂ ਇਕ ਸ਼ੁਗਲ ਹੀ ਸਮਝਦੇ ਹਨ, ਜਦੋਂ ਕਿ ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿਚ ਕਰੀਬ 20 ਕਰੋੜ ਲੋਕ ਰੋਜ਼ਾਨਾ ਰਾਤ ਨੂੰ ਭੁੱਖੇ ਸੌਂਦੇ ਹਨ, ਸਾਡੇ ਦੇਸ਼ ਵਿਚ 4 ਲੱਖ ਤੋਂ ਵੱਧ ਭਿਖਾਰੀ ਅਤੇ ਇਕੱਲੇ ਦਿੱਲੀ ਵਿਚ ਹੀ 50 ਹਜ਼ਾਰ ਤੋਂ ਵੱਧ ਬੱਚੇ ਭਿਖਾਰੀ ਹਨ। ਇੱਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਅਤਿ ਗ਼ਰੀਬ ਅਤੇ ਝੁੱਗੀ ਝੌਂਪੜੀਆਂ ਦੇ ਬੱਚੇ ਦੀਵਾਲੀ ਦੀਆਂ ਖ਼ੁਸ਼ੀਆਂ ਲਈ ਤਰਸਦੇ ਹਨ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਬੱਚੇ ਦੀਵਾਲੀ ਦੀ ਰਾਤ ਤੋਂ ਅਗਲੇ ਦਿਨ ਸਵੇਰੇ-ਸਵੇਰੇ ਅਮੀਰਾਂ ਦੀਆਂ ਗਲੀਆਂ ਵਿਚੋਂ ਅਣਚੱਲੇ ਪਟਾਕੇ ਅਤੇ ਕੂੜੇ ਦੇ ਢੇਰਾਂ ਉੱਤੋਂ ਅਣ ਵਰਤੀਆਂ ਮਿਠਾਈਆਂ ਲੱਭਦੇ ਆਪਣੀ ਰੋਜ਼ੀ ਰੋਟੀ ਦੀ ਪੂਰਤੀ ਕਰਦੇ ਆਮ ਵੇਖੇ ਜਾਂਦੇ ਹਨ। ਕੀ ਇਸ ਸਾਰੇ ਦ੍ਰਿਸ਼ ਵਿਚੋਂ ਉਸ ਝੂਠ ਦੀ ਝਲਕ ਨਹੀਂ ਪੈਂਦੀ ਜੋ ਸਾਡੇ ਦੇਸ਼ ਦੇ ਲੀਡਰਾਂ ਵੱਲੋਂ ਵਿਕਾਸ ਦੇ, ਗ਼ਰੀਬੀ ਹਟਾਏ ਜਾਣ ਦੇ ਅਤੇ ਸਵੱਛ ਭਾਰਤ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਜਦੋਂ ਕਿ ਦੁਨੀਆਂ ਦੇ 107 ਮੁਲਕਾਂ ਵਿਚ ਭਾਰਤ ਦਾ 92ਵਾਂ ਸਥਾਨ ਭੁੱਖਮਰੀ ਵਿਚ ਹੈ। ਫਿਰ ਅਸੀਂ ਦੀਵਾਲੀ ਨੂੰ ਬੁਰਾਈ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਕਿਵੇਂ ਕਹਿ ਸਕਦੇ ਹਾਂ ਸਗੋਂ ਇਹ ਤਾਂ ਨੇਕੀ ਉੱਪਰ ਬੁਰਾਈ ਦੀ ਜਿੱਤ ਕਹੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਅਜਿਹੀ ਦੀਵਾਲੀ ਜਿਸ ਵਿਚ ਲੋਕ ਸਾਡੇ ਆਲੇ-ਦੁਆਲੇ ਦੇ ਸਮਾਜ ਵਿਚ ਸਹੀ ਗਿਆਨ, ਆਪਸੀ ਬਰਾਬਰੀ ਅਤੇ ਇਨਸਾਫ਼ ਵੰਡਣ ਦੀ ਥਾਂ ਹਉਮੈ, ਪੂੰਜੀਵਾਦ, ਗ਼ਰੀਬੀ, ਭ੍ਰਿਸ਼ਟਾਚਾਰ ਅਤੇ ਅੰਧਵਿਸ਼ਵਾਸ ਦਾ ਘੁੱਪ ਹਨੇਰਾ ਵੰਡ ਰਹੇ ਹੋਣ ਅਤੇ ਲੱਖਾਂ ਕਰੋੜਾਂ ਰੁਪਏ ਦੀ ਫਜ਼ੂਲ ਖ਼ਰਚੀ ਅਤੇ ਜ਼ਹਿਰੀਲਾ ਪਟਾਕਾ ਪ੍ਰਦੂਸ਼ਣ ਫੈਲਾਉਂਦੇ ਹੋਣ, ਉਨ੍ਹਾਂ ਪਟਾਕਿਆਂ ਨਾਲ ਕਈ ਥਾਂ ਅੱਗ ਲੱਗ ਕੇ ਭਾਰੀ ਨੁਕਸਾਨ ਹੁੰਦਾ ਹੋਵੇ ਅਤੇ ਇਵੇਂ ਹੀ ਸਾਡੇ ਸਮਾਜ ਵਿਚ ਅੱਜ ਦਿਨੋਂ ਦਿਨ ਅਗਿਆਨਤਾ, ਅਨਪੜ੍ਹਤਾ, ਗ਼ਰੀਬੀ ਅਮੀਰੀ ਦਾ ਪਾੜਾ ਬੇਰੁਜ਼ਗਾਰੀ, ਬਲਾਤਕਾਰੀ ਜਿਹੇ ਜ਼ੁਰਮਾਂ ਦਾ ਅੰਧਕਾਰ ਦਿਨੋ ਦਿਨ ਵੱਧ ਰਿਹਾ ਹੋਵੇ ਤਾਂ ਇਹ ਕਹਿਣਾ ਸੁਭਾਵਿਕ ਹੀ ਹੈ ਕਿ ‘ਜਿਉਂ ਜਿਉਂ ਦੀਵਾਲੀ ਵਾਲੇ ਦੀਵੇ ਜਗਦੇ ਤਿਊਂ ਤਿਉਂ ਹਨੇਰੇ ਜਾਣ ਹੋਰ ਵਧਦੇ।’ ਸੋਚਿਆ ਜਾਵੇ ਤਾਂ ਇਸ ਸਾਰੇ ਭੈੜੇਪਣ ਨੂੰ ਸਮਾਜ ਵਿਚ ਆਪਸੀ ਬਰਾਬਰੀ, ਇਨਸਾਫ਼, ਗਿਆਨ ਅਤੇ ਆਪਸੀ ਸਾਂਝ ਦੇ ਦੀਵਿਆਂ ਨਾਲ ਅਸਲ ਰੌਸ਼ਨੀ ਫੈਲਾਈ ਜਾ ਸਕਦੀ ਹੈ ਅਤੇ ਸਾਡੇ ਭਰੀਆਂ ਜੇਬਾਂ ਵਾਲੇ ਲੋਕ ਜੋ ਇਹ ਹਉਮੈ ਵਜੋਂ ਕੀਤੀ ਜਾਂਦੀ ਫਜ਼ੂਲ ਖ਼ਰਚੀ ਛੱਡ ਕੇ ਇਹ ਪੈਸਾ ਝੁੱਗੀ ਝੌਂਪੜੀਆਂ ਵਾਲੇ ਅਤੇ ਹੋਰ ਅਤਿ ਗ਼ਰੀਬ ਬੱਚਿਆਂ ਨੂੰ ਦੀਵਾਲੀ ਮੌਕੇ ਕੁਝ ਖਾਣ-ਪੀਣ ਜਾਂ ਹੋਰ ਲੋੜੀਂਦਾ ਸਾਮਾਨ ਤੋਹਫ਼ੇ ਵਜੋਂ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਭਰ ਸਕਦੇ ਹਨ। ਇਸ ਨੂੰ ਉਸ ਪੂਜਾ ਤੋਂ ਵੀ ਵੱਡੀ ਪੂਜਾ ਕਿਹਾ ਜਾ ਸਕਦਾ ਹੈ ਜੋ ਲੋਕ ਦੀਵਾਲੀ ਵਾਲੀ ਰਾਤ ਲਕਛਮੀ ਨੂੰ ਖ਼ੁਸ਼ ਕਰਨ ਲਈ ਕਰਦੇ ਹਨ। ਇਸ ਦੇ ਨਾਲ ਹੀ ਗ਼ਰੀਬ ਲੋਕਾਂ ਨੂੰ ਵੀ ਅਮੀਰਾਂ ਦੀ ਰੀਸ ਨਹੀਂ ਕਰਨੀ ਚਾਹੀਦੀ ਕਿਉਂਕਿ ਅਮੀਰ ਤੇ ਵਪਾਰੀ ਲੋਕ ਤਾਂ ਦੀਵਾਲੀ ਨੂੰ ਸਾਮਾਨ ਵੇਚ ਕੇ ਪੈਸੇ ਕਮਾਉਂਦੇ ਹਨ, ਪਰ ਗ਼ਰੀਬ ਲੋਕ ਫਾਲਤੂ ਖ਼ਰਚੇ ਕਰਕੇ ਕਰਜ਼ਾਈ ਹੋ ਕੇ ਆਪਣਾ ਦੀਵਾਲਾ ਕੱਢ ਲੈਂਦੇ ਹਨ ਸੋ ਇਨ੍ਹਾਂ ਨੂੰ ਦੀਵਾਲੀ ਸਾਦੇ ਢੰਗ ਨਾਲ ਹੀ ਮਨਾਉਣੀ ਚਾਹੀਦੀ ਹੈ ਅਤੇ ਇਹ ਸੱਚਾਈ ਯਾਦ ਕਰਨੀ ਚਾਹੀਦੀ ਹੈ :
