ਹਰਜੀਤ ਸਿੰਘ*
ਪ੍ਰਸਿੱਧ ਤਾਰਾ ਵਿਗਿਆਨੀ ਕਾਰਲ ਸੈਗਨ ਬਹੁਤ ਹੀ ਕਾਵਿਕ ਅੰਦਾਜ਼ ਵਿੱਚ ਕਹਿੰਦਾ ਹੈ “ਸਾਡੇ ਡੀਐੱਨਏ (DNA) ਵਿਚਲੀ ਨਾਈਟ੍ਰੋਜਨ, ਸਾਡੇ ਦੰਦਾਂ ਦਾ ਕੈਲਸ਼ੀਅਮ, ਸਾਡੇ ਲਹੂ ਵਿਚਲਾ ਲੋਹਾ, ਸਾਡੀ ਐਪਲ ਪਾਈ (ਸੇਬ ਤੋਂ ਬਣਨ ਵਾਲਾ ਇੱਕ ਪਕਵਾਨ) ਅੰਦਰਲੀ ਕਾਰਬਨ, ਇਹ ਸਭ ਇੱਕ ਮਰ ਰਹੇ ਤਾਰੇ ਦੇ ਅੰਦਰ ਪੈਦਾ ਹੋਏ| ਅਸੀਂ ਤਾਰਿਆਂ ਦੇ ਬਣੇ ਹੋਏ ਹਾਂ।’’ ਇਸ ਕਥਨ ਨਾਲ ਉਹ ਸਾਨੂੰ ਬ੍ਰਹਿਮੰਡ ਨਾਲ ਇੱਕ-ਮਿੱਕ ਹੋਣ ਦਾ ਅਹਿਸਾਸ ਤਾਂ ਕਰਵਾਉਂਦਾ ਹੀ ਹੈ, ਨਾਲ ਹੀ ਇਹ ਵੀ ਦੱਸ ਜਾਂਦਾ ਹੈ ਕਿ ਜ਼ਿੰਦਗੀ ਦੇ ਪੈਦਾ ਹੋਣ ਲਈ ਲੋੜੀਂਦੇ ਤੱਤ ਪੈਦਾ ਕਰਨ ਲਈ ਤਾਰਿਆਂ ਦੀ ਜ਼ਿੰਦਗੀ ਦਾ ਖ਼ਤਮ ਹੋਣਾ ਜ਼ਰੂਰੀ ਹੈ| ਅੱਜ ਅਸੀਂ ਇਨ੍ਹਾਂ ਤਾਰਿਆਂ ਦੇ ਜੀਵਨ ਸਫ਼ਰ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਵਿੱਚੋਂ ਲੰਘ ਕੇ ਇਹ ਜੀਵਨ ਨੂੰ ਜਨਮ ਦਿੰਦੇ ਹਨ|
ਤਾਰੇ ਅਥਾਹ ਗਰਮ ਗੈਸਾਂ ਦਾ ਗੋਲਾ ਹੁੰਦੇ ਹਨ| ਇਹ ਆਪਣੇ ਅੰਦਰ ਹੋਣ ਵਾਲੀਆਂ ਪਰਮਾਣੂ ਕਿਰਿਆਵਾਂ ਨਾਲ ਊਰਜਾ ਪੈਦਾ ਕਰਦੇ ਹਨ ਅਤੇ ਇਸੇ ਊਰਜਾ ਕਰਕੇ ਚਮਕਦੇ ਹਨ| ਤਾਰੇ ਅਲੱਗ-ਅਲੱਗ ਭਾਰ, ਰੰਗ ਅਤੇ ਆਕਾਰ ਦੇ ਹੁੰਦੇ ਹਨ| ਇਨ੍ਹਾਂ ਦਾ ਪੁੰਜ ਸਾਡੇ ਸੂਰਜ ਤੋਂ 20 ਗੁਣਾਂ ਘੱਟ ਤੋਂ ਲੈ ਕੇ 50 ਗੁਣਾਂ ਵੱਧ ਤੱਕ ਹੋ ਸਕਦਾ ਹੈ| ਆਕਾਰ ਵਿੱਚ ਇਹ ਸੂਰਜ ਤੋਂ 450 ਗੁਣਾਂ ਛੋਟੇ ਤੋਂ ਲੈ ਕੇ 1000 ਗੁਣਾਂ ਵੱਡੇ ਹੋ ਸਕਦੇ ਹਨ|
ਤਾਰੇ ਬ੍ਰਹਿਮੰਡ ਦੀ ਸ਼ੁਰੂਆਤ ਤੋਂ ਹੀ ਪੈਦਾ ਹੁੰਦੇ ਤੇ ਮਰਦੇ ਆ ਰਹੇ ਹਨ| ਇੱਕ ਤਾਰੇ ਦੇ ਜੀਵਨ ਦੀ ਸ਼ੁਰੂਆਤ ਇੱਕ ਨੇਬੁਲਾ ਤੋਂ ਹੁੰਦੀ ਹੈ| ਨੇਬੁਲਾ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬੱਦਲ| ਨੇਬੁਲਾ ਧੂੜ ਦੇ ਕਣਾਂ ਤੋਂ ਬਣਿਆ ਇੱਕ ਬੱਦਲ ਹੁੰਦਾ ਹੈ| ਨੇਬੁਲਾ ਵਿਚਲੇ ਕਣ ਗੁਰੂਤਾ ਕਰਕੇ ਹੌਲੀ-ਹੌਲੀ ਨੇੜੇ ਆਉਣ ਲੱਗਦੇ ਹਨ| ਆਪਸ ਵਿੱਚ ਟਕਰਾਉਣ ਕਰਕੇ ਅਤੇ ਗੁਰੂਤਾ ਦੇ ਦਬਾਅ ਕਰਕੇ ਇਹ ਕਣ ਗਰਮ ਹੋਣ ਲੱਗਦੇ ਹਨ| ਸਮਾਂ ਪਾ ਕੇ ਕਣਾਂ ਦਾ ਇਹ ਗੋਲਾ ਆਪਣੇ ਆਸ ਪਾਸ ਦੇ ਹੋਰ ਕਣਾਂ ਨੂੰ ਵੀ ਖਿੱਚਣ ਲੱਗ ਜਾਂਦਾ ਹੈ ਜਿਸ ਕਰਕੇ ਇਸ ਦਾ ਤਾਪਮਾਨ ਹੋਰ ਵਧਣ ਲੱਗਦਾ ਹੈ| ਇੱਕ ਸਮੇਂ ਬਾਅਦ ਇਹ ਕਣ ਇੰਨੇ ਗਰਮ ਹੋ ਜਾਂਦੇ ਹਨ ਕਿ ਇਹ ਪ੍ਰਕਾਸ਼ ਛੱਡਣ ਲੱਗਦੇ ਹਨ| ਇਸ ਜਗਮਗਾਉਂਦੇ ਕਣਾਂ ਦੇ ਸਮੂਹ ਨੂੰ ਮੁੱਢਲਾ ਤਾਰਾ (ਪ੍ਰੋਟੋ-ਸਟਾਰ) ਕਹਿੰਦੇ ਹਨ| ਇਸ ਮੁੱਢਲੇ ਤਾਰੇ ਦਾ ਅੱਗੇ ਕੀ ਬਣੇਗਾ, ਇਹ ਨਿਰਭਰ ਕਰਦਾ ਹੈ ਇਸ ਦੇ ਪੁੰਜ ’ਤੇ|
ਜਿਨ੍ਹਾਂ ਮੁੱਢਲੇ ਤਾਰਿਆਂ ਦਾ ਪੁੰਜ 0.08 ਸੂਰਜੀ ਪੁੰਜ (ਸੂਰਜ ਦਾ ਪੁੰਜ = 1.988 x 1030 ਕਿਲੋਗ੍ਰਾਮ) ਤੋਂ ਘੱਟ ਹੁੰਦਾ ਹੈ, ਉਨ੍ਹਾਂ ਦਾ ਤਾਪਮਾਨ ਪਰਮਾਣੂ ਕਿਰਿਆਵਾਂ ਸ਼ੁਰੂ ਹੋਣ ਲਈ ਲੋੜੀਂਦੇ ਤਾਪਮਾਨ ਤੱਕ ਨਹੀਂ ਪਹੁੰਚਦਾ| ਇਹ ਇੱਕ ਭੂਰਾ ਬੌਣਾ (ਬ੍ਰਾਊਨ ਡਵਾਰਫ਼) ਤਾਰਾ ਬਣ ਕੇ ਰਹਿ ਜਾਂਦੇ ਹਨ| ਇਨ੍ਹਾਂ ਤਾਰਿਆਂ ਦੀ ਚਮਕ ਬਹੁਤ ਮੱਧਮ ਹੁੰਦੀ ਹੈ ਅਤੇ ਇਹ ਕੁਝ ਕਰੋੜ ਸਾਲਾਂ ਵਿੱਚ ਖ਼ਤਮ ਹੋ ਜਾਂਦੇ ਹਨ|
ਮੁੱਢਲੇ ਤਾਰੇ ਵਿੱਚ ਪਰਮਾਣੂ ਕਿਰਿਆਵਾਂ ਸ਼ੁਰੂ ਕਰਨ ਲਈ ਘੱਟੋ-ਘੱਟ 1.5 ਕਰੋੜ ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੈ| ਭਾਰੇ ਮੁੱਢਲੇ ਤਾਰਿਆਂ ਦਾ ਤਾਪਮਾਨ ਇਸ ਮੁੱਲ ਤੱਕ ਪਹੁੰਚ ਸਕਦਾ ਹੈ| ਇੱਕ ਵਾਰ ਤਾਪਮਾਨ ਪਹੁੰਚਣ ’ਤੇ ਤਾਰੇ ਵਿੱਚ ਪਰਮਾਣੂ ਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਤਾਰਾ ਹਾਈਡ੍ਰੋਜਨ ਨੂੰ ਹੀਲੀਅਮ ਵਿੱਚ ਬਦਲਣਾ ਸ਼ੁਰੂ ਕਰ ਦਿੰਦਾ ਹੈ| ਚਾਰ ਹਾਈਡ੍ਰੋਜਨ ਦੇ ਪਰਮਾਣੂ ਮਿਲ ਕੇ ਇੱਕ ਹੀਲੀਅਮ ਦਾ ਪਰਮਾਣੂ ਬਣਾਉਂਦੇ ਹਨ, ਪਰ ਇਸ ਹੀਲੀਅਮ ਦੇ ਪਰਮਾਣੂ ਦਾ ਪੁੰਜ ਚਾਰ ਹਾਈਡ੍ਰੋਜਨ ਪਰਮਾਣੂਆਂ ਤੋਂ ਥੋੜ੍ਹਾ ਘੱਟ ਹੁੰਦਾ ਹੈ| ਇਹ ਪੁੰਜ ਅਸਲ ਵਿੱਚ ਆਈਨਸਟਾਈਨ ਦੀ ਮਸ਼ਹੂਰ ਸਮੀਕਰਨ E=mc2 ਅਨੁਸਾਰ ਊਰਜਾ ਵਿੱਚ ਬਦਲ ਜਾਂਦਾ ਹੈ| ਇਸ ਕਰਕੇ ਇਸ ਪ੍ਰਕਿਰਿਆ ਵਿੱਚ ਬਹੁਤ ਸਾਰੀ ਊਰਜਾ ਨਿਕਲਦੀ ਹੈ| ਇਸ ਊਰਜਾ ਕਰਕੇ ਪੈਦਾ ਹੋਇਆ ਤਾਪ ਦਬਾਅ ਬਾਹਰ ਵੱਲ ਲੱਗਦਾ ਹੈ ਅਤੇ ਅੰਦਰ ਵੱਲ ਲੱਗ ਰਹੀ ਗੁਰੂਤਾ ਨੂੰ ਰੋਕਦਾ ਹੈ| ਇਹ ਦੋਵੇਂ ਬਲ ਇੱਕ ਦੂਜੇ ਦੇ ਸੰਤੁਲਨ ਵਿੱਚ ਰਹਿ ਕੇ ਤਾਰੇ ਨੂੰ ਸਥਿਰ ਰੱਖਦੇ ਹਨ ਅਤੇ ਢਹਿਣ ਤੋਂ ਰੋਕਦੇ ਹਨ| ਤਾਰੇ ਦੇ ਇਸ ਪੜਾਅ ਨੂੰ ਮੁੱਖ ਧਾਰਾ (ਮੇਨ ਸੀਕੂਐਂਸ) ਤਾਰਾ ਕਹਿੰਦੇ ਹਨ| ਇਸ ਪੜਾਅ ਦੀ ਉਮਰ ਵੀ ਤਾਰੇ ਦੇ ਪੁੰਜ ’ਤੇ ਨਿਰਭਰ ਕਰਦੀ ਹੈ| ਉਮੀਦ ਤੋਂ ਉਲਟ, ਬਹੁਤ ਭਾਰੇ ਤਾਰੇ (50 ਸੂਰਜੀ ਪੁੰਜ ਦੇ ਆਸ-ਪਾਸ) ਆਪਣਾ ਬਾਲਣ ਬਹੁਤ ਤੇਜ਼ੀ ਨਾਲ ਖ਼ਤਮ ਕਰਦੇ ਹਨ ਅਤੇ ਕੁਝ ਲੱਖ ਸਾਲਾਂ ਵਿੱਚ ਹੀ ਇਨ੍ਹਾਂ ਦਾ ਬਾਲਣ ਮੁੱਕ ਜਾਂਦਾ ਹੈ| ਸਾਡੇ ਸੂਰਜ ਜਿੰਨੇ ਪੁੰਜ ਵਾਲੇ ਤਾਰੇ ਲਗਭਗ 10 ਅਰਬ ਸਾਲਾਂ ਤੱਕ ਜਿਉਂਦੇ ਹਨ| ਬਹੁਤ ਘੱਟ ਭਾਰ (1/10 ਸੂਰਜੀ ਪੁੰਜ ਦੇ ਆਸ-ਪਾਸ) ਵਾਲੇ ਤਾਰਿਆਂ ਦੀ ਉਮਰ ਹਜ਼ਾਰਾਂ ਅਰਬ ਸਾਲਾਂ ਵਿੱਚ ਹੁੰਦੀ ਹੈ, ਜੋ ਕਿ ਬ੍ਰਹਿਮੰਡ ਦੀ ਉਮਰ 13.8 ਅਰਬ ਸਾਲ ਤੋਂ ਵੀ ਵੱਧ ਹੈ| ਮਤਲਬ ਕਿ ਅੱਜ ਤੱਕ ਜਿੰਨੇ ਵੀ ਇਸ ਕਿਸਮ ਦੇ ਤਾਰੇ ਪੈਦਾ ਹੋਏ ਹਨ, ਉਨ੍ਹਾਂ ਵਿੱਚੋਂ ਇੱਕ ਵੀ ਖ਼ਤਮ ਨਹੀਂ ਹੋਇਆ। ਉਹ ਖਾਤਮੇ ਦੇ ਨੇੜੇ ਤੇੜੇ ਵੀ ਨਹੀਂ ਹੈ|
ਇਸ ਤੋਂ ਅੱਗੇ ਤਾਰੇ ਦਾ ਕੀ ਬਣੇਗਾ, ਇਹ ਫਿਰ ਉਸ ਦੇ ਪੁੰਜ ’ਤੇ ਨਿਰਭਰ ਕਰਦਾ ਹੈ| ਪਹਿਲਾਂ ਗੱਲ ਕਰਦੇ ਹਾਂ ਹਲਕੇ ਤਾਰਿਆਂ ਦੀ, ਜਿਨ੍ਹਾਂ ਦਾ ਪੁੰਜ ਇੱਕ ਤੋਂ ਡੇਢ ਸੂਰਜੀ ਪੁੰਜਾਂ ਦੇ ਬਰਾਬਰ ਹੁੰਦਾ ਹੈ| ਜਦੋਂ ਇਹ ਤਾਰੇ ਸਾਰੀ ਹਾਈਡ੍ਰੋਜਨ ਨੂੰ ਹੀਲੀਅਮ ਵਿੱਚ ਬਦਲ ਲੈਂਦੇ ਹਨ ਤਾਂ ਕੇਂਦਰ ਵਿੱਚ ਹੋਣ ਵਾਲੀਆਂ ਪਰਮਾਣੂ ਕਿਰਿਆਵਾਂ ਬੰਦ ਹੋ ਜਾਂਦੀਆਂ ਹਨ| ਗੁਰੂਤਾ ਨੂੰ ਰੋਕ ਕੇ ਰੱਖਣ ਵਾਲਾ ਤਾਪ ਦਬਾਅ ਘਟ ਜਾਂਦਾ ਹੈ ਅਤੇ ਇਸ ਦੀ ਕੋਰ (ਕੇਂਦਰੀ ਭਾਗ) ਸੁੰਗੜਨ ਲੱਗਦੀ ਹੈ| ਕੋਰ ਸੁੰਗੜਨ ਕਰਕੇ ਉਸ ਦਾ ਤਾਪਮਾਨ ਫਿਰ ਵਧਣ ਲੱਗਦਾ ਹੈ ਅਤੇ ਹੀਲੀਅਮ ਦੇ ਬਲਣ ਲਈ ਲੋੜੀਂਦਾ ਤਾਪਮਾਨ ਪਹੁੰਚ ਜਾਂਦਾ ਹੈ| ਕੋਰ ਵਿੱਚ ਹੀਲੀਅਮ ਬਲ ਕੇ ਕਾਰਬਨ ਵਿੱਚ ਬਦਲਣ ਲੱਗਦੀ ਹੈ| ਬਾਹਰਲੀਆਂ ਪਰਤਾਂ ਵਿੱਚ ਬਚੀ ਹੋਈ ਹਾਈਡ੍ਰੋਜਨ ਵੀ ਬਲਣ ਲੱਗਦੀ ਹੈ| ਬਾਹਰਲੀਆਂ ਪਰਤਾਂ ਹੌਲੀ-ਹੌਲੀ ਫੈਲਣ ਲੱਗਦੀਆਂ ਹਨ ਅਤੇ ਠੰਢੀਆਂ ਹੋਣ ਲੱਗਦੀਆਂ ਹਨ| ਠੰਢਾ ਹੋਣ ਕਰਕੇ ਤਾਰੇ ਦਾ ਰੰਗ ਬਦਲ ਕੇ ਲਾਲ ਭਾਹ ਮਾਰਨ ਲੱਗਦਾ ਹੈ| ਇਸੇ ਕਰਕੇ ਇਸ ਪੜਾਅ ਨੂੰ ਲਾਲ ਦਿਓ (ਰੈੱਡ ਜਾਇੰਟ) ਤਾਰਾ ਕਹਿੰਦੇ ਹਨ| ਸ਼ਿਕਾਰੀ (Orion) ਖਿੱਤੀ ਦਾ ਇੱਕ ਤਾਰਾ ਬੀਟਲਜੂਸ (betelgeuse) ਇਸ ਸਮੇਂ ਇਸ ਪੜਾਅ ਵਿੱਚੋਂ ਲੰਘ ਰਿਹਾ ਹੈ| ਤੁਸੀਂ ਨੰਗੀ ਅੱਖ ਨਾਲ ਰਾਤ ਨੂੰ ਇਸ ਲਾਲ ਤਾਰੇ ਨੂੰ ਆਰਾਮ ਨਾਲ ਦੇਖ ਸਕਦੇ ਹੋ| ਹੀਲੀਅਮ ਖ਼ਤਮ ਹੋਣ ਤੋਂ ਬਾਅਦ ਬਾਹਰਲੀਆਂ ਪਰਤਾਂ ਫੈਲ ਕੇ ਪਲੈਨਟਰੀ ਨੇਬੁਲਾ ਵਿੱਚ ਬਦਲ ਜਾਂਦੀਆਂ ਹਨ| ਕੇਂਦਰ ਵਿੱਚ ਬਚਿਆ ਹੋਇਆ ਪਦਾਰਥ ਇੱਕ ਚਿੱਟੇ ਬੌਣੇ (ਵ੍ਹਾਈਟ ਡਵਾਰਫ਼) ਤਾਰੇ ਵਿੱਚ ਬਦਲ ਜਾਂਦਾ ਹੈ| ਇਹ ਤਾਰਾ ਅਰਬਾਂ ਸਾਲਾਂ ਵਿੱਚ ਹੌਲੀ-ਹੌਲੀ ਮੱਧਮ ਹੋ ਕੇ ਇੱਕ ਕਾਲੇ ਬੌਣੇ (ਬਲੈਕ ਡਵਾਰਫ਼) ਤਾਰੇ ਵਿੱਚ ਬਦਲ ਜਾਂਦਾ ਹੈ| ਕਾਲੇ ਬੌਣੇ ਤਾਰੇ ਕੋਈ ਪ੍ਰਕਾਸ਼ ਨਹੀਂ ਛੱਡਦੇ, ਸੋ ਇਨ੍ਹਾਂ ਨੂੰ ਦੇਖ ਸਕਣਾ ਬਹੁਤ ਔਖਾ ਹੁੰਦਾ ਹੈ| ਇਨ੍ਹਾਂ ਤਾਰਿਆਂ ਵਿੱਚ ਕਾਰਬਨ ਤੱਕ ਦੇ ਤੱਤ ਹੀ ਬਣ ਸਕਦੇ ਹਨ| ਸਾਡਾ ਸੂਰਜ ਇਸੇ ਸ਼੍ਰੇਣੀ ਦਾ ਤਾਰਾ ਹੈ ਤੇ ਇਹ ਆਪਣੀ ਅੰਦਾਜ਼ਨ ਉਮਰ 10 ਅਰਬ ਸਾਲ ਵਿੱਚੋਂ ਅੱਧੀ ਗੁਜ਼ਾਰ ਚੁੱਕਿਆ ਹੈ| ਅਗਲੇ ਲਗਭਗ 5 ਅਰਬ ਸਾਲਾਂ ਬਾਅਦ ਇਹ ਲਾਲ ਦਿਓ ਬਣਕੇ ਧਰਤੀ ਨੂੰ ਵੀ ਨਿਗਲ ਲਏਗਾ, ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਆਂ, ਉਸ ਤੋਂ ਕਿਤੇ ਪਹਿਲਾਂ ਧਰਤੀ ਦਾ ਵਿਨਾਸ਼ ਅਸੀਂ ਖ਼ੁਦ ਹੀ ਕਰ ਦੇਵਾਂਗੇ|
ਭਾਰੇ ਤਾਰੇ (ਸੂਰਜ ਤੋਂ ਘੱਟੋ-ਘੱਟ 8 ਗੁਣਾਂ ਭਾਰੇ), ਮੁੱਖ ਧਾਰਾ ਪੜਾਅ ਤੱਕ ਹਲਕੇ ਤਾਰਿਆਂ ਵਾਂਗ ਹੀ ਬਣਦੇ ਹਨ| ਇਨ੍ਹਾਂ ਦੀ ਮੁੱਖ ਧਾਰਾ ਦੀ ਉਮਰ ਹਲਕੇ ਤਾਰਿਆਂ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਹੈ| ਆਪਣੀ ਹਾਈਡ੍ਰੋਜਨ ਖ਼ਤਮ ਕਰਕੇ ਇਹ ਵੀ ਲਾਲ ਦਿਓ ਤਾਰੇ ਤਾਂ ਬਣਦੇ ਹਨ, ਪਰ ਆਕਾਰ ਵਿੱਚ ਇਹ ਹਲਕੇ ਤਾਰਿਆਂ ਤੋਂ ਬਹੁਤ ਵੱਡੇ ਹੁੰਦੇ ਹਨ| ਇਸ ਲਾਲ ਦਿਓ ਦੇ ਕੇਂਦਰ ਵਿੱਚ ਲੱਖਾਂ ਸਾਲਾਂ ਤੱਕ ਪਰਮਾਣੂ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ ਅਤੇ ਹੀਲੀਅਮ ਤੋਂ ਕਾਰਬਨ, ਨਾਈਟ੍ਰੋਜਨ, ਆਕਸੀਜਨ ਆਦਿ ਤੋਂ ਲੈ ਕੇ ਲੋਹੇ ਤੱਕ ਦੇ ਤੱਤ ਬਣਦੇ ਹਨ| ਇੱਕ ਵਾਰ ਕੋਰ ਦੇ ਲੋਹੇ ਵਿੱਚ ਤਬਦੀਲ ਹੋਣ ਤੋਂ ਬਾਅਦ ਪਰਮਾਣੂ ਕਿਰਿਆਵਾਂ ਰੁਕ ਜਾਂਦੀਆਂ ਹਨ| ਇਸ ਦਾ ਕਾਰਨ ਇਹ ਹੈ ਕਿ ਲੋਹੇ ਤੋਂ ਭਾਰੇ ਤੱਤ ਬਣਾਉਣ ਲਈ ਲੋੜੀਂਦੀ ਊਰਜਾ, ਉਨ੍ਹਾਂ ਦੇ ਬਣਨ ਤੋਂ ਬਾਅਦ ਨਿਕਲਣ ਵਾਲੀ ਊਰਜਾ ਤੋਂ ਵੱਧ ਹੁੰਦੀ ਹੈ, ਸੋ ਊਰਜਾ ਦੀ ਘਾਟ ਕਰਕੇ ਪਰਮਾਣੂ ਕਿਰਿਆਵਾਂ ਅੱਗੇ ਨਹੀਂ ਵਧ ਸਕਦੀਆਂ| ਪਰਮਾਣੂ ਕਿਰਿਆਵਾਂ ਰੁਕਣ ਤੋਂ ਬਾਅਦ ਕੋਰ 1 ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਇਕਦਮ ਢਹਿ ਜਾਂਦੀ ਹੈ ਜਿਸ ਨਾਲ ਬਹੁਤ ਵੱਡਾ ਧਮਾਕਾ ਹੁੰਦਾ ਹੈ ਅਤੇ ਤਾਰੇ ਦੀਆਂ ਬਾਹਰਲੀਆਂ ਪਰਤਾਂ ਦੂਰ ਤੱਕ ਖਿੱਲਰ ਜਾਂਦੀਆਂ ਹਨ| ਇਸ ਵਰਤਾਰੇ ਨੂੰ ਸੁਪਰਨੋਵਾ ਕਹਿੰਦੇ ਹਨ| ਸੁਪਰਨੋਵਾ ਸਮੇਂ ਬਹੁਤ ਸਾਰੀ ਊਰਜਾ ਇੱਕੋ ਸਮੇਂ ਨਿਕਲਦੀ ਹੈ ਜਿਸ ਕਰਕੇ ਇਹ ਬਹੁਤ ਜ਼ਿਆਦਾ ਚਮਕਦਾਰ ਹੁੰਦਾ ਹੈ| ਥੋੜ੍ਹੇ ਸਮੇਂ ਲਈ ਤਾਂ ਇਕੱਲੇ ਸੁਪਰਨੋਵਾ ਦੀ ਚਮਕ ਪੂਰੀ ਗਲੈਕਸੀ ਦੀ ਚਮਕ ਨੂੰ ਫਿੱਕੀ ਪਾ ਦਿੰਦੀ ਹੈ| ਸੁਪਰਨੋਵਾ ਹੋਣ ਤੋਂ ਕਈ ਰਾਤਾਂ ਤੱਕ ਅਸਮਾਨ ਦਿਨ ਵਾਂਗ ਚਮਕਦਾ ਰਹਿ ਸਕਦਾ ਹੈ|
ਸੁਪਰਨੋਵਾ ਤੋਂ ਬਾਅਦ ਬਚਣ ਵਾਲੀ ਕੋਰ ਜੇਕਰ 1.44 -3 ਸੂਰਜੀ ਪੁੰਜਾਂ ਤੱਕ ਭਾਰੀ ਹੋਵੇ ਤਾਂ ਉਹ ਨਿਊਟ੍ਰੋਨ ਤਾਰੇ ਵਿੱਚ ਬਦਲ ਜਾਂਦੀ ਹੈ| ਇਹ ਤਾਰਾ ਬਹੁਤ ਹੀ ਸੰਘਣਾ ਹੁੰਦਾ ਹੈ| ਇਸ ਦੇ ਸੰਘਣੇਪਣ ਦਾ ਅੰਦਾਜ਼ਾ ਲਾਉਣ ਲਈ ਤੁਸੀਂ ਇਹ ਸੋਚ ਸਕਦੇ ਹੋ ਇਸ ਦੇ ਇੱਕ ਚਮਚ ਮਾਦੇ ਦਾ ਪੁੰਜ ਲਗਭਗ 1 ਅਰਬ ਹਾਥੀਆਂ ਦੇ ਪੁੰਜ ਦੇ ਬਰਾਬਰ ਹੁੰਦਾ ਹੈ|
