ਡਾ. ਅਮਨਦੀਪ ਸਿੰਘ ਟੱਲੇਵਾਲੀਆ
ਨੱਚਣਾ, ਕੁੱਦਣਾ ਅਤੇ ਹੱਸਣਾ ਵੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਹੈ। ਹੱਸਣਾ ਜਾਂ ਖ਼ੁਸ਼ ਰਹਿਣਾ ਹੀ ਜ਼ਿੰਦਗੀ ਹੈ।
ਇਹ ਦੁਨੀਆਂ ਮੰਡੀ ਪੈਸੇ ਦੀ
ਹਰ ਚੀਜ਼ ਵਿਕੇਂਦੀ ਭਾਅ ਸੱਜਣਾ।
ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ
ਹੱਸਣ ਦੀ ਆਦਤ ਪਾ ਸੱਜਣਾ।
ਸੋ ਕਹਿਣ ਤੋਂ ਭਾਵ, ਹੱਸਦੇ ਚਿਹਰਿਆਂ ਦੀ ਜਿੰਨੀ ਕਦਰ ਪੈਂਦੀ ਹੈ ਜਾਂ ਹਸੂੰ-ਹਸੂੰ ਕਰਦੇ ਚਿਹਰੇ ਜਿੰਨੇ ਸੋਹਣੇ ਲੱਗਦੇ ਹਨ, ਓਨਾ ਰੋਂਦੇ ਚਿਹਰੇ ਨਹੀਂ। ਇੱਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਹਾਸਾ ਕਿਸ ਨੂੰ ਆਉਂਦਾ ਹੈ ਜਾਂ ਖ਼ੁਸ਼ ਕੌਣ ਰਹਿੰਦਾ ਹੈ?
ਬਿਨਾਂ ਖ਼ੁਸ਼ੀ ਦੇ ਹੱਸਿਆ ਨਹੀਂ ਜਾਂਦਾ
ਰੋਣੇ ਗ਼ਮਾਂ ਦੇ ਬਾਝ ਨਹੀਂ ਰੋਏ ਜਾਂਦੇ
ਦਰਦਾਂ ਬਾਝ ਨਾ ਸੀਨੇ ਵਿਚ ਛੇਕ ਪੈਂਦੇ
ਛੇਕਾਂ ਬਾਝ ਨਾ ਮੋਤੀ ਪਰੋਏ ਜਾਂਦੇ
ਜਿਹੜੇ ਇਨਸਾਨ ਜ਼ਿੰਦਗੀ ਵਿੱਚ ਸੰਤੁਸ਼ਟ ਹਨ, ਉਹੀ ਖ਼ੁਸ਼ ਰਹਿੰਦੇ ਹਨ ਅਤੇ ਹਾਸਾ ਉਸ ਖ਼ੁਸ਼ੀ ਦਾ ਬਾਹਰੀ ਪ੍ਰਗਟਾਵਾ ਹੁੰਦਾ ਹੈ, ਜੋ ਅੰਦਰਲੇ ਹਾਵ-ਭਾਵ ਨੂੰ ਉਜਾਗਰ ਕਰਦਾ ਹੈ। ਖ਼ੁਸ਼ੀ ਤੋਂ ਅੱਗੇ ਵੀ ਇੱਕ ਅਵਸਥਾ ਹੈ, ਜਿਸ ਨੂੰ ਆਨੰਦ ਦੀ ਅਵਸਥਾ ਆਖਿਆ ਜਾਂਦਾ ਹੈ। ਆਨੰਦ ਦੀ ਅਵਸਥਾ ਤਾਂ ਸਿਰਫ਼ ਉਨ੍ਹਾਂ ਮਹਾਪੁਰਸ਼ਾਂ ਨੂੰ ਹੀ ਨਸੀਬ ਹੁੰਦੀ ਹੈ, ਜੋ ਇਸ ਮਾਇਆ ਅਤੇ ਮੋਹ ਦੇ ਜਾਲ ਵਿੱਚੋਂ ਨਿਕਲ ਕੇ ਆਪਣੇ ਮਨ ਨੂੰ ਸਾਧ ਕੇ ਸੰਤੁਸ਼ਟ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਦੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ। ‘ਨਾ ਉਨ੍ਹਾਂ ਨੂੰ ਚੜ੍ਹੀ ਦੀ, ਨਾ ਲੱਥੀ ਦੀ’ ਫਿਰ ਉਹ ਸੁਥਰਿਆਂ ਵਾਲੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਇਸ ਨੂੰ ਆਨੰਦ ਦੀ ਅਵਸਥਾ ਆਖਿਆ ਜਾਂਦਾ ਹੈ।
ਗੱਲ ਕਰ ਰਹੇ ਹਾਂ ਹੱਸਣ ਦੀ। ਆਨੰਦ ਦੀ ਪ੍ਰਾਪਤੀ ਕਰਨੀ ਤਾਂ ਬਹੁਤ ਵੱਡੀ ਗੱਲ ਹੈ। ਐਨਾ ਹੀ ਬਹੁਤ ਹੈ ਕਿ ਅਸੀਂ ਹੱਸਣ ਦੀ ਆਦਤ ਪਾ ਲਈਏ। ਅੱਜ ਦਾ ਸਮਾਂ ਐਨਾ ਕੁ ਰੁਝੇਵਿਆਂ ਭਰਿਆ ਹੋ ਗਿਆ ਹੈ ਕਿ ਲੋਕਾਂ ਕੋਲ ਹੱਸਣ ਲਈ ਸਮਾਂ ਹੀ ਨਹੀਂ ਰਿਹਾ। ਪਹਿਲੀ ਗੱਲ ਤਾਂ ਹਾਸਾ ਮਜ਼ਾਕ ਕੋਈ ਪਸੰਦ ਹੀ ਨਹੀਂ ਕਰਦਾ। ਜੇਕਰ ਕਿਸੇ ਨੂੰ ਹਾਸੇ-ਹਾਸੇ ਵਿੱਚ ਕੁਝ ਕਹਿ ਦਿਓ ਤਾਂ ਅਗਲਾ ਵੱਢ ਖਾਣ ਨੂੰ ਪੈਂਦਾ। ਦੂਸਰਾ ਅਸੀਂ ਹੱਸਣਾ ਭੁੱਲਦੇ ਜਾ ਰਹੇ ਹਾਂ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਜਿੰਨਾ ਲੋਕ ਹਾਸੇ ਠੱਠਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ, ਓਨਾ ਹੀ ਬਿਮਾਰੀਆਂ ਵਿੱਚ ਗ੍ਰਸੇ ਜਾ ਰਹੇ ਹਨ।
ਹੁਣ ਲਾਫਟਰ ਕਲੱਬ ਬਣਾਏ ਜਾ ਰਹੇ ਹਨ, ਜਿੱਥੇ ਲੋਕ ਬਣਾਉਟੀ ਹਾਸਾ ਹੱਸਦੇ ਹਨ ਜਾਂ ਲੋਕਾਂ ਦੇ ਮਨੋਰੰਜਨ ਲਈ ਫਿਲਮਾਂ ਰਾਹੀਂ, ਟੈਲੀਵਿਜ਼ਨ ਰਾਹੀਂ ਕਾਮੇਡੀ ਸ਼ੋਅ ਕਰਵਾਏ ਜਾ ਰਹੇ ਹਨ ਤਾਂ ਕਿ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਹਾਸੇ-ਠੱਠੇ ਨਾਲ ਰੰਗੀਨ ਬਣਾਇਆ ਜਾ ਸਕੇ, ਪਰ ਇਹ ਹਾਸਾ ਓਨਾ ਲਾਭਕਾਰੀ ਸਿੱਧ ਨਹੀਂ ਹੁੰਦਾ, ਜਿੰਨਾ ਅੰਦਰੋਂ ਆਪ-ਮੁਹਾਰੇ ਹੱਸਣਾ। ਇੱਕ ਸਮਾਂ ਸੀ, ਜਦੋਂ ਲੋਕ ਇਕੱਠੇ ਜੁੜ ਬੈਠ ਕੇ ਇੱਕ-ਦੂਜੇ ਨੂੰ ਮਜ਼ਾਕ ਕਰਦੇ, ਕੁੜੀਆਂ-ਕੱਤਰੀਆਂ ਇੱਕ-ਦੂਜੀ ਨੂੰ ਛੇੜਦੀਆਂ ਜਾਂ ਜੀਜਾ-ਸਾਲੀ, ਦਿਓਰ-ਭਰਜਾਈ ਆਪਸ ਵਿੱਚ ਹਾਸਾ-ਠੱਠਾ ਕਰਦੇੇ, ਪਰ ਸਮੇਂ ਦੀ ਚਾਲ ਨੇ ਸਭ ਕੁਝ ਬਦਲ ਦਿੱਤਾ ਹੈ। ਰਿਸ਼ਤਿਆਂ ਨੂੰ ਬਦਨਾਮ ਕਰ ਦਿੱਤਾ ਹੈ। ਪਵਿੱਤਰ ਰਿਸ਼ਤਿਆਂ ਨੂੰ ਅਸ਼ਲੀਲਤਾ ਦੀ ਪਾਣ ਚੜ੍ਹਾ ਦਿੱਤੀ। ਹੁਣ ਸਭ ਕੁਝ ਬਣਾਉਟੀ ਹੋ ਕੇ ਰਹਿ ਗਿਆ। ਗੱਲ ਕੀ ਮਨੁੱਖ ਵੀ ਸਿਰਫ਼ ਪੈਸੇ ਵਾਲੀ ਮਸ਼ੀਨ ਬਣ ਗਿਆ। ਮਸ਼ੀਨਾਂ ਦੇ ਦਿਲ ਨਹੀਂ ਹੁੰਦਾ ਅਤੇ ਦਿਲਾਂ ਬਿਨਾਂ ਹਾਸੇ ਨਹੀਂ ਉੱਗਦੇ। ਕਈ ਤਾਂ ਵਿਚਾਰੇ ਅਜਿਹੇ ਹਨ ਕਿ ਉਨ੍ਹਾਂ ਕੋਲ ਖ਼ੁਸ਼ੀ ਨਹੀਂ ਹੁੰਦੀ, ਉਹ ਤਾਂ ਨਹੀਂ ਹੱਸਦੇ, ਪਰ ਕਈ ਬਦਕਿਸਮਤ ਅਜਿਹੇ ਵੀ ਹਨ ਕਿ ਜਿਨ੍ਹਾਂ ਕੋਲ ਖ਼ੁਸ਼ੀਆਂ ਤਾਂ ਬਥੇਰੀਆਂ ਹਨ, ਪਰ ਹੱਸਣਾ ਨਹੀਂ ਆਉਂਦਾ ਭਾਵ ਖ਼ੁਸ਼ੀ ਦਾ ਪ੍ਰਗਟਾਵਾ ਨਹੀਂ ਕਰਨਾ ਆਉਂਦਾ ਜਾਂ ਕਹਿ ਲਵੋ ਜਾਣ-ਬੁੱਝ ਕੇ ਖ਼ੁਸ਼ ਨਹੀਂ ਹੁੰਦੇ।
ਜਦੋਂ ਅਸੀਂ ਹੱਸਦੇ ਹਾਂ ਤਾਂ ਸਾਡੇ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ। ਚਿਹਰੇ ਦੀਆਂ ਬਹੁਤ ਸਾਰੀਆਂ ਮਾਸਪੇਸ਼ੀਆਂ ਅਜਿਹੀਆਂ ਹਨ, ਜੋ ਹੱਸਣ ਨਾਲ ਮਜ਼ਬੂਤ ਹੁੰਦੀਆਂ ਹਨ ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਹਸੂੰ-ਹਸੂੰ ਕਰਦੇ ਚਿਹਰਿਆਂ ’ਤੇ ਹਮੇਸ਼ਾਂ ਨੂਰ ਰਹਿੰਦਾ ਹੈ। ਫਿਰ ਕਿਸੇ ਬਾਹਰੀ ਕਰੀਮ ਜਾਂ ਮਹਿੰਗੇ ਪਾਊਡਰ ਦੀ ਜ਼ਰੂਰਤ ਨਹੀਂ ਰਹਿੰਦੀ। ਜਿਸ ਦੇ ਦਿਲ ਵਿੱਚ ਖ਼ੁਸ਼ੀ, ਉਸ ਦੇ ਬੁੱਲ੍ਹਾਂ ’ਤੇ ਹਾਸੇ ਅਤੇ ਚਿਹਰੇ ’ਤੇ ਰੌਣਕ ਰਹਿੰਦੀ ਹੈ। ਹਾਸੇ ਦੀਆਂ ਵੀ ਅੱਗੇ ਵੱਖ-ਵੱਖ ਕਿਸਮਾਂ ਹਨ।
