ਦਲਬੀਰ ਸਿੰਘ ਧਾਲੀਵਾਲ
ਕਈ ਇਤਿਹਾਸਕਾਰਾਂ ਦਾ ਮਤ ਹੈ ਕਿ ਪੁਰਾਤਨ ਸਮੇਂ ਵਿੱਚ ਮਨੁੱਖ ਵੱਲੋਂ ਆਪਣੀ ਕਿਸੇ ਵੱਡੀ ਖ਼ੁਸ਼ੀ ਨੂੰ ਮਨਾਉਣ ਲਈ ਢੋਲ ਢਮੱਕੇ ਵਜਾ ਕੇ ਦੂੁਸਰੇ ਲੋਕਾਂ ਨੂੰ ਆਪਣੀ ਖ਼ੁਸ਼ੀ ਦੱਸੀ ਜਾਂਦੀ ਸੀ, ਪਰ ਕਿਸੇ ਉੱਚੇ ਰੁਤਬੇ ਵਾਲੇ ਵਿਅਕਤੀ ਦੀ ਸਫਲਤਾ ਵੇਲੇ ਘਿਓ ਦੇ ਦੀਵੇ ਬਾਲ ਕੇ ਖ਼ੁਸ਼ੀ ਮਨਾਈ ਜਾਂਦੀ ਸੀ। ਇੱਥੋਂ ਦੀ ਦੀਵਾਲੀ ਮਨਾਉਣ ਦਾ ਮੁੱਢ ਬੱਝਿਆ। ਆਧੁਨਿਕ ਯੁੱਗ ਵਿੱਚ ਇਹ ਸਭ ਬਦਲ ਗਿਆ ਹੈ ਕਿਉਂਕਿ ਦੀਵਾਲੀ ਦਾ ਤਿਉਹਾਰ ਅੱਜ ਵੱਡੇ-ਵੱਡੇ ਪਟਾਕੇ ਚਲਾ ਕੇ ਅਤੇ ਮਹਿੰਗੀਆਂ ਰੌਸ਼ਨੀਆਂ ਕਰਕੇ ਮਨਾਇਆ ਜਾਂਦਾ ਹੈ। ਦੀਵਾਲੀ ਦੀ ਪਰੰਪਰਾ ਹਿੰਦੂ ਇਤਿਹਾਸ ਅਨੁਸਾਰ ਇਹ ਕਹਿੰਦੀ ਹੈ ਕਿ ਸ੍ਰੀ ਰਾਮ ਚੰਦਰ ਇਸ ਦਿਨ 14 ਸਾਲਾਂ ਦਾ ਬਨਵਾਸ ਕੱਟਣ ਉਪਰੰਤ ਅਤੇ ਲੰਕਾ ਪਤੀ ਰਾਜਾ ਰਾਵਣ ਨੂੰ ਯੁੱਧ ਵਿੱਚ ਮਾਰਨ ਉਪਰੰਤ ਅਯੁੱਧਿਆ ਪਹੁੰਚੇ ਸਨ ਤਾਂ ਜਨਤਾ ਨੇ ਖ਼ੁਸ਼ੀ ਵਜੋਂ ਆਪਣੇ ਘਰਾਂ ਉੱਤੇ ਦੀਵੇ ਜਗਾਏ ਸਨ ਜੋ ਅੱਜ ਤੱਕ ਇਹ ਦਿਨ ਦੀਵਾਲੀ ਦੇ ਤਿਉਹਾਰ ਵਜੋਂ ਪ੍ਰਚੱਲਿਤ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਦੀਵਾਲੀ ਦੇ ਪਿੱਛੇ ਖੜ੍ਹੇ ਇਤਿਹਾਸ ਤੋਂ ਸਿੱਖਿਆ ਤਾਂ ਸਾਨੂੰ ਹੰਕਾਰ ਅਤੇ ਬੁਰਾਈ ਤੋਂ ਦੂਰ ਰਹਿਣ ਦੀ ਮਿਲਦੀ ਹੈ, ਪਰ ਸਾਡੇ ਅਜੋਕੇ ਸਮਾਜ ਵਿੱਚ ਜੋ ਧਾਰਮਿਕ ਤੇ ਜਾਤੀਵਾਦੀ ਕੱਟੜਤਾ ਦੇ ਹੰਕਾਰੀ ਲੋਕ ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ ਅਤੇ ਇਵੇਂ ਹੀ ਕਈ ਲੋਕ ਬੇਤਹਾਸ਼ਾ ਵੱਡੇ- ਵੱਡੇ ਪਟਾਕੇ ਚਲਾ ਕੇ ਜ਼ਹਿਰੀਲੇ ਧੂੰਏਂ ਅਤੇ ਪਟਾਕਿਆਂ ਦੇ ਸ਼ੋਰ ਨਾਲ ਮਰੀਜ਼ਾਂ ਲਈ ਬੇਚੈਨੀ ਅਤੇ ਹੋਰਾਂ ਲਈ ਵੀ ਸਾਹ ਅਤੇ ਚਮੜੀ ਦੇ ਰੋਗ ਪੈਦਾ ਕਰਦੇ ਹਨ। ਦੂਜੇ ਪਾਸੇ ਕਈ ਅਮੀਰ ਲੋਕ ਫਜ਼ੂਲ ਖ਼ਰਚੀ ਤਾਂ ਬਹੁਤ ਕਰਦੇ ਹਨ, ਪਰ ਕਿਸੇ ਗ਼ਰੀਬ ਨੂੰ ਮਜ਼ਦੂਰੀ ਦੇ ਪੈਸੇ ਦੇਣ ਵੇਲੇ ਉਸ ਨਾਲ ਬਹਿਸ ਕਰਦੇ ਹਨ। ਇਵੇਂ ਹੀ ਕਈ ਲੋਕ ਸ਼ਰਾਬ ਆਦਿ ਪੀ ਕੇ ਤੇ ਲੜਾਈ ਝਗੜੇ ਕਰਕੇ ਸਮਾਜ ਵਿੱਚ ਅਸ਼ਾਂਤੀ ਫੈਲਾਉਂਦੇ ਹਨ। ਉਨ੍ਹਾਂ ਲਈ ਦੀਵਾਲੀ ਦੇ ਇਸ ਅਸੁੂਲ ਦਾ ਕੀ ਮਹੱਤਵ ਹੈ। ਬੇਸ਼ੱਕ ਦੀਵਾਲੀ ਦੇ ਤਿਉਹਾਰ ਨੂੰ ਬੁਰਾਈ ਉੱਪਰ ਨੇਕੀ ਦੀ ਜਿੱਤ ਵਜੋਂ ਵੀ ਮੰਨਿਆ ਜਾਂਦਾ ਹੈ, ਪਰ ਅਜੋਕੇ ਹਾਲਾਤ ਅਨੁਸਾਰ ਦੀਵਾਲੀ ਮੌਕੇ ਕਈ ਵੱਡੇ ਸਿਆਸਤਦਾਨ ਅਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਮਤਾਹਿਤਾਂ ਤੋਂ ਕੀਮਤੀ ਤੋਹਫ਼ੇ ਲੈਣ ਨੂੰ ਪਹਿਲ ਦੇ ਕੇ ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ।
ਇਹ ਵੀ ਵੇਖਿਆ ਜਾਂਦਾ ਹੈ ਕਿ ਕਈ ਵੱਡੇ ਘਰਾਂ ਵਿੱਚ ਕਾਫ਼ੀ ਬਚੀਆਂ ਹੋਈਆਂ ਮਿਠਾਈਆਂ ਆਦਿ ਨੂੰ ਕੂੁੜੇ ਦੇ ਢੇਰਾਂ ਉੱਤੇ ਸੁੱਟ ਦਿੱਤਾ ਜਾਂਦਾ ਹੈ, ਪਰ ਕਿਸੇ ਗ਼ਰੀਬ ਦੀ ਮਦਦ ਨਹੀਂ ਕੀਤੀ ਜਾਂਦੀ ਜਦੋਂ ਕਿ ਸਾਡੇ ਦੇਸ਼ ਵਿੱਚ ਕਰੋੜਾਂ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਹ ਅਮੀਰ ਲੋਕ ਦੀਵਾਲੀ ਦੌਰਾਨ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਮਹਿੰਗੀਆਂ ਪਾਰਟੀਆਂ ਕਰਕੇ ਜਸ਼ਨਾਂ ਵਜੋਂ ਬੇਤਹਾਸ਼ਾ ਪੈਸਾ ਖ਼ਰਚਦੇ ਅਤੇ ਕਿੰਨਾ ਹੀ ਖਾਣਾ ਇੱਥੇ ਅਮੀਰੀ ਦੀ ਹਉਮੈ ਵਜੋਂ ਛੱਡ ਦਿੰਦੇ ਹਨ, ਪਰ ਕਿਸੇ ਗ਼ਰੀਬ ਤੇ ਭੁੱਖੇ ਪੇਟ ਬਾਰੇ ਨਹੀਂ ਸੋਚਿਆ ਜਾਂਦਾ। ਅਜਿਹਾ ਕਰਨਾ ਇਨ੍ਹਾਂ ਲਈ ਸ਼ੁਗਲ ਹੈ, ਜਦੋਂ ਕਿ ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿੱਚ ਕਰੀਬ 20 ਕਰੋੜ ਤੋਂ ਵੱਧ ਲੋਕ ਰੋਜ਼ਾਨਾ ਰਾਤ ਨੂੰ ਭੁੱਖੇ ਸੌਂਦੇ ਹਨ। ਅਤਿ ਗ਼ਰੀਬ ਅਤੇ ਝੁੱਗੀ ਝੌਂਪੜੀਆਂ ਦੇ ਬੱਚੇ ਦੀਵਾਲੀ ਦੀਆਂ ਖ਼ੁਸ਼ੀਆਂ ਨੂੰ ਤਰਸਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੇ ਤਾਂ ਦੀਵਾਲੀ ਤੋਂ ਅਗਲੇ ਦਿਨ ਸਵੇਰੇ-ਸਵੇਰੇ ਅਮੀਰਾਂ ਦੀਆਂ ਗਲੀਆਂ ਵਿੱਚੋਂ ਅਣਚੱਲੇ ਪਟਾਕੇ ਅਤੇ ਕੂੜੇ ਦੇ ਢੇਰਾਂ ਉੱਤੋਂ ਅਣਵਰਤੀਆਂ ਮਿਠਾਈਆਂ ਆਪਣਾ ਢਿੱਡ ਭਰਨ ਲਈ ਲੱਭਦੇ ਆਮ ਵੇਖੇ ਜਾਂਦੇ ਹਨ। ਕੀ ਇਸ ਸਾਰੇ ਦ੍ਰਿਸ਼ ਵਿੱਚੋਂ ਇਹ ਝਲਕ ਨਹੀਂ ਪੈਂਦੀ ਕਿ ਸਾਡੇ ਲੀਡਰਾਂ ਵੱਲੋਂ ਵਿਕਾਸ ਦੇ, ਗ਼ਰੀਬੀ ਹਟਾਏ ਜਾਣ ਦੇ ਅਤੇ ਸਵੱਛ ਭਾਰਤ ਦੇ ਜੋ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਸੱਚਾਈ ਘੱਟ ਅਤੇ ਝੂਠ ਵੱਧ ਦਿਸਦਾ ਹੈ ਕਿਉਂਕਿ ਦੁਨੀਆਂ ਦੇ 107 ਮੁਲਕਾਂ ਵਿੱਚ ਭਾਰਤ ਦਾ ਭੁੱਖਮਰੀ ਵਿੱਚ 92ਵਾਂ ਸਥਾਨ ਹੈ। ਇਹ ਸਭ ਵੇਖਦੇੇ ਹੋਏ ਅਸੀਂ ਦੀਵਾਲੀ ਨੂੰ ਬੁਰਾਈ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਕਿਵੇਂ ਕਹਿ ਸਕਦੇ ਹਾਂ ਸਗੋਂ ਇਹ ਤਾਂ ਨੇਕੀ ਉੱਪਰ ਬੁਰਾਈ ਦੀ ਜਿੱਤ ਕਹੀ ਜਾ ਸਕਦੀ ਹੈ।
ਦੀਵਾਲੀ ਦੇ ਦੀਵੇ ਤਾਂ ਹਰ ਸਾਲ ਜਗਦੇ ਹਨ, ਫਿਰ ਹਨੇਰਾ ਵਧ ਕਿਉਂ ਰਿਹਾ ਹੈ? ਅਜਿਹੀ ਦੀਵਾਲੀ ਜਿਸ ਵਿੱਚ ਲੋਕ ਸਾਡੇ ਆਲੇ-ਦੁਆਲੇ ਦੇ ਸਮਾਜ ਵਿੱਚ ਸਹੀ ਗਿਆਨ, ਆਪਸੀ ਬਰਾਬਰੀ ਅਤੇ ਇਨਸਾਫ਼ ਵੰਡਣ ਦੀ ਥਾਂ ਹਉਮੈ, ਪੂੰਜੀਵਾਦ, ਗ਼ਰੀਬੀ, ਭ੍ਰਿਸ਼ਟਾਚਾਰ ਅਤੇ ਅੰਧਵਿਸ਼ਵਾਸ ਦਾ ਘੁੱਪ ਹਨੇਰਾ ਵੰਡ ਰਹੇ ਹੋਣ ਅਤੇ ਲੱਖਾਂ ਕਰੋੜਾਂ ਰੁਪਏ ਦੀ ਫਜ਼ੂਲ ਖ਼ਰਚੀ ਅਤੇ ਜ਼ਹਿਰੀਲਾ ਪਟਾਕਾ ਪ੍ਰਦੂਸ਼ਣ ਫੈਲਾਉਂਦੇ ਹੋਣ, ਫਿਰ ਉਸ ਨੂੰ ਦੀਵਾਲੀ ਕਿਵੇਂ ਕਹੀਏ। ਇਵੇਂ ਹੀ ਸਾਡੇ ਸਮਾਜ ਵਿੱਚ ਅੱਜ ਦਿਨੋਂ ਦਿਨ ਅਗਿਆਨਤਾ, ਅਨਪੜ੍ਹਤਾ, ਗ਼ਰੀਬੀ-ਅਮੀਰੀ ਦਾ ਪਾੜਾ, ਬੇਰੁਜ਼ਗਾਰੀ, ਬਲਾਤਕਾਰ ਜਿਹੇ ਜੁਰਮਾਂ ਦਾ ਹਨੇਰਾ ਦਿਨੋਂ ਦਿਨ ਵਧ ਰਿਹਾ ਹੋਵੇ ਤਾਂ ਇਹ ਕਹਿਣਾ ਤਾਂ ਸੁਭਾਵਿਕ ਹੀ ਹੈ, ‘ਦੀਵੇ ਭਾਵੇਂ ਜਗਣ ਬਥੇਰੇ, ਫਿਰ ਵੀ ਵਧਦੇ ਜਾਣ ਹਨੇਰੇੇ।’ ਇਹ ਸਭ ਦੂਰ ਕਰਨ ਲਈ ਸਮਾਜ ਵਿੱਚ ਬਰਾਬਰੀ, ਇਨਸਾਫ਼, ਗਿਆਨ ਅਤੇ ਆਪਸੀ ਸਾਂਝ ਦੇ ਦੀਵਿਆਂ ਨਾਲ ਹੀ ਅਸਲ ਰੌਸ਼ਨੀ ਫੈਲਾਈ ਜਾ ਸਕਦੀ ਹੈ। ਅਮੀਰਾਂ ਨੂੰ ਵੀ ਫਜ਼ੂਲ ਖ਼ਰਚੀ ਛੱਡ ਕੇ ਝੁੱਗੀਆਂ ਵਿੱਚ ਰਹਿੰਦੇ ਅਤੇ ਹੋਰ ਗਰੀਬ ਬੱਚਿਆਂ ਨੂੰ ਦੀਵਾਲੀ ਮੌਕੇ ਕੁੱਝ ਖਾਣਪੀਣ ਜਾਂ ਹੋਰ ਲੋੜੀਂਦਾ ਸਾਮਾਨ ਤੋਹਫ਼ੇ ਵਜੋਂ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਭਰਨੀ ਚਾਹੀਦੀ ਹੈ। ਇਹ ਉਸ ਪੂਜਾ ਤੋਂ ਵੀ ਵੱਡੀ ਪੂਜਾ ਹੈ ਜੋ ਆਪਾਂ ਦੀਵਾਲੀ ਵਾਲੀ ਰਾਤ ਮਾਂ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਕਰਦੇ ਹਾਂ। ਇਸ ਦੇ ਨਾਲ ਹੀ ਗ਼ਰੀਬਾਂ ਨੂੰ ਵੀ ਅਮੀਰਾਂ ਦੀ ਰੀਸ ਨਾ ਕਰਕੇ ਦੀਵਾਲੀ ਦਾ ਤਿਉਹਾਰ ਸਾਦੇ ਤਰੀਕੇ ਨਾਲ ਮਨਾਉਂਦੇ ਹੋਏ ਫਜ਼ੂਲ ਖ਼ਰਚੀ ਤੋਂ ਅਤੇ ਕਰਜ਼ਾਈ ਹੋਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਦੇਖਾ ਦੇਖੀ ਵਿੱਚ ਆਪਣਾ ਦੀਵਾਲੀਆ ਨਹੀਂ ਕੱਢਣਾ ਚਾਹੀਦਾ।
