ਮੁੰਬਈ, 1 ਅਪਰੈਲ
ਉੱਘੇ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦੇ ਕਰੋਨਾ ਪੀੜਤ ਹੋਣ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬੱਪੀ ਲਹਿਰੀ ਦੀ ਬੇਟੀ ਰੀਮਾ ਲਹਿਰੀ ਬਾਂਸਲ ਨੇ ਇਹ ਜਾਣਕਾਰੀ ਦਿੱਤੀ। ਰੀਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੱਲੋਂ ਪੂਰੀ ਇਹਤਿਆਤ ਵਰਤੀ ਜਾ ਰਹੀ ਸੀ, ਫਿਰ ਵੀ ਉਨ੍ਹਾਂ ਨੂੰ ਕਰੋਨਾ ਹੋ ਗਿਆ ਹੈ ਤੇ ਉਨ੍ਹਾਂ ਵਿੱਚ ਇਸ ਲਾਗ ਦੇ ਮਾਮੂਲੀ ਲੱਛਣ ਹਨ। ਉਨ੍ਹਾਂ ਨੂੰ ਇਹਤਿਆਤ ਵਜੋਂ ਇੱਥੋਂ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਨੇ ਕਿਹਾ ਕਿ ਉਹ ਜਲਦੀ ਠੀਕ ਹੋ ਜਾਣਗੇ ਤੇ ਘਰ ਪਰਤ ਆਉਣਗੇ। ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਦੁਆਵਾਂ ’ਚ ਰੱਖਣ ਲਈ ਤੁਹਾਡਾ ਧੰਨਵਾਦ।’ ਦੱਸਣਯੋਗ ਹੈ ਕਿ ਬੱਪੀ ਲਹਿਰੀ ਦੇ ਪ੍ਰਸ਼ੰਸਕ ਤੇ ਸਹਿ ਕਲਾਕਾਰ ਉਨ੍ਹਾਂ ਨੂੰ ‘ਬੱਪੀ ਦਾ’ ਕਹਿ ਕੇ ਬੁਲਾਉਂਦੇ ਹਨ। ਉਨ੍ਹਾਂ ਨੂੰ ਬੌਲੀਵੁੱਡ ਦੇ ‘ਡਿਸਕੋ ਕਿੰਗ’ ਵਜੋਂ ਮਾਣ ਦਿੱਤਾ ਜਾਂਦਾ ਹੈ। ਸੰਗੀਤਕਾਰ ਵਜੋਂ ਉਨ੍ਹਾਂ ਨੇ ਫਿਲਮਾਂ ‘ਡਿਸਕੋ ਡਾਂਸਰ’, ‘ਨਮਕ ਹਲਾਲ’, ‘ਡਾਂਸ ਡਾਂਸ’, ‘ਸ਼ਰਾਬੀ’ ਆਦਿ ਦੇ ਗੀਤਾਂ ਤੋਂ ਪ੍ਰਸਿੱਧੀ ਖੱਟੀ। 2011 ਵਿੱਚ ਉਨ੍ਹਾਂ ਨੇ ‘ਦਿ ਡਰਟੀ ਪਿਕਚਰ’ ਫਿਲਮ ਦੇ ਗੀਤ ‘ਊਹ ਲਾ ਲਾ’ ਨਾਲ ਗਾਇਕ ਵਜੋਂ ਵਾਪਸੀ ਕੀਤੀ। -ਆਈਏਐੱਨਐੱਸ