ਡਾ. ਸੁਰਿੰਦਰ ਕੁਮਾਰ ਜਿੰਦਲ
ਇਸ ਸਾਲ ਦੇ ਅੰਤ ’ਤੇ ਇਕ ਅਜੀਬ ਖਗੋਲੀ ਘਟਨਾ ਵਾਪਰਨ ਜਾ ਰਹੀ ਹੈ। ਅਸਲ ਵਿਚ ਪਿਛਲੇ ਕੁਝ ਸਮੇਂ ਤੋਂ ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿ ਇਕ ਦੂਜੇ ਦੇ ਲਗਾਤਾਰ ਨੇੜੇ ਆਉਂਦੇ ਜਾ ਰਹੇ ਪ੍ਰਤੀਤ ਹੋ ਰਹੇ ਹਨ। ਸੂਰਜ ਮੰਡਲ ਦੇ ਇਹ ਦੋ ਅਤਿ ਮਹੱਤਵਪੂਰਨ ਗ੍ਰਹਿ ਹਨ ਕਿਉਂਕਿ ਬ੍ਰਹਿਸਪਤੀ ਸੂਰਜ ਮੰਡਲ ਦਾ ਸਭ ਤੋਂ ਵੱਡਾ ਜਦੋਂਕਿ ਸ਼ਨੀ ਸੂਰਜ ਮੰਡਲ ਦਾ ਦੂਜਾ ਸਭ ਤੋਂ ਵੱਡਾ ਗ੍ਰਹਿ ਹੈ। 21 ਦਸੰਬਰ, 2020 ਨੂੰ ਇਹ ਦੋਵੇਂ ਗ੍ਰਹਿ ਇਕ-ਦੂਜੇ ਦੇ ਐਨਾ ਨੇੜੇ ਆ ਜਾਣਗੇ ਕਿ ਨੰਗੀ ਅੱਖ ਨਾਲ ਦੇਖਣ ’ਤੇ ਅਕਾਸ਼ ਵਿਚ ਇਨ੍ਹਾਂ ਨੂੰ ਅੱਡ-ਅੱਡ ਨਹੀਂ ਦੇਖਿਆ ਜਾ ਸਕੇਗਾ। ਅਜਿਹਾ ਵਰਤਾਰਾ 400 ਸਾਲਾਂ ਬਾਅਦ ਹੋਣ ਜਾ ਰਿਹਾ ਹੈ ਜਿਸ ਕਾਰਨ ਵਿਗਿਆਨ ਪ੍ਰੇਮੀਆਂ/ਪ੍ਰਚਾਰਕਾਂ ਅਤੇ ਖਗੋਲ ਸ਼ਾਸਤਰੀਆਂ ਵਿਚ ਇਸ ਪ੍ਰਤੀ ਕਾਫ਼ੀ ਉਤਸੁਕਤਾ ਬਣੀ ਹੋਈ ਹੈ।
ਅਸਲ ਵਿਚ ਯੁੱਗਾਂ-ਯੁਗਾਂਤਰਾਂ ਤੋਂ ਧਰਤੀ ਅਤੇ ਕੁਝ ਹੋਰ ਅਕਾਸ਼ੀ ਪਿੰਡ ਸੂਰਜ ਦੇ ਦੁਆਲੇ ਲਗਾਤਾਰ ਚੱਕਰ ਕੱਟ ਰਹੇ ਹਨ। ਇਨ੍ਹਾਂ ਸਭ ਦੇ ਮੇਲ ਤੋਂ ਸੂਰਜੀ ਪਰਿਵਾਰ ਜਾਂ ਸੂਰਜ ਮੰਡਲ ਬਣਦਾ ਹੈ। ਸੂਰਜੀ ਪਰਿਵਾਰ ਵਿਚ ਧਰਤੀ ਸਣੇ ਕੁੱਲ ਅੱਠ ਗ੍ਰਹਿ ਹਨ। ਇਨ੍ਹਾਂ ਵਿਚੋਂ ਚਾਰ ਗ੍ਰਹਿ ਧਰਤੀ ਵਾਂਗ ਠੋਸ ਹਨ ਜਦੋਂਕਿ ਬਾਕੀ ਦੇ ਚਾਰ ਗ੍ਰਹਿ ਗੈਸੀ ਗੋਲਿਆਂ ਦੇ ਰੂਪ ਵਿਚ ਹਨ। ਬ੍ਰਹਿਸਪਤੀ ਅਤੇ ਸ਼ਨੀ ਗੈਸੀ ਗ੍ਰਹਿ ਹੀ ਹਨ। ਧਰਤੀ ਤੋਂ ਦੇਖਿਆਂ ਇਹ ਦੋਵੇਂ ਗ੍ਰਹਿ ਸ਼ਾਮ ਹੁੰਦਿਆਂ ਤਾਰਿਆਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਅਕਾਸ਼ ਵਿਚ ਦਿਸਣਾ ਸ਼ੁਰੂ ਕਰ ਦਿੰਦੇ ਹਨ।
ਧਰਤੀ ਤੋਂ ਦੇਖਿਆਂ ਬ੍ਰਹਿਸਪਤੀ ਅਤੇ ਸ਼ਨੀ ਦੱਖਣ-ਪੱਛਮੀ ਅਕਾਸ਼ ਵਿਚ ਹਰ ਰੋਜ਼ ਦੋ ਤਾਰਿਆਂ ਦੇ ਰੂਪ ਵਿਚ ਸੂਰਜ ਦੇ ਛਿਪਦੇ ਸਾਰ ਸਭ ਤੋਂ ਪਹਿਲਾਂ ਦਿਸਣ ਲੱਗਣ ਵਾਲੇ ਦੋ ਤਾਰਿਆਂ ਦੇ ਰੂਪ ਵਿਚ ਉੱਭਰਦੇ ਹਨ। ਇਨ੍ਹਾਂ ਦੋਵਾਂ ਵਿਚੋਂ ਹੇਠਾਂ ਦਿਸਣ ਵਾਲਾ ‘ਤਾਰਾ’ ਬ੍ਰਹਿਸਪਤੀ ਗ੍ਰਹਿ ਜਦੋਂਕਿ ਉਸ ਤੋਂ ਕੁਝ ਉੱਪਰ ਦਿਸਣ ਵਾਲਾ ਮੱਧਮ ‘ਤਾਰਾ’ ਸ਼ਨੀ ਗ੍ਰਹਿ ਹੈ। ‘ਤਾਰਿਆਂ’ ਦੀ ਇਸ ਜੋੜੀ ਦੇ ਮੈਂਬਰ ਪਿਛਲੇ ਕੁਝ ਦਿਨਾਂ ਤੋਂ ਇਕ ਦੂਜੇ ਦੇ ਨੇੜੇ ਆ ਰਹੇ ਹਨ। 21 ਦਸੰਬਰ, 2020 ਨੂੰ ਇਹ ਦੋਵੇਂ ਗ੍ਰਹਿ ਇਕ-ਦੂਜੇ ਦੇ ਐਨਾ ਨੇੜੇ ਆ ਜਾਣਗੇ ਕਿ ਧਰਤੀ ਤੋਂ ਨੰਗੀ ਅੱਖ ਨਾਲ ਇਨ੍ਹਾਂ ਨੂੰ ਅੱਡ-ਅੱਡ ਨਹੀਂ ਦੇਖਿਆ ਜਾ ਸਕੇਗਾ। ਇਹ ਦੋਵੇਂ ਇਕਮਿਕ ਹੋਏ ਪ੍ਰਤੀਤ ਹੋਣਗੇ।
ਅਸਲ ਵਿਚ ਸੂਰਜੀ ਪਰਿਵਾਰ ਦੇ ਸਾਰੇ ਅੱਠ ਗ੍ਰਹਿ ਸੂਰਜ ਦੇ ਦੁਆਲੇ ਆਪੋ-ਆਪਣੇ ਪੰਧਾਂ ਵਿਚ ਸੂਰਜ ਦੀ ਪਰਿਕਰਮਾ ਕਰ ਰਹੇ ਹਨ। ਪਰਿਕਰਮਾ ਕਰਨ ਦੀ ਗਤੀ ਹਰ ਗ੍ਰਹਿ ਦੀ ਆਪਣੀ ਹੁੰਦੀ ਹੈ – ਕਿਸੇ ਦੀ ਘੱਟ ਤੇ ਕਿਸੇ ਦੀ ਵੱਧ। ਬ੍ਰਹਿਸਪਤੀ ਗ੍ਰਹਿ ਦੀ ਸੂਰਜ ਦੁਆਲੇ ਘੁੰਮਣ ਦੀ ਗਤੀ ਸ਼ਨੀ ਗ੍ਰਹਿ ਦੇ ਮੁਕਾਬਲੇ ਵੱਧ ਹੈ ਜਿਸ ਕਾਰਨ ਇਹ ਪਿੱਛੇ ਤੋਂ ਆਉਂਦੇ ਹੋਏ ਹੁਣ ਸ਼ਨੀ ਗ੍ਰਹਿ ਦੇ ਨਾਲ ਰਲਦਾ ਪ੍ਰਤੀਤ ਹੋ ਰਿਹਾ ਹੈ ਅਤੇ 21 ਦਸੰਬਰ ਨੂੰ ਇਹ ਸ਼ਨੀ ਗ੍ਰਹਿ ਦੇ ਮੁਕਾਬਲਤਨ ਅਜਿਹੀ ਸਥਿਤੀ ਵਿਚ ਪਹੁੰਚ ਜਾਵੇਗਾ ਕਿ ਧਰਤੀ ਤੋਂ ਦੇਖਿਆਂ ਇੰਜ ਪ੍ਰਤੀਤ ਹੋਵੇਗਾ ਜਿਵੇਂ ਇਹ ਦੋ ਨਹੀਂ ਇਕ ਤਾਰੇ ਦੇ ਰੂਪ ਵਿਚ ਹੋਣ। 21 ਦਸੰਬਰ ਤੋਂ ਬਾਅਦ ਇਨ੍ਹਾਂ ਵਿਚਲੀ ਦੂਰੀ ਫਿਰ ਵਧਣ ਲੱਗ ਪਵੇਗੀ। ਇਹ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਦੌੜ ਲਗਾਉਂਦੇ ਹੋਏ ਕੋਈ ਦੌੜਾਕ ਪਿੱਛੇ ਤੋਂ ਆ ਕੇ ਆਪਣੇ ਅੱਗੇ ਦੌੜ ਰਹੇ ਦੌੜਾਕ ਦੇ ਬਰਾਬਰ ਰਲ ਜਾਵੇ ਤੇ ਫੇਰ ਉਸ ਤੋਂ ਅੱਗੇ ਨਿਕਲ ਜਾਵੇ।
ਇਸ ਖਗੋਲੀ ਘਟਨਾ ਨੂੰ ਹੋਰ ਖਗੋਲੀ ਘਟਨਾਵਾਂ ਵਾਂਗ ਹੀ ਬੜੇ ਲੰਬੇ ਅਰਸੇ ਤੋਂ ਦੇਖਿਆ ਅਤੇ ਵਰਣਨ ਕੀਤਾ ਜਾ ਰਿਹਾ ਹੈ। ਰਵਾਇਤੀ ਭਾਰਤੀ ਭਾਸ਼ਾ ਵਿਚ ਇਸ ਨੂੰ ਦੋ ਗ੍ਰਹਿਆਂ ਦਾ ‘ਮਹਾਂ ਯੁੱਧ’ ਕਿਹਾ ਜਾਂਦਾ ਹੈ। ਇਸ ਨਾਮ ਕਾਰਨ ਕੁਝ ਅਦਾਰੇ ਅਤੇ ਲਾਲਚੀ ਕਿਸਮ ਦੇ ਵਿਅਕਤੀ ਇਹ ਕਹਿ ਕੇ ਲੋਕਾਂ ਵਿਚ ਸਹਿਮ ਅਤੇ ਵਹਿਮ ਦਾ ਮਾਹੌਲ ਪੈਦਾ ਕਰ ਰਹੇ ਹਨ ਕਿ 21 ਦਸੰਬਰ ਨੂੰ ਵਿਰਾਟ ਆਕਾਰੀ ਇਹ ਦੋ ਗ੍ਰਹਿ ਆਪਸ ਵਿਚ ਟਕਰਾਅ ਸਕਦੇ ਹਨ ਜਿਸ ਨਾਲ ਪਰਲੋ ਆ ਸਕਦੀ ਹੈ। ਦੋ ਅਜਿਹੇ ਗ੍ਰਹਿਆਂ ਜੋ ਕਿ ਸੂਰਜੀ ਪਰਿਵਾਰ ਦੇ ਸਭ ਤੋਂ ਵੱਡੇ ਗ੍ਰਹਿ ਹੋਣ ਦਾ ‘ਭੇੜ’ ਉਤਸੁਕਤਾ ਤਾਂ ਪੈਦਾ ਕਰਦਾ ਹੀ ਹੈ। ਜਾਣਕਾਰੀ ਦੀ ਘਾਟ ਡਰ ਵੀ ਪੈਦਾ ਕਰ ਦਿੰਦੀ ਹੈ।
ਸਹਿਮ ਤੋਂ ਬਚਣ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਸਹੀ ਜਾਣਕਾਰੀ ਨਾਲ ਲੈਸ ਹੋਣਾ। ਅਸਲ ਵਿਚ ਬਾਕੀ ਦੇ ਗ੍ਰਹਿਆਂ ਵਾਂਗ ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿ ਵੀ ਆਪੋ-ਆਪਣੇ ਪੰਧਾਂ ਵਿਚ ਸੂਰਜ ਦੇ ਦੁਆਲੇ ਘੁੰਮ ਰਹੇ ਹਨ। ਸ਼ਨੀ ਗ੍ਰਹਿ ਸੂਰਜ ਦੇ ਦੁਆਲੇ ਇਕ ਚੱਕਰ ਤਕਰੀਬਨ 29 ਸਾਲਾਂ ਵਿਚ ਪੂਰਾ ਕਰਦਾ ਹੈ ਜਦੋਂਕਿ ਬ੍ਰਹਿਸਪਤੀ ਇਸ ਕੰਮ ਲਈ ਤਕਰੀਬਨ 12 ਸਾਲ ਲੈਂਦਾ ਹੈ। ਬ੍ਰਹਿਸਪਤੀ ਦਾ ਘੁੰਮਣ ਪੰਧ ਕੇਂਦਰ ਵੱਲ ਨੂੰ ਜਦੋਂ ਕਿ ਸ਼ਨੀ ਦਾ ਬਾਹਰ ਵੱਲ ਨੂੰ ਹੈ, ਜਿਸ ਕਾਰਨ ਇਨ੍ਹਾਂ ਦੇ ਟਕਰਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਤਾਂ ਕੇਵਲ ਧਰਤੀ ਤੋਂ ਦੇਖਿਆਂ ਇਕਮਿਕ ਹੋਏ ਜਾਪਣਗੇ। ਉਸ ਦਿਨ ਤਾਂ ਸਗੋਂ ਇਹ ਦੋ ਗ੍ਰਹਿ ਇਕ-ਦੂਜੇ ਤੋਂ ਤਕਰੀਬਨ 60 ਕਰੋੜ ਕਿਲੋਮੀਟਰ ਦੂਰ ਹੋਣਗੇ। ਸੋ ਇਨ੍ਹਾਂ ਦੇ ਟਕਰਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਹ ਇਕ ਆਮ ਖਗੋਲੀ ਘਟਨਾ ਹੈ ਜਿਸ ਨੂੰ ਨੰਗੀ ਅੱਖ ਨਾਲ ਵੀ ਦੇਖਿਆ ਜਾ ਸਕਦਾ ਹੈ। ਇਸ ਘਟਨਾ ਦਾ ਧਰਤੀ ਉੱਪਰਲੇ ਜੀਵਨ ’ਤੇ ਕਿਸੇ ਵੀ ਕਿਸਮ ਦਾ ਕੋਈ ਵੀ ਮਾੜਾ ਜਾ ਚੰਗਾ ਅਸਰ ਨਹੀਂ ਪੈਣ ਵਾਲਾ। ਉਲਟਾ ਇਹ ਖਗੋਲੀ ਘਟਨਾ ਤਾਂ ਇਕ ਅਜਿਹਾ ਵਰਤਾਰਾ ਹੈ ਜਿਸ ਨੂੰ ਕੋਈ ਵੀ ਆਪਣੀ ਜ਼ਿੰਦਗੀ ਵਿਚ ਦੁਬਾਰਾ ਨਹੀਂ ਦੇਖ ਸਕੇਗਾ। ਸੋ, ਆਪਣੇ ਨੇੜੇ ਦੇ ਕਿਸੇ ਵੀ ਵਿਗਿਆਨ-ਅਧਿਆਪਕ ਜਾਂ ਵਿਗਿਆਨ-ਪ੍ਰਚਾਰਕ ਦੀ ਮਦਦ ਨਾਲ ਇਨ੍ਹਾਂ ਦੋ ਗ੍ਰਹਿਆਂ ਦੀ ਪਛਾਣ ਕਰਕੇ ਇਸ ਅਦਭੁਤ ਖਗੋਲੀ ਵਰਤਾਰੇ ਦਾ ਨਜ਼ਾਰਾ ਲੈਣਾ ਨਾਭੁੱਲਣਾ। ਵਿਦਿਆਰਥੀਆਂ ਲਈ ਇਹ ਖਗੋਲੀ ਵਰਤਾਰਾ ਦੇਖਣਾ ਹੋਰ ਵੀ ਗਿਆਨ-ਵਰਧਕ ਹੋ ਸਕਦਾ ਹੈ।
ਸੰਪਰਕ: 98761-35823