ਮੁੰਬਈ: ਮਸ਼ਹੂਰ ਅਦਾਕਾਰ ਕਰਨ ਕੁੰਦਰਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੀਤੇ ਦਿਨੀਂ ਹੋਏ ਕਤਲ ਦੀ ਨਿਖੇਧੀ ਕਰਦਿਆਂ ਦੁੱਖ ਪ੍ਰਗਟਾਇਆ ਹੈ। ਕਰਨ ਨੇ ‘ਡਾਂਸ ਦੀਵਾਨੇ ਜੂਨੀਅਰ’ ਸ਼ੋਅ ਦੇ ਸੈੱਟ ’ਤੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਇੱਕ ਟਵੀਟ ਦਾ ਨਤੀਜਾ ਕੀ ਹੋ ਸਕਦਾ ਹੈ? ਅਸੀਂ ਟਵੀਟ ਕਰਦੇ ਹਾਂ ਅਤੇ ਦੁੱਖ ਪ੍ਰਗਟਾਉਂਦੇ ਹਾਂ ਪਰ ਇੱਕ ਮਾਂ ਨੇ ਆਪਣਾ ਪੁੱਤਰ ਗੁਆ ਦਿੱਤਾ। ਮੈਂ ਕੁਝ ਵੀਡੀਓ ਦੇਖੀਆਂ ਹਨ ਅਤੇ ਇੰਨੇ ਭਾਵੁਕ ਦ੍ਰਿਸ਼ ਸਨ ਕਿ ਇਹ ਤੁਹਾਡੇ ਦਿਲ ਨੂੰ ਅੰਦਰੋਂ ਹਲੁੂਣਦੇ ਹਨ।’’ ਕਰਨ ਨੇ ਆਖਿਆ ਕਿ ਸਿੱਧੂ ਨੇ ਛੋਟੀ ਉਮਰੇ ਵੱਡਾ ਨਾਮ ਕਮਾਇਆ ਹੈ। ਉਸ ਨੇ ਕਿਹਾ, ‘‘ਉਸ ਦੀ ਉਮਰ 27-28 ਸਾਲ ਸੀ ਅਤੇ ਉਸ ਨੇ ਛੋਟੀ ਉਮਰ ਵਿੱਚ ਹੀ ਜ਼ਿੰਦਗੀ ਦਾ ਉੱਚਾ ਮੁਕਾਮ ਹਾਸਲ ਕੀਤਾ। ਪੰਜਾਬ ਵਿੱਚ ਦਿਨ-ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਮੈਨੂੰ ਇਸ ਦੀ ਸਮਝ ਨਹੀਂ ਆ ਰਹੀ।’’ ਕਰਨ ਨੇ ਕਿਹਾ, ‘‘ਮੈਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਇਹ ਇੱਕ ਸਿਆਸੀ ਮੁੱਦਾ ਹੈ। ਇਹ ਲੋਕ ਕੌਣ ਹਨ? ਅਤੇ ਇਹ ਕਿਵੇਂ ਵਾਪਰਿਆ? ਕਿਉਂਕਿ ਭਾਰਤ ਵਿੱਚ ਇਸ ਤਰ੍ਹਾਂ ਬੰਦੂਕਾਂ ਰੱਖਣ ਦੀ ਇਜਾਜ਼ਤ ਨਹੀਂ ਹੈ। ਮੁਆਫ਼ ਕਰਨਾ, ਪਰ ਇਹ ਅਫ਼ਗਾਨਿਸਤਾਨ ਨਹੀਂ ਹੈ ਜਿੱਥੇ ਕੋਈ ਵੀ ਹਥਿਆਰ ਲੈ ਕੇ ਘੁੰਮ ਸਕਦਾ ਹੈ। ਇਹ ਕਿਵੇਂ ਵਾਪਰਿਆ ਕਿਉਂਕਿ ਜਿਸ ਪੰਜਾਬ ਨੂੰ ਮੈਂ ਜਾਣਦਾ ਹਾਂ ਉਹ ਅਜਿਹਾ ਨਹੀਂ ਹੈ।’’ -ਆਈਏਐੱਨਐੱਸ