ਮੁੰਬਈ: ਮਰਹੂਮ ਬੌਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਆਖ਼ਰੀ ਫਿਲਮ ‘ਸ਼ਰਮਾਜੀ ਨਮਕੀਨ’ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਪ੍ਰੀਮੀਅਰ 31 ਮਾਰਚ ਨੂੰ ਹੋਵੇਗਾ। ਇਹ ਫ਼ਿਲਮ ਇਕ ਤਾਜ਼ਾ-ਤਾਜ਼ਾ ਸੇਵਾਮੁਕਤ ਹੋਏ ਵਿਅਕਤੀ ਦੀ ਕਹਾਣੀ ਹੈ, ਜੋ ਔਰਤਾਂ ਦੇ ‘ਕਿੱਟੀ ਗਰੁੱਪ’ ਵਿੱਚ ਸ਼ਾਮਲ ਹੋ ਕੇ ਆਪਣੇ ਖਾਣਾ ਬਣਾਉਣ ਦੇ ਹੁਨਰ ਨੂੰ ਤਰਾਸ਼ਦਾ ਹੈ। ਹਿਤੇਸ਼ ਭਾਟੀਆ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਪਰੇਸ਼ ਰਾਵਲ ਸਣੇ ਜੂਹੀ ਚਾਵਲਾ, ਸੁਹੇਲ ਨਈਅਰ, ਤਾਰਕ ਰੈਨਾ, ਸਤੀਸ਼ ਕੌਸ਼ਿਕ, ਸ਼ੀਬਾ ਚੱਢਾ ਅਤੇ ਈਸ਼ਾ ਤਲਵਾਰ ਨਜ਼ਰ ਆਉਣਗੇ।
ਇਸ ਫ਼ਿਲਮ ਦਾ ਨਿਰਮਾਣ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖ਼ਤਰ ਵੱਲੋਂ ਮੈਕਗਫਿਨ ਪਿਕਚਰਜ਼ ਦੇ ਹਨੀ ਤ੍ਰੇਹਨ ਅਤੇ ਅਭਿਸ਼ੇਕ ਚੌਬੇ ਦੇ ਸਹਿਯੋਗ ਨਾਲ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਗਿਆ ਹੈ। ਐਕਸਲ ਐਂਟਰਟੇਨਮੈਂਟ ਦੇ ਸਹਿ-ਸੰਸਥਾਪਕ ਰਿਤੇਸ਼ ਸਿਧਵਾਨੀ ਨੇ ਕਿਹਾ,‘‘ਅਸੀਂ ਹਮੇਸ਼ਾਂ ਐਕਸਲ ’ਤੇ ਘੜਮੱਸ ਪਾਉਣ ਵਾਲੀ ਕਹਾਣੀ ਅਤੇ ਜੀਵਨ ਦੇ ਅਜਿਹੇ ਕਿਰਦਾਰਾਂ ਨੂੰ ਲਿਆਉਂਦੇ ਹਾਂ ਜਿਹੜੇ ਯਾਦਗਾਰੀ ਅਤੇ ਦਿਲ ਟੁੰਬਣ ਵਾਲੇ ਹੋਣ। ‘ਸ਼ਰਮਾਜੀ ਨਮਕੀਨ’ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜੋ ਜ਼ਿੰਦਗੀ ਦੇ ਨਵੇਂ ਅਰਥ ਲੱਭਣ ਦੀ ਕੋਸ਼ਿਸ਼ ਕਰਦਾ ਹੈ। -ਆਈਏਐੱਨਐੱਸ