ਬੇਸ਼ੱਕ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਾਫ਼ ਸਫ਼ਾਈ ਅਤੇ ਰੰਗ ਰੋਗਨ ਕਰਦੇ ਹਨ ਜਿਸ ਨਾਲ ਸਾਡੇ ਜੀਵਨ ਵਿੱਚ ਇੱਕ ਸਵੱਛਤਾ ਦਾ ਮਾਹੌਲ ਬਣਦਾ ਹੈ। ਲੋਕ ਜੋ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ, ਇਹ ਵੀ ਆਪਸੀ ਸਾਂਝਾ ਦਾ ਪ੍ਰਤੀਕ ਹੈ, ਪਰ ਫਿਰ ਵੀ ਕੁਝ ਲੋਕ ਇਸ ਮੌਕੇ ਗ਼ਲਤ ਤਰੀਕੇ ਨਾਲ ਸਾਂਝੀਵਾਲਤਾ ਦੇ ਮਾਹੌਲ ਨੂੰ ਗੰਧਲਾ ਕਰਦੇ ਹਨ ਜਿਵੇਂ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਖ਼ੁਸ਼ੀ ਮਨਾਉਣ ਲਈ ਉੱਚੀ ਆਵਾਜ਼ ਵਿੱਚ ਦੇਰ ਰਾਤ ਤੱਕ ਡੀ.ਜੇ. ਵਜਾ ਕੇ ਅਤੇ ਸਾਂਝੀਆਂ ਗਲੀਆਂ ਵਿੱਚ ਪਟਾਕੇ ਚਲਾ ਕੇ ਉੱਥੋਂ ਲੰਘਣ ਵਾਲਿਆਂ ਲਈ ਮੁਸ਼ਕਿਲ ਪੈਦਾ ਕਰਦੇ ਹਨ ਜਿਸ ਕਾਰਨ ਕਈ ਵਾਰ ਝਗੜੇ ਵੀ ਹੋ ਜਾਂਦੇ ਹਨ। ਇਵੇਂ ਹੀ ਦੀਵਾਲੀ ਦੇ ਨੇੜੇ ਆ ਕੇ ਮਠਿਆਈਆਂ ਤੇ ਪਟਾਕਿਆਂ ਦੇ ਵਪਾਰੀ ਵੀ ਬਹੁਤ ਮਿਲਾਵਟ/ਘਪਲੇਬਾਜ਼ੀ ਕਰਦੇ ਹਨ। ਇਸ ਦੇ ਚੱਲਦਿਆਂ ਕੁਝ ਜਾਗਰੂਕ ਲੋਕਾਂ ਨੇ ਮਿਠਾਈ ਦੀ ਥਾਂ ’ਤੇ ਹੁਣ ਫ਼ਲ ਜਾਂ ਹੋਰ ਪਕਵਾਨ ਵਰਤਣੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਰੀਸ ਸਭਨਾਂ ਨੂੰ ਕਰਨੀ ਚਾਹੀਦੀ ਹੈ।
ਦੀਵਾਲੀ ਦਾ ਸਿੱਖ ਇਤਿਹਾਸ ਨਾਲ ਵੀ ਗੂੜ੍ਹਾ ਸਬੰਧ ਹੈ ਜਿਵੇਂ ਕਿ ਦੀਵਾਲੀ ਨੂੰ ਬੰਦੀਛੋੜ ਦਿਵਸ ਵਜੋਂ ਇਹ ਕਹਿ ਕੇ ਮਨਾਇਆ ਜਾਂਦਾ ਹੈ ਕਿ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਉਪਰੰਤ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ ਜਿਸ ਦੀ ਖ਼ੁਸ਼ੀ ਵਜੋਂ ਇੱਥੇ ਦੀਪਮਾਲਾ ਅਤੇ ਆਤਿਸ਼ਬਾਜੀ/ਪਟਾਕੇ ਵੀ ਚਲਾਏ ਜਾਂਦੇ ਹਨ ਜਦੋਂ ਕਿ ਕੁਝ ਇਤਿਹਾਸਕਾਰ ਗੁਰੂ ਜੀ ਦੀ ਰਿਹਾਈ ਵਾਲੇ ਦਿਨ ਨੂੰ ਦੀਵਾਲੀ ਤੋਂ ਕਈ ਦਿਨ ਬਾਅਦ ਦਾ ਦੱਸਦੇ ਹਨ। ਚਲੋ ਫਿਰ ਵੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਇਸ ਦਿਨ ਸ਼ਰਧਾ ਵਜੋਂ ਪਹੁੰਚੀਆਂ ਸੰਗਤਾਂ ਨੂੰ ਧਾਰਮਿਕ ਉਪਦੇਸ਼ਾਂ ਨਾਲ ਜੋੜਿਆ ਜਾਣਾ ਚੰਗੀ ਗੱਲ ਹੈ, ਪਰ ਜੇ ਭਾਰੀ ਮਾਤਰਾ ਵਿੱਚ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਸਤਿਕਾਰਤ ਧਾਰਮਿਕ ਸਥਾਨਾਂ ਵੱਲੋਂ ਹੀ ਪ੍ਰਦੂਸ਼ਣ ਫੈਲਾਉਣ ਵਿਚ ਹਿੱਸਾ ਪਾਇਆ ਜਾਵੇ ਤਾਂ ਇਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਬਿਲਕੁਲ ਉਲਟ ਹੈ ਜਿਨ੍ਹਾਂ ਨੇ ਗੁਰਬਾਣੀ ਵਿੱਚ ਫਰਮਾਇਆ ਹੈ:- ਪਵਣ ਗੁਰੂ, ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਸੋ ਸਾਨੂੰ ਅਜਿਹੇ ਸਮਾਜ ਸੇਵੀ ਸੱਜਣਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਪ੍ਰਦੂਸ਼ਣ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਹਨ ਅਤੇ ਮਨੁੱਖੀ ਦੀਵੇ ਬਣ ਕੇ ਗਿਆਨ ਤੇ ਜਾਗਰੂਕਤਾ ਦਾ ਚਾਨਣ ਕਰਦੇ ਹਨ। ਇਹ ਲੋਕ ਹੀ ਅਸਲ ਵਿੱਚ ਦੀਵਾਲੀ ਦੀ ਵਧਾਈ ਦੇ ਹੱਕਦਾਰ ਹਨ। ਸੋ ਅੱਜ ਸਾਨੂੰ ਇਹ ਪ੍ਰਣ ਕਰਨਾ ਵੀ ਅਤਿ ਜ਼ਰੂਰੀ ਹੈ ਕਿ ਇਸ ਰੌਸ਼ਨੀਆਂ ਦੇ ਤਿਉਹਾਰ ਨੂੰ ਦਿਨੋਂ ਦਿਨ ਇੰਨਾ ਧੂੰਆਂ ਤੇ ਪ੍ਰਦੂਸ਼ਣ ਭਰਪੂਰ ਬਣਾਉਣਾ ਬੰਦ ਕੀਤਾ ਜਾਵੇ। ਇਸੇ ਤਰ੍ਹਾਂ ਹੀ ਜੋ ਸਰਦੇ ਪੁੱਜਦੇ ਲੋਕਾਂ ਵੱਲੋਂ ਦੀਵਾਲੀ ਮੌਕੇ ਫਜ਼ੂਲ ਖ਼ਰਚੀ, ਮਹਿੰਗਾ ਤੋਫ਼ਾਬਾਦ, ਬੇਲੋੜੀ ਖੁਸ਼ਾਮਦ ਅਤੇ ਗ਼ਰੀਬਾਂ ਦੀ ਅਣਦੇਖੀ ਜਿਹੀਆਂ ਅਲਾਮਤਾਂ ਦੇ ਭ੍ਰਿਸ਼ਟਾਚਾਰ ਵਾਲਾ ਹਨੇਰਾ ਫੈਲਾਇਆ ਜਾਂਦਾ ਹੈ, ਇਸ ਤੋਂ ਵੀ ਬਚਿਆ ਜਾਵੇ।
ਸੰਪਰਕ: 99155-21037