ਗੁਰਬਿੰਦਰ ਸਿੰਘ ਮਾਣਕ
ਮਨੁੱਖੀ ਜੀਵਨ ਬੇਸ਼ੁਮਾਰ ਰੰਗਾਂ ਵਿਚ ਰੰਗਿਆ ਹੋਇਆ ਹੈ। ਇਹ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ ਤੇ ਸਮੇਂ ਅਨੁਸਾਰ ਇਸ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਬਹੁਤ ਘੱਟ ਅਜਿਹਾ ਵਾਪਰਦਾ ਹੈ ਕਿ ਕਿਸੇ ਮਨੁੱਖ ਦਾ ਜੀਵਨ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਆਖਰੀ ਪੜਾਅ ਤਕ ਇਕੋ ਜਿਹਾ ਰਿਹਾ ਹੋਵੇ। ਸਦੀਆਂ ਤੋਂ ਮਨੁੱਖ ਇਸ ਧਰਤੀ ’ਤੇ ਜੀਵਨ ਜੀਅ ਰਿਹਾ ਹੈ ਤੇ ਹਮੇਸ਼ਾਂ ਮਨੁੱਖੀ ਮਨ ਦੀ ਇਹ ਇੱਛਾ ਰਹੀ ਹੈ ਕਿ ਉਸ ਦਾ ਜੀਵਨ ਹੋਰ ਸੋਹਣਾ ਤੇ ਚੰਗੇਰਾ ਹੋਵੇ। ਇਹ ਗੱਲ ਜ਼ਰੂਰ ਹੈ ਕਿ ਸਦੀਆਂ ਪਹਿਲਾਂ ਮਨੁੱਖੀ ਜੀਵਨ ਕੁਦਰਤ ਦੇ ਅੰਗ-ਸੰਗ ਵਧੇਰੇ ਵਿਚਰਦਾ ਸੀ। ਅਜੋਕਾ ਮਨੁੱਖ ਵਿਕਾਸ ਦੀ ਅੰਨ੍ਹੀ ਹਨੇਰੀ ਵਿਚ ਉਲਝ ਕੇ ਕੁਦਰਤ ਤੋਂ ਦੂਰ ਜਾ ਰਿਹਾ ਹੈ ਤੇ ਦਿਨੋ-ਦਿਨ ਸੰਕਟਾਂ ਦਾ ਸ਼ਿਕਾਰ ਹੋ ਰਿਹਾ ਹੈ। ਆਸ ਹਮੇਸ਼ਾਂ ਮਨੁੱਖੀ ਜੀਵਨ ਦਾ ਥੰਮ੍ਹ ਰਹੀ ਹੈ। ਇਸ ਤੋਂ ਬਿਨਾਂ ਤਾਂ ਸ਼ਾਇਦ ਮਨੁੱਖੀ ਜੀਵਨ ਨੂੰ ਜਿਊਣਾ ਹੀ ਸੰਭਵ ਨਹੀਂ ਹੈ। ਜਿਹੜਾ ਵਿਅਕਤੀ ਆਸ ਦਾ ਪੱਲਾ ਛੇਤੀ ਛੱਡ ਬਹਿੰਦਾ ਹੈ, ਉਹ ਮੌਤ ਤੋਂ ਪਹਿਲਾਂ ਹੀ ਅਨੇਕਾਂ ਬਾਰ ਮਰਦਾ ਹੈ। ਸਿਆਣੇ ਕਹਿੰਦੇ ਹਨ ਕਿ ਇਹ ਜੀਵਨ ਆਸਾਂ ਦੇ ਸਹਾਰੇ ਹੀ ਚੱਲਦਾ ਹੈ। ਸੁੱਖ, ਦੁੱਖ ਜੀਵਨ ਦੀ ਪੈੜ ਦਾ ਹਿੱਸਾ ਹਨ। ਨਾ ਤਾਂ ਹਮੇਸ਼ਾਂ ਸੁੱਖਾਂ ਦੇ ਵਾਜੇ ਵੱਜਦੇ ਰਹਿੰਦੇ ਹਨ ਤੇ ਨਾ ਹੀ ਸਦਾ ਦੁੱਖਾਂ ਦੀ ਝੜੀ ਲੱਗੀ ਰਹਿੰਦੀ ਹੈ। ਜੇ ਦੋਵਾਂ ਸਥਿਤੀਆਂ ਵਿਚ ਹੀ ਮਨੁੱਖ ਸਹਿਜ ਤੇ ਅਡੋਲ ਰਹੇ ਤਾਂ ਜ਼ਿੰਦਗੀ ਸਾਵੀਂ ਪੱਧਰੀ ਚੱਲਦੀ ਰਹਿੰਦੀ ਹੈ।
ਕਿਸੇ ਸਥਿਤੀ ਤੋਂ ਉਤੇਜਿਤ ਹੋ ਕੇ ਡੋਲ ਜਾਣ ਨਾਲ ਸੰਕਟ ਹੋਰ ਗਹਿਰਾ ਹੋ ਜਾਂਦਾ ਹੈ। ਸਮਾਜਿਕ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਬਹੁਤੇ ਲੋਕ ਖੁਸ਼ੀ ਸਮੇਂ ਇਸ ਕਦਰ ਉਤੇਜਿਤ ਹੋ ਜਾਂਦੇ ਹਨ ਕਿ ਉਹ ਸਭ ਕੁਝ ਭੁੱਲ ਜਾਂਦੇ ਹਨ। ਹਾਲਾਂਕਿ ਖੁਸ਼ੀ ਤਾਂ ਮਨ ਦੀ ਨਿਵੇਕਲੀ ਸਥਿਤੀ ਦਾ ਨਾਂ ਹੈ। ਬਹੁਤੇ ਰੰਗ-ਤਮਾਸ਼ੇ, ਸ਼ੋਰ-ਸ਼ਰਾਬੇ ਜਾਂ ਢੋਲ-ਢਮੱਕੇ ਨਾਲ ਖੁਸ਼ੀ ਵਧਾਈ ਨਹੀਂ ਜਾ ਸਕਦੀ। ਖੁਸ਼ੀ ਨੂੰ ਆਪਣੇ ਪਿਆਰਿਆਂ ਨਾਲ ਸਾਂਝੀ ਕਰਕੇ ਹੋਰ ਦੂਣ ਸਵਾਇਆ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਗ਼ਮ ਜਾਂ ਉਦਾਸੀ ਸਮੇਂ ਵੀ ਗ਼ਮ ਦੇ ਡੂੰਘੇ ਭੰਵਰਾਂ ਵਿਚ ਗੁਆਚ ਜਾਣਾ ਜ਼ਿੰਦਗੀ ਦੀ ਵਾਸਤਵਿਕਤਾ ਤੋਂ ਮੂੰਹ ਮੋੜਨਾ ਹੈ। ਜੇ ਖੁਸ਼ੀ ਸਮੇਂ ਏਨੇ ਖੁਸ਼ ਨਾ ਹੋਈਏ ਕਿ ਗ਼ਮ ਭੁੱਲ ਹੀ ਜਾਈਏ ਤੇ ਗ਼ਮੀ ਸਮੇਂ ਏਨੇ ਉਦਾਸ ਨਾ ਹੋਈਏ ਕਿ ਖੁਸ਼ੀ ਢੂੰਡਣ ਲਈ ਕੋਈ ਯਤਨ ਹੀ ਨਾ ਕਰੀਏ ਤਾਂ ਇਹ ਜ਼ਿੰਦਗੀ ਦੇ ਸੱਚ ਤੋਂ ਮੁਨਕਰ ਹੋਣ ਵਾਲੀ ਗੱਲ ਹੈ।
