ਪ੍ਰਭਜੋਤ ਕੌਰ ਗਿੱਲ
ਜ਼ਿੰਦਗੀ ਜਿਊਣ ਅਤੇ ਹੰਢਾਉਣਾ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਹੈ। ਹਾਂ, ਕੁਦਰਤ ਦੀ ਬਣਾਈ ਰੰਗਲੀ ਦੁਨੀਆ ਤੋਂ ਜਾਣ ਦਾ ਦਿਲ ਕਿਸੇ ਦਾ ਵੀ ਨਹੀਂ ਕਰਦਾ। ਪਰ ਜਦੋਂ ਕੋਈ ਆਪਣੇ ਆਪ ਨੂੰ ਮਾਰਦਾ ਹੈ ਜਾਂ ਖ਼ੁਦਕੁਸ਼ੀ ਕਰਦਾ ਹੈ ਤਾਂ ਉਸ ਦੀ ਦਿਲ ਅਤੇ ਦਿਮਾਗ਼ ਦੀ ਸਥਿਤੀ ਕਿਵੇਂ ਦੀ ਹੋਵੇਗੀ, ਇਹ ਸਮਝਣਾ ਔਖਾ ਨਹੀਂ ਹੈ। ਜ਼ਿੰਦਗੀ ਜਿਊਣ ਅਤੇ ਮਰਨ ਦੀਆਂ ਪ੍ਰਸਥਿਤੀਆਂ ਕਦੇ ਵੀ ਇਕੋ ਜਿਹੀਆਂ ਨਹੀਂ ਹੋ ਸਕਦੀਆਂ, ਪਰ ਅਸੀਂ ਇਕ ਦੂਸਰੇ ਨਾਲ ਚੰਗੀਆਂ ਗੱਲਾਂ ਸਾਂਝੀਆਂ ਕਰਕੇ ਜਿਊਣ ਦੇ ਆਪਣੀਆਂ ਪ੍ਰਸਥਿਤੀਆਂ ਅਨੁਸਾਰ ਰਾਹ ਜ਼ਰੂਰ ਲੱਭ ਸਕਦੇ ਹਾਂ। ਹਰ ਖੁਸ਼ੀ ਗ਼ਮੀ ਬਹੁਤ ਕੁਝ ਸਮਝਾ ਜਾਂਦੀ ਹੈ।
ਸ਼ਾਂਤ ਰਹਿਣ ਨਾਲ ਸਰੀਰ ਸਹੀ ਤਰੀਕੇ ਨਾਲ ਚੱਲਦਾ ਹੈ। ਹਰ ਵੇਲੇ ਵਿਉਂਤਬੰਦੀ, ਹਰ ਵੇਲੇ ਖਿੱਝਣਾ, ਦੂਸਰਿਆਂ ਬਾਰੇ ਮਾੜਾ ਸੋਚਣਾ ਦਿਲ ਨੂੰ ਅਸ਼ਾਂਤ ਅਤੇ ਪਰੇਸ਼ਾਨ ਕਰਦਾ ਹੈ। ਅਜਿਹੇ ਲੋਕ ਆਪਣੇ ਆਪ ਨੂੰ ਅਤੇ ਆਸਪਾਸ ਦੇ ਲੋਕਾਂ ਨੂੰ ਢਹਿੰਦੀ ਕਲਾ ਵੱਲ ਧਕੇਲਦੇ ਹਨ। ਆਮ ਕਰਕੇ ਕੁਝ ਸਮੇਂ ਤੋਂ ਬਾਅਦ ਹਰ ਕੋਈ ਉਨ੍ਹਾਂ ਵੱਲ ਧਿਆਨ ਦੇਣਾ ਬੰਦ ਕਰ ਦਿੰਦਾ ਹੈ। ਬਹੁਤ ਵਾਰ ਤਾਂ ਪਰਿਵਾਰਕ ਮੈਂਬਰ ਜਵਾਬ ਦੇਣਾ ਵੀ ਠੀਕ ਨਹੀਂ ਸਮਝਦੇ। ਇਸ ਵਿਚ ਸਿਆਣਪ ਵੀ ਹੈ,‘ਇਕ ਚੁੱਪ ਸੌ ਸੁੱਖ।’ ਬਹਿਸ ਕਰਨ ਜਾਂ ਸਫ਼ਾਈ ਦੇਣ ਦੀ ਜ਼ਰੂਰਤ ਵੀ ਨਹੀਂ ਸਮਝਦੇ ਕਿਉਂਕਿ ਅਜਿਹੇ ਲੋਕਾਂ ਦੀ ਸਮਝਣ ਵਾਲੀ ਸੋਚ ਹੀ ਨਹੀਂ ਹੁੰਦੀ।
ਦਰਅਸਲ, ਬਦਲਾਅ ਅਤੇ ਆਧੁਨਿਕਤਾ ਨੇ ਜ਼ਿਆਦਾਤਰ ਲੋਕਾਂ ਦੀ ਸੋਚ ਹੀ ਛੋਟੀ ਕਰ ਦਿੱਤੀ ਹੈ। ਖੁੱਲ੍ਹ ਕੇ ਹੱਸਣ ਵਾਲੇ ਨੂੰ ਗਵਾਰ ਅਤੇ ਬੇਅਕਲ ਦੱਸਿਆ ਜਾਣ ਲੱਗਿਆ ਹੈ। ਖੁੱਲ੍ਹ ਕੇ ਗੱਲ ਕਰਨ ਦੀ ਥਾਂ ਕੰਨਾਂ ਵਿਚ ਗੱਲ ਕਰਨ ਦਾ ਰਿਵਾਜ ਪੈ ਗਿਆ। ਜ਼ਿੰਦਗੀ ਜਦੋਂ ਇਵੇਂ ਦੀ ਜਿਊਣੀ ਸ਼ੁਰੂ ਹੋ ਜਾਏ ਤਾਂ ਸੋਚ ਵੀ ਸੌੜੀ ਅਤੇ ਘੁਟਨ ਪੈਦਾ ਕਰਨ ਵਾਲੀ ਬਣ ਜਾਂਦੀ ਹੈ। ਖੁੱਲ੍ਹ ਕੇ ਜਿਊਣਾ ਹੀ ਖੁੱਲ੍ਹੀ ਸੋਚ ਦਿੰਦਾ ਹੈ। ਘਰਾਂ ਵਿਚ ਇਸ ਵੇਲੇ ਵਿਖਾਵਾ ਅਤੇ ਬਨਾਉਟੀਪਣ ਵਧੇਰੇ ਆ ਗਿਆ ਹੈ। ਮੇਰਾ ਕਮਰਾ, ਮੇਰਾ ਬਾਥਰੂਮ, ਗੱਲ ਕੀ ਹਰ ਚੀਜ਼ ਆਪਣੇ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਆਪਸੀ ਸਾਂਝ ਤਾਂ ਜਿਵੇਂ ਖ਼ਤਮ ਹੀ ਹੋ ਗਈ ਹੈ। ਪਹਿਲਾਂ ਜ਼ਿਆਦਾਤਰ ਮਾਪਿਆਂ ਦਾ ਮੰਜਾ ਘਰ ਦੀ ਉਸ ਜਗ੍ਹਾ ’ਤੇ ਹੁੰਦਾ ਸੀ ਜਿੱਥੇ ਸਾਰੇ ਉਨ੍ਹਾਂ ਕੋਲ ਆ ਕੇ ਬੈਠਦੇ, ਆਉਂਦੇ ਜਾਂਦੇ ਮਿਲਦੇ ਅਤੇ ਬਜ਼ੁਰਗਾਂ ਨੂੰ ਦੱਸ ਪੁੱਛ ਕੇ ਜਾਂਦੇ, ਪਰ ਹੁਣ ਅਜਿਹਾ ਨਹੀਂ ਹੈ। ਹੁਣ ਨਿੱਜਤਾ ਅਤੇ ਹੱਕਾਂ ਦਾ ਰੌਲਾ ਵਧ ਗਿਆ ਹੈ। ਜਦੋਂ ਔਲਾਦ ਅਜਿਹਾ ਕਰਨ ਲੱਗੇ ਤਾਂ ਆਪਣੀ ਜ਼ਿੰਦਗੀ ਵੀ ਆਪਣੇ ਹਿਸਾਬ ਨਾਲ ਜਿਊਣ ਵਿਚ ਹੀ ਦਿਨ ਸੌਖੇ ਕੱਟੇ ਜਾਣਗੇ। ਹਾਂ, ਮਾਪਿਆਂ ਨੂੰ ਫ਼ਿਕਰ ਹੁੰਦੀ ਹੈ ਤਾਂ ਪੁੱਛਦੇ ਹਨ, ਪਰ ਨੂੰਹਾਂ ਪੁੱਤਾਂ ਵਾਸਤੇ ਇਹ ਦਖਲਅੰਦਾਜ਼ੀ ਹੁੰਦੀ ਹੈ। ਜੇਕਰ ਉਨ੍ਹਾਂ ਨੂੰ ਇਹ ਦਖਲਅੰਦਾਜ਼ੀ ਲੱਗਦੀ ਹੈ ਤਾਂ ਇਹ ਸੋਚ ਕੇ ਨਵਾਂ ਰਸਤਾ ਚੁਣ ਲੈਣਾ ਬਿਹਤਰ ਹੈ। ਆਪਣੇ ਆਪ ਨੂੰ ਵਿਹਲਾ ਰੱਖਣ ਦੀ ਬਜਾਏ ਕਿਸੇ ਰੁਝੇਵੇਂ ਵਿਚ ਲਗਾ ਲਈਏ। ਅਖ਼ਬਾਰਾਂ ਪੜ੍ਹਨ, ਪੁਰਾਣੇ ਦੋਸਤਾਂ ਨਾਲ ਮਿਲਦੇ ਜੁਲਦੇ ਰਹੀਏ। ਫੋਨ ’ਤੇ ਸਭ ਨਾਲ ਗੱਲਬਾਤ ਕਰੋ। ਬਹੁਤ ਵਾਰ ਨੂੰਹਾਂ ਪੁੱਤਾਂ ਨੂੰ ਬਜ਼ੁਰਗ ਮਾਪਿਆਂ ਦਾ ਫੋਨ ਤੇ ਗੱਲਬਾਤ ਕਰਨਾ ਵੀ ਚੁੱਭਣ ਲੱਗ ਜਾਂਦਾ ਹੈ। ਉਨ੍ਹਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਵੇਂ ਤੁਸੀਂ ਜ਼ਿੰਦਗੀ ਜਿਊਣ ਦਾ ਹੱਕ ਰੱਖਦੇ ਹੋ, ਸਾਡਾ ਵੀ ਹੱਕ ਹੈ। ਜੇਕਰ ਤੁਹਾਨੂੰ ਸਾਡਾ ਕੁਝ ਪੁੱਛਣਾ ਦਖਲਅੰਦਾਜ਼ੀ ਹੈ ਤਾਂ ਇਸ ਨੂੰ ਤੁਸੀਂ ਕੀ ਕਹੋਗੇ, ਉਨ੍ਹਾਂ ਤੋਂ ਹੀ ਜਵਾਬ ਲਵੋ। ਇਹ ਸਾਰਾ ਕੁਝ ਬਹੁਤ ਔਖਾ ਵੀ ਹੋਏਗਾ, ਪਰ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ। ਘੁੱਟ ਘੁੱਟ ਕੇ ਜਿਊਣਾ ਸੈਂਕੜੇ ਬਿਮਾਰੀਆਂ ਨੂੰ ਜਨਮ ਦਿੰਦਾ ਹੈ।
