ਗੁਰਚਰਨ ਸਿੰਘ ਨੂਰਪੁਰ
ਲੱਖਾਂ ਲੋਕ ਇਸ ਧਰਤੀ ’ਤੇ ਪੈਦਾ ਹੋਏ ਤੇ ਚਲੇ ਗਏ। ਲੱਖਾਂ ਲੋਕ ਪੈਦਾ ਹੋਣਗੇ ਚਲੇ ਜਾਣਗੇ, ਪਰ ਕੁਝ ਖੋਜੀ ਬਿਰਤੀ ਦੇ ਲੋਕ ਹੀ ਆਪਣੇ ਹਿੱਸੇ ਆਉਂਦੇ ਖ਼ਜ਼ਾਨਿਆਂ ਨੂੰ ਲੱਭਦੇ ਹਨ। ਬਹੁਗਿਣਤੀ ਉਹ ਹਨ ਜਿਹੜੇ ਆਪਣੇ ਹਿੱਸੇ ਆਉਂਦੇ ਖ਼ਜ਼ਾਨਿਆਂ ਤੋਂ ਬੇਖ਼ਬਰ ਹਨ। ਥੋੜ੍ਹੀ ਗਿਣਤੀ ਉਹ ਹਨ ਜਿਨ੍ਹਾਂ ਕੋਲ ਆਪਣੇ ਹਿੱਸੇ ਦੇ ਖ਼ਜ਼ਾਨਿਆਂ ਤਕ ਜਾਣ ਦੀ ਵਿਹਲ ਨਹੀਂ। ਸਮੇਂ ਦੇ ਹਰ ਦੌਰ ਵਿਚ ਬਹੁਤ ਥੋੜ੍ਹੇ ਅਜਿਹੇ ਲੋਕ ਹੁੰਦੇ ਹਨ ਜੋ ਵਿਲੱਖਣ ਕਾਰਜਾਂ ਨੂੰ ਅੰਜ਼ਾਮ ਦਿੰਦੇ ਹਨ, ਫਿਰ ਲੋਕ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਵੇਖ ਕੇ ਹੈਰਾਨ ਹੁੰਦੇ ਹਨ। ਅਜਿਹੇ ਇਨਸਾਨ ਆਪਣੀ ਸਮਰੱਥਾ ਦੀ ਪਛਾਣ ਕਰ ਲੈਂਦੇ ਹਨ। ਢੁਕਵੇਂ ਮੌਕਿਆਂ ਦੀ ਪਛਾਣ ਕਰਨ ਦੀ ਮੁਹਾਰਤ ਹਾਸਲ ਹੋ ਜਾਣੀ ਹੀ ਆਪਣੇ ਹਿੱਸੇ ਦੇ ਖ਼ਜ਼ਾਨੇ ਨਾਲ ਵਾਕਫ਼ੀ ਹੈ। ਹਰ ਯੁੱਗ ਵਿਚ ਥੋੜ੍ਹੀ ਗਿਣਤੀ ਵਿਚ ਅਜਿਹੇ ਇਨਸਾਨ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਮੰਜ਼ਿਲਾਂ ਨੂੰ ਸਰ ਕਰਨ ਦੀ ਯੁਗਤ ਆ ਜਾਂਦੀ ਹੈ। ਸਿਆਣੇ ਦੱਸਦੇ ਹਨ ਕਿ ਹਰ ਮਨੁੱਖ ਨੂੰ ਆਪਣੇ ਅੰਦਰ ਇਹ ਮੁਹਾਰਤ ਹਾਸਲ ਕਰਨ ਲਈ ਤਿੰਨ ਬੜੀਆਂ ਮਹੱਤਵਪੂਰਨ ਚੀਜ਼ਾਂ ਦੀ ਲੋੜ ਹੁੰਦੀ ਹੈ। ਇਹ ਹਨ ਗਿਆਨ, ਮਿਹਨਤ ਅਤੇ ਸਕਾਰਾਤਮਕ ਸੋਚ।
ਧਰਤੀ ’ਤੇ ਪੈਦਾ ਹੋਣ ਵਾਲੇ ਹਰ ਮਨੁੱਖ ਦਾ ਸਾਡਾ ਆਲਾ ਦੁਆਲਾ, ਸਾਡਾ ਰਹਿਣ ਸਹਿਣ, ਵਿੱਦਿਆ, ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਅੰਦਰਲੀਆਂ ਸ਼ਕਤੀਆਂ ਦੀ ਪਛਾਣ ਕਰ ਸਕੇ। ਹਰ ਮਨੁੱਖ ਨੂੰ ਸਵਾਲ ਕਰਨ ਦੀ ਯੁਗਤ ਸਿੱਖਣੀ ਚਾਹੀਦੀ ਹੈ। ਧਰਤੀ ਦੇ ਕਿਸੇ ਵੀ ਖਿੱਤੇ ਵਿਚ ਰਹਿਣ ਵਾਲੇ ਹਰ ਮਨੁੱਖ ਨੂੰ ਹਰ ਵਿਸ਼ੇ ’ਤੇ ਸਵਾਲ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਜਦੋਂ ਕੋਈ ਸਮਾਜ ਸਵਾਲ ਕਰਨ ਦੀ ਮਨੋਬਿਰਤੀ ਨੂੰ ਤਿਆਗ ਦਿੰਦਾ ਹੈ ਤਾਂ ਉਦੋਂ ਉਸ ਦੇ ਮਾੜੇ ਦੌਰ ਦੀ ਸ਼ੁਰੂਆਤ ਹੁੰਦੀ ਹੈ। ਸਵਾਲ ਹਮੇਸ਼ਾਂ ਸਮਝਦਾਰ ਲੋਕ ਕਰਦੇ ਹਨ। ਸਵਾਲ ਖੜ੍ਹੇ ਕਰਨ ਲਈ ਗਿਆਨ ਦੀ ਲੋੜ ਹੁੰਦੀ ਹੈ। ਯੂਨਾਨ ਦਾ ਮਹਾਨ ਫ਼ਿਲਾਸਫ਼ਰ ਸੁਕਰਾਤ ਇਕ ਦਿਨ ਆਪਣੇ ਚੇਲਿਆਂ ਨਾਲ ਵਿਚਾਰ ਚਰਚਾ ਕਰ ਰਿਹਾ ਸੀ ਤਾਂ ਗੱਲ ਇਸ ਨੁਕਤੇ ’ਤੇ ਆ ਗਈ ਕਿ ਮਨੁੱਖ ਲਈ ਸਭ ਤੋਂ ਵੱਧ ਕੀਮਤੀ ਵਸਤ ਕਿਹੜੀ ਹੈ, ਇਸ ਦੇ ਜਵਾਬ ਵਿਚ ਕਿਸੇ ਨੇ ਕੁਝ ਕਿਸੇ ਨੇ ਕੁਝ ਦੱਸਿਆ, ਪਰ ਆਖਿਰ ਜਦੋਂ ਸੁਕਰਾਤ ਤੋਂ ਪੁੱਛਿਆ ਗਿਆ ਤਾਂ ਉਸਨੇ ਜਵਾਬ ਦਿੱਤਾ ਕਿ ਮਨੁੱਖ ਲਈ ਜੋ ਸਭ ਤੋਂ ਵੱਧ ਕੀਮਤੀ ਹੈ ਉਹ ਹੈ ‘ਗਿਆਨ’। ਗਿਆਨਵਾਨ ਹੋਣ ਨਾਲ ਹੀ ਮਨੁੱਖ ਦੀ ਜ਼ਿੰਦਗੀ ਨਾਲ ਵਾਕਫ਼ੀਅਤ ਹੁੰਦੀ ਹੈ।