ਮਨੁੱਖ ਦੇ ਹੌਸਲੇ ਦੀ ਅਸਲੀ ਪਰਖ ਤਾਂ ਸੰਕਟ ਦੇ ਸਮੇਂ ਹੀ ਹੁੰਦੀ ਹੈ। ਜੇ ਮੁਸੀਬਤ ਸਮੇਂ ਆਸ ਦੀ ਕੋਈ ਕਿਰਨ ਮਘਦੀ ਨਾ ਰਹੇ ਤਾਂ ਦੁੱਖਾਂ ਦਰਦਾਂ ਦੀ ਸੰਵੇਦਨਾ ਬਹੁਤ ਤੀਬਰ ਹੋ ਜਾਂਦੀ ਹੈ। ਕਿਸੇ ਵੀ ਔਖੀ ਸਥਿਤੀ ਸਮੇਂ ਜ਼ਬਤ ਤੇ ਹੌਸਲੇ ਦਾ ਪੱਲਾ ਛੱਡ ਬਹਿਣਾ ਜ਼ਿੰਦਗੀ ਨੂੰ ਬਿਖੜੇ ਰਾਹਾਂ ’ਤੇ ਤੋਰਨ ਦੇ ਤੁਲ ਹੈ। ਮਨ ਵਿਚ ਆਸ ਦੀ ਕਿਰਨ ਹੋਵੇ ਤੇ ਹੌਸਲੇ ਦਾ ਪੱਲਾ ਘੁੱਟ ਕੇ ਫੜਿਆ ਹੋਵੇ ਤਾਂ ਮੁਸੀਬਤਾਂ ਦੇ ਕਈ ਭਵ-ਸਾਗਰ ਤਰੇ ਜਾ ਸਕਦੇ ਹਨ। ਸੁੱਖਾਂ ਦੇ ਸਮੇਂ ਨੂੰ ਤਾਂ ਬੰਦਾ ਰੰਗ ਤਮਾਸ਼ਿਆਂ ਵਿਚ ਮਾਣ ਲੈਂਦਾ ਹੈ, ਪਰ ਦੁੱਖਾਂ ਤੇ ਮੁਸੀਬਤਾਂ ਸਮੇਂ ਸਿਦਕ ਤੇ ਸਬਰ ਦਾ ਪੱਲਾ ਛੱਡ ਬਹਿੰਦਾ ਹੈ। ਦੁੱਖ ਸਮੇਂ ਮਨੁੱਖ ਨੂੰ ਜਾਪਦਾ ਹੀ ਇਹ ਹੈ ਕਿ ਕੁਦਰਤ ਉਸ ਨੂੰ ਹੀ ਕਿਉਂ ਵਧੇਰੇ ਦੁੱਖ ਦੇ ਰਹੀ ਹੈ। ਜਦੋਂ ਕਿ ਅਜਿਹਾ ਬਿਲਕੁਲ ਨਹੀਂ ਹੈ। ਕੁਦਰਤ ਦੇ ਵਰਤਾਰੇ ਵਿਚ ਕੋਈ ਵਿਤਕਰਾ ਨਹੀਂ ਹੈ। ਜੇ ਆਮ ਹਾਲਤਾਂ ਵਿਚ ਮਨੁੱਖ ਕਿਸੇ ਮੁਸੀਬਤ ਮਾਰੇ ਦੇ ਦੁੱਖ ਨੂੰ ਵੰਡਣ ਦੀ ਭਾਵਨਾ ਰੱਖਦਾ ਹੋਵੇ ਤਾਂ ਸੰਕਟ ਸਮੇਂ ਉਸ ਨੂੰ ਵੀ ਹੌਸਲਾ ਦੇਣ ਵਾਲਿਆਂ ਦੀ ਕਮੀ ਨਹੀਂ ਰਹਿੰਦੀ। ਬੀਤੇ ਸਮਿਆਂ ਵੱਲ ਇਕ ਨਜ਼ਰ ਮਾਰੀਏ ਤਾਂ ਅਨੇਕਾਂ ਦੁਖਦਾਈ ਤੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਸਾਡੇ ਇਤਿਹਾਸ ਦਾ ਹਿੱਸਾ ਹਨ।
