ਪ੍ਰਯਾਗਰਾਜ: ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ 1947 ਵਿੱਚ ਮਿਲੀ ਆਜ਼ਾਦੀ ਨੂੰ ਭੀਖ ਦੱਸਣ ਵਾਲੇ ਬਿਆਨ ’ਤੇ ਸਖ਼ਤ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਿੰਨਰ ਅਖਾੜੇ ਦੀ ਅਚਾਰੀਆ ਮਹਾਮੰਡਲੇਸ਼ਵਰ ਲਕਸ਼ਮੀ ਨਰਾਇਣ ਤ੍ਰਿਪਾਠੀ ਨੇ ਅਦਾਕਾਰਾ ਦੇ ਬਿਆਨ ਨੂੰ ਗਲਤ ਕਰਾਰ ਦਿੰਦਿਆਂ ਆਖਿਆ ਕਿ ਉਹ ਦੇਸ਼ ਦੇ ਲੋਕਾਂ ਕੋਲੋਂ ਮੁਆਫ਼ੀ ਮੰਗੇ ਅਤੇ ਆਪਣਾ ਬਿਆਨ ਵਾਪਸ ਲਵੇ। ਤ੍ਰਿਪਾਠੀ ਅਨੁਸਾਰ ਦੇਸ਼ ਦੀ ਆਜ਼ਾਦੀ ਬਾਰੇ ਬਿਆਨ ਜਮਹੂਰੀਅਤ ਅਤੇ ਸੰਵਿਧਾਨ ਦਾ ਅਪਮਾਨ ਹੈ। ਕਿੰਨਰ ਅਖਾੜੇ ਦੇ ਮੁਖੀ ਨੇ ਆਖਿਆ,‘‘ਬਹੁਤ ਸਾਰੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਦੇਸ਼ ਲਈ ਆਪਣਾ ਖੂਨ ਵਹਾਇਆ, ਸੱਤਿਆਗ੍ਰਹਿ ’ਚ ਸ਼ਾਮਲ ਹੋਏ ਅਤੇ ਆਪਣਾ ਸਭ ਕੁਝ ਵਾਰ ਕੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਦਿਵਾਈ। ਕੰਗਨਾ ਦਾ ਬਿਆਨ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦਾ ਨਿਰਾਦਰ ਹੈ।’’ ਤ੍ਰਿਪਾਠੀ ਨੇ ਆਖਿਆ ਕਿ ਭਾਵੇਂ ਕਿਸੇ ਨੇ ਦੇਸ਼ ਦੀ ਆਜ਼ਾਦੀ ’ਚ ਯੋਗਦਾਨ ਪਾਇਆ ਜਾਂ ਨਹੀਂ ਪਾਇਆ ਪਰ ਕਿਸੇ ਨੂੰ ਬੁਰਾ-ਭਲਾ ਕਹਿਣਾ ਠੀਕ ਨਹੀਂ ਅਤੇ ਕੰਗਨਾ ਦਾ ਬਿਆਨ ‘ਦੇਸ਼ਧ੍ਰੋਹ’ ਹੈ। ਉਨ੍ਹਾਂ ਆਖਿਆ ਕਿ ਪ੍ਰਸਿੱਧੀ ਖੱਟਣ ਲਈ ਅਜਿਹਾ ਬਿਆਨ ਦੇਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਉਨ੍ਹਾਂ ਆਖਿਆ,‘‘ਹਰ ਕੋਈ ਦੇਸ਼ ਦੀ ਆਜ਼ਾਦੀ ਲਈ ਲੜਿਆ ਭਾਵੇਂ ਉਹ ਕਾਂਗਰਸੀ ਸੀ, ਖੱਬੇ ਪੱਖੀ ਸੀ, ਸੰਘੀ ਜਾਂ ਸੱਜੇ ਪੱਖੀ ਧੜੇ ਨਾਲ ਸਬੰਧਤ ਸੀ। ਹਰ ਕਿਸੇ ਨੇ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਮੁਕਤ ਕਰਵਾਉਣ ’ਚ ਬਰਾਬਰ ਦਾ ਯੋਗਦਾਨ ਪਾਇਆ ਹੈ।’’ ਕਿੰਨਰ ਅਖਾੜੇ ਦੀ ਮੁਖੀ ਨੇ ਆਖਿਆ ਕਿ ਸਾਲ 2014 ਤੋਂ ਕੇਂਦਰ ’ਚ ਭਾਜਪਾ ਦੀ ਸਰਕਾਰ ਹੈ ਅਤੇ ਬਹੁਤ ਸਾਰੇ ਸੂਬਿਆਂ ਭਾਜਪਾ ਦੀਆਂ ਸਰਕਾਰਾਂ ਹਨ ਪਰ ਉਕਤ ਗੱਲ ਆਜ਼ਾਦੀ ਤੋਂ ਬਾਅਦ ਬਣੀਆਂ ਸਰਕਾਰਾਂ ਲਈ ਵੀ ਕਹੀ ਜਾ ਸਕਦੀ ਹੈ। -ਆਈਏਐੱਨਐੱਸ