ਰੰਗਮੰਚ ਜਿੱਥੇ ਆਮ ਤੌਰ ’ਤੇ ਸਮਾਜ ਨੂੰ ਅਸਰ ਅੰਦਾਜ਼ ਕਰਦਾ ਹੈ, ਉੱਥੇ ਖਾਸ ਤੌਰ ’ਤੇ ਰੰਗਮੰਚ ਨਾਲ ਸਿੱਧਾ ਸਬੰਧ ਰੱਖਣ ਵਾਲੇ ਰੰਗਕਰਮੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਰੰਗਮੰਚ ਦਾ ਸਮਾਜਿਕ ਸਰੋਕਾਰਾਂ ਅਤੇ ਮਸਲਿਆਂ ਨੂੰ ਮੁਖ਼ਾਤਬਿ ਹੋਣ ਕਾਰਨ ਸਮਾਜ ’ਤੇ ਗਹਿਰਾ ਅਸਰ ਪੈਂਦਾ ਹੈ। ਰੰਗਮੰਚ ਨਾਲ ਸਿੱਧਾ ਸਬੰਧ ਰੱਖਣ ਵਾਲੇ ਰੰਗਕਰਮੀਆਂ ਦੇ ਵਿਅਕਤੀਤਵ ਵਿੱਚ ਖ਼ਾਸ ਕਿਸਮ ਦੀ ਤਬਦੀਲੀ ਅਤੇ ਸਵੈ ਭਰੋਸਾ ਪੈਦਾ ਕਰਨ ਵਿੱਚ ਵੀ ਰੰਗਮੰਚ ਅਹਿਮ ਭੂਮਿਕਾ ਅਦਾ ਕਰਦਾ ਹੈ।
ਰੰਗਮੰਚ ਭਾਰਤੀ ਸਿਨਮਾ ਤੋਂ ਸਦੀਆਂ ਪਹਿਲਾਂ ਵਜੂਦ ਵਿੱਚ ਆ ਚੁੱੱਕਾ ਸੀ। ਮਨੁੱਖ ਦੇ ਹੋਂਦ ਵਿੱਚ ਆਉਂਦੇ ਸਾਰ ਹੀ ਰੰਗਮੰਚ ਦਾ ਹੋਂਦ ਵਿੱਚ ਆਉਣਾ ਮੰਨਿਆ ਜਾਂਦਾ ਹੈ ਕਿਉਂਕਿ ਬੋਲਣ ਤੋਂ ਪਹਿਲਾਂ ਮਨੁੱਖ ਦਾ ਇਸ਼ਾਰਿਆਂ/ਹਾਵਾਂ-ਭਾਵਾਂ ਨਾਲ ਆਪਣੀਆਂ ਮਨੋਭਾਵਨਾਵਾਂ ਨੂੰ ਪ੍ਰਗਟ ਕਰਨਾ ਰੰਗਮੰਚ ਹੀ ਤਾਂ ਸੀ। ਪਰ ਵਿਧੀਬੱਧ ਤੌਰ ’ਤੇ ਵਿਸ਼ਵ ਰੰਗਮੰਚ ਛੇਵੀਂ ਸਦੀ (ਬੀ.ਸੀ.) ਦੌਰਾਨ ਪ੍ਰਾਚੀਨ ਯੂਨਾਨੀ ਨਾਟਕਾਂ ਦੇ ਮੰਚਣ ਰਾਹੀਂ ਹੋਂਦ ਵਿੱਚ ਆਇਆ। ਭਾਰਤੀ ਰੰਗਮੰਚ ਪੰਦਰਵੀਂ ਸਦੀ (ਬੀ.ਸੀ.) ਦੌਰਾਨ ਹੋਂਦ ਵਿੱਚ ਆਇਆ। ਪਹਿਲੀ ਸਦੀ ਵਿਚਕਾਰ ਉੱਭਰਿਆ ਤੇ ਪਹਿਲੀ ਸਦੀ ਅਤੇ ਦਸਵੀਂ ਸਦੀ ਦਰਮਿਆਨ ਵਿਕਸਤ ਹੋਇਆ। ਇਹ ਸਮਾਂ ਭਾਰਤ ਦੇ ਇਤਿਹਾਸ ਦਾ ਸ਼ਾਂਤੀਪੂਰਨ ਸਮਾਂ ਸੀ ਅਤੇ ਇਸ ਦੌਰਾਨ ਸੈਂਕੜੇ ਨਾਟਕ ਲਿਖੇ ਤੇ ਮੰਚਿਤ ਹੋਏ। ਭਾਰਤੀ ਰੰਗਮੰਚ ਦਾ ਮੂਲ ਰੂਪ ਸੰਸਕ੍ਰਿਤ ਰੰਗਮੰਚ ਸੀ। ਦਰਅਸਲ, ਵਿਸ਼ਵ ਰੰਗਮੰਚ ਪੱਚੀ ਸੌ ਸਾਲਾਂ ਦੌਰਾਨ ਵਿਗਸਿਆ, ਪਣਪਿਆ ਤੇ ਪ੍ਰਵਾਨ ਚੜ੍ਹਿਆ।
ਫਿਲਮਾਂ ਦਾ ਰਸਤਾ ਰੰਗਕਰਮੀ ਲਈ ਕੁਝ ਸੌਖਾਲਾ ਹੋ ਜਾਂਦਾ ਹੈ। ਫਿਲਮਾਂ ਦਾ ਤਕਨੀਕ ਪੱਖੋਂ ਵੱਖਰਾ ਹੋਣ ਕਾਰਨ ਇਹ ਵੀ ਲਾਜ਼ਮੀ ਨਹੀਂ ਹੈ ਕਿ ਸਫਲ ਰੰਗਕਰਮੀ ਫਿਲਮਾਂ ਵਿੱਚ ਵੀ ਸਫਲ ਹੋ ਜਾਵੇ। ਜਿਹੜਾ ਰੰਗਕਰਮੀ ਫਿਲਮੀ ਤਕਨੀਕ ਨਾਲ ਇਕ-ਮਿਕ ਹੋ ਜਾਂਦਾ ਹੈ ਜਾਂ ਕਹਿ ਲਈਏ ਜਾਣੂੰ ਹੋ ਜਾਂਦਾ ਹੈ ਤਾਂ ਫਿਲਮੀ ਖੇਤਰ ਵਿੱਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।
ਪੰਜਾਬ ਸਮੇਤ ਭਾਰਤ ਦੇ ਹਰ ਖਿੱਤੇ ਦੇ ਰੰਗਮੰਚ ਨੇ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਅਨੇਕਾਂ ਪ੍ਰਤਿਭਾਵਾਂ ਦਿੱਤੀਆਂ ਹਨ। ਜਿਨ੍ਹਾਂ ਰੰਗਮੰਚ ਦੇ ਨਾਲ ਨਾਲ ਫਿਲਮਾਂ ਵਿੱਚ ਵੀ ਆਪਣਾ ਲੋਹਾ ਮਨਵਾਇਆ ਹੈ। ਉਨ੍ਹਾਂ ਨੇ ਕੇਵਲ ਰੰਗਮੰਚ ਰਾਹੀਂ ਹੀ ਨਹੀਂ ਬਲਿਕ ਫਿਲਮਾਂ ਜ਼ਰੀਏ ਵੀ ਲੋਕ ਮਸਲੇ ਛੋਹੇ ਹਨ।
ਹਿੰਦੀ ਫਿਲਮਾਂ ਦੇ ਦਿਗਜ ਪ੍ਰਿਥਵੀ ਰਾਜ ਕਪੂਰ, ਰਾਜ ਕਪੂਰ, ਬਲਰਾਜ ਸਾਹਨੀ, ਸੰਜੀਵ ਕੁਮਾਰ, ਸ਼ੰਮੀ ਕਪੂਰ, ਭੀਸ਼ਮ ਸਾਹਨੀ, ਸਾਗਰ ਸਰਹੱਦੀ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਅੰਜਨ ਸ੍ਰੀਵਾਸਤਵ, ਸ਼ਬਾਨਾ ਆਜ਼ਮੀ, ਐੱਮ.ਐੱਸ. ਸਥਯੂ, ਫਾਰੁਖ ਸ਼ੇਖ, ਅਵਤਾਰ ਗਿੱਲ, ਰਾਕੇਸ਼ ਬੇਦੀ ਨੇ ਕੇਵਲ ਰੰਗਮੰਚ ਰਾਹੀਂ ਹਿੰਦੀ ਫਿਲਮਾਂ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ। ਬਲਕਿ ਅੱਠ ਦਹਾਕੇ ਪਹਿਲਾਂ ਭਾਰਤੀ ਸਭਿਆਚਾਰ ਅੰਦਰ ਇਨਕਲਾਬੀ ਤਬਦੀਲੀ ਲਿਆਉਣ ਵਾਲੀ ਸੰਸਥਾ ਇਪਟਾ ਦੀ ਸੋਚ ਉੱਪਰ ਵੀ ਡਟ ਕੇ ਪਹਿਰਾ ਦਿੱਤਾ। ਭਾਵੇਂ ਬੰਗਾਲ ਦਾ ਅਕਾਲ ਹੋਵੇ, ਆਜ਼ਾਦੀ ਦੀ ਲੜਾਈ ਜਾਂ ਕਿਸਾਨ ਅੰਦੋਲਨ ਹੋਵੇ। ਇਪਟਾ ਨੇ ਹਮੇਸ਼ਾਂ ਆਪਣੀ ਜ਼ਿੰਮੇਵਾਰੀ ਮੁਹਰਲੀ ਕਤਾਰ ਵਿੱਚ ਰਹਿ ਕੇ ਦਲੇਰੀ, ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ ਹੈ।
ਇਸੇ ਤਰ੍ਹਾਂ ਪੰਕਜ ਕਪੂਰ, ਓਮ ਪੁਰੀ, ਹਰਪਾਲ ਟਿਵਾਣਾ, ਨੀਨਾ ਟਿਵਾਣਾ, ਅਨੂਪਮ ਖੇਰ, ਰਤਨਾ ਪਾਠਕ, ਰਘਬੀਰ ਯਾਦਵ, ਇਰਫ਼ਾਨ ਖਾਨ, ਮਨੋਜ ਵਾਜਪਈ, ਯਸਪਾਲ ਸ਼ਰਮਾ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿੱਖਿਅਤ ਹੋ ਕੇ ਰੰਗਮੰਚ, ਹਿੰਦੀ ਅਤੇ ਖੇਤਰੀ ਸਿਨਮਾ ਵਿੱਚ ਆਪਣਾ ਨਿੱਗਰ ਯੋਗਦਾਨ ਪਾਇਆ।
ਬਿਹਤਰੀਨ ਕਲਾਕਾਰ ਅਤੇ ਨਫ਼ੀਸ ਇਨਸਾਨ ਸ੍ਰੀਰਾਮ ਲਾਗੂ, ਨਸੀਰੂਦੀਨ ਸ਼ਾਹ, ਸੀਮਾ ਬਿਸਵਾਸ, ਗਿਰੀਸ਼ ਕਰਨਾਡ, ਬੋਮਨ ਇਰਾਨੀ, ਸ਼ਾਹਰੁਖ ਖਾਨ, ਅਲੋਕ ਨਾਥ, ਰਾਜ ਪਾਲ ਯਾਦਵ, ਆਸ਼ੀਸ਼ ਵਿਦਿਆਰਥੀ, ਰਾਜ ਬੱਬਰ, ਕੁਲਭੂਸ਼ਨ ਖਰਬੰਦਾ, ਪਰੇਸ਼ ਰਾਵਲ, ਰੋਹਿਨੀ ਹਟੰਗੜੀ, ਕੰਗਣਾ ਰਣੌਤ, ਰਾਜਕੁਮਾਰ ਰਾਓ, ਨੰਦਿਤਾ ਦਾਸ, ਨਵਾਜ਼ੂਦੀਨ ਸਿੱਦੀਕੀ, ਰਾਧਿਕਾ ਆਪਟੇ, ਰਜਤ ਕਪੂਰ, ਰਿਚਾ ਚੱਢਾ, ਅਭੈ ਦਿਓਲ, ਪੁਨੀਤ ਈਸਰ ਨੇ ਬਿਨਾਂ ਕਿਸੇ ਸੰਸਥਾਗਤ ਸਿਖਲਾਈ ਤੋਂ ਵੱਖ-ਵੱਖ ਨਾਟ ਮੰਡਲੀਆਂ ਰਾਹੀਂ ਰੰਗਮੰਚ ਦੇ ਖੇਤਰ ਵਿੱਚ ਪ੍ਰਵੇਸ਼ ਕਰਕੇ ਆਪਣੀ ਅਦਾਕਾਰੀ ਦੇ ਜਲਵੇ ਬਖੇਰੇ। ਉਨ੍ਹਾਂ ਨੇ ਕਮਰਸ਼ੀਅਲ ਫਿਲਮਾਂ ਦੇ ਨਾਲ ਨਾਲ ਸਮਾਂਤਰ ਫਿਲਮਾਂ ਵਿੱਚ ਕੰਮ ਕਰਕੇ ਇਨਸਾਨੀਅਤ ਪ੍ਰਤੀ ਵੀ ਆਪਣਾ ਫਰਜ਼ ਨਿਭਾਇਆ।
ਪੰਜਾਬ ਵਿੱਚ ਰੰਗਮੰਚ ਤੋਂ ਫਿਲਮਾਂ ਵਿੱਚ ਆਏ ਰੰਗਕਰਮੀ ਅਤੇ ਪੰਜਾਬ ਵਿੱਚ ਸਰਗਰਮ ਇਪਟਾ ਕਾਰਕੁਨ ਦਵਿੰਦਰ ਦਮਨ, ਜਸਵੰਤ ਦਮਨ, ਡਾ. ਸਤੀਸ਼ ਵਰਮਾ, ਹਰਜੀਤ ਕੈਂਥ, ਅਸ਼ੋਕ ਪੁਰੀ, ਰਾਜਵਿੰਦਰ ਸਮਰਾਲਾ, ਬਲਕਾਰ ਸਿੱਧੂ, ਕਮਲ ਨੈਨ ਸਿੰਘ ਸੇਖੋਂ, ਸਵੈਰਾਜ ਸੰਧੂ, ਨਰਿੰਦਰ ਨੀਨਾ, ਰੰਜੀਵਨ ਸਿੰਘ, ਸੰਜੀਵ ਦੀਵਾਨ, ਜਸਬੀਰ ਗਿੱਲ, ਅਮਨ ਭੋਗਲ ਨੇ ਰੰਗਮੰਚ ਦੇ ਖੇਤਰ ਵਿੱਚ ਨਾਟ ਲੇਖਣੀ ਅਤੇ ਅਦਾਕਾਰੀ ਰਾਹੀਂ ਭਰਪੂਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਫਿਲਮਾਂ ਅਤੇ ਸੀਰੀਅਲਾਂ ਵਿੱਚ ਵੀ ਸਰਗਰਮੀ ਦਿਖਾਈ।
ਉਂਜ ਤਾਂ ਪੰਜਾਬੀ ਫਿਲਮ ਨਿਰਦੇਸ਼ਕ/ਨਿਰਮਾਤਾ ਕਿਸੇ ਕਿਸਮ ਦਾ ਜ਼ੋਖਮ ਲੈਣ ਦੋਂ ਪਾਸਾ ਵੱਟਦੇ ਹੋਏ ਆਪਣੀਆਂ ਫਿਲਮਾਂ ਵਿੱਚ ਹੀਰੋ/ਹੀਰੋਇਨ ਪਹਿਲਾਂ ਤੋਂ ਹੀ ਗਾਇਕੀ ਦੇ ਖੇਤਰ ਦੇ ਜਾਣੇ-ਪਛਾਣੇ ਚਿਹਰੇ ਲੈਣਾ ਸਹੀ ਸਮਝਦੇ ਹਨ, ਪਰ ਹਰੀਸ਼ ਵਰਮਾ, ਦੇਵ ਖਰੋੜ, ਬੀਨੂੰ ਢਿੱਲੋਂ, ਜਸਪਿੰਦਰ ਚੀਮਾ, ਸਾਵਣ ਰੂਪੋਵਾਲੀ ਨੇ ਰੰਗਮੰਚ ਤੋਂ ਹੁੰਦੇ ਹੋਏ ਫਿਲਮਾਂ ਵਿੱਚ ਵੀ ਆਪਣੀ ਗੋਲਣਯੋਗ ਥਾਂ ਬਣਾ ਲਈ ਹੈ।
