ਮੁੰਬਈ, 22 ਸਤੰਬਰ
ਵਿਸ਼ੇਸ਼ ਅਦਾਲਤ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਗ੍ਰਿਫ਼ਤਾਰ ਅਦਾਕਾਰ ਰੀਆ ਚੱਕਰਵਰਤੀ ਦੀ ਨਿਆਂਇਕ ਹਿਰਾਸਤ 6 ਅਕਤੂਬਰ ਤਕ ਵਧਾ ਦਿੱਤੀ ਹੈ। ਬਿਊਰੋ ਵੱਲੋਂ ਰੀਆ ਤੋਂ ਅਦਾਕਾਰ ਸੁਸ਼ਾਂਤ ਮੌਤ ਮਾਮਲੇ ਵਿੱਚ ਨਸ਼ਿਆਂ ਦੇ ਕੋਣ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਵਿਸ਼ੇਸ਼ ਸਰਕਾਰੀ ਵਕੀਲ ਅਤੁਲ ਸਰਪਾਂਡੇ ਨੇ ਕਿਹਾ ਕਿ ਰੀਆ ਨੂੰ ਵਿਸ਼ੇਸ਼ ਜੱਜ ਜੀ.ਬੀ.ਗੁਰਾਓ ਅੱਗੇ ਪੇਸ਼ ਕੀਤਾ ਗਿਆ, ਜਿਨ੍ਹਾਂ ਉਸ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ। ਸਰਪਾਂਡੇ ਨੇ ਕਿਹਾ ਕੇਸ ਨਾਲ ਸਬੰਧਤ ਹੋਰਨਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਰੀਆ ਤੇ ਉਸ ਦੇ ਭਰਾ ਸ਼ੌਵਿਕ ਨੇ ਅੱਜ ਬੰਬੇ ਹਾਈ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ, ਜਿਸ ’ਤੇ ਭਲਕੇ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਵਿਸ਼ੇਸ਼ ਐੱਨਡੀਪੀਐੱਸ ਅਦਾਲਤ ਨੇ 11 ਸਤੰਬਰ ਨੂੰ ਰੀਆ, ਉਸ ਦੇ ਭਰਾ ਸ਼ੌਵਿਕ ਤੇ ਹੋਰਨਾਂ ਦੀ ਇਹ ਕਹਿੰਦਿਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ ਕਿ ਹਾਲ ਦੀ ਘੜੀ ਅਜਿਹਾ ਕੋਈ ਵੀ ‘ਵਾਜਬ ਆਧਾਰ’ ਨਜ਼ਰ ਨਹੀਂ ਆਉੁਂਦਾ ਜਿਸ ਤੋਂ ਇਹ ਸਾਬਤ ਹੋਵੇ ਕਿ ਮੁਲਜ਼ਮਾਂ ਦਾ ਅਪਰਾਧ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਸਬਅਰਬਨ ਬਾਂਦਰਾ ਸਥਿਤ ਆਪਣੀ ਰਿਹਾਇਸ਼ ਵਿੱਚ ਪੱਖੇ ਨਾਲ ਲਟਕਦਾ ਮਿਲਿਆ ਸੀ। ਸੀਬੀਆਈ ਵੱਲੋਂ ਚੱਕਰਬਰਤੀ ਤੇ ਹੋਰਨਾਂ ਖਿਲਾਫ਼ ਵੱਖਰੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