ਨਰਿੰਦਰ ਸਿੰਘ
ਕਹਿੰਦੇ ਨੇ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ, ਜਦੋਂ ਤਕ ਭਾਰਤੀ ਹਾਕੀ ਟੀਮ ਦੁਨੀਆ ਵਿਚ ਛਾਈ ਰਹੀ ਇਸ ਨੂੰ ਕੌਮੀ ਖੇਡ ਦਾ ਦਰਜਾ ਦਿੱਤਾ ਗਿਅ। ਜਿਵੇਂ-ਜਿਵੇਂ ਇਹ ਹਸ਼ੀਏ ’ਤੇ ਜਾਂਦੀ ਰਹੀ ਇਸ ਦਾ ਰੁਤਬਾ ਖੁਸ ਗਿਆ। ਟੋਕੀਓ ਓਲੰਪਿਕਸ ਨੇ ਭਾਰਤੀ ਹਾਕੀ ਨੂੰ ਮੁੜ ਇੱਜ਼ਤਦਾਰ ਬਣਾ ਦਿੱਤਾ। ਇਸ ਲਈ ਸਭ ਤੋਂ ਵੱਧ ਵਧਾਈ ਦੇ ਪਾਤਰ ਨੇ ਟੀਮ ਚੁਣਨ ਵਾਲੇ। ਟੀਮ ਦੀ ਚੋਣ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਇਲਾਕਾਪ੍ਰਸਤੀ ਨੂੰ ਤਿਆਗਿਆ ਤੇ ਪ੍ਰਤਿਭਾ ਨੂੰ ਮੌਕਾ ਦਿੱਤਾ ਹੈ। ਚੋਣਕਾਰ ਜੇ ਇਲਾਕਾਪ੍ਰਸਤੀ ਤੇ ਧਰਮ ਦੇ ਚੱਕਰ ਵਿਚ ਪੈ ਜਾਂਦੇ ਤਾਂ ਜਿਹੜੇ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਹੈ ਉਹ ਨਸੀਬ ਨਹੀਂ ਸੀ ਹੋਣਾ। ਟੀਮ ਵਿਚ ਭਾਵੇਂ ਬਹੁਗਿਣਤੀ ਪੰਜਾਬੀਆਂ ਦੀ ਸੀ, ਪਰ ਇਸ ਓਲੰਪਿਕਸ ਵਿਚ ਜਿੱਤ ਦੇ ਜਸ਼ਨ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਮਨਾਏ ਜਾ ਰਹੇ ਹਨ। ਜ਼ਾਹਿਰ ਹੈ ਕਿ ਕਾਗਜ਼ਾਂ ਵਿਚੋਂ ਕੌਮੀ ਖੇਡ ਵਜੋਂ ਹਾਕੀ ਦਾ ਨਾਮ ਸਾਫ਼ ਕਰ ਦਿੱਤਾ ਗਿਆ, ਪਰ ਦਿਲਾਂ ਵਿਚ ਇਹ ਹਾਲੇ ਵੀ ਵੱਸਦੀ ਹੈ। ਹੈਰਾਨੀ ਹੈ ਕਿ ਜੇ ਇਹ ਦਿਲਾਂ ਵਿਚ ਵੱਸਦੀ ਹੈ ਤਾਂ ਤਗਮਿਆਂ ਤੋਂ ਦੂਰ ਕਿਵੇਂ ਹੋ ਗਈ। ਇਸ ਦੂਰੀ ਲਈ ਵੀ ਭਾਰਤ ਜ਼ਿੰਮੇਵਾਰ ਹੈ।
ਸਭ ਤੋਂ ਵੱਡੀ ਖਾਮੀ ਹੈ ਤਕਨਾਲੋਜੀ ਪੱਖੋਂ ਪੱਛੜ ਜਾਣਾ। ਜਿਵੇਂ ਹੀ ਕੌਮਾਂਤਰੀ ਹਾਕੀ ਫੈਡਰੇਸ਼ਨ ਦੀ ਸਰਦਾਰੀ ਏਸ਼ੀਆਈ ਹੱਥਾਂ ਵਿਚੋਂ ਖਿਸਕ ਕੇ ਯੂਰਪ ਦੇ ਹੱਥ ਵਿਚ ਗਈ ਭਾਰਤੀ ਹਾਕੀ ਗਰਕਣੀ ਸ਼ੁਰੂ ਹੋ ਗਈ। ਇਹ ਐਨੀ ਹੇਠਾਂ ਚਲੀ ਗਈ ਕਿ ਬਹੁਤ ਸਾਰੇ ਮਹਾਨ ਖਿਡਾਰੀ, ਜਿਹੜੇ ਬੀਤੇ 41 ਸਾਲਾਂ ਵਿਚ ਹੋਏ ਹਨ, ਓਲੰਪਿਕਸ ਦੇ ਤਗਮੇ ਨੂੰ ਤਰਸਦੇ ਹੀ ਰਹਿ ਗਏ। ਬੇਸ਼ੱਕ ਭਾਰਤ ਦੀ ਕਲਾਤਮਕ ਹਾਕੀ ਦਾ ਕੋਈ ਮੁਕਾਬਲਾ ਨਹੀਂ, ਪਰ ਤਕਨਾਲੋਜੀ ਨਹੀਂ ਹੈ। ਇਸ ਗੱਲ ਨੂੰ ਯੂਰਪੀਅਨ ਮੁਲਕ ਜਾਣਦੇ ਹਨ ਕਿ ਏਸ਼ੀਆਈ ਖ਼ਾਸ ਤੌਰ ’ਤੇ ਭਾਰਤੀ ਸਕਿੱਲ ਦਾ ਮੁਕਾਬਲਾ ਅਸੰਭਵ ਹੈ। ਇਸ ਲਈ ਯੂਰਪੀਅਨ ਮੁਲਕਾਂ ਨੇ ਹਾਕੀ ਦੀ ਸਰਦਾਰੀ ਹੱਥ ਆਉਣ ਤੋਂ ਤੁਰੰਤ ਬਾਅਦ ਸਭ ਤੋਂ ਪਹਿਲਾ ਕੰਮ ਤਕਨੀਕਾਂ ਨੂੰ ਬਦਲਣ ਦਾ ਕੀਤਾ। ਉਹ ਕੁਝ ਸਮੇਂ ਬਾਅਦ ਇਸ ਦੀਆਂ ਤਕਨੀਕਾਂ ਵਿਚ ਵਾਰ ਵਾਰ ਤਬਦੀਲੀ ਕਰਦੇ ਰਹੇ ਤੇ ਕਰ ਰਹੇ ਹਨ, ਚਾਹੇ ਉਹ ਹਾਕੀ ਹੋਵੇ, ਮੈਦਾਨ ਹੋਵੇ, ਖਿਡਾਰੀਆਂ ਬਾਰੇ ਹੋਏ ਜਾਂ ਖੇਡ ਬਾਰੇ ਹੋਵੇ। ਜਲਦ-ਜਲਦ ਆਈਆਂ ਤਬਦੀਲੀਆਂ ਨੂੰ ਭਾਰਤੀ ਹਾਕੀ ਸਹਿ ਨਹੀਂ ਸਕੀ। ਇਨ੍ਹਾਂ ਤਬਦੀਲੀਆਂ ਕਾਰਨ ਫਿਟਨੈੱਸ ਅਹਿਮ ਹੋ ਗਈ ਤੇ ਕਲਾਤਮਕ ਹਾਕੀ ਪੱਛੜ ਗਈ। ਇਸ ਵਾਰ ਭਾਰਤੀ ਖਿਡਾਰੀਆਂ ਨੇ ਇਸ ਫਿੱਟਨੈੱਸ ’ਤੇ ਕੰਮ ਕੀਤਾ। ਉਹ ਭਾਵੇਂ ਯੂਰਪੀਅਨ ਖਿਡਾਰੀਆਂ ਦੇ ਬਰਾਬਰ ਤਾਂ ਨਹੀਂ ਪੁੱਜੇ, ਪਰ ਨੇੜੇ ਜ਼ਰੂਰ ਆ ਗਏ ਹਨ, ਜਿਸ ਦਾ ਨਤੀਜਾ ਕਾਂਸੀ ਦਾ ਤਗਮਾ ਹੈ। ਜੇ ਇਹ ਫਿੱਟਨੈੱਸ ਹੋਰ ਚੰਗੀ ਹੋ ਗਈ ਤਾਂ ਸੋਨ ਤਗਮਾ ਪੱਕਾ।
