ਸੁਭਾਸ਼ ਪਰਿਹਾਰ
ਦੁਨੀਆ ਭਰ ਵਿੱਚ ਕਲਾਵਾਂ ਨੂੰ ਮੋਟੇ ਤੌਰ ’ਤੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-ਫਾਈਨ ਆਰਟਸ ਜਿਵੇਂ ਚਿੱਤਰਕਲਾ, ਮੂਰਤੀਕਲਾ, ਇਮਾਰਤਸਾਜ਼ੀ ਆਦਿ ਅਤੇ ਪ੍ਰਫੌਰਮਿੰਗ ਆਰਟਸ ਜਿਵੇਂ ਅਦਾਕਾਰੀ, ਨ੍ਰਿਤ, ਥੀਏਟਰ ਆਦਿ। ਪਹਿਲੇ ਵਿਸ਼ਵ ਯੁੱਧ ਤੀਕ ਇਹ ਵੰਡੀਆਂ ਬਿਲਕੁਲ ਸਪੱਸ਼ਟ ਸਨ, ਪਰ ਇਸ ਯੁੱਧ ਵਿੱਚ ਵੱਡੇ ਪੱਧਰ ‘ਤੇ ਹੋਈ ਤਬਾਹੀ ਨੇ ਆਰਥਿਕ ਅਤੇ ਸਮਾਜਿਕ ਖੇਤਰਾਂ ਨੂੰ ਤਾਂ ਝਟਕਾ ਦਿੱਤਾ ਹੀ, ਨਾਲ ਨਾਲ ਕਲਾ ਦੇ ਮਾਪਦੰਡ ਵੀ ਬਦਲ ਦਿੱਤੇ। ਵਿਜ਼ੂਅਲ (visual) ਕਲਾਵਾਂ ਦੇ ਖੇਤਰ ਵਿੱਚ ਇਸ ਝਟਕੇ ਦਾ ਪਹਿਲਾ ਪ੍ਰਗਟਾਵਾ ਫਰਾਂਸ ਵਿੱਚ ਹੋਇਆ, ਕਲਾ ਲਹਿਰ – ਦਾਦਾਵਾਦ (Dadaism) ਦੇ ਰੂਪ ਵਿੱਚ। ਕਲਾਕਾਰਾਂ ਨੇ ਬੁਰਜੂਆ ਕਦਰਾਂ-ਕੀਮਤਾਂ ਅਤੇ ਸੁਹਜ-ਸ਼ਾਸਤਰ ਦੇ ਪੁਰਾਤਨ ਨਿਯਮਾਂ ਨੂੰ ਚੁਣੌਤੀ ਦਿੱਤੀ ਅਤੇ ਪ੍ਰਗਟਾਅ ਦੀਆਂ ਨਵੀਆਂ ਜੁਗਤਾਂ ਲੱਭੀਆਂ। ਉਨ੍ਹਾਂ ਨੇ ਪ੍ਰਚੱਲਿਤ ਵਿਵੇਕੀ ਅਤੇ ਤਰਕਸ਼ੀਲ ਸੋਚ ਦੇ ਉਲਟ ਮੌਕਾ-ਮੇਲ਼, ਅਵਚੇਤਨ ਮਨ ਅਤੇ ਸਵੈ-ਚਾਲਤਤਾ ਦੀਆਂ ਵਿਧੀਆਂ ‘ਤੇ ਜ਼ੋਰ ਦਿੱਤਾ। ਕਲਾਵਾਂ ਨੂੰ ਵੰਡਦੀਆਂ ਰੇਖਾਵਾਂ ਧੁੰਦਲੀਆਂ ਕਰ ਦਿੱਤੀਆਂ। ਬਹੁਤ ਸਾਰੇ ਦਾਦਾਵਾਦੀਆਂ ਨੇ ਸਿੱਧੀ-ਸਿੱਧੀ ਚਿੱਤਰਕਾਰੀ ਜਾਂ ਸ਼ਿਲਪਕਾਰੀ ਦੀ ਬਜਾਏ ਕੋਲਾਜ (Collage) ਜਾਂ ਫੋਟੋਮੋਂਟੇਜ (Photomontage) ਸਿਰਜਣ ਅਤੇ ਬਣੀ-ਬਣਾਈ ਵਸਤੂ ਨੂੰ ਕਲਾਕ੍ਰਿਤ ਵਜੋਂ ਮਾਨਤਾ ਦੇਣ ਦੀ ਜੁਗਤ ਅਪਣਾਈ। ਇਸ ਨਵੀਂ ਕਲਾ-ਜੁਗਤ ਦੇ ਸਭ ਤੋਂ ਪਹਿਲੇ ਤਜਰਬੇ ਕੀਤੇ ਫਰਾਂਸੀਸੀ ਕਲਾਕਾਰ ਮਾਰਸੇਲ ਦੂਸ਼ਾਂ (Marcel Duchamp) ਨੇ। ਪੈਰਿਸ ਤੋਂ ਸ਼ੁਰੂ ਹੋਈ ਇਸ ਲਹਿਰ ਨੂੰ ਤੁਰਤ ਹੀ ਸਵਿਟਜ਼ਰਲੈਂਡ, ਜਰਮਨੀ ਅਤੇ ਅਮਰੀਕਾ ਦੇ ਕਲਾਕਾਰਾਂ ਨੇ ਵੀ ਅਪਣਾ ਲਿਆ।
ਕਲਾ ਦੇ ਇੱਕ ਵਾਰ ਹੱਦਾਂ-ਬੰਨੇ ਟੁੱਟਣ ਦੀ ਦੇਰ ਸੀ ਕਿ ਇਹ ਵੱਖ-ਵੱਖ ਦਿਸ਼ਾਵਾਂ ਵਿੱਚ ਵਹਿ ਤੁਰੀ। ਇਸ ਵਿਚ ਪ੍ਰਫੌਰਮੈਂਸ ਆਰਟ (Performance Art) ਅਤੇ ਹੈਪਨਿੰਗਜ਼ (Happenings) ਵਰਗੀਆਂ ਨਵੀਂਆਂ ਵਿਧੀਆਂ ਵੀ ਸ਼ਾਮਲ ਹੋ ਗਈਆਂ। ਇਨ੍ਹਾਂ ਵਿਧੀਆਂ ਵਿੱਚ ਕਲਾਕਾਰ ਆਪ ਇੱਕਲਿਆਂ ਜਾਂ ਹੋਰਾਂ ਨਾਲ ਮਿਲ ਕੇ ਜਨਤਾ ਸਾਹਮਣੇ ਕਿਸੇ ਘਟਨਾ ਜਾਂ ਸਥਿਤੀ ਦੀ ਪੇਸ਼ਕਾਰੀ ਕਰਦਾ ਹੈ ਜਿਸ ਨੂੰ ਲਾਈਵ ਜਾਂ ਫਿਲਮਾਂਕਣ ਕਰਕੇ ਬਾਅਦ ਵਿੱਚ ਦੇਖਿਆ ਜਾ ਸਕਦਾ ਹੈ।
ਪੱਛਮੀ ਦੇਸ਼ਾਂ ਵਿੱਚ ਪੈਦਾ ਅਤੇ ਵਿਕਸਤ ਹੋਈਆਂ ਇਹ ਕਲਾ-ਜੁਗਤਾਂ ਬਾਕੀ ਦੁਨੀਆ ਵਿੱਚ ਵੀ ਫੈਲ ਗਈਆਂ। ਭਾਰਤੀ ਕਲਾ ਜਗਤ ਵੀ ਇਨ੍ਹਾਂ ਤੋਂ ਅਣਭਿੱਜ ਨਹੀਂ ਰਿਹਾ। ਪਰ ਇਸ ਨਵੀਂ ਕਲਾ-ਜੁਗਤ ਦੀ ਆਪਣੇ ਮੁਲਕ ਵਿੱਚ ਜਿੰਨੀ ਪ੍ਰਭਾਵਸ਼ਾਲੀ ਵਰਤੋਂ ਪੰਜਾਬ ਦੇ ਨੌਜਵਾਨ ਕਲਾਕਾਰ ਕੁਲਪ੍ਰੀਤ ਨੇ ਕੀਤੀ ਹੈ, ਉਸ ਦਾ ਕੋਈ ਸਾਨੀ ਨਹੀਂ। ਕੁਲਪ੍ਰੀਤ ਦੀ ਕਲਾ ਅੱਜ ਜਿਸ ਮੁਕਾਮ ‘ਤੇ ਹੈ, ਉਹ ਉਸ ਦੇ ਲੰਮੇ ਅਤੇ ਅਣਥੱਕ ਸਫ਼ਰ ਦਾ ਨਤੀਜਾ ਹੈ। ਇੱਥੇ ਪਹੁੰਚਣ ਲਈ ਉਸ ਨੂੰ ਪਟਿਆਲਾ ਦੇ ਖਾਲਸਾ ਕਾਲਜ, ਹੁਸ਼ਿਆਰਪੁਰ ਦੇ ਸਰਕਾਰੀ ਕਾਲਜ, ਦਿੱਲੀ ਦੀ ਜਾਮੀਆ-ਮਿਲੀਆ ਯੂਨੀਵਰਸਿਟੀ ਅਤੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚੋਂ ਲੰਘਦੇ ਬਹੁਤ ਵਿੰਙੇ-ਟੇਢੇ ਰਾਹਾਂ ‘ਤੇ ਤੁਰਨਾ ਪਿਆ। ਪਰ ਇਨ੍ਹਾਂ ਵਿੱਚੋਂ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਨੂੰ ਛੱਡ ਕੇ ਕੋਈ ਹੋਰ ਸੰਸਥਾ ਇਸ ਯੋਗ ਨਹੀਂ ਲੱਗਦੀ ਜੋ ਕੁਲਪ੍ਰੀਤ ਨੂੰ ਵਿਸ਼ਵ ਕਲਾ-ਦ੍ਰਿਸ਼ ਨਾਲ ਜੋੜ ਸਕਦੀ। ਉਂਜ ਵੀ ਆਪਣੇ ਵੱਖਰੇ ਸੁਭਾਅ ਕਾਰਨ ਉਹ ਆਪਣੇ ਆਪ ਨੂੰ ਹਰ ਜਗ੍ਹਾ ਮਿਸਫਿਟ ਹੀ ਮਹਿਸੂਸ ਕਰਦਾ ਰਿਹਾ। ਨਾ ਹੀ ਉਸ ਨੂੰ ਕੋਈ ਬੱਝਵੀਂ ਨੌਕਰੀ ਆਪਣੇ ਆਜ਼ਾਦੀ-ਪਸੰਦ ਸੁਭਾਅ ਦੇ ਅਨੁਕੂਲ ਲੱਗੀ। ਆਖ਼ੀਰ ਨੂੰ ਉਸ ਨੇ ਫ੍ਰੀ-ਲਾਂਸ ਕਲਾਕਾਰ ਹੋਣ ਦਾ ਰਾਹ ਚੁਣ ਲਿਆ ਅਤੇ ਇਸ ਉੱਤੇ ਨਿਰੰਤਰ ਅੱਗੇ ਵਧਦਾ ਰਿਹਾ। ਉਸ ਦਾ ਇਹ ਸਫ਼ਰ ਅਜੇ ਵੀ ਜਾਰੀ ਹੈ। ਉਂਜ ਵੀ ਕਲਾ-ਸਫ਼ਰ ਦੀ ਕੋਈ ਮੰਜ਼ਿਲ ਹੁੰਦੀ ਹੀ ਨਹੀਂ, ਨਿਰੰਤਰ ਯਾਤਰਾ ਹੀ ਇਸ ਦੀ ਮੰਜ਼ਿਲ ਹੈ।
ਦਿੱਲੀ ਵਿੱਚ ਕਿਸਾਨਾਂ ਦੇ ਚੱਲੇ ਲੰਬੇ ਸੰਘਰਸ਼ ਦੌਰਾਨ ਕੋਈ ਵੀ ਕਲਾਕਾਰ ਇਸ ਹੱਕਾਂ ਦੀ ਲੜਾਈ ਤੋਂ ਅਣਭਿੱਜ ਨਾ ਰਿਹਾ, ਕੁਲਪ੍ਰੀਤ ਨੇ ਵੀ ਆਪਣਾ ਰੋਹ ਬਹੁਤ ਹੀ ਕਲਾਤਮਕ ਢੰਗ ਨਾਲ ਪ੍ਰਦਰਸ਼ਿਤ ਕੀਤਾ। ਅਜਿਹੇ ਹਾਲਾਤ ਵਿੱਚ ਬਹੁਤੀ ਸੰਭਾਵਨਾ ਇਹ ਹੁੰਦੀ ਹੈ ਕਿ ਕਲਾ ਪ੍ਰਾਪੇਗੰਡੇ ਦੇ ਪੱਧਰ ‘ਤੇ ਉੱਤਰ ਆਉਂਦੀ ਹੈ ਅਤੇ ਕਈ ਕਲਾਕਾਰਾਂ ਨੇ ਇੰਜ ਹੀ ਕੀਤਾ ਵੀ। ਉਹ ਪੇਂਟਿੰਗਜ਼ ਦੇ ਨਾਂ ’ਤੇ ਸਿੱਧ-ਪੱਧਰੇ ਪੋਸਟਰ ਬਣਾਉਂਦੇ ਰਹੇ, ਪਰ ਕੁਲਪ੍ਰੀਤ ਨੇ ਆਪਣੀ ਕਲਾ ਨਾਲ ਅਜਿਹਾ ਸਤਹੀਕਰਨ ਨਹੀਂ ਹੋਣ ਦਿੱਤਾ। ਉਸ ਨੇ ਆਪਣਾ ਗੁੱਸਾ ਉੱਚੇ-ਸੁੱਚੇ ਕਲਾਤਮਕ ਪੈਮਾਨਿਆਂ ਨਾਲ ਹੀ ਦਰਸਾਇਆ।
ਕੁਲਪ੍ਰੀਤ ਦੀ ਕ੍ਰਿਤ ‘ਦਿ ਇੰਡੈਲੀਬਲ ਬਲੈਕ’ (The Indelible Black) ਲੜੀ ਦੀ ਪਹਿਲੀ ਪ੍ਰਫੌਰਮੈਂਸ ਵਿੱਚ ਕੀੜੀਆਂ ਵਰਗੀਆਂ ਆਕ੍ਰਿਤੀਆਂ ਵਿਸ਼ਾਲ ਸਫ਼ੈਦ ਕੈਨਵਸ ‘ਤੇ ਡਾਂਗਾਂ ਵਰ੍ਹਾਉਂਦੀਆਂ ਹਨ ਅਤੇ ਇੱਕ ਤਰ੍ਹਾਂ ਨਾਲ ਸਮੇਂ ਦੀ ਪਿੱਠ ‘ਤੇ ਕਾਲੇ ਅਮਿੱਟ ਨਿਸ਼ਾਨ ਬਣਾ ਦਿੰਦੀਆਂ ਹਨ। ਦਰਸ਼ਕ ਮਹਿਸੂਸ ਕਰਦਾ ਹੈ ਕਿ ਇਹ ਕਿਹੋ ਜਿਹਾ ਵਿਰੋਧਾਭਾਸ ਹੈ ਕਿ ਲੋਕਾਂ ‘ਤੇ ਥੋਪੇ ਟੈਕਸਾਂ ਨਾਲ ਬਣੀ ਮਿਲਟਰੀ ਅਤੇ ਪੁਲੀਸ ਉਨ੍ਹਾਂ ਹੀ ਲੋਕਾਂ ‘ਤੇ ਤਸ਼ਦੱਦ ਕਰਨ ਲਈ ਵਰਤੀ ਜਾਂਦੀ ਹੈ। ਮਿਲਟਰੀ ਅਤੇ ਪੁਲੀਸ ਵਿੱਚ ਵੀ ਹੁੰਦੇ ਤਾਂ ਆਮ ਲੋਕ ਹੀ ਹਨ, ਪਰ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਹ ਸੱਤਾਧਾਰੀ ਦੇ ਹੱਥਾਂ ਵਿੱਚ ਡੰਡੇ ਬਣ ਜਾਂਦੇ ਹਨ। ਕੁਲਪ੍ਰੀਤ ਨੇ ਇਸ ਪ੍ਰਫੌਰਮੈਂਸ ਦੀਆਂ ਕਲਿਪਾਂ ਨੂੰ ਅਸਲ ਘਟਨਾਵਾਂ ਦੀ ਫੁੱਟੇਜ਼ ਨਾਲ ਜੋੜ ਕੇ ਜੋ ਕਮਾਲ ਦਾ ਪ੍ਰਭਾਵ ਪੈਦਾ ਕੀਤਾ ਹੈ, ਉਸ ਨੂੰ ਸ਼ਬਦਾਂ ਵਿੱਚ ਫੜਨਾ ਅਸੰਭਵ ਹੈ। ਇਸੇ ਲੜੀ ਵਿੱਚ ਸਿਰਜੀਆਂ ਉਸ ਦੀਆਂ ਬਾਕੀ ਦੋ ਕਿਰਤਾਂ ਵੀ ਇਸੇ ਉੱਚੇ ਪੱਧਰ ਦੀਆਂ ਹਨ। ਉਸ ਦੀ ਦ੍ਰਿਸ਼-ਫ੍ਰੇਮਿੰਗ, ਫੋਟੋਗ੍ਰਾਫੀ ਅਤੇ ਧੁਨੀ ਪ੍ਰਤੀ ਡੂੰਘੀ ਸਮਝ ਕਿਰਤਾਂ ਦੇ ਹਰੇਕ ਫਰੇਮ ਵਿੱਚ ਮੌਜੂਦ ਹੈ।
ਬਹੁਤੇ ਕਲਾਕਾਰ ਅਕਸਰ ਅਜਿਹੀਆਂ ਪੇਸ਼ਕਾਰੀਆਂ ਲਈ ਲਾਲ ਰੰਗ ਦੀ ਵਰਤੋਂ ਕਰਦੇ ਹਨ ਜੋ ਸੌਖੇ ਢੰਗ ਨਾਲ ਹੀ ਖ਼ੂਨ ਦਾ ਪ੍ਰਤੀਕ ਬਣ ਜਾਂਦਾ ਹੈ, ਪਰ ਕੁਲਪ੍ਰੀਤ ਦੀ ਸਿਰਫ਼ ਕਾਲੇ ਰੰਗ ਦੀ ਵਰਤੋਂ ਆਪਣੀ ਗੱਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਹਿੰਦੀ ਹੈ। ਮੈਨੂੰ ਇਹ ਕਹਿਣ ਵਿੱਚ ਰੱਤੀ ਭਰ ਵੀ ਗੁਰੇਜ਼ ਨਹੀਂ ਹੈ ਕਿ ਕੁਲਪ੍ਰੀਤ ਦਾ ਕੰਮ ਰਾਸ਼ਟਰੀ ਪੱਧਰ ਦਾ ਹੀ ਨਹੀਂ ਸਗੋਂ ਅੰਤਰ-ਰਾਸ਼ਟਰੀ ਪੱਧਰ ਦਾ ਹੈ। ਉਹ ਕਲਾ-ਜਗਤ ਦੀਆਂ ਘੁਣਤਰਾਂ ਤੋਂ ਅਣਜਾਣ ਇੱਕ ਸਹਿਜ-ਸੁਭਾਅ ਕਲਾਕਾਰ ਹੈ ਜੋ ਲੱਖਾਂ ਰੁਪਏ ਖਰਚ ਕੇ ਇਹ ਸਾਰਾ ਕੰਮ ਆਪਣੇ ਬੁੱਤੇ ‘ਤੇ ਕਰ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਦੀਆਂ ਕਲਾ ਅਕਾਦਮੀਆਂ ਨੂੰ ਚਾਹੀਦਾ ਹੈ ਕਿ ਉਸ ਦੀ ਕਲਾ ਨੂੰ ਵੱਡਾ ਪਲੈਟਫਾਰਮ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਦੇਣ।
ਸੰਪਰਕ: 98728-22417
10308155cd _kulpreet 1