ਦੇਸ਼/ਵਿਦੇਸ਼ ਵਿੱਚ ਰੰਗਕਰਮੀ ਦੇ ਤੌਰ ’ਤੇ ਆਪਣੀ ਪਛਾਣ ਬਣਾ ਚੁੱਕੀ ਨਿਰਮਲ ਰਿਸ਼ੀ, ਸਰਦਾਰ ਸੋਹੀ, ਜਤਿੰਦਰ ਕੌਰ, ਅਮਰੀਕ ਗਿੱਲ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ, ਬੀ. ਐੱਨ ਸ਼ਰਮਾ, ਗੁਰਪ੍ਰੀਤ ਘੁੱਗੀ, ਮੰਨਤ ਸਿੰਘ, ਦਿਲਾਵਰ ਸਿੱਧੂ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਬਨਇੰਦਰਜੀਤ ਬਨੀ, ਹਰਦੀਪ ਗਿੱਲ, ਏਕਤਾ ਬੀ. ਪੀ. ਸਿੰਘ, ਕੁਲ ਸਿੱਧੂ, ਨੀਟਾ ਮਹਿੰਦਰਾ, ਅਨੀਤਾ ਸ਼ਬਦੀਸ਼, ਬਲਜੀਤ ਜ਼ਖਮੀ, ਕੁਲਦੀਪ ਸ਼ਰਮਾ, ਲਖਵਿੰਦਰ ਸਿੰਘ, ਗੁਰਪ੍ਰੀਤ ਕੌਰ ਭੰਗੂ, ਸੈਵੀ ਸਤਵਿੰਦਰ ਕੌਰ, ਰਮਨਦੀਪ ਢਿੱਲੋਂ, ਡਾ. ਸਾਹਿਬ ਸਿੰਘ, ਰਾਜਿੰਦਰ ਰੋਜ਼ੀ ਫਿਲਮਾਂ ਅਤੇ ਟੀ.ਵੀ. ਸੀਰੀਅਲਾਂ ਵਿੱਚ ਵੀ ਬਿਹਤਰੀਨ ਕਾਰਗੁਜ਼ਾਰੀ ਦਿਖਾ ਰਹੇ ਹਨ।
ਇਸੇ ਤਰ੍ਹਾਂ ਸੁਨੀਤਾ ਧੀਰ, ਵਰਿਆਮ ਮਸਤ, ਹਰਜੀਤ ਕੈਂਥ, ਕਮਲ ਨੈਨ ਸਿੰਘ ਸੇਖੋਂ, ਰਾਣਾ ਰਣਬੀਰ, ਸੈਮੂਅਲ ਜੌਹਨ, ਲੱਖਾ ਲਹਿਰੀ, ਅਨੀਤਾ ਮੀਤ, ਰੁਪਿੰਦਰ ਕੌਰ ਰੂਪੀ, ਅਮਨ ਭੋਗਲ ਵੀ ਪੰਜਾਬੀ ਯੂਨੀਵਰਸਿਟੀ ਦੇ ਰੰਗਮੰਚ ਤੇ ਟੈਲੀਵਿਜ਼ਨ ਵਿਭਾਗ ਅਤੇ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਤੋਂ ਸਿਖਲਾਈ ਲੈ ਕੇ ਰੰਗਮੰਚ, ਪੰਜਾਬੀ ਸਿਨਮਾ ਅਤੇ ਟੀ. ਵੀ. ਸੀਰੀਅਲਾਂ ਵਿੱਚ ਸਰਗਰਮ ਹਨ।
ਇਹ ਵੀ ਦੇਖਣ ਵਿੱਚ ਆਇਆ ਹੈ ਕਿ ਹਿੰਦੀ ਅਤੇ ਖੇਤਰੀ ਫਿਲਮਾਂ ਜਾਂ ਟੀ.ਵੀ. ਸੀਰੀਅਲਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਤਕਰੀਬਨ ਬਹੁਤੇ ਰੰਗਕਰਮੀ ਆਪਣੇ ਪਹਿਲੇ ਸ਼ੌਕ ਰੰਗਮੰਚ ਲਈ ਇਸ਼ਕ ਬਰਕਰਾਰ ਰੱਖਦੇ ਹਨ। ਉਹ ਨਿੱਜੀ ਤੌਰ ’ਤੇ ਜਾਂ ਆਪਣੀਆਂ ਨਾਟ-ਮੰਡਲੀਆਂ ਨਾਲ ਰੰਗਮੰਚ ਦੇ ਖੇਤਰ ਵਿੱਚ ਵੀ ਸਰਗਰਮੀਆਂ ਜਾਰੀ ਰੱਖਦੇ ਹਨ। ਕਈ ਤਾਂ ਪੇਸ਼ੇ ਵੱਜੋਂ ਵਕੀਲ, ਅਧਿਆਪਕ ਜਾਂ ਕਿਸੇ ਹੋਰ ਵਿਭਾਗ ਵਿੱਚ ਮੁਲਾਜ਼ਮਤ ਵੀ ਕਰ ਰਹੇ ਹਨ। ਮਿਸਾਲ ਦੇ ਤੌਰ ’ਤੇ ਰਮਨਦੀਪ ਢਿੱਲੋਂ ਪੇਸ਼ੇ ਵੱਜੋਂ ਅਧਿਆਪਕ, ਨਰਿੰਦਰ ਪਾਲ ਨੀਨਾ ਜੂਨੀਅਰ ਇੰਜੀਨੀਅਰ, ਲਖਵਿੰਦਰ ਮੇਲ ਨਰਸ, ਰੰਜੀਵਨ ਸਿੰਘ ਵਕੀਲ ਹਨ।
ਕਿਸੇ ਵੀ ਕਿਸਮ ਦੇ ਬਦਲਾਅ ਨਾਲ ਇੱਕ ਵਾਰ ਤਾਂ ਚਿੰਤਾ ਹੋਣੀ ਕੁਦਰਤੀ ਹੈ। ਰੰਗਮੰਚ ਭਾਵੇਂ ਸਦੀਆਂ ਪਹਿਲਾਂ ਹੋਂਦ ਵਿੱਚ ਆ ਚੁੱਕਾ ਸੀ, ਪਰ ਸਿਨਮਾ, ਰੇਡਿਓ ਤੇ ਟੀ.ਵੀ. ਦੀ ਆਮਦ ਨੇ ਰੰਗਮੰਚੀ ਕਾਮਿਆਂ ਵਿੱਚ ਚਿੰਤਾ ਪੈਦਾ ਕੀਤੀ। ਪਰ ਸਮਾਂ ਪਾ ਕੇ ਇਹ ਇੱਕ ਦੂਜੇ ਦੇ ਪੂਰਕ ਬਣ ਗਏ। ਉਮੀਦ ਕੀਤੀ ਜਾ ਸਕਦੀ ਹੈ ਕਿ ਰੰਗਮੰਚ, ਫਿਲਮਾਂ ਅਤੇ ਟੀ.ਵੀ. ਸਮੇਤ ਹੋਰ ਸਾਰੇ ਮਨੋਰੰਜਨ ਦੇ ਚੈਨਲ ਇੱਕ ਦੂਜੇ ਦੇ ਪੂਰਕ ਬਣਨਗੇ।
ਸੰਪਰਕ: 94174-60656