ਨੌਜਵਾਨ ਪੀੜ੍ਹੀ ਨੂੰ ਘਰ ਵਿਚ ਪਿਆਰ, ਸਤਿਕਾਰ ਅਤੇ ਖੁਸ਼ਗਵਾਰ ਮਾਹੌਲ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਘਰ ਸਾਫ਼ ਸੁਥਰਾ ਹੋਣਾ ਚਾਹੀਦਾ ਹੈ
ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ। ਵਿਖਾਵੇ ਦੀ ਦੌੜ ਵਿਚ ਪਰਿਵਾਰ ਵਿਚ ਹਰ ਵੇਲੇ ਦੀ ਰੋਕਾ-ਟੋਕੀ ਘਰ ਦਾ ਮਾਹੌਲ ਵਿਗਾੜ ਦਿੰਦੀ ਹੈ। ਮਾਪਿਆਂ ਅਤੇ ਬੱਚਿਆਂ ਨੂੰ ਵਧੇਰੇ ਮੱਤਾਂ ਦੇਣ ਦੀ ਥਾਂ ਉਨ੍ਹਾਂ ਨੂੰ ਚੈਨ ਨਾਲ ਜਿਊਣ ਦਿਓ। ਮਾਪਿਆਂ ਦੀ ਖੁਸ਼ੀ ਤਾਂ ਤੁਹਾਡੇ ਦੋ ਪਿਆਰ ਭਰੇ ਲਫਜ਼ਾਂ ਵਿਚ ਹੀ ਹੁੰਦੀ ਹੈ। ਮਾਪਿਆਂ ਨੂੰ ਆਪਣੇ ਨਾਲ ਬਾਹਰ ਘੁੰਮਣ ਲੈ ਕੇ ਜਾਓ। ਉਨ੍ਹਾਂ ਦਾ ਸਾਥ ਬੋਝ ਨਹੀਂ ਹੁੰਦਾ।
ਖੁੱਲ੍ਹ ਕੇ ਹੱਸਣ ਨਾਲ ਸਿਹਤ ਵਧੀਆ ਰਹਿੰਦੀ ਹੈ। ਤੰਦਰੁਸਤੀ ਰਹਿੰਦੀ ਹੈ। ਹੱਸਦਿਆਂ ਨਾਲ ਸਾਰੇ ਹੱਸਦੇ ਹਨ, ਰੋਂਦੇ ਚਿਹਰੇ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ। ਕੁਦਰਤ ਦਾ ਨਿਯਮ ਹੈ ਕਿ ਜੋ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ ਤਾਂ ਮਾੜਾ ਵਕਤ ਵੀ ਹੌਸਲੇ ਨਾਲ ਕੱਟਣ ਦੀ ਕੋਸ਼ਿਸ਼ ਕਰੀਏ। ਦੂਸਰਿਆਂ ਦੀ ਚੁਗਲੀ ਨਿੰਦਿਆ ਕਰਨਾ ਵੀ ਜ਼ਿੰਦਗੀ ਦੇ ਹਰ ਪੱਖ ’ਤੇ ਮਾੜਾ ਅਸਰ ਪਾਉਂਦੇ ਹਨ। ਇਸ ਤੋਂ ਗੁਰੇਜ਼ ਕਰੋ। ਦੂਸਰਿਆਂ ਦੀ ਪਿੱਠ ਪਿੱਛੇ ਗੱਲਾਂ ਕਰਨ ਨਾਲ ਆਪਣਾ ਚੈਨ ਅਤੇ ਸਕੂਨ ਖ਼ਤਮ ਹੁੰਦਾ ਹੈ। ਲੋਕਾਂ ਦੀ ਪਰਵਾਹ ਕਰਨੀ ਛੱਡਣਾ ਵੀ ਬਹੁਤ ਜ਼ਰੂਰੀ ਹੈ।