ਕਈ ਲੋਕ ਹੱਸਦੇ ਤਾਂ ਹਨ, ਭਾਵ ਮਨ ਵਿੱਚ ਖ਼ੁਸ਼ੀ ਤਾਂ ਹੁੰਦੀ ਹੈ, ਪਰ ਉਹ ਸੰਗਾਊ ਬਿਰਤੀ ਦੇ ਮਾਲਕ ਹੁੰਦੇ ਹਨ। ਸਿਰਫ਼ ਬੁੱਲ੍ਹਾਂ ਵਿੱਚ ਮੁਸਕਰਾ ਕੇ ਆਪਣੇ ਹਾਸੇ ਦਾ ਪ੍ਰਗਟਾਵਾ ਕਰਦੇ ਹਨ। ਦੂਜੇ ਪਾਸੇ ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦਾ ਹੈ ਖਿੜ-ਖਿੜ ਹੱਸਣਾ, ਜੋ ਬਿਨਾਂ ਕਿਸੇ ਸੰਗ-ਸ਼ਰਮ ਦੇ ਤਾੜੀ ਮਾਰ ਕੇ ਖਿੜ-ਖਿੜ ਹੱਸਦੇ ਹਨ ਭਾਵ ਆਪਣੀ ਖੁਸ਼ੀ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੇ ਹਨ, ਜਿਵੇਂ ਦੀਵਾਲੀ ਦੇ ਦਿਨ ਪਟਾਖੇ ਚੱਲਦੇ ਹਨ। ਇਹ ਲੋਕ ਅਜਿਹੇ ਹਨ, ਜੋ ਕਿਸੇ ਦੂਸਰੇ ਦੀ ਖ਼ੁਸ਼ੀ ਵਿੱਚ ਸ਼ਾਮਲ ਤਾਂ ਹੁੰਦੇ ਹਨ, ਪਰ ਅੰਦਰੋਂ ਦੁਖੀ ਹਨ। ਸਿਰਫ਼ ਬਾਹਰੀ ਦਿਖਾਵੇ ਦੇ ਤੌਰ ’ਤੇ ਹੱਸਦੇ ਹਨ। ਅਜਿਹੇ ਲੋਕਾਂ ਦੀ ਪਛਾਣ ਕਰਨੀ ਬੜੀ ਔਖੀ ਹੁੰਦੀ ਹੈ। ਇੱਕ ਮਨੋਵਿਗਿਆਨੀ ਅਜਿਹੀ ਸ਼ਖ਼ਸੀਅਤ ਦੀ ਪਛਾਣ ਕਰਨ ਵਿੱਚ ਬਹੁਤੀ ਦੇਰ ਨਹੀਂ ਲਾਉਂਦਾ। ਸ਼ਰਾਰਤੀ ਦਿਮਾਗ਼ ਜਾਂ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਸਿਰਫ਼ ਅੱਖਾਂ ਵਿੱਚ ਦਿਲ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ, ਪਰ ਆਪਣੇ ਬੁੱਲ੍ਹ ਮੀਚ ਕੇ, ਦੰਦ ਲੁਕਾ ਕੇ ਦੁਨੀਆ ਤੋਂ ਇਸ ਗੱਲ ਦਾ ਓਹਲਾ ਰੱਖਦੇ ਹਨ।
ਕਈ ਮਨੁੱਖ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਚਿਹਰੇ ਹਰ ਵੇਲੇ ਹਸੂੰ-ਹਸੂੰ ਕਰਦੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਉੱਥੇ ਆਪਣੀ ਮਹਿਕ ਖਿੰਡਾ ਕੇ ਆਲੇ-ਦੁਆਲੇ ਨੂੰ ਨਸ਼ਿਆ ਦਿੰਦੇ ਹਨ। ਹਾਸਾ ਮਜ਼ਾਕ ਹਾਸੇ ਦਾ ਉਹ ਰੂਪ ਹੈ, ਜਿੱਥੇ ਕੋਈ ਅੰਦਰੂਨੀ ਖ਼ੁਸ਼ੀ ਜਾਂ ਖੇੜਾ ਤਾਂ ਨਹੀਂ ਹੁੰਦਾ, ਪਰ ਕਿਸੇ ਇੱਕ ਵੱਲੋਂ ਦੂਸਰੇ ਨੂੰ ਕੋਈ ਮੌਕੇ ਅਨੁਸਾਰ ਅਜਿਹੀ ਗੱਲ ਕੱਢ ਮਾਰਨੀ, ਜਿਸ ਨਾਲ ‘ਢਿੱਡੀਂ ਪੀੜਾਂ’ ਪੈ ਜਾਂਦੀਆਂ ਹਨ। ਬੇਸ਼ੱਕ ਇਹ ਇੱਕ ਕਿਸਮ ਦਾ ਬਣਾਉਟੀ ਹਾਸਾ ਹੀ ਹੁੰਦਾ ਹੈ, ਪਰ ਇਸ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਉਤੇ ਇਕਦਮ ਨਿਖਾਰ ਆ ਜਾਂਦਾ ਹੈ। ਸਾਰੇ ਕਾਮੇਡੀਅਨ, ਭੰਡ ਜਾਂ ਹਾਸਾ-ਠੱਠਾ ਕਰਨ ਵਾਲੇ ਲੋਕ ਦੂਸਰਿਆਂ ਨੂੰ ਹਸਾਉਣ ਲਈ ਆਪਣੀ ਕਲਾ ਦਾ ਪੂਰਾ-ਪੂਰਾ ਪ੍ਰਦਰਸ਼ਨ ਕਰਦੇ ਹਨ। ਇਹ ਜ਼ਰੂਰੀ ਨਹੀਂ ਹੁੰਦਾ ਕਿ ਦੂਸਰਿਆਂ ਨੂੰ ਹਸਾਉਣ ਵਾਲਾ ਆਪ ਸੱਚਮੁੱਚ ਖ਼ੁਸ਼ ਹੀ ਰਹਿੰਦਾ ਹੋਵੇ। ਇਹ ਉਸ ਦਾ ਕਿੱਤਾ, ਕਲਾ ਜਾਂ ਦੂਸਰਿਆਂ ਉੱਪਰ ਆਪਣਾ ਪ੍ਰਭਾਵ ਪਾਉਣ ਦਾ ਹੀ ਇੱਕ ਤਰੀਕਾ ਹੋਵੇ। ਜਿਵੇਂ ਕਿ ਕਿਸੇ ਸ਼ਾਇਰ ਨੇ ਲਿਖਿਆ ਹੈ :
ਹੋਠੋਂ ਪੇ ਮੁਸਕਰਾਹਟੇਂ ਸੀਨੇ ਮੇਂ ਗ਼ਮ ਲੀਏ
ਜੀਤਾ ਹੈ ਕੌਨ ਯਾਰੋ ਜੈਸੇ ਕੇ ਹਮ ਜੀਏ।
ਕੁਝ ਵੀ ਹੋਵੇ, ਕਾਮੇਡੀਅਨ ਕਲਾਕਾਰ ਭਾਵੇਂ ਕਿਸੇ ਵੀ ਸਥਿਤੀ ਵਿੱਚ ਹੋਵੇ, ਪਰ ਉਸ ਦਾ ਕੰਮ ਤਾਂ ਦੂਸਰਿਆਂ ਨੂੰ ਹਸਾਉਣਾ ਹੀ ਹੁੰਦਾ ਹੈ। ਕਿਸੇ ਨੂੰ ਖ਼ੁਸ਼ੀ ਦੇਣੀ ਜਾਂ ਕਿਸੇ ਰੋਂਦੇ ਚਿਹਰੇ ਨੂੰ ਹਸਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਪੁੰਨ ਹੈ। ਇਸ ਤਰ੍ਹਾਂ ਭਾਵੇਂ ਕੁਝ ਵੀ ਹੋਵੇ, ਇਨਸਾਨ ਨੂੰ ਹਰ ਵੇਲੇ ਖ਼ੁਸ਼ ਰਹਿਣਾ ਚਾਹੀਦਾ ਹੈ ਅਤੇ ਇਹੀ ਖ਼ੁਸ਼ੀ ਚਿਹਰੇ ਉਤੇ ਹਾਸੇ ਦੇ ਰੂਪ ਵਿੱਚ ਡੁੱਲ੍ਹ-ਡੁੱਲ੍ਹ ਪੈਂਦੀ ਹੈ, ਸਿਆਣਿਆਂ ਠੀਕ ਹੀ ਕਿਹਾ ਹੈ ‘ਹੱਸਦਿਆਂ ਦੇ ਘਰ ਵੱਸਦੇ।’