ਸੁਪਰਨੋਵਾ ਤੋਂ ਬਾਅਦ, ਜੇਕਰ ਬਚਿਆ ਹੋਇਆ ਪੁੰਜ 5 ਸੂਰਜੀ ਪੁੰਜਾਂ ਤੋਂ ਵੱਧ ਹੋਵੇ ਤਾਂ ਇਹ ਬਲੈਕ ਹੋਲ ਵਿੱਚ ਬਦਲ ਜਾਂਦਾ ਹੈ| ਬਲੈਕ ਹੋਲ ਇੱਕ ਅਜਿਹੀ ਪੁਲਾੜੀ ਸ਼ੈਅ ਹੈ ਜਿਸ ਵਿੱਚ ਗਈ ਕੋਈ ਚੀਜ਼ ਕਦੇ ਵਾਪਸ ਨਹੀਂ ਆ ਸਕਦੀ, ਇੱਥੋਂ ਤੱਕ ਕਿ ਪ੍ਰਕਾਸ਼ ਵੀ ਨਹੀਂ| ਇਸੇ ਕਰਕੇ ਇਸ ਨੂੰ ਬਲੈਕ ਹੋਲ ਕਿਹਾ ਜਾਂਦਾ ਹੈ|
ਇੱਥੇ ਇਹ ਜਾਣਨਾ ਵੀ ਦਿਲਚਸਪ ਹੈ ਕਿ ਤਾਰਿਆਂ ਨੂੰ ਖਤਮ ਕਰਨ ਵਾਲੇ ਸੁਪਰਨੋਵਾ ਦੇ ਫਟਣ ਕਰਕੇ ਨਿਕਲੀਆਂ ਤਰੰਗਾਂ ਹੀ ਨੇੜਲੇ ਨੇਬੁਲਾ ਦੇ ਧੂੜ ਦੇ ਕਣਾਂ ਨੂੰ ਧੱਕਦੀਆਂ ਹਨ ਜਿਸ ਨਾਲ ਮੁੱਢਲੇ ਤਾਰੇ ਦੇ ਬਣਨ ਲਈ ਲੋੜੀਂਦੀ ਪ੍ਰਕਿਰਿਆ ਦਾ ਮੁੱਢ ਬੱਝਦਾ ਹੈ| ਇਹ ਚੱਕਰ ਏਥੇ ਖ਼ਤਮ ਨਹੀਂ ਹੁੰਦਾ| ਸੁਪਰਨੋਵਾ ਵਿੱਚੋਂ ਨਿਕਲੇ ਧੂੜ ਅਤੇ ਗੈਸ ਦੇ ਬੱਦਲ ਅੱਗੇ ਜਾ ਕੇ ਫਿਰ ਅਗਲੀ ਪੀੜ੍ਹੀ ਦੇ ਤਾਰਿਆਂ ਲਈ ਕੱਚੇ ਮਾਲ ਦਾ ਕੰਮ ਕਰਦੇ ਹਨ ਅਤੇ ਇਹ ਚੱਕਰ ਫਿਰ ਦੁਹਰਾਉਂਦਾ ਹੈ| ਇਸੇ ਸੁਪਰਨੋਵਾ ਦੌਰਾਨ ਹੀ ਲੋਹੇ ਤੋਂ ਭਾਰੇ ਤੱਤ ਬਣਦੇ ਹਨ| ਆਵਰਤੀ ਸਾਰਣੀ ਵਿੱਚ ਲੋਹੇ ਤੋਂ ਬਾਅਦ ਦੇ ਜਿੰਨੇ ਵੀ ਤੱਤ ਹਨ, ਉਹ ਇਸੇ ਧਮਾਕੇ ਸਮੇਂ ਜਾਂ ਫਿਰ ਨਿਊਟ੍ਰੌਨ ਤਾਰਿਆਂ ਦੇ ਟਕਰਾਉਣ ਨਾਲ ਬਣਦੇ ਹਨ| ਮੇਰੇ ਹਿਸਾਬ ਨਾਲ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਸਾਡੇ ਜੀਵਨ ਦੀ ਹੋਂਦ ਲਈ ਤਾਰਿਆਂ ਦੀ ਮੌਤ ਜ਼ਰੂਰੀ ਹੈ|
*ਵਿਗਿਆਨੀ-ਇਸਰੋ, ਤਿਰੁਵਨੰਤਪੁਰਮ
ਸੰਪਰਕ: 99957-65095