ਆਪਣੇ ਅੰਦਰ ਛੁਪੇ ਆਪਣੇ ਹਿੱਸੇ ਆਉਂਦੇ ਖ਼ਜ਼ਾਨਿਆਂ ਦੀ ਭਾਲ ਉਹ ਲੋਕ ਕਰਦੇ ਹਨ ਜੋ ਜਾਗੇ ਹੋਣ। ਅਜਿਹੇ ਇਨਸਾਨ ਜੋ ਆਪਣੇ ਮਿਸ਼ਨ ਲਈ ਸਖ਼ਤ ਮਿਹਨਤਾਂ ਕਰਦੇ ਹਨ, ਇਹ ਮਿਹਨਤ ਸਰੀਰਿਕ ਵੀ ਹੋ ਸਕਦੀ ਹੈ ਅਤੇ ਜ਼ਿਹਨੀ ਵੀ। ਜੋ ਰਾਤਾਂ ਝਾਗਦੇ ਹਨ, ਉਹ ਤਾਰਿਆਂ ਨਾਲ ਸਾਝਾਂ ਪਾਉਣ ਦੇ ਸਮਰੱਥ ਹੋ ਜਾਂਦੇ ਹਨ। ਜਿਨ੍ਹਾਂ ਦੇ ਅੰਦਰ ਜ਼ਜਬੇ ਹੋਣ, ਜੋ ਦੂਜਿਆਂ ਲਈ ਕੁਝ ਕਰ ਗੁਜ਼ਰਨ ਦਾ ਹੌਸਲਾ ਅਤੇ ਹਿੰਮਤ ਰੱਖਦੇ ਹੋਣ, ਤੁਫ਼ਾਨਾਂ ਝੱਖੜਾਂ ਵਿਚ ਵੀ ਉਨ੍ਹਾਂ ਦੇ ਪੈਰ ਅਡੋਲ ਰਹਿੰਦੇ ਹਨ। ਕੁਝ ਲੋਕ ਸਾਰੀ ਉਮਰ ਕਿਸੇ ਮੰਗਤੇ ਵਾਂਗ ਤਰਸ ਦੇ ਪਾਤਰ ਬਣੇ ਰਹਿੰਦੇ ਹਨ। ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਇਹ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਹੀਆ ਨਹੀਂ ਰੱਖਦੇ। ਜਿਨ੍ਹਾਂ ਵਿਚ ਸਮੇਂ ਦੀ ਅੱਖ ਵਿਚ ਅੱਖ ਪਾ ਕੇ ਵੇਖਣ ਦੀ ਜੁਰਅੱਤ ਨਹੀਂ ਹੁੰਦੀ। ਉਨ੍ਹਾਂ ਦੀ ਸਾਰੀ ਉਮਰ ਹੱਡ ਗੋਡੇ ਰਗੜਦਿਆਂ ਲੰਘਦੀ ਹੈ। ਮਨੁੱਖ ਨੂੰ ਆਸਰੇ ਲੈਣ ਵਾਲਾ ਨਹੀਂ ਬਲਕਿ ਆਸਰੇ ਦੇਣ ਵਾਲਾ ਬਣਨਾ ਚਾਹੀਦਾ ਹੈ। ਡਾਰਵਿਨ ਨੇ ਦੁਨੀਆਂ ਦੇ ਲੋਕਾਂ ਨੂੰ ਦੱਸਿਆ ਕਿ ਕੁਦਰਤ ਉਨ੍ਹਾਂ ਜੀਵਾਂ ਨੂੰ ਵਧਣ ਫੁੱਲਣ ਦਾ ਮੌਕਾ ਪ੍ਰਦਾਨ ਕਰਦੀ ਹੈ ਜਿਹੜੀਆਂ ਜੀਵ ਜਾਤੀਆਂ ਵਿਚ ਹਰ ਤਰ੍ਹਾਂ ਦੇ ਹਾਲਾਤ ਨਾਲ ਲੜਨ ਦੀ ਹਿੰਮਤ ਤੇ ਦਲੇਰੀ ਹੋਵੇ। ਇਹ ਜੀਵ ਜਾਤੀਆਂ ਆਪਣਾ ਵਿਕਾਸ ਕਰਦੀਆਂ ਹਨ, ਕੁਦਰਤ ਇਨ੍ਹਾਂ ਨੂੰ ਵਧਣ ਫੁਲਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੇ ਉਲਟ ਜੋ ਜੀਵ ਜਾਤੀਆਂ ਹਾਲਾਤ ਅੱਗੇ ਹਾਰ ਜਾਂਦੀਆਂ ਹਨ ਉਹ ਸਮੇਂ ਦੀ ਗਰਦ ਵਿਚ ਗੁਆਚ ਜਾਂਦੀਆਂ ਹਨ। ਮਹਾਨ ਜੀਵ ਵਿਗਿਆਨੀ ਦੀ ਇਸ ਖੋਜ ਵਿਚ ਜੀਵਨ ਦਾ ਬਹੁਤ ਵੱਡਾ ਰਹੱਸ ਛੁਪਿਆ ਹੋਇਆ ਹੈ। ਜਿੱਥੇ ਡਾਰਵਿਨ ਦੀ ਇਹ ਖੋਜ ਜੀਵ ਵਿਕਾਸ ਦੀ ਗੁੰਝਲ ਨੂੰ ਸੁਲਝਾਉਂਦੀ ਹੈ ਉੱਥੇ ਇਹ ਖੋਜ ਸਾਨੂੰ ਦੱਸਦੀ ਹੈ ਕਿ ਵੱਡੀਆਂ ਤੋਂ ਵੱਡੀਆਂ ਜੰਗਾਂ ਉਹ ਲੋਕ ਜਿੱਤਦੇ ਹਨ ਜਿਨ੍ਹਾਂ ਅੰਦਰ ਜਿੱਤ ਦਾ ਜ਼ਜਬਾ, ਹਿੰਮਤ ਅਤੇ ਦਲੇਰੀ ਹੋਵੇ। ਜੋ ਲਾਟਰੀ ਪਾ ਕੇ ਅਮੀਰ ਹੋਣ ਦੀ ਝਾਕ ਰੱਖਦੇ ਹਨ ਉਹ ਨਹੀਂ ਜਾਣਦੇ ਕਿ ਅਮੀਰੀ ਦਾ ਖ਼ਜ਼ਾਨਾ ਲਾਟਰੀ ਦੀ ਟਿਕਟ ਨਾਲ ਨਹੀਂ ਬਲਕਿ ਉੱਚੇ ਨਿਸ਼ਾਨੇ ਮਿੱਥ ਕੇ ਲੱਭਿਆ ਜਾ ਸਕਦਾ ਹੈ। ਲਾਟਰੀ ਨਿਕਲ ਆਉਣ ਨਾਲ ਕੁਝ ਪੈਸੇ ਤਾਂ ਹਾਸਲ ਹੋ ਸਕਦੇ ਹਨ, ਪਰ ਅਮੀਰ ਨਹੀਂ ਹੋਇਆ ਜਾ ਸਕਦਾ। ਦੁਨੀਆਂ ਵਿਚ ਇਕ ਵੀ ਅਜਿਹੀ ਉਦਾਹਰਣ ਨਹੀਂ ਜਿਸ ਵਿਚ ਲਾਟਰੀ ਪਾ ਕੇ ਅਮੀਰ ਹੋਏ ਵਿਅਕਤੀ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਕੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਵੇ। ਇਕ ਮਹਾਨ ਇਨਸਾਨ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਮੁਸ਼ਕਲਾਂ ਮੁਸੀਬਤਾਂ ਨਾਲ ਜੂਝਦਿਆਂ ਗੁਜ਼ਰਿਆਂ। ਹਰ ਹਾਲ ਵਿਚ ਬੁਲੰਦ ਸੋਚ ਰੱਖਣ ਵਾਲੇ ਉਸ ਮਨੁੱਖ ਨੂੰ ਕਿਸੇ ਨੇ ਪੁੱਛਿਆ, ‘ਤੁਸੀਂ ਮੁਸੀਬਤਾਂ ਦੇ ਇੰਨੇ ਵੱਡੇ ਪਹਾੜ ਕਿਵੇਂ ਪਾਰ ਕਰ ਲੈਂਦੇ ਹੋ?’ ਤਾਂ ਉਸ ਨੇ ਜਵਾਬ ਦਿੱਤਾ, ‘ਜੇ ਮੁਸੀਬਤ ਇਕ ਗਿੱਠ ਹੁੰਦੀ ਹੈ ਮੈਂ ਆਪਣਾ ਹੌਸਲਾ ਚਾਰ ਗਿੱਠਾਂ ਕਰ ਲੈਂਦਾ ਹਾਂ। ਜੇ ਇਹ ਦੋ ਗਿੱਠਾਂ ਹੁੰਦੀ ਹੈ ਤਾਂ ਮੇਰਾ ਹੌਸਲਾ ਅੱਠ ਗਿੱਠਾਂ ਹੋ ਜਾਂਦਾ ਹੈ।’
ਸਾਡੀ ਸੰਸਕ੍ਰਿਤੀ ਅਤੇ ਸੱਭਿਆਚਾਰ ਅਧਿਆਤਮਕ ਮਨੋਬਿਰਤੀ ਵਾਲਾ ਹੈ। ਸਾਡੇ ਸਮਾਜ ਦੇ ਬਹੁਗਿਣਤੀ ਲੋਕ ਜੋ ਹੋਣਾ/ਵਾਪਰਨਾ ਹੈ ਉਸ ਨੂੰ ਧੁਰੋਂ ਲਿਖਿਆ ਮੰਨਦੇ ਹਨ। ਇਸ ਮਨੋਬਿਰਤੀ ਨੇ ਸਮਾਜ ਦਾ ਕਿੰਨਾ ਨੁਕਸਾਨ ਕੀਤਾ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿਸਮਤਵਾਦੀ ਫ਼ਲਸਫ਼ਾ ਉਨ੍ਹਾਂ ਲੋਕਾਂ ਦਾ ਫ਼ਲਸਫ਼ਾ ਹੈ ਜੋ ਦੂਜਿਆਂ ਦੇ ਖੂਨ ਪਸੀਨੇ ’ਤੇ ਪਲਦੇ ਹਨ। ਕਿਸਮਤ ਨੂੰ ਕੋਸਦੇ ਰਹਿਣ ਵਾਲੀ ਜ਼ੁਬਾਨ ਨਾਲ ਚੜ੍ਹਦੀ ਕਲਾ ਦੇ ਗੀਤ ਨਹੀਂ ਗਾਏ ਜਾ ਸਕਦੇ। ਹੱਥਾਂ ਦੀਆਂ ਲਕੀਰਾਂ ਨੂੰ ਵੇਖ ਕੇ ਝੂਰਦੇ ਰਹਿਣ ਨਾਲ ਫੁੱਲਾਂ ਦੀਆਂ ਕਿਆਰੀਆਂ ਨਹੀਂ ਬੀਜੀਆਂ ਜਾ ਸਕਦੀਆਂ। ਲੱਤ ’ਤੇ ਲੱਤ ਰੱਖ ਕੇ ਬਹਿਣ ਵਾਲੇ ਮੰਜ਼ਿਲਾਂ ਸਰ ਨਹੀਂ ਕਰਿਆ ਕਰਦੇ। ਨਿਰਸਵਾਰਥ ਖੂਨ ਦਾਨ ਕਰਨ ਵਾਲਿਆਂ ਦੇ ਖੂਨ ਵਿਚ ਦੂਜਿਆਂ ਦਾ ਭਲਾ ਕਰਨ ਦੀ ਪ੍ਰਵਿਰਤੀ ਮੌਜੂਦ ਹੁੰਦੀ ਹੈ। ਹੱਥਾਂ ’ਤੇ ਹੱਥ ਰੱਖ ਕੇ ਬਹਿਣ ਵਾਲੇ ਜਿਸ ਤਰ੍ਹਾਂ ਇਸ ਧਰਤੀ ’ਤੇ ਆਉਂਦੇ ਹਨ ਉਵੇਂ ਤੁਰ ਜਾਂਦੇ ਹਨ। ਰਹਿਮ ਦੀ ਭੀਖ ਮੰਗਦੇ ਹੱਥਾਂ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਉਹ ਲੋਕ ਦੂਜਿਆਂ ਲਈ ਆਸਰੇ ਬਣਦੇ ਹਨ ਜਿਨ੍ਹਾਂ ਅੰਦਰ ਕੁਝ ਕਰ ਗੁਜ਼ਰਨ ਦੀ ਹਿੰਮਤ ਹੋਵੇ। ਮੰਜ਼ਿਲਾਂ ਉਹ ਮਾਰਦੇ ਹਨ ਜਿਹੜੇ ਹਿੰਮਤ ਯਾਰ ਬਣਾਉਂਦੇ ਹਨ। ਇਕ ਛੋਟੀ ਜਿਹੀ ਮਨੋਕਲਪਿਤ ਕਥਾ ਹੈ ਜੋ ਜ਼ਿੰਦਗੀ ਦੇ ਸੱਚ ਨੂੰ ਬੜੇ ਸਲੀਕੇ ਨਾਲ ਬਿਆਨ ਕਰਦੀ ਹੈ।
ਇਕ ਵਾਰ ਭਿਆਨਕ ਕੁਦਰਤੀ ਕਰੋਪੀ ਨਾਲ ਇਕ ਪਰਿਵਾਰ ਬਰਬਾਦ ਹੋ ਗਿਆ ਅਤੇ ਪਰਿਵਾਰ ਦਾ ਆਗੂ ਪਰਿਵਾਰ ਨੂੰ ਲੈ ਕੇ ਕਿਸੇ ਹੋਰ ਥਾਂ ਵੱਸ ਜਾਣ ਲਈ ਜਾ ਰਿਹਾ ਸੀ। ਇਕ ਜੰਗਲ ਵਿਚ ਉਨ੍ਹਾਂ ਨੂੰ ਰਾਤ ਹੋ ਗਈ, ਪਰਿਵਾਰ ਕੋਲ ਤਨ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਪਰਿਵਾਰ ਆਗੂ ਪਿਤਾ ਨੇ ਆਪਣੇ ਵੱਡੇ ਪੁੱਤਰ ਨੂੰ ਕਿਹਾ, ‘ਉੱਤਰ ਦਿਸ਼ਾ ਵੱਲ ਜਾ ਤੇ ਪਾਣੀ ਲੈ ਕੇ ਆ।’ ਛੋਟੇ ਪੁੱਤਰ ਨੂੰ ਕਿਹਾ ਤੂੰ ਦੱਖਣ ਦਿਸ਼ਾ ਵੱੱਲ ਜਾ ਤੇ ਅੱਗ ਦਾ ਪ੍ਰਬੰਧ ਕਰ, ਆਪਣੇ ਧੀ ਨੂੰ ਉਸ ਨੇ ਚੁੱਲ੍ਹਾ ਬਣਾਉਣ ਲਈ ਕਿਹਾ। ਉਸ ਦੀ ਆਗਿਆਕਾਰੀ ਔਲਾਦ ਹੁਕਮ ਮੰਨ ਕੇ ਤੁੁਰੰਤ ਜਾਣ ਲੱਗੀ ਤਾਂ ਰੁੱਖ ਦੀ ਟਾਹਣੀ ’ਤੇ ਬੈਠਾ ਇਕ ਜਨੌਰ ਬੋਲਿਆ, ‘ਅੱਗ, ਪਾਣੀ ਤੇ ਚੁੱਲ੍ਹੇ ਦਾ ਕੀ ਕਰੋਗੇ? ਖਾਣ ਲਈ ਤਾਂ ਕੁਝ ਵੀ ਨਹੀਂ ਤੁਹਾਡੇ ਕੋਲ?’ ਉਹ ਆਸ਼ਾਵਾਦੀ ਬੰਦਾ ਬੋਲਿਆ ‘ਖਾਣ ਲਈ ਵੀ ਕੁਝ ਪ੍ਰਬੰਧ ਜ਼ਰੂਰ ਕਰਾਂਗੇ ਹੋਰ ਨਹੀਂ ਤਾਂ ਤੂੰ ਤਾਂ ਕਿਤੇ ਨਹੀਂ ਗਿਆ।’ ਅੱਗੇ ਕਹਾਣੀ ਕਹਿੰਦੀ ਹੈ ਕਿ ਜਨੌਰ ਉਸ ਆਸ਼ਾਵਾਦੀ ਬੰਦੇ ਦੀ ਗੱਲ ਸੁਣ ਕੇ ਡਰ ਗਿਆ। ਉਹ ਕਹਿਣ ਲੱਗਾ ‘ਮੈਨੂੰ ਨਾ ਮਾਰਿਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਸ ਰੁੱਖ ਦੇ ਹੇਠ ਤੁਸੀਂ ਬੈਠੇ ਹੋ ਇਸ ਦੇ ਹੇਠ ਬੜਾ ਵੱਡਾ ਖ਼ਜ਼ਾਨਾ ਦੱਬਿਆ ਹੋਇਆ ਹੈ। ਉਹ ਪੁੱਟ ਲਓ ਤੇ ਵਾਪਸ ਚਲੇ ਜਾਓ।’ ਪਰਿਵਾਰ ਦੀ ਮਦਦ ਨਾਲ ਉਸ ਸ਼ਖ਼ਸ ਨੇ ਦੱਬਿਆ ਖ਼ਜ਼ਾਨਾ ਪੱਟਿਆ ਤੇ ਖ਼ੁਸ਼ੀ ਖ਼ੁਸ਼ੀ ਪਰਤ ਗਿਆ। ਉਸ ਦੀ ਕਹਾਣੀ ਸੁਣ ਕੇ ਕੋਈ ਹੋਰ ਪਰਿਵਾਰ ਖ਼ਜ਼ਾਨਾ ਲੱਭਣ ਉਸ ਰੁੱਖ ਹੇਠ ਜਾ ਬੈਠਿਆ। ਪਿਤਾ ਨੇ ਆਪਣੇ ਵੱਡੇ ਪੁੱਤਰ ਨੂੰ ਕਿਹਾ ‘ਅੱਗ ਲਿਆ।’ ਪੁੱਤਰ ਨੇ ਝੱਟ ਜਵਾਬ ਦਿੱਤਾ, ‘ਇਸ ਬੀਆਬਾਨ ਵਿਚ ਅੱਗ ਨਾਲ ਸੜਨਾ ਏ?’ ਦੂਜੇ ਪੁੱਤਰ ਨੂੰ ਪਾਣੀ ਲਿਆਉਣ ਲਈ ਕਿਹਾ ਤੇ ਉਸ ਨੇ ਮੋੜਵਾਂ ਜਵਾਬ ਦਿੱਤਾ ‘ਪਾਣੀ ਵਿਚ ਡੁੱਬਣ ਦੀ ਸਲਾਹ ਏ?’ ਰੁੱਖ ’ਤੇ ਬੈਠਾ ਉਹੀ ਜਨੌਰ ਜੋ ਸਭ ਕੁਝ ਦੇਖ ਰਿਹਾ ਸੀ ਬੋਲਿਆ ਤੇਰੀ ਔਲਾਦ ਆਗਿਆਕਾਰੀ ਨਹੀਂ। ਨਾ ਟੱਕਰਾਂ ਮਾਰ ਤੇ ਵਾਪਸ ਪਿੰਡ ਮੁੜ ਜਾ। ਇੰਨਾ ਕਹਿ ਕੇ ਜਨੌਰ ਕਿਸੇ ਹੋਰ ਰੁੱਖ ਵੱਲ ਉੱਡ ਗਿਆ ਤੇ ਉਹ ਵਿਅਕਤੀ ਨਿਰਾਸ਼ ਪਰਤ ਆਇਆ। ਇਹ ਕਲਪਿਤ ਕਹਾਣੀ ਦਰਸਾਉਂਦੀ ਹੈ ਕਿ ਜੇਕਰ ਪਰਿਵਾਰ ਇਕ ਸੁਰ ਹੈ ਤਾਂ ਹਰ ਤਰ੍ਹਾਂ ਦੇ ਖ਼ਜ਼ਾਨਿਆਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਪਰ ਜੇਕਰ ਪਰਿਵਾਰ ਦਾ ਏਕਾ ਨਹੀਂ ਤਾਂ ਜੋ ਕੁਝ ਕੋਲ ਹੈ ਉਹ ਵੀ ਇਕ ਦਿਨ ਖੁੱਸ ਜਾਵੇਗਾ।
