ਦਮਨਜੀਤ ਕੌਰ
ਸੌਂਕਣ ਦਾ ਮਤਲਬ ਲਗਭਗ ਸਾਰਿਆਂ ਨੂੰ ਹੀ ਪਤਾ ਹੋਵੇਗਾ, ਇਹ ਕਿਸੇ ਤੋਂ ਲੁਕਿਆ ਨ੍ਹੀਂ… ਵੈਸੇ ਤਾਂ ਇਸ ਰਿਸ਼ਤੇ ਨੂੰ ਨਕਾਰਾਤਮਕ ਪੱਖੋਂ ਹੀ ਦੇਖਿਆ ਜਾਂਦਾ ਹੈ ਤੇ ਇਹ ਹੈ ਵੀ। ਜੇ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਤਾਂ ਅਸੀਂ ਸੌਂਕਣ ਦੇ ਰਿਸ਼ਤੇ ਨੂੰ ਸਹੀ ਨਹੀਂ ਸਮਝਦੇ, ਪਰ ਪਹਿਲਾਂ ਦੇ ਸਮੇਂ ਵਿੱਚ ਇਸ ਨੂੰ ਕੁੱਝ ਹੱਦ ਤੱਕ ਜਾਇਜ਼ ਸਮਝਿਆ ਜਾਂਦਾ ਸੀ। ਜਿਵੇਂ ਕਿ ਫਿਲਮ ‘ਸੌਂਕਣ ਸੌਂਕਣੇ’ ਦੀ ਕਹਾਣੀ ਵੀ ਹੈ ਕਿ ਇੱਕ ਭੈਣ ਦੇ ਘਰ ਜਦੋਂ ਬੱਚਾ ਨਹੀਂ ਹੁੰਦਾ ਤਾਂ ਉਹ ਆਪਣੇ ਘਰਵਾਲੇ ਦਾ ਦੂਜਾ ਵਿਆਹ ਆਪਣੀ ਹੀ ਛੋਟੀ ਭੈਣ ਨਾਲ ਕਰ ਦਿੰਦੀ ਹੈ। ਜਿਸ ਦੇ ਕਈ ਕਾਰਨਾਂ ਵਿੱਚੋਂ ਮੁੱਖ ਕਾਰਨ ਇਹ ਹੁੰਦਾ ਕਿ ਇੱਕ ਤਾਂ ਜੇ ਘਰ ਵਿੱਚ ਦੋਵੇਂ ਭੈਣਾਂ ਹੋਣਗੀਆਂ ਤਾਂ ਲੜਾਈਆਂ ਨਹੀਂ ਹੋਣਗੀਆਂ ਤੇ ਦੂਜਾ ਬੱਚਾ ਕਿਸੇ ਓਪਰੀ ਔਰਤ ਦਾ ਨਹੀਂ ਹੋਵੇਗਾ, ਜੇ ਭੈਣ ਦਾ ਹੀ ਜਾਇਆ ਹੋਵੇਗਾ ਤਾਂ ਆਪਣਾ ਖੂਨ ਹੋਵੇਗਾ, ਪਰ ਹੋਰ ਕੀ ਕੀ ਹੁੰਦਾ ਹੈ ਇਹ ਸਭ ਫਿਲਮ ਵਿੱਚ ਹੀ ਦੇਖਣ ਨੂੰ ਮਿਲੇਗਾ।
ਫਿਲਮ ਦਾ ਪ੍ਰਚਾਰ ਕਰ ਰਹੀਆਂ ਅਦਾਕਾਰਾ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਫਿਲਮ ਵਿੱਚ ਸਿਰਫ਼ ਹਾਸੇ-ਮਜ਼ਾਕ ਉੱਤੇ ਜ਼ੋਰ ਨਹੀਂ ਦਿੱਤਾ ਗਿਆ ਸਗੋਂ ਇਸ ਵਿਚਲੇ ਸੁਨੇਹੇ ਉੱਪਰ ਵੱਧ ਧਿਆਨ ਦਿੱਤਾ ਗਿਆ ਹੈ ਜੋ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹੈ ਲੋਕਾਂ ਨੂੰ ਦਿਖਾਉਣਾ। ਉਨ੍ਹਾਂ ਦੋਵਾਂ ਨੇ ਦੱਸਿਆ ਕਿ ਫਿਲਮ ਦਾ ਮਕਸਦ ਔਰਤਾਂ ਦੇ ਹੱਕਾਂ ਦੀ ਬੇਕਦਰੀ ਕਰਕੇ ਉਸ ਨੂੰ ਉਤਸ਼ਾਹਿਤ ਕਰਨਾ ਬਿਲਕੁਲ ਨਹੀਂ ਹੈ ਸਗੋਂ ਪੰਜਾਬ ਵਿੱਚ ਪਹਿਲਾਂ ਦੇ ਸਮੇਂ ਵਿੱਚ ਇਹ ਸਭ ਜਾਇਜ਼ ਮੰਨਿਆ ਜਾਂਦਾ ਸੀ ਜਿਸ ਕਰਕੇ ਫਿਲਮ ਵਿੱਚ ਉਹ ਪੁਰਾਣਾ ਸਮਾਂ ਤੇ ਉਸ ਵੇਲੇ ਦੀਆਂ ਗੱਲਾਂ ਨੂੰ ਦਿਖਾਇਆ ਗਿਆ ਹੈ, ਪਰ ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਅੱਜ ਸਮਾਂ ਬਦਲ ਗਿਆ ਹੈ। ਪਹਿਲਾਂ ਦੇ ਜ਼ਮਾਨੇ ਵਿੱਚ ਜਦੋਂ ਕਿਸੇ ਔਰਤ ਦੇ ਘਰ ਬੱਚਾ ਨਹੀਂ ਹੁੰਦਾ ਸੀ ਤਾਂ ਘਰਦੇ ਅਕਸਰ ਮੁੰਡੇ ਦਾ ਦੂਜਾ ਵਿਆਹ ਪਹਿਲੀ ਘਰਵਾਲੀ ਦੀ ਹੀ ਦੂਜੀ ਭੈਣ ਨਾਲ ਕਰ ਦਿੰਦੇ ਸਨ ਤਾਂ ਜੋ ਉਨ੍ਹਾਂ ਦਾ ਵੰਸ਼ ਅੱਗੇ ਵਧ ਸਕੇ, ਪਰ ਅੱਜ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਅੱਜ ਸਾਡੇ ਕੋਲ ਬੱਚੇ ਪੈਦਾ ਕਰਨ ਦੇ ਕਈ ਢੰਗ ਹਨ, ਜਿਵੇਂ ਸਰੋਗੇਸੀ ਤੇ ਆਈਵੀਐੱਫ। ਪਰ ਫੇਰ ਵੀ ਸਾਡੇ ਪੁਰਾਣੇ ਲੋਕ ਇਨ੍ਹਾਂ ਨੂੰ ਅਪਣਾਉਣ ਤੋਂ ਝਿਜਕਦੇ ਹਨ। ਉਹ ਹਾਲੇ ਵੀ ਇਹੀ ਸੋਚਦੇ ਹਨ ਕਿ ਜੇ ਘਰ ਵਿੱਚ ਕੋਈ ਬੱਚਾ ਜਨਮ ਲਵੇ ਤਾਂ ਉਨ੍ਹਾਂ ਦਾ ਆਪਣਾ ਖੂਨ ਹੋਵੇ ਤੇ ਆਪਣੀ ਘਰ ਦੀ ਔਰਤ ਦੀ ਕੁੱਖੋਂ ਜਨਮ ਲਵੇ। ਫਿਲਮ ਵਿੱਚ ‘ਸੌਂਕਣ ਰੱਖਣ’ ਦੇ ਸੱਭਿਆਚਾਰ ਨੂੰ ਕਿਸੇ ਵੀ ਤਰ੍ਹਾਂ ਉਤਸ਼ਾਹਿਤ ਨਹੀਂ ਕੀਤਾ ਗਿਆ ਹੈ।
ਸਰਗੁਣ ਤੇ ਨਿਮਰਤ ਨੇ ਕਿਹਾ ਕਿ ਉਹ ਅੱਜ ਦੇ ਸਮੇਂ ਵਿੱਚ ਸੌਂਕਣ ਦੀ ਰਵਾਇਤ ਨੂੰ ਬਿਲਕੁਲ ਜਾਇਜ਼ ਨਹੀਂ ਠਹਿਰਾਉਂਦੀਆਂ ਕਿਉਂਕਿ ਪਹਿਲਾਂ ਤੇ ਅੱਜ ਦੇ ਦੌਰ ਵਿੱਚ ਬਹੁਤ ਫ਼ਰਕ ਹੈ। ਉਦੋਂ ਔਰਤਾਂ ਨੂੰ ਆਪਣੇ ਫ਼ੈਸਲੇ ਲੈਣ ਦਾ ਇੰਨਾ ਵੱਲ ਨਹੀਂ ਸੀ ਤੇ ਨਾ ਹੀ ਇੰਨਾ ਹੱਕ ਸੀ ਕਿ ਉਹ ਆਪਣੇ ਫ਼ੈਸਲੇ ਖੁਦ ਲੈ ਸਕਣ ਜਾਂ ਆਪਣੀ ਬਿਹਤਰੀ ਲਈ ਕੁਝ ਕਰ ਸਕਣ। ਉਦੋਂ ਔਰਤਾਂ ਨੂੰ ਆਪਣੇ ਪਰਿਵਾਰ ਦੀ ਖੁਸ਼ੀ ਲਈ ਆਪਣੀ ਖੁਸ਼ੀ ਵੀ ਮਾਰਨੀ ਪੈਂਦੀ ਸੀ ਤੇ ਆਪਣੇ ਹੱਕ ਵੀ ਮਾਰਨੇ ਪੈਂਦੇ ਸਨ। ‘ਸੌਂਕਣ ਸੌਂਕਣੇ’ ਫ਼ਿਲਮ ਵੀ ਇਹ ਦਰਸਾਉਂਦੀ ਹੈ ਕਿ ਪਹਿਲਾਂ ਦੇ ਸਮੇਂ ਵਿੱਚ ਇੰਜ ਹੁੰਦਾ ਸੀ, ਪਰ ਅੱਜ ਇਹ ਬਹੁਤ ਘੱਟ ਹੁੰਦਾ ਹੈ। ਅੱਜ ਕਾਨੂੰਨ ਵਿੱਚ ਦੂਜੇ ਵਿਆਹ ਨੂੰ ਓਨੀ ਦੇਰ ਤੱਕ ਮਾਨਤਾ ਨਹੀਂ ਹੈ ਜਦੋਂ ਤੱਕ ਤੁਸੀਂ ਆਪਣੀ ਪਹਿਲੀ ਪਤਨੀ ਤੋਂ ਤਲਾਕ ਨਾ ਲਿਆ ਹੋਵੇ, ਪਰ ਪਹਿਲਾਂ ਇਹ ਸਭ ਜਾਇਜ਼ ਮੰਨਿਆ ਜਾਂਦਾ ਸੀ ਕਿਉਂਕਿ ਤੁਹਾਡਾ ਉਦੇਸ਼ ਆਪਣਾ ਵੰਸ਼ ਅੱਗੇ ਵਧਾਉਣਾ ਹੁੰਦਾ ਸੀ। ਹੁਣ ਤਾਂ ਔਰਤਾਂ ਵੀ ਆਪਣੇ ਹੱਕਾਂ ਲਈ ਇੰਨੀਆਂ ਜਾਗਰੂਕ ਹੋ ਗਈਆਂ ਹਨ ਕਿ ਉਹ ਆਪਣੇ ਨਾਲ ਹੁੰਦੀਆਂ ਵਧੀਕੀਆਂ ਖਿਲਾਫ਼ ਲੜਦੀਆਂ ਹਨ।
ਨਿਮਰਤ ਤੇ ਸਰਗੁਣ ਨੇ ਦੱਸਿਆ ਕਿ ਕਈ ਵਾਰ ਲੋਕਾਂ ਨੂੰ ਇੱਕ ਸੰਜੀਦਾ ਮੁੱਦੇ ਸਬੰਧੀ ਜਾਗਰੂਕ ਕਰਨਾ ਜਾਂ ਕੋਈ ਸੁਨੇਹਾ ਦੇਣ ਲਈ ਵੀ ਤੁਹਾਨੂੰ ਹਾਸੇ ਦਾ ਸਹਾਰਾ ਲੈਣਾ ਪੈਂਦਾ ਹੈ, ਕਿਉਂਕਿ ਜੇ ਤੁਸੀਂ ਇੱਕ ਗੰਭੀਰ ਮੁੱਦੇ ਨੂੰ ਹਮੇਸ਼ਾਂ ਗੰਭੀਰ ਤਰੀਕੇ ਨਾਲ ਹੀ ਦਿਖਾਓਗੇ ਤਾਂ ਬਹੁਤ ਘੱਟ ਲੋਕ ਦਿਲਚਸਪੀ ਲੈਣਗੇ। ਜੇ ਤੁਸੀਂ ਇਹੀ ਗੰਭੀਰ ਮੁੱਦੇ ਨੂੰ ਥੋੜ੍ਹੇ ਹਾਸੇ ਮਜ਼ਾਕ ਦੇ ਤਰੀਕੇ ਨਾਲ ਲੋਕਾਂ ਅੱਗੇ ਪੇਸ਼ ਕਰੋਗੇ ਤਾਂ ਲੋਕ ਵੱਧ ਦਿਲਚਸਪੀ ਲੈਣਗੇ। ਫਿਲਮ ਦੇ ਲੇਖਕ ਅੰਬਰਦੀਪ ਸਿੰਘ ਨੇ ਫਿਲਮ ਨੂੰ ਇਸ ਤਰ੍ਹਾਂ ਲਿਖਿਆ ਤੇ ਨਿਰਦੇਸ਼ਕ ਅਮਰਜੀਤ ਸਿੰਘ ਸਰਾਓਂ ਨੇ ਇਸ ਤਰੀਕੇ ਨਾਲ ਨਿਰਦੇਸ਼ਿਤ ਕੀਤਾ ਹੈ ਕਿ ਫਿਲਮ ਇਹ ਸਾਫ਼ ਦੱਸਦੀ ਹੈ ਕਿ ਹੁਣ ਸਾਨੂੰ ਥੋੜ੍ਹਾ ਖੁੱਲ੍ਹ ਕੇ ਸੋਚਣ ਦੀ ਲੋੜ ਹੈ ਤੇ ਸਮੇਂ ਦੇ ਨਾਲ ਚੱਲਣ ਦੀ ਜ਼ਰੂਰਤ ਹੈ।
ਸੰਪਰਕ: 99150-65993