ਦੀਵੇ ਵੀ ਭਾਵੇਂ ਜਗਦੇ ਰਹੇ,
ਸੂਰਜ ਵੀ ਭਾਵੇਂ ਮਘਦੇ ਰਹੇ
ਪਰ ਗ਼ਰੀਬਾ ਤੇਰੀਆਂ ਖ਼ੁਸ਼ੀਆਂ ਦੀ
ਫਿਰ ਵੀ ਪ੍ਰਭਾਤ ਨਾ ਹੋਈ।
ਖੈਰ, ਇਹ ਤਾਂ ਚੰਗੀ ਗੱਲ ਹੈ ਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਾਫ਼ ਸਫ਼ਾਈ ਅਤੇ ਰੰਗ ਰੋਗਨ ਕਰਦੇ ਹਨ ਜਿਸ ਨਾਲ ਸਾਡੇ ਜੀਵਨ ਵਿਚ ਸਵੱਛਤਾ ਦਾ ਮਾਹੌਲ ਬਣਦਾ ਹੈ ਅਤੇ ਜੋ ਲੋਕ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ, ਇਹ ਵੀ ਆਪਸੀ ਸਾਂਝ ਦਾ ਪ੍ਰਤੀਕ ਹੈ, ਪਰ ਫਿਰ ਵੀ ਕੁਝ ਲੋਕ ਇਸ ਮੌਕੇ ਗ਼ਲਤ ਤਰੀਕੇ ਨਾਲ ਇਸ ਸਾਂਝੀਵਾਲਤਾ ਦੇ ਮਾਹੌਲ ਨੂੰ ਗੰਧਲਾ ਕਰਦੇ ਹਨ ਜਿਵੇਂ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਆਪਣੀ ਖ਼ੁਸ਼ੀ ਮਨਾਉਣ ਲਈ ਉੱਚੀ ਆਵਾਜ਼ ਵਿਚ ਦੇਰ ਰਾਤ ਤਕ ਡੀ.ਜੇ. ਵਜਾ ਕੇ ਅਤੇ ਸਾਂਝੀਆਂ ਗਲੀਆਂ ਵਿਚ ਪਟਾਕੇ ਚਲਾਉਂਦੇ ਹਨ ਜਿਸ ਨਾਲ ਉੱਥੋਂ ਲੰਘਣ ਵਾਲਿਆਂ ਨੂੰ ਮੁਸ਼ਕਲ ਆਉਂਦੀ ਹੈ ਅਤੇ ਕਈ ਵਾਰ ਝਗੜੇ ਵੀ ਹੋ ਜਾਂਦੇ ਹਨ। ਇਵੇਂ ਹੀ ਦੀਵਾਲੀ ਦੇ ਨੇੜੇ ਆ ਕੇ ਮਿਠਾਈਆਂ ਤੇ ਪਟਾਕਿਆਂ ਦੇ ਵਪਾਰੀ ਵੀ ਬਹੁਤ ਘਪਲੇਬਾਜ਼ੀ ਕਰਦੇ ਹਨ। ਮਿਠਾਈ ਵਿਕਰੇਤਾ ਮਿਲਾਵਟੀ ਸਾਮਾਨ ਦੀ ਵਰਤੋਂ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਪਟਾਕਿਆਂ ਦੀ ਗੱਲ ਕਰੀਏ ਤਾਂ ਬੇਸ਼ੱਕ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗ਼ੈਰ ਕਾਨੂੰਨੀ ਪਟਾਕਾ ਫੈਕਟਰੀਆਂ ਅਤੇ ਗ਼ੈਰ ਕਾਨੂੰਨੀ ਪਟਾਕਾ ਸਟੋਰ ਪੰਜਾਬ ਅਤੇ ਹਰਿਆਣਾ ਤੋਂ ਕੁਝ ਦਿਨ ਪਹਿਲਾਂ ਫੜੇ ਗਏ ਹਨ ਅਤੇ ਇਵੇਂ ਹੀ ਪਟਾਕੇ ਵੇਚਣ ਦੀਆਂ ਥਾਂਵਾਂ, ਸਮਾਂ ਅਤੇ ਪਟਾਕਾਂ ਕਿਸਮਾਂ ਨਿਰਧਾਰਤ ਹਰ ਸਾਲ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਇਸ ਸਾਲ ਵੀ ਕੇਂਦਰੀ ਗ੍ਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਕਿਹਾ ਗਿਆ ਹੈ ਕਿ ਆਮ ਮਿਲਦੇ ਪਟਾਕਿਆਂ ਵਿਚੋਂ 95% ਹਵਾ ਪ੍ਰਦੂਸ਼ਣ ਤੇ ਸ਼ੋਰ ਪ੍ਰਦੂਸ਼ਣ ਪੱਖੋਂ ਨਿਯਮਾਂ ਦੇ ਉਲਟ ਹਨ ਅਤੇ ਇਵੇਂ ਹੀ ਸੁਪਰੀਮ ਕੋਰਟ ਵੱਲੋਂ ਵੀ ਸਖ਼ਤ ਹਦਾਇਤਾਂ ਹਨ ਜਿਸ ਪ੍ਰਤੀ ਸਾਡੀਆਂ ਕਈ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਨੇ ਵੀ ਸਰਕਾਰ ਨੂੰ ਲਿਖਿਆ ਹੈ ਕਿ ਉਪਰੋਕਤ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾ ਕੇ ਪਟਾਕਿਆਂ ਉੱਤੇ ਰੋਕਥਾਮ ਲਗਾਈ ਜਾਵੇ। ਇਵੇਂ ਹੀ ਸਿਹਤ ਵਿਭਾਗ ਵੱਲੋਂ ਵੀ ਕਰੋਨਾ ਦੇ ਹਾਲਾਤ ਕਾਰਨ ਦੀਵਾਲੀ ਦੌਰਾਨ ਵੱਡੇ ਇਕੱਠਾ ਤੋਂ ਗੁਰੇਜ਼ ਕਰਨ ਅਤੇ ਮਾਸਕ ਪਹਿਨਣ ਦੀਆਂ ਹਦਾਇਤਾਂ ਹੋਈਆਂ ਹਨ, ਪਰ ਗੱਲ ਇੱਥੇ ਫਿਰ ਸਾਡੀ ਜਨਤਾ ਦੀ ਲਾਪਰਵਾਹੀ ਦੀ ਆ ਜਾਂਦੀ ਹੈ ਕਿ ਅਸੀਂ ਕਿੰਨਾ ਕੁ ਇਨ੍ਹਾਂ ਹਦਾਇਤਾਂ ਨੂੰ ਮੰਨਦੇ ਹਾਂ ਕਿਉਂਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਦੁਸਹਿਰਾ ਸ਼ਰਧਾਲੂਆਂ ਵੱਲੋਂ, ਨਵਰਾਤਿਆਂ ਵਿਚ ਦੁਰਗਾ ਪੂਜਾ ਕਰਨ ਵਾਲਿਆਂ ਵੱਲੋਂ ਤੇ ਬਾਅਦ ਵਿਚ ਕਰਵਾ ਚੌਥ ਦੇ ਵਰਤ ਰੱਖਣ ਵਾਲੀਆਂ ਬੀਬੀਆਂ ਵੱਲੋਂ ਮੰਦਰਾਂ ਵਿਚ ਬਿਨਾਂ ਮਾਸਕ ਪਹਿਨੇ ਅਤੇ ਆਪਸੀ ਦੂਰੀ ਰੱਖੇ ਬਗੈਰ ਕਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਵੇਖੀ ਗਈ। ਦੀਵਾਲੀ ਦਾ ਸਿੱਖ ਇਤਿਹਾਸ ਨਾਲ ਵੀ ਗੂੜ੍ਹਾ ਸਬੰਧ ਹੈ ਜਿਵੇਂ ਕਿ ਦੀਵਾਲੀ ਨੂੰ ਬੰਦੀਛੋੜ ਦਿਵਸ ਵਜੋਂ ਇਹ ਕਹਿ ਕੇ ਮਨਾਇਆ ਜਾਂਦਾ ਹੈ ਕਿ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਉਪਰੰਤ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ ਜਿਸ ਦੀ ਖ਼ੁਸ਼ੀ ਵਜੋਂ ਇੱਥੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ ਅਤੇ ਪਟਾਕੇ ਵੀ ਚਲਾਏ ਜਾਂਦੇ ਹਨ। ਜਦੋਂ ਕਿ ਕੁਝ ਸਿੱਖ ਇਤਿਹਾਸਕਾਰ ਗੁਰੂ ਜੀ ਦੀ ਰਿਹਾਈ ਵਾਲੇ ਦਿਨ ਨੂੰ ਦੀਵਾਲੀ ਤੋਂ ਕਈ ਦਿਨ ਬਾਅਦ ਦਾ ਦੱਸਦੇ ਹਨ। ਚਲੋ ਫਿਰ ਵੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਇਸ ਦਿਨ ਸ਼ਰਧਾ ਵਜੋਂ ਪਹੁੰਚੀਆਂ ਸੰਗਤਾਂ ਨੂੰ ਧਾਰਮਿਕ ਉਪਦੇਸ਼ਾਂ ਨਾਲ ਜੋੜਿਆ ਜਾਣਾ ਚੰਗੀ ਗੱਲ ਹੈ, ਪਰ ਜੋ ਭਾਰੀ ਗਿਣਤੀ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਸਤਿਕਾਰਤ ਧਾਰਮਿਕ ਸਥਾਨਾਂ ਵੱਲੋਂ ਹੀ ਪ੍ਰਦੂਸ਼ਣ ਫੈਲਾਉਣ ਵਿਚ ਹਿੱਸਾ ਪਾਇਆ ਜਾਵੇ ਤਾਂ ਇਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਬਿਲਕੁਲ ਉਲਟ ਹੈ।
ਸੋ ਸਾਨੂੰ ਅਜਿਹੇ ਸਮਾਜ ਸੇਵੀ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਪ੍ਰਦੂਸ਼ਣ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਹਨ ਅਤੇ ਸਾਨੂੰ ਚਾਹੀਦਾ ਹੈ ਇਸ ਰੌਸ਼ਨੀਆਂ ਦੇ ਤਿਉਹਾਰ ਨੂੰ ਦਿਨੋਂ ਦਿਨ ਇੰਨਾ ਧੂੰਆਂ ਤੇ ਪ੍ਰਦੂਸ਼ਣ ਭਰਪੂਰ ਬਣਾਉਣਾ ਬੰਦ ਕੀਤਾ ਜਾਵੇ। ਇਸੇ ਤਰ੍ਹਾਂ ਹੀ ਜੋ ਦੀਵਾਲੀ ’ਤੇ ਸਰਦੇ ਪੁੱਜਦੇ ਲੋਕਾਂ ਵੱਲੋਂ ਫਜ਼ੂਲ ਖ਼ਰਚੀ, ਮਹਿੰਗਾ ਤੋਹਫ਼ਾਵਾਦ, ਬੇਲੋੜੀ ਖੁਸ਼ਾਮਦ ਅਤੇ ਗ਼ਰੀਬਾਂ ਦੀ ਅਣਦੇਖੀ ਜਿਹੀਆਂ ਅਲਾਮਤਾਂ ਦੇ ਭ੍ਰਿਸ਼ਟਾਚਾਰ ਵਾਲਾ ਹਨੇਰਾ ਜੋ ਦਿਨੋ-ਦਿਨ ਵਧਾਇਆ ਜਾ ਰਿਹਾ ਹੈ ਤਾਂ ਸਾਨੂੰ ਇੱਥੇ ਇਹ ਕਹਿਣ ਵਿਚ ਵੀ ਸੱਚਾਈ ਹੀ ਲੱਗਦੀ ਹੈ, ‘ਦੀਵੇ ਭਾਵੇਂ ਜਗਣ ਬਥੇਰੇ, ਫਿਰ ਵੀ ਵੱਧਦੇ ਜਾਣ ਹਨੇਰੇ।’
ਸੰਪਰਕ: 99155-21037