ਸੰਤਾਲੀ ਦੀ ਵੰਡ ਸਮੇਂ ਅਨੇਕਾਂ ਲੋਕ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਨੂੰ ਪਿੱਛੇ ਛੱਡ ਖੂਨ ਦੇ ਅੱਥਰੂ ਵਹਾਉਂਦੇ ਘਰ-ਬਾਰ, ਮਾਲ-ਡੰਗਰ, ਜ਼ਮੀਨਾਂ ਜਾਇਦਾਦਾਂ, ਗਹਿਣੇ-ਗੱਟੇ ਗੱਲ ਕੀ ਖਾਲੀ ਹੱਥੀਂ ਜਿਊਦੀਆਂ ਲਾਸ਼ਾਂ ਬਣ ਕੇ ਸਰਹੱਦ ਦੇ ਆਰ-ਪਾਰ ਪਹੁੰਚੇ ਸਨ। ਸਭ ਕੁਝ ਗੁਆ ਕੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਇਕ ਪਾਸੇ ਮਨਾਂ ਵਿਚ ਦਰਦ ਦਾ ਤੂਫਾਨ ਉੱਠਿਆ ਹੋਵੇ ਤੇ ਦੂਜੇ ਪਾਸੇ ਤਕੜੇ ਹੌਸਲੇ ਤੇ ਜਿਗਰੇ ਦਾ ਪੱਲਾ ਫੜ ਕੇ ਜ਼ਿੰਦਗੀ ਵੱਲ ਪਰਤਣਾ ਕੋਈ ਛੋਟੀ ਗੱਲ ਨਹੀਂ ਹੈ। ਹੌਲੀ ਹੌਲੀ ਇਹ ਲੋਕ ਮਨਾਂ ਵਿਚ ਆਸਾਂ ਦੇ ਦੀਪ ਜਗਾ ਕੇ ਜ਼ਿੰਦਗੀ ਜਿਊਣ ਦੇ ਆਹਰ ਵਿਚ ਰੁਝ ਗਏ। ਧੰਨ ਨੇ ਉਹ ਲੋਕ ਜਿਨ੍ਹਾਂ ਨੇ ਸਭ ਕੁਝ ਬਰਬਾਦ ਹੋਣ ਦੇ ਬਾਵਜੂਦ ਅਡੋਲ ਰਹਿ ਕੇ ਦੁਬਾਰਾ ਕਿਰਤ ਦਾ ਰਾਹ ਚੁਣਿਆ ਤੇ ਮਿਹਨਤ ਦੇ ਬਲਬੂਤੇ ਜ਼ਿੰਦਗੀ ਦੀ ਹਾਰੀ ਬਾਜ਼ੀ ਜਿੱਤੀ। ਕਦੇ ਭੂਚਾਲ, ਕਦੇ ਸੁਨਾਮੀਆਂ, ਕਦੇ ਹੜ੍ਹ, ਕਦੇ ਦੰਗੇ-ਫਸਾਦ, ਕਦੇ ਅਤਿਵਾਦੀਆਂ ਦੀਆਂ ਗੋਲੀਆਂ ਤੇ ਹੋਰ ਵੀ ਬਹੁਤ ਕੁਝ ਅਜਿਹਾ ਹੈ ਜੋ ਆਪਣੇ ਤਨ ’ਤੇ ਹੰਢਾਅ ਕੇ ਲੋਕ ਕੁਕਨਸ ਦੀ ਤਰ੍ਹਾਂ ਫੇਰ ਆਪਣੀ ਰਾਖ ’ਚੋਂ ਉੱਠ ਖੜ੍ਹੇ ਹੁੰਦੇ ਹਨ।
ਸਰਹੱਦਾਂ ’ਤੇ ਲੜਦੇ ਫ਼ੌਜੀ ਜਵਾਨਾਂ ਦੇ ਪਰਿਵਾਰ ਆਸਾਂ ਦੇ ਸਹਾਰੇ ਹੀ ਜੀਵਨ ਗੁਜ਼ਾਰਦੇ ਹਨ। ਜੰਗ ਲੱਗੀ ਹੋਵੇ ਤਾਂ ਮਨਾਂ ਵਿਚ ਕਈ ਤੌਖਲੇ ਵੀ ਪੈਦਾ ਹੋ ਜਾਂਦੇ ਹਨ, ਪਰ ਬੁੱਢੀ ਮਾਂ ਦੀਆਂ ਅੱਖਾਂ ਵਿਚ ਆਸ ਦੀ ਇਕ ਕਿਰਨ ਹੁੰਦੀ ਹੈ ਕਿ ਉਸ ਦੇ ਜਿਗਰ ਦਾ ਟੋਟਾ ਇਕ ਦਿਨ ਸਹੀ ਸਲਾਮਤ ਪਰਤ ਆਵੇਗਾ। ਸੱਤ ਸਮੁੰਦਰੋਂ ਪਾਰ ਰੋਟੀ-ਰੋਜ਼ੀ ਲਈ ਜੂਝਦੇ ਪਰਦੇਸੀਆਂ ਦੇ ਪਰਿਵਾਰ ਆਸਾਂ ਦੇ ਸਹਾਰੇ ਹੀ ਕਈ ਕਈ ਸਾਲ ਕੱਢ ਲੈਂਦੇ ਹਨ। ਭਲੇ ਦਿਨਾਂ ਦੀ ਆਸ ਵਿਚ ਪ੍ਰਦੇਸਾਂ ਦੀਆਂ ਦੁਸ਼ਵਾਰੀਆਂ ਝੱਲਦੇ ਲੋਕ ਆਪਣੇ ਮਾਸੂਮ ਬੱਚਿਆਂ, ਬਿਰਹਾ ਦੀ ਅਗਨੀ ਵਿਚ ਸੜਦੀਆਂ ਜੀਵਨ-ਸਾਥਣਾਂ ਤੇ ਮੋਹ ਦੇ ਅੱਥਰੂ ਵਹਾਉਂਦੀਆਂ ਮਾਵਾਂ ਨੂੰ ਮਿਲਣ ਲਈ ਤੜਫਦੇ ਰਹਿੰਦੇ ਹਨ। ਸ਼ਗਨਾਂ ਦੀ ਮਹਿੰਦੀ ਦਾ ਰੰਗ ਅਜੇ ਫਿੱਕਾ ਵੀ ਨਹੀਂ ਹੋਇਆ ਹੁੰਦਾ ਕਿ ਸਾਥੀ ਦੂਰ ਪਰਦੇਸ ਨੂੰ ਉਡਾਰੀ ਮਾਰ ਜਾਂਦਾ ਹੈ।
ਮਨੁੱਖ ਦੇ ਅੰਦਰੋਂ ਆਸ ਦੀ ਚਿਣਗ ਮੁੱਕ ਜਾਵੇ ਤਾਂ ਸਰੀਰ ਮੁਰਦਾ ਹੋ ਜਾਂਦਾ ਹੈ। ਆਸ ਦੇ ਸਹਾਰੇ ਮਨੁੱਖ ਪਹਾੜ ਜਿੱਡੀਆਂ ਮੁਸੀਬਤਾਂ ਨੂੰ ਵੀ ਬਰਦਾਸ਼ਤ ਕਰ ਲੈਂਦਾ ਹੈ। ਘਰ ਵਿਚ ਜਨਮੇ ਬੱਚੇ ਦੀ ਆਮਦ ਦੇ ਨਾਲ ਹੀ ਮਾਪੇ ਉਸ ਦੀ ਜ਼ਿੰਦਗੀ ਬਾਰੇ ਕਈ ਤਰ੍ਹਾਂ ਦੀਆਂ ਆਸਾਂ ਲਗਾ ਲੈਂਦੇ ਹਨ। ਉੱਚ-ਪੱਧਰ ਦੀ ਪੜ੍ਹਾਈ, ਉੱਚਾ ਅਹੁਦਾ ਤੇ ਵਿਆਹ-ਸ਼ਾਦੀ ਬਾਰੇ ਮਾਪੇ ਆਪਣੇ ਮਨਾਂ ਵਿਚ ਆਸਾਂ ਦੇ ਕਈ ਮਹਿਲ ਉਸਾਰ ਲੈਂਦੇ ਹਨ। ਮਨੁੱਖ ਕਦੇ ਕਦੇ ਨਿਰਾਸ਼ਾ ਦੇ ਆਲਮ ਵਿਚ ਵੀ ਵਿਚਰਦਾ ਹੈ, ਪਰ ਆਸ ਦੀ ਕਿਰਨ ਮਨੁੱਖ ਦੇ ਮਨ ਵਿਚ ਜ਼ਿੰਦਗੀ ਜਿਊਣ ਦਾ ਚਾਅ ਤੇ ਉਮਾਹ ਪੈਦਾ ਕਰੀ ਰੱਖਦੀ ਹੈ। ਹਰ ਮਿਹਨਤੀ ਵਿਅਕਤੀ ਆਸਾਂ ਦੇ ਸਹਾਰੇ ਹੀ ਆਪਣੇ ਕੰਮ ਵਿਚ ਜੁਟਿਆ ਰਹਿੰਦਾ ਹੈ। ਜੇ ਆਸ ਨਾ ਹੋਵੇ ਤਾਂ ਮਨੁੱਖੀ ਮਨ ਵਿਚੋਂ ਜ਼ਿੰਦਗੀ ਜਿਊਣ ਦੀ ਤਮੰਨਾ ਹੀ ਮਰ ਜਾਵੇ ਤੇ ਜੇ ਮਨੁੱਖ ਦੇ ਅੰਦਰੋਂ ਤਾਂਘ ਹੀ ਮੁੱਕ ਜਾਵੇ ਤਾਂ ਸਾਰੇ ਸੰਸਾਰ ਦਾ ਕਾਰੋਬਾਰ ਕਿਵੇਂ ਚੱਲੇਗਾ। ਹਰ ਕਾਰਜ ਦੀ ਸਫਲਤਾ ਪਿੱਛੇ ਮਿਹਨਤ ਦੇ ਨਾਲ ਨਾਲ ਆਸ਼ਾਵਾਦੀ ਸੋਚ ਦਾ ਵੀ ਵੱਡਾ ਹੱਥ ਹੁੰਦਾ ਹੈ। ਢੇਰੀ ਢਾਅ ਕੇ
ਬਹਿ ਜਾਣ ਨਾਲ ਬੰਦਾ ਨਿਰਾਸ਼ਾ ਦੀ ਡੂੰਘੀ ਖਾਈ ਵਿਚ ਜਾ ਡਿੱਗਦਾ ਹੈ। ਜੇ ਮਨ ਵਿਚ ਹੌਸਲਾ ਹੋਵੇ ਤਾਂ ਮੁਸੀਬਤਾਂ ਦੇ ਸੰਘਣੇ ਬੱਦਲ ਵੀ ਛੇਤੀ ਹੀ ਛੰਡ ਜਾਂਦੇ ਹਨ। ਸਾਡੇ ਆਲੇ-ਦੁਆਲੇ ਬਹੁਤ ਲੋਕ ਅਜਿਹੇ ਹਨ ਜਿਨ੍ਹਾਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਸਫਲ ਹੋਏ।
