ਅਜੀਤ ਸਿੰਘ ਚੰਦਨ
ਕੁਝ ਨਵਾਂ ਪ੍ਰਾਪਤ ਕਰਨ ਲਈ ਇਨਸਾਨ ਵਿੱਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ। ਸਦੀਆਂ ਪਹਿਲਾਂ ਸਿਧਾਰਥ ਨੇ, ਰਾਜ ਭਾਗ ਤਿਆਗ ਕੇ, ਕੁਝ ਨਵਾਂ ਪ੍ਰਾਪਤ ਕਰਨ ਲਈ ਜੰਗਲਾਂ ਵੱਲ ਮੂੰਹ ਕੀਤਾ। ਉਹ ਭਾਵੇਂ ਸਲਤਨਤਾਂ ਦਾ ਮਾਲਕ ਸੀ, ਪਰ ਉਸ ਦੇ ਮਨ ਵਿੱਚ ਉਸ ਨਾਲੋਂ ਵੀ ਹੋਰ ਵੱਡੀ ਚੀਜ਼ ਪ੍ਰਾਪਤ ਕਰਨ ਦੀ ਭਾਵਨਾ ਸੀ। ਇਸੇ ਲਈ ਅੱਧੀ ਰਾਤ ਆਪਣੇ ਨੌਕਰ ਚੰਨੇ ਨੂੰ ਨਾਲ ਲੈ ਕੇ ਉਹ ਪਤਨੀ ਤੇ ਪੁੱਤਰ ਰਾਹੁਲ ਨੂੰ ਸੁੱਤਿਆਂ ਛੱਡ ਕੇ ਕੋਈ ਹੋਰ ਉੱਚੀ ਚੀਜ਼ ਪ੍ਰਾਪਤ ਕਰਨ ਲਈ ਨਿਕਲ ਤੁਰਿਆ। ਆਖਰਕਾਰ 6 ਸਾਲ ਜੰਗਲਾਂ ਦੇ ਕੰਡੇ ਮਿਧ ਕੇ ਉਸ ਨੇ ਨਵੇਂ ਧਰਮ ‘ਬੁੱਧ ਮੱਤ’ ਨੂੰ ਜਨਮ ਦਿੱਤਾ। ਦੁਨੀਆ ਵਿੱਚ ਚਾਨਣ ਦਾ ਨਵਾਂ ਸੂਰਜ ਚਮਕ ਉੱਠਿਆ। ਇਹੀ ਸਿਧਾਰਥ ਅੱਜ ਪੂਰਨਿਮਾ ਦਾ ਚੰਦਰਮਾ ਬਣ ਕੇ ਆਕਾਸ਼ ’ਚ ਚਮਕਦਾ ਹੈ।
ਉਸ ਨੇ ਆਪਣੇ ਵਿਚਾਰਾਂ ਨਾਲ ਇੱਕ ਨਵਾਂ ਮੱਤ ਪੇਸ਼ ਕੀਤਾ ਕਿ ਇਨਸਾਨ ਨੂੰ ਡੂੰਘੀ ਨੀਂਦ ਤਿਆਗ ਕੇ ਜਾਗਣ ਦੀ ਲੋੜ ਹੈ। ਉਸ ਦਾ ਉਪਦੇਸ਼ ਹੈ ਕਿ ਆਪਣੇ ਮਨ ਦੀ ਖੇਤੀ ਕਰੋ। ਇਸ ਮਨ ਨੂੰ ਸਾਫ਼-ਸੁਥਰਾ ਕਰ ਕੇ ਇਸ ਵਿੱਚ ਨਵੇਂ ਵਿਚਾਰਾਂ ਦੀ ਫਸਲ ਬੀਜੋ। ਜੇ ਤੁਹਾਡਾ ਮਨ ਸਾਫ਼-ਸਫਾਫ ਹੈ ਤਾਂ ਇਸ ਮਨ ਵਿੱਚੋਂ ਹੀ ਇੱਕ ਨਵਾਂ ਚਾਨਣ ਪੈਦਾ ਹੋ ਸਕੇਗਾ। ਇਹ ਨਵਾਂ ਚਾਨਣ ਦੁਨੀਆ ਦਾ ਰਾਹ-ਦਸੇਰਾ ਬਣੇਗਾ।
ਇੰਜ ਹੀ ਅਸੀਂ ਵੇਖਦੇ ਹਾਂ ਕਿ ਪੰਛੀ, ਰਾਤ ਤਾਂ ਭਾਵੇਂ ਆਪਣੇ ਆਲ੍ਹਣੇ ਵਿੱਚ ਹੀ ਕੱਟਦੇ ਹਨ, ਪਰ ਸਵੇਰੇ ਸਾਝਰੇ ਹੀ ਉੱਡ ਕੇ, ਅਕਾਸ਼ ਦੀ ਉਚਾਈ ਨਾਪਦੇ ਹਨ। ਅੰਬਰਾਂ ’ਤੇ ਕਵਿਤਾ ਲਿਖ ਦਿੰਦੇ ਹਨ ਤੇ ਅਠਖੇਲੀਆਂ ਕਰਕੇ ਆਪਣਾ ਮਨ ਪ੍ਰਚਾਅ ਲੈਂਦੇ ਹਨ। ਇਸ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਆਲ੍ਹਣੇ ’ਚ ਪਾਲਦੇ ਤੇ ਖੁਰਾਕ ਵੀ ਲਿਆ ਕੇ ਦਿੰਦੇ ਹਨ। ਨਿੱਕੇ ਬੋਟਾਂ ਦੇ ਮੂੰਹ ਵਿੱਚ ਪਾਣੀ ਦੀਆਂ ਬੂੰਦਾਂ ਲਿਆ ਕੇ ਪਾਉਂਦੇ ਹਨ। ਜਦੋਂ ਬੱਚੇ ਕੁਝ ਵੱਡੇ ਹੋ ਜਾਣ ਤਾਂ ਉਨ੍ਹਾਂ ਨੂੰ ਉੱਡਣਾ ਸਿਖਾਉਂਦੇ ਹਨ।
ਜਿਹੜਾ ਇਨਸਾਨ ਆਪਣੇ ਇੱਕ ਨਿੱਕੇ ਜਿਹੇ ਕਮਰੇ ਨੂੰ ਤਿਆਗਣ ਲਈ ਤਿਆਰ ਨਹੀਂ, ਉਹ ਕੀ ਪ੍ਰਾਪਤ ਕਰ ਲਵੇਗਾ। ਅੱਜਕੱਲ੍ਹ ਮੁੰਡੇ, ਕੁੜੀਆਂ ਪੜ੍ਹ ਲਿਖ ਕੇ ਕੋਈ ਵੱਡੀ ਡਿਗਰੀ ਪ੍ਰਾਪਤ ਕਰਦੇ ਹਨ ਤੇ ਫਿਰ ਕਿਸੇ ਹੋਰ ਥਾਂ ਜਾ ਕੇ ਉੱਚੀ ਪੜ੍ਹਾਈ ਕਰਨ ਦੇ ਨਾਲ ਕਮਾਈ ਵੀ ਕਰਦੇ ਹਨ। ਕਈ ਯੋਗ ਵਿਦਿਆਰਥੀ ਵਜ਼ੀਫਾ ਲੈ ਕੇ ਉੱਚੀ ਪੜ੍ਹਾਈ ਕਰਕੇ ਕਿਸੇ ਹੋਰ ਮੁਲਕ ਵਿੱਚ ਵਜ਼ੀਰ, ਵਕੀਲ ਜਾਂ ਪ੍ਰੋਫੈਸਰ ਜਾ ਲੱਗਦੇ ਹਨ। ਇਸ ਵਿੱਚ ਤਿਆਗ ਦੀ ਭਾਵਨਾ ਹੀ ਕੰਮ ਕਰਦੀ ਹੈ।
