ਡਾ. ਸਾਹਿਬ ਸਿੰਘ
ਤਕ ਇਨਸਾਨ ਦੀਆਂ ਰਗਾਂ ’ਚ ਖੂਨ ਦੌੜਦਾ ਹੈ, ਜਦੋਂ ਤਕ ਉਸਦਾ ਦਿਲ ਦੁੱਖ ਸੁੱਖ ਮਹਿਸੂਸ ਕਰਦਾ ਹੈ, ਦਿਮਾਗ਼ ’ਚ ਫੁਰਨੇ ਆਉਂਦੇ ਹਨ, ਉਦੋਂ ਤਕ ਉਹ ਜ਼ਿੰਦਾ ਇਨਸਾਨ ਹੈ। ਪਰ ਆਪਣੀ ਖ਼ੁਦੀ ਨੂੰ ਇਸ ਬੁਲੰਦੀ ’ਤੇ ਲੈ ਜਾਣਾ ਕਿ ਤੁਹਾਡੇ ਆਪੇ ’ਚੋਂ ‘ਮੈਂ ਜ਼ਿੰਦਾਬਾਦ’ ਦੀ ਜਸ਼ਨੀ ਸਰਗਰਮ ਛਿੜ ਪਵੇ ਤਾਂ ਸਮਝੋ ਜ਼ਿੰਦਗੀ ਦਾ ਮਕਸਦ ਪ੍ਰਾਪਤ ਹੋ ਗਿਆ। ਰਾਣਾ ਰਣਬੀਰ ਇਸੇ ਤਰਜ਼ ਦੀ ਜ਼ਿੰਦਾਬਾਦ- ਜ਼ਿੰਦਗੀ ਦਾ ਆਸ਼ਕ ਹੈ। ਇਸ ਅਵਸਥਾ ਤਕ ਪਹੁੰਚਣ ਲਈ ਉਹ ਲੰਮੇ ਸੰਘਰਸ਼ ’ਚੋਂ ਲੰਘਿਆ ਹੈ। ਪੰਜਾਬੀ ਯੂਨੀਵਰਸਿਟੀ ’ਚ ਪੰਜਾਬੀ ਦੀ ਐੱਮ.ਏ. ਕਰਕੇ ਅਧਿਆਪਕ ਬਣਨ ਆਇਆ ਸੀ, ਪਰ ਉਹ ਰੰਗਮੰਚ ਦਾ ਸਾਊ ਤੇ ਕਮਾਊ ਪੁੱਤ ਬਣ ਗਿਆ। ਰੰਗਮੰਚ ਅਤੇ ਟੀਵੀ ਵਿਭਾਗ ਉਸਦੀ ਕਾਰਜਸ਼ਾਲਾ ਬਣ ਗਿਆ। ਜਦੋਂ ਨਵਨਿੰਦਰਾ ਬਹਿਲ ਨੇ ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ‘ਭਾਬੀ ਮੈਨਾ’ ਦਾ ਨਾਟਕੀ ਰੂਪਾਂਤਰਣ ਤਿਆਰ ਕੀਤਾ ਤਾਂ ਅਨੀਤਾ ਮੀਤ ਭਾਬੀ ਬਣੀ ਤੇ ਰਾਣਾ ਕਾਕਾ ਬਣਿਆ। ‘ਰਾਣਾ’ ਤੇ ‘ਕਾਕਾ’ ਸ਼ਬਦਾਂ ਦਾ ਵਜ਼ਨ ਇਕੋ ਜਿਹਾ ਸੀ। ਰਾਣੇ ਨੇ ਆਪਣੀ ਲਿਆਕਤ ਅਤੇ ਮਿਹਨਤ ਨਾਲ ਇਸ ਵਜ਼ਨ ਦਾ ਟੋਕਰਾ ਬਾਖ਼ੂਬੀ ਚੁੱਕਿਆ। ਉਸ ਦੀ ਅਦਾਕਾਰੀ ਦੇ ਚਰਚੇ ਛਿੜੇ। ਵਕਤ ਗੁਜ਼ਰਿਆ ਤਾਂ ਖ਼ੁਦ ਕੁਝ ਕਰਨ ਦੀ ਚੁਣੌਤੀ ਦਰਪੇਸ਼ ਹੋਈ। ਉਸ ਡਮਰੂ ਚੁੱਕ ਲਿਆ ਤੇ ਸ਼ਰੇਆਮ ਸੜਕਾਂ, ਪਾਰਕਾਂ, ਬਾਜ਼ਾਰਾਂ ਵਿਚ ਖੜਕਣ ਲੱਗ ਪਿਆ। ਇਹ ਡਮਰੂ ਉਸ ਆਮ ਬੰਦੇ ਦੀ ਬਾਤ ਪਾਉਂਦਾ ਸੀ ਜੋ ਭਗਤ ਸਿੰਘ ਦੇ ਸ਼ਹੀਦੀ ਪੁਰਬ ’ਤੇ ਸਜੇ ਮੇਲੇ ’ਚੋਂ ਭਗਤ ਸਿੰਘ ਦਾ ਪੋਸਟਰ ਲੱਭ ਰਿਹਾ ਹੈ, ਪਰ ਉਸ ਨੂੰ ਸਿਰਫ਼ ਫ਼ਿਲਮੀ ਹੀਰੋ ਨਜ਼ਰ ਪੈ ਰਹੇ ਹਨ। ਉਹ ਸਾਧਾਰਨ ਬੰਦਿਆਂ ਦੇ ਦਿਲਾਂ ’ਚ ਬੈਠਾ ਭਗਤ ਸਿੰਘ ਲੱਭ ਰਿਹਾ ਸੀ। ਉੱਚੀ ਡਮਰੂ ਖੜਕਾ ਰਿਹਾ ਸੀ। ਸ਼ਹੀਦ ਦੇ ਸੁਪਨਿਆਂ ਤੋਂ ਉਲਟ ਭੁਗਤ ਰਹੇ ਸਿਆਸੀ ਲਾਣੇ ਨੂੰ ਵੰਗਾਰ ਰਿਹਾ ਸੀ। ਉਦੋਂ ਰਾਣੇ ਦਾ ਕੱਦ ਦੁੱਲੇ ਸੂਰਮੇ ਜਿੱਡਾ ਹੋ ਗਿਆ ਸੀ। ਉਹ ਰੰਗਕਰਮੀ ਸੀ। ਪੇਟ ਦੀ ਅੱਗ ਬੁਝਾਉਣ ਲਈ ਨਾਟਕ ਤੋਂ ਬਾਅਦ ਲੋਕਾਈ ਅੱਗੇ ਚਾਦਰ ਵਿਛਾ ਦਿੰਦਾ। ਕਦੀ ਪੰਜ ਸੌ, ਕਦੀ ਨੌ ਸੌ, ਕਦੀ ਪੰਦਰਾਂ ਸੌ ਬਣ ਜਾਂਦਾ। ਇਕ ਦਿਨ ਜਦੋਂ ਤਿੰਨ ਸ਼ੋਅ ਕਰਨ ਤੋਂ ਬਾਅਦ ਇਹ ਗਿਣਤੀ ਪੱਚੀ ਸੌ ਨੂੰ ਟੱਪ ਗਈ ਤਾਂ ਰਾਣੇ ਨੇ ਆਪਣਾ ਮੋਢਾ ਥਾਪੜਿਆ ਤੇ ਮੁਸਕਰਾ ਕੇ ਕਿਹਾ, ‘ਮੈਂ ਜ਼ਿੰਦਾਬਾਦ!’