ਕਿਸਾਨ, ਕਿਰਤੀ, ਕਾਮੇ ਤੇ ਲੱਖਾਂ ਦੀ ਗਿਣਤੀ ਵਿਚ ਹੋਰ ਲੋਕ ਆਪਣੇ ਹੱਕਾਂ ਲਈ ਕਈ ਮਹੀਨਿਆਂ ਤੋਂ ਅਨੇਕ ਦੁਸ਼ਵਾਰੀਆਂ ਨਾਲ ਜੂਝਦੇ ਬੁਲੰਦ ਹੌਸਲੇ ਨਾਲ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ। ਮਨ ਵਿਚ ਆਸ ਦੀ ਕਿਰਨ ਲਈ ਮਾਵਾਂ, ਦਾਦੀਆਂ, ਮੁਟਿਆਰਾਂ, ਗੱਭਰੂ ਤੇ ਬਜ਼ੁਰਗ ਬਾਬੇ ਇਸ ਸੰਘਰਸ਼ ਵਿਚ ਆਪਣਾ ਸੀਰ ਪਾ ਕੇ ਹੌਸਲਾ ਹਾਰ ਚੁੱਕੇ ਲੋਕਾਂ ਲਈ ਚਾਨਣ ਮੁਨਾਰਾ ਬਣ ਰਹੇ ਹਨ। ਚੰਗੇ ਦੀ ਆਸ ਰੱਖਣੀ ਜ਼ਿੰਦਗੀ ਪ੍ਰਤੀ ਸਾਰਥਿਕ ਨਜ਼ਰੀਆ ਹੈ ਤੇ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਆਸ ਦੀ ਕੰਨੀ ਛੱਡ ਦੇਣਾ ਨਿਰਾਸ਼ਾਵਾਦੀ ਸੋਚ ਦਾ ਪ੍ਰਗਟਾਵਾ ਹੈ। ਸਾਰਥਿਕ ਸੋਚ ਵਾਲੇ ਲੋਕ ਕਿੰਨੀ ਵੀ ਵੱਡੀ ਸਮੱਸਿਆ ਵਿਚ ਉਲਝੇ ਹੋਣ, ਉਹ ਕਦੇ ਵੀ ਜ਼ਿੰਦਗੀ ਤੋਂ ਹਾਰਨ ਦੀ ਗੱਲ ਨਹੀਂ ਸੋਚਦੇ। ਉਤਰਾਅ-ਚੜ੍ਹਾਅ ਜੀਵਨ ਤੋਰ ਦਾ ਹਿੱਸਾ ਹਨ ਤੇ ਬੇਆਸ ਹੋ ਕੇ ਜਿਉਣਾ ਕੋਈ ਜ਼ਿੰਦਗੀ ਨਹੀਂ ਹੈ। ਮੰਜ਼ਿਲ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਵੇ, ਪਰ ਆਸ ਦਾ ਇਕ ਨਿੱਕਾ ਜਿਹਾ ਦੀਵਾ ਟਿਮਟਮਾਉਂਦਾ ਰਹਿਣਾ ਚਾਹੀਦਾ ਹੈ। ਮਨ ਵਿਚ ਆਸਾਂ ਦੇ ਦੀਪ ਜਗਦੇ ਰਹਿਣ ਤਾਂ ਜ਼ਿੰਦਗੀ ਖੁਸ਼ਗਵਾਰ ਲੱਗਦੀ ਹੈ, ਪਰ ਜੇ ਆਸ ਦਾ ਦੀਵਾ ਬੁਝ ਜਾਵੇ ਤਾਂ ਜ਼ਿੰਦਗੀ ਹਨੇਰ ਬਣ ਜਾਂਦੀ ਹੈ।
ਸੰਪਰਕ: 98153-56086