ਜਿੰਨਾ ਚਿਰ ਤੁਸੀਂ ਪੁਰਾਣੇ ਘਸੇ-ਪਿਟੇ ਰੀਤੀ-ਰਿਵਾਜਾਂ ਨੂੰ ਜੱਫੀ ਪਾਈ ਰੱਖੋਗੇ, ਤੁਸੀਂ ਕਿਸੇ ਵੀ ਨਵੀਂ ਚੀਜ਼ ਦੀ ਕਾਢ ਨਹੀਂ ਕੱਢ ਸਕਦੇ, ਨਾ ਹੀ ਕੁਝ ਨਵਾਂ ਪ੍ਰਾਪਤ ਕਰ ਸਕਦੇ ਹੋ। ਇਨਕਲਾਬ ਵੀ ਪੁਰਾਣੇ ਰੀਤੀ-ਰਿਵਾਜਾਂ ਨੂੰ ਤਿਆਗ ਕੇ ਹੀ ਪੈਦਾ ਕੀਤਾ ਜਾ ਸਕਦਾ ਹੈ। ਪੁਰਾਣੇ ਨਾਲ ਬੱਝੇ ਰਹਿਣਾ ਇੱਕ ਕੋਹਲੂ ਦੇ ਬਲਦ ਵਾਲੀ ਗੱਲ ਹੈ, ਜਿਵੇਂ ਕੋਹਲੂ ਨਾਲ ਬੱਝਾ ਬਲਦ, ਇੱਕ ਹੀ ਕਿੱਲੀ ਦੁਆਲੇ ਘੁੰਮੀ ਜਾਂਦਾ ਹੈ। ਇਹੀ ਉਸ ਦੀ ਜ਼ਿੰਦਗੀ ਹੈ।
ਨਵੇਂ ਵਿਚਾਰ, ਤੁਹਾਨੂੰ ਨਵੀਆਂ ਕਿਤਾਬਾਂ ਵਿੱਚੋਂ ਹੀ ਮਿਲ ਸਕਦੇ ਹਨ। ਤੁਸੀਂ ਵੀ ਲਿੰਕਨ ਵਾਂਗ ਕੋਈ ਅਜਿਹੀ ਕਿਤਾਬ ਪੜ੍ਹੋ ਜੋ ਤੁਹਾਡੇ ਵਿੱਚ ਨਵੀਂ-ਰੌਸ਼ਨੀ ਦਾ ਸੰਚਾਰ ਪੈਦਾ ਕਰ ਦੇਵੇ। ਜੋ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਵੇ। ਲਿੰਕਨ ਦੀ ਜ਼ਿੰਦਗੀ ਨੂੰ ਇੱਕ ਉਧਾਰ ਲਈ ਕਿਤਾਬ ਨੇ ਬਦਲਿਆ ਸੀ। ਇੱਕ ਕਿਤਾਬ ਨੂੰ ਪੰਦਰਾਂ ਦਿਨ ਪੜ੍ਹਨ ਪਿੱਛੋਂ ਉਸ ਵਿੱਚ ਇੱਕ ਨਵੀਂ ਰੌਸ਼ਨੀ ਤੇ ਸ਼ਕਤੀ ਦਾ ਜਨਮ ਹੋਇਆ। ਹੌਲੀ ਹੌਲੀ ਉਹ ਇੱਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਜਾ ਲੱਗਾ। ਇਹ ਇੱਕ ਵੱਡਾ ਕ੍ਰਿਸ਼ਮਾ ਸੀ। ਕਿਉਂਕਿ ਵਿਚਾਰ ਸ਼ਕਤੀ ਹੀ ਇਨਸਾਨ ਨੂੰ ਬਦਲਦੀ ਹੈ। ਇੱਕ ਤਰ੍ਹਾਂ ਨਾਲ ਇਨਸਾਨ ਦਾ ਨਵਾਂ ਜਨਮ ਹੁੰਦਾ ਹੈ।
ਤਬਦੀਲੀ ਜ਼ਿੰਦਗੀ ਦਾ ਵੱਡਾ ਨਿਯਮ ਹੈ। ਜਿੰਨਾ ਚਿਰ ਤੁਹਾਡੇ ਵਿੱਚ ਕੋਈ ਤਬਦੀਲੀ ਨਹੀਂ ਵਾਪਰਦੀ, ਤੁਸੀਂ ਕੁਝ ਵੀ ਨਹੀਂ ਬਣ ਸਕਦੇ। ਕੁਝ ਵੀ ਨਹੀਂ ਕਰ ਸਕਦੇ। ਇਹ ਤਬਦੀਲੀ, ਨਵੇਂ ਉਤਸ਼ਾਹ, ਜੋਸ਼ ਤੇ ਨਵੇਂ ਖਿਆਲਾਂ ਵਿੱਚੋਂ ਹੀ ਪੈਦਾ ਹੋ ਸਕੇਗੀ। ਸੱਪ ਵੀ ਨਵਾਂਪਣ ਪ੍ਰਾਪਤ ਕਰਨ ਲਈ ਆਪਣੀ ਪੁਰਾਣੀ ਕੁੰਜ ਲਾਹ ਕੇ ਪਰ੍ਹੇ ਸੁੱਟ ਦਿੰਦਾ ਹੈ। ਤੁਸੀਂ ਵੀ ਪੁਰਾਣੀਆਂ ਘਸੀਆਂ-ਪਿਟੀਆਂ ਭਾਵਨਾਵਾਂ ਨੂੰ ਤਿਆਗ ਕੇ ਕੁਝ ਨਵਾਂ ਕਰਨ ਬਾਰੇ ਸੋਚੋ ਤੇ ਆਪਣੇ ਨਵੇਂ ਰਾਹ ’ਤੇ ਤੁਰ ਪਵੋ। ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ।
ਉੱਡੀਆਂ ਜਾਂਦੀਆਂ ਕੂੰਜਾਂ ਦੀ ਮਿਸਾਲ ਸਾਡੇ ਸਾਹਮਣੇ ਹੈ। ਇਹ ਕੂੰਜਾਂ ਆਕਾਸ਼ ਵਿੱਚ ਇੱਕ ਕਤਾਰ ਬਣਾ ਕੇ ਉੱਡਦੀਆਂ ਹਨ ਤੇ ਇੱਕ ਗੀਤ ਵੀ ਗਾਉਂਦੀਆਂ ਹਨ। ਇਨ੍ਹਾਂ ਦੀ ਸੁਰੀਲੀ ਆਵਾਜ਼ ਸਾਨੂੰ ਬੜੀ ਪਿਆਰੀ ਲੱਗਦੀ ਹੈ। ਕੂੰਜਾਂ ਆਪਣੇ ਬੱਚੇ ਆਪਣੇ ਦੇਸ਼ ਹੀ ਛੱਡ ਜਾਂਦੀਆਂ ਹਨ। ਫਿਰ 6 ਮਹੀਨਿਆਂ ਲਈ ਸਮੁੰਦਰ ਪਾਰ ਕਰਕੇ ਕਿਸੇ ਦੂਜੇ ਦੇਸ਼ ਚਲੀਆਂ ਜਾਂਦੀਆਂ ਹਨ। ਇਨ੍ਹਾਂ ਦੇ ਬੱਚੇ ਉੱਥੇ ਹੀ ਰਹੀ ਜਾਂਦੇ ਹਨ। ਪਰ ਕੂੰਜਾਂ ਗੀਤ ਗਾਉਂਦੀਆਂ ਨਵੀਂ ਧਰਤੀ ’ਤੇ ਜਾ ਡੇਰਾ ਲਾਉਂਦੀਆਂ ਹਨ। ਖਾਧ-ਖੁਰਾਕ ਇਕੱਠੀ ਕਰਦੀਆਂ ਹਨ। ਫਿਰ ਛੇ ਮਹੀਨੇ ਬਾਅਦ ਮੁੜ ਕੇ ਆਪਣੇ ਬੱਚਿਆਂ ਦੀ ਸਾਰ ਲੈਂਦੀਆਂ ਹਨ। ਗੁਰਬਾਣੀ ’ਚ ਕੂੰਜਾਂ ਬਾਰੇ ਇੰਜ ਲਿਖਿਆ:
