ਚੇਨਈ: ਕ੍ਰਿਕਟ ਖਿਡਾਰੀ ਇਰਫਾਨ ਪਠਾਨ ਨਿਰਦੇਸ਼ਕ ਅਜੈ ਗਨਾਨਮੁੱਥੂ ਦੀ ਤੇਲਗੂ ਫਿਲਮ ‘ਕੋਬਰਾ’ ਰਾਹੀਂ ਅਦਾਕਾਰੀ ਵਿੱਚ ਪੈਰ ਧਰਨ ਜਾ ਰਿਹਾ ਹੈ। ਹਾਲ ਹੀ ਵਿੱਚ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਦੀ ਸਾਬਕਾ ਕ੍ਰਿਕਟ ਖਿਡਾਰੀ ਸੁਰੇਸ਼ ਰੈਨਾ ਤੇ ਅਦਾਕਾਰ ਸੁਨੀਲ ਸ਼ੈੱਟੀ ਵੱਲੋਂ ਸ਼ਲਾਘਾ ਕੀਤੀ ਗਈ। ਇਸ ਫਿਲਮ ਵਿੱਚ ਅਦਾਕਾਰ ਵਿਕਰਮ ਤੇ ਸ੍ਰੀਨਿਧੀ ਸ਼ੈੱਟੀ ਮੁੱਖ ਭੂਮਿਕਾਵਾਂ ਵਿੱਚ ਹਨ ਤੇ ਇਰਫਾਨ ਪਠਾਨ ਫ਼ਿਲਮ ਵਿੱਚ ‘ਕੋਬਰਾ’ ਨੂੰ ਲੱਭਣ ਵਾਲੇ ਜਾਂਚ ਅਧਿਕਾਰੀ ਦੀ ਭੂਮਿਕਾ ਨਿਭਾਅ ਰਿਹਾ ਹੈ। ਫ਼ਿਲਮ ਦਾ ਟਰੇਲਰ ਵੇਖਣ ਮਗਰੋਂ ਸਾਬਕਾ ਖਿਡਾਰੀ ਸੁਰੇਸ਼ ਰੈਨਾ ਨੇ ਟਵਿੱਟਰ ’ਤੇ ਇਰਫਾਨ ਪਠਾਨ ਨੂੰ ਅਦਾਕਾਰੀ ਦੇ ਖੇਤਰ ਵਿੱਚ ਆਪਣੇ ਪਹਿਲੇ ਪ੍ਰਾਜੈਕਟ ਲਈ ਵਧਾਈ ਦਿੱਤੀ। ਰੈਨਾ ਨੇ ਆਖਿਆ, ‘ਫ਼ਿਲਮ ‘ਕੋਬਰਾ’ ਵਿੱਚ ਤੁਹਾਨੂੰ ਅਦਾਕਾਰੀ ਕਰਦਾ ਵੇਖ ਕੇ ਮੈਂ ਬਹੁਤ ਖੁਸ਼ ਹਾਂ ਇਰਫਾਨ ਪਠਾਨ। ਇਹ ਇੱਕ ਮੁਕੰਮਲ ਐਕਸ਼ਨ ਫਿਲਮ ਹੈ। ਮੇੇਰੇ ਵੱਲੋਂ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।’ ਰੈਨਾ ਦੇ ਨਾਲ-ਨਾਲ ਅਦਾਕਾਰ ਸੁਨੀਲ ਸ਼ੈੱਟੀ ਨੇ ਵੀ ਟਵਿੱਟਰ ਰਾਹੀਂ ਇਰਫਾਨ ਖ਼ਾਨ ਨੂੰ ਵਧਾਈ ਦਿੱਤੀ ਹੈ ਅਤੇ ਆਖਿਆ, ‘ਸਹੀ ਮਾਅਨਿਆਂ ਵਿੱਚ ਹਰਫਨਮੌਲਾ ਇਰਫਾਨ ਪਠਾਨ। ਤੁਹਾਨੂੰ, ਵਿਕਰਮ ਤੇ ਫਿਲਮ ਦੇ ਸਾਰੇ ਅਮਲੇ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।’ ਜ਼ਿਕਰਯੋਗ ਹੈ ਕਿ ਇਹ ਫਿਲਮ ਵਿਸ਼ਵ ਪੱਧਰ ’ਤੇ 31 ਅਗਸਤ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