ਛੋਟੀਆਂ ਛੋਟੀਆਂ ਚੀਜ਼ਾਂ ਮਿਲਣ ’ਤੇ ਖੁਸ਼ ਹੋਈਏ। ਵੱਡੀਆਂ ਦੀ ਉਡੀਕ ਵਿਚ ਛੋਟੀਆਂ ਖੁਸ਼ੀਆਂ ਤੋਂ ਵੀ ਵਾਂਝੇ ਨਾ ਰਹੀਏ। ਹਰ ਕਿਸੇ ਦੀ ਖੁਸ਼ੀ ਵਿਚ ਖੁਸ਼ ਹੋਣਾ ਸਿੱਖੀਏ। ਉਹ ਉਸ ਦੀ ਮਿਹਨਤ ਦਾ ਫ਼ਲ ਉਸ ਨੂੰ ਮਿਲਿਆ ਹੈ, ਉਸ ਦੀ ਖੁਸ਼ੀ ਵਿਚ ਖੁਸ਼ੀ ਜ਼ਰੂਰ ਪ੍ਰਗਟ ਕਰੋ। ਨਫ਼ਰਤ, ਸਾੜਾ, ਹੰਕਾਰ ਜ਼ਿੰਦਾ ਦਿਲੀ ਦੀ ਨਿਸ਼ਾਨੀ ਨਹੀਂ ਹਨ। ਖੁਸ਼ ਰਹਿਣ ਵਾਲਾ ਹੀ ਖੁਸ਼ੀਆਂ ਦੇ ਸਕਦਾ ਹੈ। ਪੈਸੇ ਨਾਲ ਨਾ ਰਿਸ਼ਤੇ ਟਿਕਦੇ ਹਨ ਅਤੇ ਨਾ ਬਣਦੇ ਹਨ। ਜੇਕਰ ਦੇਣਾ ਨਹੀਂ ਜਾਣਦੇ ਤਾਂ ਤੁਹਾਨੂੰ ਕੋਈ ਦੇਵੇ, ਉਸ ਦੀ ਉਮੀਦ ਕਰਨਾ ਵੀ ਗ਼ਲਤ ਹੈ। ਜਿੰਨਾ ਘੱਟ ਲੈਣ ਦੇਣ ਉਨ੍ਹਾਂ ਨਾਲ ਕਰੋਗੇ ਜੋ ਹਰ ਚੀਜ਼ ਦੀ ਕੀਮਤ ਲਗਾਉਂਦੇ ਹਨ ਤਾਂ ਜ਼ਿੰਦਗੀ ਬਹੁਤ ਵਧੀਆ ਗੁਜ਼ਰੇਗੀ। ਜਿਹੜੇ ਤੋਹਫ਼ਿਆਂ ਦੀ ਕੀਮਤ ਵੇਖਦੇ ਹਨ, ਉਨ੍ਹਾਂ ਦੀ ਸੌੜੀ ਸੋਚ ਤਕਲੀਫ਼ ਦਿੰਦੀ ਹੈ। ਤੋਹਫ਼ੇ ਦੀ ਕੀਮਤ ਉਹ ਹੀ ਸਮਝ ਸਕਦਾ ਹੈ, ਜਿਹੜਾ ਜ਼ਿੰਦਾਦਿਲ ਹੋਏਗਾ। ਜ਼ਿੰਦਗੀ ਕੁਦਰਤ ਦਾ ਵਡਮੁੱਲਾ ਤੋਹਫ਼ਾ ਹੈ। ਇਸ ਦੀ ਕਦਰ ਕਰੀਏ ਅਤੇ ਜ਼ਿੰਦਾਦਿਲੀ ਨਾਲ, ਖੁੱਲ੍ਹੀ ਸੋਚ ਨਾਲ ਇਸ ਨੂੰ ਜਿਊਣ ਦਾ ਤਰੀਕਾ ਅਪਣਾਈਏ।
ਸੰਪਰਕ: 98150-30221