ਊਡੇ ਊਡਿ ਆਵੈ ਸੈੈ ਕੋਸਾ ਤਿਸੁ ਪਾਛੈ ਬਚਰੇ ਛਰਿਆ।।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ।।
ਸੋ ਜ਼ਿੰਦਗੀ ਵਿੱਚ ਨਵਾਂ ਜੋਸ਼, ਹਿੰਮਤ ਤੇ ਦਲੇਰੀ ਭਰਨ ਲਈ ਤੁਹਾਨੂੰ ਵੀ ਆਪਣਾ ਦੇਸ਼ ਛੱਡਣਾ ਪਵੇਗਾ ਤਾਂ ਕਿ ਤੁਸੀਂ ਵੀ ਕਿਸੇ ਨਵੀਂ ਚੀਜ਼ ਦੀ ਪ੍ਰਾਪਤੀ ਕਰ ਸਕੋ। ਆਪਣੇ ਆਪ ਨੂੰ ਬਦਲ ਸਕੋ।
ਕੁਝ ਨਵਾਂ ਬਣਨ ਲਈ ਤੇ ਕੁਝ ਨਵਾਂ ਕਰਨ ਲਈ ਨਵੀਂ ਰੌਸ਼ਨੀ ਦੀ ਤਲਾਸ਼ ਵਿੱਚ ਰਹੋ। ਇਹ ਨਵੀਂ ਰੌਸ਼ਨੀ ਤੁਹਾਨੂੰ ਸਿਧਾਰਥ ਵਾਂਗ ਹੀ ਲੱਭਣੀ ਪਵੇਗੀ। ਜਾਂ ਇਹ ਨਵੀਂ ਰੌਸ਼ਨੀ ਤੁਹਾਨੂੰ ਕਿਸੇ ਸਿੱਧ ਪੁਰਸ਼ ਜਾਂ ਕਿਸੇ ਗੁਰੂਦੇਵ ਤੋਂ ਪ੍ਰਾਪਤ ਹੋ ਸਕਦੀ ਹੈ। ਜੇ ਤੁਸੀਂ ਨਵੀਂ ਰੌਸ਼ਨੀ ਦੀ ਭਾਲ ਵਿੱਚ ਹੋ ਤਾਂ ਇਹ ਤੁਹਾਨੂੰ ਨਵੀਆਂ ਕਿਤਾਬਾਂ ਵਿੱਚੋਂ ਵੀ ਮਿਲ ਸਕਦੀ ਹੈ। ਇਨ੍ਹਾਂ ਨੂੰ ਪੜ੍ਹ ਕੇ ਤੁਸੀਂ ਨਵੇਂ ਇਨਸਾਨ ਬਣ ਸਕਦੇ ਹੋ। ਪੰਛੀਆਂ ਵਾਂਗ ਨਵੇਂ ਆਕਾਸ਼ ਦੀ ਉਡਾਰੀ ਭਰੋ। ਨਵੀਆਂ ਥਾਵਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਆਪਣੇ ਮਾਂ-ਬਾਪ ਨੂੰ ਨਾ ਤਿਆਗੋ। ਆਪਣੇ ਧਰਮ ਨੂੰ ਨਾ ਤਿਆਗੋ ਤੇ ਨਾ ਹੀ ਆਪਣੀ ਸੰਸਕ੍ਰਿਤੀ ਨੂੰ ਤਿਆਗੋ ਕਿਉਂਕਿ ਕਿਸੇ ਰੁੱਖ ਨੂੰ ਵੀ ਆਪਣੀਆਂ ਜੜ੍ਹਾਂ ਰਾਹੀਂ ਹੀ ਖੁਰਾਕ ਮਿਲਦੀ ਹੈ।
ਸੰਪਰਕ: 97818-05861