ਫਿਰ ਰਾਣਾ ਟੀਵੀ ਫ਼ਿਲਮਾਂ ਵਾਲੇ ਪਾਸੇ ਤੁਰ ਪਿਆ। ਭਗਵੰਤ ਮਾਨ ਦੀ ਮੰਡਲੀ ’ਚ ਸ਼ਾਮਲ ਹੋ ਗਿਆ। ਹਾਸਰਸ ਸਕਿੱਟਾਂ ਕਰਦਾ, ਹੱਸਦਾ ਹਸਾਉਂਦਾ ਤੇ ਢੋਲੇ ਦੀਆਂ ਲਾਉਂਦਾ, ਪਰ ਅੰਦਰ ਵੱਜਦੇ ਡਮਰੂ ਦਾ ਕੀ ਕਰੇ! ਡਮਰੂ ਖੁਦਾਰੀ ਤੇ ਆਜ਼ਾਦੀ ਦਾ ਗੀਤ ਗਾ ਰਿਹਾ ਸੀ। ਰਾਣੇ ਨੇ ਦਿਲ ਦੀ ਸੁਣੀ ਤੇ ਬਾਗੀ ਹੋ ਗਿਆ। ਰਾਣੇ ਨੇ ਆਪਣਾ ਸਿਰ ਆਪ ਗੁੰਦਣ ਦਾ ਫ਼ੈਸਲਾ ਕਰ ਲਿਆ। ਅਨੇਕਾਂ ਫ਼ਿਲਮਾਂ ਕੀਤੀਆਂ। ਕੁਝ ਸਾਧਾਰਨ ਕਿਸਮ ਦੀਆਂ, ਕੁਝ ਵੱਖਰੀ ਭਾਂਤ ਦੀਆਂ, ਕੁਝ ਡੂੰਘੀ ਛਾਪ ਛੱਡਣ ਵਾਲੀਆਂ! ਪਰ ਰਾਣੇ ਦਾ ਅਕਸ ਧੁੰਦਲਾ ਨਾ ਪਿਆ। ਉਹੀ ਰਾਣਾ ਜਦੋਂ ਬੋਹੇਮੀਅਨਜ਼ ਵੱਲੋਂ ਰਚਾਏ ਵਰਚੁਅਲ ਨਾਟ ਉਤਸਵ ਦੇ ਅਠਾਰਵੇਂ ਦਿਨ ਆਪਣੀ ਸੱਜਰੀ ਪੇਸ਼ਕਾਰੀ ਲੈ ਕੇ ਹਾਜ਼ਰ ਹੋਇਆ ਤਾਂ ਉਸ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ’ਚ ਜਗਿਆਸਾ ਪੈਦਾ ਹੋਈ। ਰਾਣਾ ਕੈਨੇਡਾ ਤੋਂ ਬੋਲ ਰਿਹਾ ਸੀ, ਪਰ ਕਿਤੇ ਬਹੁਤ ਨੇੜੇ ਬੈਠਾ ਮਹਿਸੂਸ ਹੋ ਰਿਹਾ ਸੀ। ਉਹ ਆਪਣੀ ਨਹੀਂ, ਰੰਗਮੰਚ ਦੀ ਬਾਤ ਪਾ ਰਿਹਾ ਸੀ। ਜੋ ਗਾਥਾ ਉਹ ਸੁਣਾ ਰਿਹਾ ਸੀ, ਹਰ ਰੰਗਕਰਮੀ ਦੇ ਦਿਲ ਦੀ ਆਵਾਜ਼ ਬਣ ਉੱਭਰ ਰਹੀ ਸੀ। ਉਸਨੇ ਪੇਸ਼ਕਾਰੀ ਲਈ ਚਾਰ ਕੁ ਫੁੱਟ ਲੰਬੀ, ਤਿੰਨ ਫੁੱਟ ਚੌੜੀ ਜਗ੍ਹਾ ਚੁਣੀ ਹੈ। ਸਮੱਗਰੀ ਦੇ ਨਾਂ ’ਤੇ ਇਕ ਮੇਜ਼ ਹੈ, ਕੁਰਸੀ ਹੈ, ਇਕ ਕਾਲੀ ਐਨਕ ਤੇ ਫੋਨ ਹੈ। ਪੇਸ਼ਕਾਰੀ ਏਕਲ ਅਭਿਨੈ ਵਾਲੀ ਹੈ, ਪਰ ਰਾਣੇ ਦੇ ਅੰਗ ਸੰਗ ਇਕ ਖਿੜਕੀ ਹੈ। ਖਿੜਕੀ ’ਤੇ ਲੱਗਾ ਪਰਦਾ ਹੈ। ਖਿੜਕੀ ਦੀ ਅਦਾਕਾਰੀ ਬਰਾਬਰ ਭਿੜ ਰਹੀ ਹੈ। ਨਾਟਕ ਦਾ ਪਾਤਰ ਇਕ ਰੰਗਕਰਮੀ ਹੈ। ਇਸ ਤੋਂ ਪਹਿਲਾਂ ਕਿ ਉਹ ਫਰੇਮ ’ਚ ਪ੍ਰਵੇਸ਼ ਕਰੇ, ਉਸਦਾ ਹਾਸਾ ਦਰਸ਼ਕ ਦੇ ਰੂਬਰੂ ਹੁੰਦਾ ਹੈ। ਰੰਗਕਰਮੀ ਲੌਕਡਾਊਨ ਦੀ ਕਹਾਣੀ ਆਰੰਭਦਾ ਹੈ। ਉਹ ਬਾਹਰ ਖਿੜੀ ਹੋਈ ਧੁੱਪ ਤੇ ਮਹਿਕਦੀ ਹਵਾ ਦਾ ਰਾਗ ਛੇੜਦਾ ਹੈ। ਫਿਰ ਝਟਕੇ ਨਾਲ ਪਰਦਾ ਗਿਰਾਉਂਦਾ ਹੈ। ਇਹ ਰੰਗਮੰਚ ਦੇ ਪਰਦੇ ਜਿਹਾ ਪ੍ਰਭਾਵ ਸਿਰਜਦਾ ਹੈ। ਦ੍ਰਿਸ਼ ਦੀ ਤੱਕਣੀ ਬਦਲ ਗਈ ਹੈ। ਰੌਸ਼ਨੀ ਦਾ ਪ੍ਰਭਾਵ ਬਦਲ ਗਿਆ ਹੈ ਤੇ ਅਦਾਕਾਰ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਹਨ। ਲੌਕਡਾਊਨ ਹੋ ਗਿਆ ਹੈ। ਸਾਂਵੀਂ ਚੱਲਦੀ ਜ਼ਿੰਦਗੀ ਦੇ ਮੂੰਹ ’ਤੇ ਤਾਲਾ ਆਣ ਵੱਜਾ ਹੈ। ਹੁਣ ਇਹ ਇਨਸਾਨ ਜੋ ਇਕ ਰੰਗ ਕਰਮੀ ਵੀ ਹੈ, ਕੀ ਕਰੇ? ਰਾਣਾ ਦਰਦ ਭਰੀ ਸੁਰ ’ਚ ਸਵਾਲ ਪੈਦਾ ਕਰਦਾ ਹੈ।
ਉਹ ਆਪਣੇ ਅੰਦਰ ਨਾਲ ਵਾਰਤਾਲਾਪ ਆਰੰਭ ਕਰਦਾ ਹੈ। ਪਿਤਾ ਜੀ ਦੀ ਤਬੀਅਤ ਖ਼ਰਾਬ ਹੋ ਗਈ ਹੈ। ਬਾਹਰ ਕਰਫਿਊ ਲੱਗਾ ਹੋਇਆ ਹੈ। ਪੁਲੀਸ ਸਖ਼ਤੀ ਨਾਲ ਕਾਨੂੰਨ ’ਤੇ ਪਹਿਰਾ ਦੇ ਰਹੀ ਹੈ। ਉਹ ਪਿਤਾ ਜੀ ਦੀ ਦਵਾਈ ਕਿਵੇਂ ਲਿਆਵੇ! ਮਨ ਤਕੜਾ ਕਰਦਾ ਹੈ ਤੇ ਬਾਹਰ ਨਿਕਲਦਾ ਹੈ। ਪੁਲੀਸ ਰੋਕ ਲੈਂਦੀ ਹੈ। ਉਹ ਮਿੰਨਤਾਂ ਤਰਲੇ ਕਰਦਾ ਹੈ, ਪਰ ਪੁਲੀਸ ਬੇਰਹਿਮ ਹੈ। ਉਸਦੀ ਸੁਣਵਾਈ ਨਹੀਂ ਹੁੰਦੀ, ਉਲਟਾ ਕੁਟਾਪਾ ਹੋ ਜਾਂਦਾ ਹੈ। ਉਹ ਰੰਗਕਰਮੀ ਵਜੋਂ ਆਪਣੀ ਪਛਾਣ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਪੁਲੀਸ ਸਮਝਣੋਂ ਇਨਕਾਰੀ ਹੈ। ਥੱਕਿਆ ਹਾਰਿਆ ਘਰ ਪਰਤਦਾ ਹੈ। ਡਿੱਗੇ ਮਨ ਨੂੰ ਮੁੜ ਚੜ੍ਹਦੀ ਕਲਾ ’ਚ ਕਿਵੇਂ ਲੈ ਕੇ ਜਾਵੇ? ਉਸ ਦੀ ਸਿਮਰਤੀ ’ਚ ‘ਭਗਤ ਸਿੰਘ ਦੀ ਵਾਪਸੀ’ ਵਰਗੇ ਨਾਟਕ ਗੂੰਜਣ ਲੱਗਦੇ ਹਨ। ਪਾਸ਼ ਦੇ ਬੋਲ ਉਸ ਦੀ ਨਸ ਨਸ ਨੂੰ ਵੰਗਾਰਨ ਲੱਗਦੇ ਹਨ। ਭਗਤ ਸਿੰਘ ਦਾ ਚਿਹਰਾ ਉਸ ਦੇ ਸਾਹਮਣੇ ਆਉਂਦਾ ਹੈ। ਫ਼ੈਸਲਾ ਲੈਂਦਾ ਹੈ, ‘ਭਾਵੇਂ ਕੁਝ ਵੀ ਹੋ ਜਾਏ, ਮੈਂ ਨਾਟਕ ਕਰਾਂਗਾ। ਮੰਚ ਨਾ ਸਹੀ, ਪਰ ਮੈਂ ਤਾਂ ਹਾਂ! ਵਿਚਾਰ ਤਾਂ ਨਹੀਂ ਮਰ ਸਕਦੇ। ਅਦਾਕਾਰੀ ਤਾਂ ਕਿਤੇ ਨਹੀਂ ਗਈ। ਦਰਸ਼ਕ ਸਾਹਮਣੇ ਨਾ ਸਹੀ, ਕੈਮਰੇ ਸਾਹਮਣੇ ਹੀ ਸਹੀ, ਪਰ ਮੈਂ ਨਾਟਕ ਕਰਾਂਗਾ!’ ਉਤਸ਼ਾਹ ਵਿਚ ਆਇਆ ਉਹ ਇਕ ਵਾਰ ਫਿਰ ਖਿੜਕੀ ਖੋਲ੍ਹ ਦਿੰਦਾ ਹੈ। ਰੋਸ਼ਨੀ ਅੰਦਰ ਆਉਂਦੀ ਹੈ। ਰੰਗਕਰਮੀ ਨੇ ਸੋਸ਼ਲ ਸਾਈਟਸ ਉੱਤੇ ਖ਼ਬਰ ਨਸ਼ਰ ਕਰ ਦਿੱਤੀ ਹੈ ਕਿ ਮੈਂ ਨਾਟਕ ਕਰਾਂਗਾ, ਪਰ ਸਹਿਕਰਮੀਆਂ ਤੇ ਦੋਸਤਾਂ ਵੱਲੋਂ ਹੌਸਲਾ ਨਹੀਂ ਮਿਲਦਾ। ਰੰਗਕਰਮੀ ਢੇਰੀ ਢਾਹ ਕੇ ਬਹਿ ਜਾਂਦਾ ਹੈ। ਪਰਦਾ ਫਿਰ ਗਿਰਦਾ ਹੈ। ਨਿਰਾਸ਼ਾ ਦਾ ਆਲਮ ਹੈ। ਰੰਗਕਰਮੀ ਆਪਣੇ ਫੋਨ ਉੱਤੇ ਸੰਦੇਸ਼ ਪੜ੍ਹ ਰਿਹਾ ਹੈ। ਅਚਾਨਕ ਸ਼ਾਇਰਾ ਨੀਤੂ ਅਰੋੜਾ ਦਾ ਇਕ ਸੰਦੇਸ਼ ਉਸ ਦੇ ਸਾਹਮਣੇ ਆਉਂਦਾ ਹੈ। ਨੀਤੂ ਅਰੋੜਾ ਆਪਣੀ ਮਾਂ ਦੀ ਕਹਾਣੀ ਕਹਿ ਰਹੀ ਹੈ।
ਮਾਂ ਪੜ੍ਹਨ ’ਚ ਬਹੁਤ ਹੁਸ਼ਿਆਰ ਸੀ। ਜਦੋਂ ਦਸਵੀਂ ਦੇ ਇਮਤਿਹਾਨ ਹੋਣੇ ਸਨ ਤਾਂ ਪ੍ਰੀਖਿਆ ’ਚ ਬੈਠਣ ਦੀ ਫੀਸ ਪੰਜ ਰੁਪਏ ਪੰਝੱਤਰ ਪੈਸੇ ਸੀ; ਉਸ ਦੇ ਪਿਓ ਕੋਲ ਇੰਨੇ ਪੈਸੇ ਨਹੀਂ ਸਨ ਤੇ ਉਹ ਦਸਵੀਂ ਪਾਸ ਨਾ ਕਰ ਸਕੀ। ਜਦੋਂ ਵਿਆਹੀ ਗਈ ਤਾਂ ਕਈ ਸਾਲਾਂ ਬਾਅਦ ਆਪਣੇ ਪੇਕੇ ਪਿੰਡ ਜਾਣ ਵਾਲੀ ਬੱਸ ’ਚ ਬੈਠਿਆਂ ਇਕ ਬੰਦੇ ਨਾਲ ਮੁਲਾਕਾਤ ਹੋਈ। ਉਹ ਬੰਦਾ, ਜੋ ਇਕ ਸਕੂਲ ’ਚ ਹੈੱਡਮਾਸਟਰ ਲੱਗਾ ਹੋਇਆ ਸੀ, ਕਿਸੇ ਸਮੇਂ ਉਸ ਦਾ ਸਹਿਪਾਠੀ ਸੀ। ਤਕੜੇ ਘਰ ਦਾ ਬੱਚਾ ਸੀ। ਮਾਂ ਦਾ ਉਸ ਨਾਲ ਮੁਕਾਬਲਾ ਸੀ, ਪਰ ਪੰਜ ਰੁਪਏ ਪੰਝੱਤਰ ਪੈਸੇ ਨਾ ਹੋਣ ਕਾਰਨ ਮਾਂ ਮੁਕਾਬਲਾ ਹਾਰ ਗਈ ਸੀ। ਨੀਤੂ ਸਵਾਲ ਕਰਦੀ ਹੈ,‘ਜਦੋਂ ਮਾਂ ਇਮਤਿਹਾਨ ਦੇਣ ਨਾ ਗਈ ਤਾਂ ਕਿਸੇ ਨੇ ਘਰ ਆ ਕੇ ਪੁੱਛਿਆ ਕਿਉਂ ਨਹੀਂ? ਕਿਸੇ ਨੇ ਨਾਨੇ ਨੂੰ ਸਮਝਾਇਆ ਕਿਉਂ ਨਹੀਂ? ਕਿਸੇ ਨੇ ਉਸ ਦੀ ਫੀਸ ਕਿਉਂ ਨਾ ਦਿੱਤੀ?’ ਅੱਜ ਨੀਤੂ ਅਰੋੜਾ ਖ਼ੁਦ ਅਧਿਆਪਕ ਹੈ। ਉਹ ਚਾਹੁੰਦੀ ਹੈ ਕਿ ਕੋਈ ਬੱਚਾ ਫੀਸ ਖੁਣੋਂ ਪੜ੍ਹਨ ਤੋਂ ਨਾ ਰਹਿ ਜਾਵੇ। ਉਹ ਮਾਂ ਦਾ ਕਰਜ਼ ਉਤਾਰਨਾ ਚਾਹੁੰਦੀ ਹੈ। ਉਹ ਹਰ ਬੱਚੇ ਦੇ ਘਰ ਜਾਣਾ ਚਾਹੁੰਦੀ ਹੈ। ਸੰਦੇਸ਼ ਪੜ੍ਹਨ ਉਪਰੰਤ ਰੰਗਕਰਮੀ ਦੇ ਚਿਹਰੇ ਦੇ ਭਾਵ ਫ਼ੈਸਲਾਕੁੰਨ ਢੰਗ ਨਾਲ ਬਦਲਦੇ ਹਨ। ਹੁਣ ਜੋਸ਼ ਉਸ ਦੀਆਂ ਅੱਖਾਂ ’ਚੋਂ ਡੁੱਲ੍ਹ ਡੁੱਲ੍ਹ ਪੈ ਰਿਹਾ ਹੈ। ਉਸ ਦੇ ਹੱਥ ਖਿੜਕੀ ’ਤੇ ਲੱਗੇ ਪਰਦੇ ਵੱਲ ਉੱਠਦੇ ਹਨ। ਪੂਰਾ ਤਾਣ ਲਾ ਕੇ ਪਰਦਾ ਖੋਲ੍ਹ ਦਿੰਦਾ ਹੈ। ਚਿਹਰਾ ਮੁੜ ਪ੍ਰਕਾਸ਼ਮਾਨ ਹੁੰਦਾ ਹੈ ਤੇ ਰਾਣਾ ਬੋਲ ਅਲਾਪਦਾ ਹੈ,‘ਮੈਂ ਨਹੀਂ ਰੁਕਾਂਗਾ! ਮੈਂ ਕਰਾਂਗਾ ਨਾਟਕ! ਹਨੇਰਾ ਹੋਵੇ ਜਾਂ ਸਵੇਰਾ, ਮੈਂ ਹਾਜ਼ਰ ਹੋਵਾਂਗਾ ਆਪਣੀ ਕਲਾ ਨਾਲ… ਨਵੇਂ ਵਿਚਾਰਾਂ ਨਾਲ! ਮੈਂ ਜ਼ਿੰਦਾਬਾਦ!’ ਰਾਣਾ ਚਾਰ ਫੁੱਟ ਚੌੜੇ ਮੰਚ ਤੋਂ ਬੋਲਦਾ ਹੋਇਆ ਰੁਖ਼ਸਤ ਹੁੰਦਾ ਹੈ, ਪਰ ਖੁੱਲ੍ਹੀ ਖਿੜਕੀ ਜ਼ਿੰਦਗੀ ਜ਼ਿੰਦਾਬਾਦ ਦਾ ਪੈਗਾਮ ਦੇ ਰਹੀ ਹੈ। ਦਰਸ਼ਕ ਉਤਸ਼ਾਹ ਅਤੇ ਹੌਸਲੇ ਨਾਲ ਭਰਿਆ ਮਹਿਸੂਸ ਕਰਦਾ ਹੈ। ਰਾਣਾ ਰਣਬੀਰ ਦਾ ਡਮਰੂ ਲਗਾਤਾਰ ਵੱਜ ਰਿਹਾ ਹੈ।
ਸੰਪਰਕ : 98880-11096