ਆਓ, ਆਪਣੇ ਹਿੱਸੇ ਦੇ ਅੰਬਰ ਦੀ ਤਲਾਸ਼ ਕਰੀਏ। ਆਪਣੇ ਹਿੱਸੇ ਆਉਂਦੀ ਦੁਨੀਆਂ ਨੂੰ ਲੱਭੀਏ ਅਤੇ ਇਸ ਵਿਚੋਂ ਖ਼ਜ਼ਾਨਿਆਂ ਦੀ ਭਾਲ ਕਰੀਏ। ਇਹ ਨਾ ਹੋਵੇ ਕਿ ਜ਼ਿੰਦਗੀ ਦਾ ਬਹੁਤਾ ਸਮਾਂ ਵਿਅਰਥ ਚੀਜ਼ਾਂ ਨੂੰ ਖੋਜਦਿਆਂ ਹੀ ਲੰਘ ਜਾਵੇ। ਜ਼ਿੰਦਗੀ ਬੜੀ ਛੋਟੀ ਹੈ, ਇਸ ਛੋਟੀ ਜਿਹੀ ਜ਼ਿੰਦਗੀ ਦਾ ਹਰ ਪਲ ਕੀਮਤੀ ਹੈ। ਕਿਸੇ ਵਿਦਵਾਨ ਤੋਂ ਇਕ ਜਗਿਆਸੂ ਨੇ ਪੁੱਛਿਆ ‘ਸਮਾਂ ਕਿਹੜਾ ਠੀਕ ਹੁੰਦਾ ਹੈ? ਦਿਨ ਜਾਂ ਰਾਤ? ਸ਼ਾਮ ਜਾਂ ਸਵੇਰ, ਅਤੀਤ ਜਾਂ ਭਵਿੱਖ?’ ਵਿਦਵਾਨ ਨੇ ਜਵਾਬ ਦਿੱਤਾ ‘ਵਰਤਮਾਨ ਹੀ ਸਭ ਤੋਂ ਵਧੀਆ ਸਮਾਂ ਹੈ।’ ਇਸ ਦਾ ਭਾਵ ਇਹ ਹਰ ਦਿਨ ਹਰ ਘੰਟੇ ਅਤੇ ਹਰ ਪਲ ਦੀ ਆਪਣੀ ਮਹੱਤਤਾ ਹੈ ਜੋ ਸਮੇਂ ਦੀ ਮਹੱਤਤਾ ਨੂੰ ਪਛਾਣ ਲੈਂਦੇ ਹਨ, ਉਹ ਸਫਲਤਾ ਦੀਆਂ ਮੰਜ਼ਿਲਾਂ ਸਰ ਕਰਨ ਦਾ ਰਾਹ ਲੱਭ ਲੈਂਦੇ ਹਨ। ਇਸ ਦੁਨੀਆਂ ਵਿਚ ਹਰ ਬੰਦੇ ਲਈ ਲੁਕੇ ਹੋਏ ਖ਼ਜ਼ਾਨੇ ਹਨ, ਪਰ ਇਹ ਹਰ ਬੰਦੇ ਲਈ ਕਿਸੇ ਵੱਖਰੀ ਥਾਂ ਮੌਜੂਦ ਹਨ। ਜ਼ਿੰਦਗੀ ਦੇ ਖ਼ਜ਼ਾਨੇ ਨੂੰ ਲੱਭਣ ਲਈ ਹਰ ਮਨੁੱਖ ਨੂੰ ਜ਼ਿੰਦਗੀ ਦੇ ਸਾਰ ਤੱਤ ਦੀ ਖੋਜ ਕਰਨੀ ਪੈਂਦੀ ਹੈ। ਦੁਨੀਆਂ ਭਰ ਦੇ ਗ੍ਰੰਥਾਂ ਸ਼ਾਸਤਰਾਂ ਦਾ ਸਾਰ ਤੱਤ ਇਹੋ ਹੀ ਹੈ ਕਿ ਮਨੁੱਖ ਅਗਿਆਨਤਾ ਦੀ ਨੀਂਦ ’ਚੋਂ ਜਾਗ ਜਾਵੇੇ।
ਸੰਪਰਕ: 98550-51099