ਮੁੰਬਈ: ਕੋਵਿਡ-19 ਤੋਂ ਉੱਭਰਨ ਮਗਰੋਂ ਅਦਾਕਾਰਾ ਕਾਜੋਲ ਨੇ ਰੇਵਤੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਸਿਨੇ ਜਗਤ ਦੀਆਂ ਇਹ ਵੱਡੀਆਂ ਹਸਤੀਆਂ ਅਗਲੀ ਫਿਲਮ ‘ਸਲਾਮ ਵੈਂਕੀ’ ਵਿੱਚ ਇਕੱਠੀਆਂ ਨਜ਼ਰ ਆ ਰਹੀਆਂ ਹਨ, ਜਿਸ ਦੀ ਸ਼ੂਟਿੰਗ ਅੱਜ ਸ਼ੁਰੂ ਹੋ ਗਈ ਹੈ। ਫਿਲਮ ਵਿੱਚ ਕਾਜੋਲ ਅਦਾਕਾਰੀ ਦਾ ਹੁਨਰ ਦਿਖਾਏਗੀ, ਜਦਕਿ ਰੇਵਤੀ ਨਿਰਦੇਸ਼ਕ ਦੀ ਕੁਰਸੀ ’ਤੇ ਬੈਠੇਗੀ। ਹਾਲਾਂਕਿ ਫਿਲਮ ਦੀ ਕਹਾਣੀ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਇੱਕ ਸੱਚੀ ਕਹਾਣੀ ਅਤੇ ਸੱਚੇ ਕਿਰਦਾਰਾਂ ’ਤੇ ਆਧਾਰਿਤ ਹੈ। ਫਿਲਮ ਵਿਚ ਇੱਕ ਮਾਂ ਦੀ ਕਹਾਣੀ ਦਿਖਾਈ ਜਾਵੇਗੀ, ਜੋ ਮੁਸ਼ਕਲ ਹਾਲਾਤ ਨਾਲ ਲੜਦੀ ਹੈ। ਫਿਲਮ ਦਾ ਨਿਰਮਾਣ ਸੂਰਜ ਸਿੰਘ, ਸ਼ਰਧਾ ਅਗਰਵਾਲ ਅਤੇ ਵਰਸ਼ਾ ਕੁਕਰੇਜਾ ਦੇ ਬੀਲਿਵ ਪ੍ਰੋਡਕਸ਼ਨ ਤੇ ਟੇਕ 23 ਸਟੂਡੀਓਜ਼ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ‘ਸਲਾਮ ਵੈਂਕੀ’ ਤੋਂ ਇਲਾਵਾ ਕਾਜੋਲ ਕੋਲ ਚਾਰ ਹੋਰ ਪ੍ਰਾਜੈਕਟ ਹਨ, ਜਿਨ੍ਹਾਂ ਵਿੱਚ ਅਮਲਾ ਪੌਲ ਨਾਲ ਜੈਲਲਿਤਾ ਦੀ ਆਤਮਕਥਾ ‘ਸਸੀ ਲਲਿਤਾ’ ਵਿੱਚ ਉਹ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਦਾ ਕਿਰਦਾਰ ਨਿਭਾ ਰਹੀ ਹੈ। ਧਨੁਸ਼ ਨਾਲ ਤਾਮਿਲ ਫਿਲਮ ‘ਵੇਲੈਲਾ ਪੱਟਾਧਾਰੀ 3’ ਅਤੇ ਰਾਜਕੁਮਾਰ ਹਿਰਾਨੀ ਦੀ ਅਨਾਮ ਕਾਮੇਡੀ ਫਿਲਮ ਵਿੱਚ ਉਹ ਸ਼ਾਹਰੁਖ ਖ਼ਾਨ ਨਾਲ ਦੁਬਾਰਾ ਕੰਮ ਕਰੇਗੀ। -ਆਈਏਐੱਨਐੱਸ