ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਅੱਜ ਕਰੋੜਪਤੀ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੀ ਜਬਰੀ ਵਸੂਲੀ ਦੇ ਮਾਮਲੇ ’ਚ ਫਿਲਮ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਨੂੰ ਦਿੱਤੀ ਅੰਤਰਿਮ ਰਾਹਤ 10 ਨਵੰਬਰ ਤੱਕ ਵਧਾ ਦਿੱਤੀ ਹੈ। ਜ਼ਮਾਨਤ ਦੀ ਮਿਆਦ ਖ਼ਤਮ ਹੋਣ ਮਗਰੋਂ ਅਦਾਕਾਰਾ ਅੱਜ ਕੇਸ ਦੀ ਸੁਣਵਾਈ ਲਈ ਪਟਿਆਲਾ ਹਾਊਸ ਅਦਾਲਤ ’ਚ ਪੇਸ਼ ਹੋਈ ਜਿੱਥੇ ਅਦਾਲਤ ਨੇ ਉਸ ਦੀ ਅੰਤਰਿਮ ਰਾਹਤ 10 ਨਵੰਬਰ ਤੱਕ ਵਧਾ ਦਿੱਤੀ ਹੈ। ਅਦਾਲਤ 10 ਨਵੰਬਰ ਨੂੰ ਅਦਾਕਾਰਾ ਦੀ ਪੱਕੀ ਜ਼ਮਾਨਤ ਸਬੰਧੀ ਅਰਜ਼ੀ ’ਤੇ ਦਲੀਲਾਂ ਸੁਣੇਗੀ। ਇਸੇ ਤਾਰੀਕ ਨੂੰ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ ਜਾਵੇਗੀ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਲ ਹੀ ਵਿੱਚ ਆਪਣਾ ਦੂਜਾ ਪੂਰਕ ਦੋਸ਼ ਪੱਤਰ ਦਾਇਰ ਕੀਤਾ ਸੀ ਜਿਸ ’ਚ ਫਰਨਾਂਡੇਜ਼ ਨੂੰ ਇੱਕ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਫਰਨਾਂਡੇਜ਼ ਤੇ ਇੱਕ ਫਿਲਮ ਅਦਾਕਾਰਾ ਨੋਰਾ ਫਤੇਹੀ ਨੇ ਕੇਸ ’ਚ ਗਵਾਹ ਵਜੋਂ ਆਪਣੇ ਬਿਆਨ ਦਰਜ ਕਰਵਾਏ ਸਨ। ਦੂਜੇ ਪਾਸੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰਾ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੈਕਲਿਨ ਨੇ ਆਪਣੇ ਫੋਨ ’ਚੋਂ ਸਬੂਤ ਮਿਟਾ ਦਿੱਤੇ ਹਨ ਤੇ ਉਹ ਦੇਸ਼ ਛੱਡ ਕੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। –ਪੀਟੀਆਈ