ਬੇਸ਼ੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਵਾਰ ਦੁੱਖਾਂ ਦੀਆਂ ਹਨੇਰੀਆਂ ਝੁੱਲ ਜਾਂਦੀਆਂ ਹਨ, ਪਰ ਫਿਰ ਵੀ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਹੱਲ ਦੁਖੀ ਹੋ ਕੇ ਜਾਂ ਰੋ-ਕੁਰਲਾ ਕੇ ਵੀ ਨਹੀਂ ਨਿਕਲਦਾ। ਸੋ ਅਜਿਹੀਆਂ ਸਥਿਤੀਆਂ ਵਿੱਚ ਇਹ ਤਾਂ ਨਹੀਂ ਕਿ ਖਿੜ-ਖਿੜ ਹੱਸਣਾ ਚਾਹੀਦਾ ਹੈ, ਪਰ ਜਿੱਥੋਂ ਤੱਕ ਹੋ ਸਕੇ ਮਨ ’ਤੇ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਦੁੱਖ ਨੂੰ ਭੁੱਲ ਕੇ ਖ਼ੁਸ਼ੀ ਦੀ ਤਲਾਸ਼ ਕਰਨੀ ਚਾਹੀਦੀ ਹੈ। ਹਮੇਸ਼ਾਂ ਆਸ਼ਾਵਾਦੀ ਹੋ ਕੇ ਚੱਲਣਾ ਚਾਹੀਦਾ ਹੈ।
ਮਾਡਰਨ ਸ਼ੈਲੀ ਵਿੱਚ ‘ਫਨ’ ਕਰਨਾ ਅੱਜਕੱਲ੍ਹ ਮੁੰਡੇ-ਕੁੜੀਆਂ ਦਾ ਸ਼ੌਕ ਬਣਦਾ ਜਾ ਰਿਹਾ ਹੈ। ਇਹ ਫਨ ਹੱਸਣ-ਖੇਡਣ ਤੋਂ ਸ਼ੁਰੂ ਹੋ ਕੇ ਕਿਸੇ ਵੀ ਹੱਦ ਤੱਕ ਹੋ ਸਕਦਾ ਹੈ। ਭਾਵ ਇਸ ਵਿੱਚ ਜ਼ਿੰਦਗੀ ਦੀ ਸੁੱਚਮਤਾ ਤੋਂ ਲੈ ਕੇ ਅਸ਼ਲੀਲਤਾ ਦੀ ਹੱਦ ਵੀ ਪਾਰ ਹੋ ਸਕਦੀ ਹੈ, ਪਰ ਅਸਲੀ ‘ਫਨ’ ਉਹੀ ਹੁੰਦਾ ਹੈ, ਜਿਸ ਵਿੱਚ ਖ਼ੁਸ਼ੀ ਢਿੱਡੋਂ ਉਪਜਦੀ ਹੈ ਅਤੇ ਮਨੁੱਖ ਖ਼ੁਸ਼ੀ ਵਿੱਚ ਖੀਵਾ ਹੋਇਆ ਜ਼ਿੰਦਗੀ ਦੇ ਪਲ-ਪਲ ਨੂੰ ਮਾਣਦਾ ਹੈ। ਫਿਰ ਉਸ ਦੇ ਦਿਲ-ਦਿਮਾਗ਼ ਵਿੱਚ ਗਿੱਧੇ-ਭੰਗੜੇ ਪੈਂਦੇ ਹਨ ਅਤੇ ਚਿਹਰੇ ’ਤੇ ਹਾਸੇ ਦੀ ਮੁਸਕਰਾਹਟ ਇਉਂ ਨੱਚਦੀ ਹੈ ਜਿਵੇਂ ਗੁਲਾਬ ਦੇ ਫੁੱਲਾਂ ’ਤੇ ਤਿਤਲੀ। ਸੋ, ਹੱਸਣ ਦੀ ਆਦਤ ਪਾਓ ਕਿਉਂਕਿ ਜ਼ਿੰਦਗੀ ਬਹੁਤ ਥੋੜ੍ਹੀ ਹੈ। ਜੋ ਅੱਜ ਬੀਤ ਗਿਆ, ਉਹ ਕੱਲ੍ਹ ਨਹੀਂ ਹੋਣਾ। ਜੋ ਕੱਲ੍ਹ ਸੀ, ਉਹ ਅੱਜ ਨਹੀਂ।
ਸੰਪਰਕ: 98146-99446