ਕਹਿਣ ਨੂੰ ਤਾਂ ਇਸ ਵੇਲੇ ਕੌਮਾਂਤਰੀ ਹਾਕੀ ਫੈਡਰੇਸ਼ਨ ਦੀ ਪ੍ਰਧਾਨਗੀ ਭਾਰਤ ਕੋਲ ਹੈ, ਪਰ ਤਕਨੀਕੀ ਕਮੇਟੀਆਂ ਵਿਚ ਯੂਰਪ ਦੀ ਚੜ੍ਹਾਈ ਹੈ। ਦੂਜਿਆਂ ਨੂੰ ਦੋਸ਼ ਦੇਣ ਨਾਲੋਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ। ਹਾਕੀ ਖੇਡਦੇ ਹਾਲੈਂਡ, ਜਰਮਨੀ ਤੇ ਬੈਲਜੀਅਮ ਸਣੇ ਲਗਪਗ ਹਰ ਯੂਰਪੀਅਨ ਮੁਲਕ ਦੇ ਸਕੂਲਾਂ ਤੇ ਕਾਲਜਾਂ ਵਿਚ ਮਸਨੂਈ ਘਾਹ ਦੇ ਮੈਦਾਨ ਹਨ। ਭਾਰਤ ਵਿਚ ਲੱਭਣ ’ਤੇ ਵੀ ਅਜਿਹੇ ਮੈਦਾਨ ਨਹੀਂ ਮਿਲਦੇ, ਜਦੋਂ ਖਿਡਾਰੀ ਬਚਪਨ ਤੋਂ ਕੁਦਰਤੀ ਘਾਹ ਵਾਲੇ ਮੈਦਾਨ ਵਿਚ ਖੇਡੇਗਾ ਤਾਂ ਅਚਾਨਕ ਕੌਮੀ ਕੈਂਪ ਵਿਚ ਮਸਨੂਈ ਘਾਹ ’ਤੇ ਤਾਂ ਗੇਂਦ ਨਾ ਉਸ ਤੋਂ ਰੁਕੇਗੀ ਤੇ ਨਾ ਹੀ ਉਹ ਦੌੜ ਸਕੇਗਾ। ਇਸ ਕਾਰਨ ਬਹੁਤ ਸਾਰੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਖੇਡ ਖ਼ਤਮ ਹੋ ਜਾਂਦੀ ਹੈ। ਖਿਡਾਰੀਆਂ ਕੋਲ ਜੁੱਤਿਆਂ ਤੋਂ ਲੈ ਕੇ ਖੁਰਾਕ ਤਕ ਦੀ ਤੋਟ ਟੁੱਟਦੀ ਹੀ ਨਹੀਂ। ਖੇਡ ਵਿੰਗਾਂ ਦਾ ਹਾਲ ਬੜਾ ਖ਼ਰਾਬ ਹੈ।
ਮੈਨੂੰ ਚੇਤੇ ਹੈ ਜਦੋਂ ਮੈਂ ਪਟਿਆਲਾ ਸਥਿਤ ਦੇਸ਼ ਦੇ ਨਾਮੀ ਸੰਸਥਾਨ ਵਿਚ ਡਰੈਗ ਫਲਿੱਕਰ ਸੰਦੀਪ ਨੂੰ ਮਿਲਣ ਗਿਆ ਤਾਂ ਉਸ ਦੇ ਕਮਰੇ ਦਾ ਹਾਲ ਦੇਖ ਕੇ ਦੰਗ ਰਹਿ ਗਿਆ। ਛੋਟੇ ਜਿਹੇ ਕਮਰੇ ਵਿਚ ਦੋ ਪਲਾਈ ਵਾਲੇ ਮੰਜੇ ਤੇ ਗੰਦਾ ਸਿਰਹਾਣਾ। ਰਸੋਈ ਦਾ ਤਾਂ ਹਾਲ ਹੀ ਨਾ ਪੁੱਛੋ। ਇਹ ਹਾਲ ਉਸ ਵੇਲੇ ਦਾ ਹੈ ਜਦੋਂ ਸੰਦੀਪ ਕੌਮਾਂਤਰੀ ਪੱਧਰ ’ਤੇ ਨਾਮ ਬਣਾ ਚੁੱਕਿਆ ਸੀ। ਬਾਕੀ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੇਠਲੇ ਪੱਧਰ ’ਤੇ ਹਾਲ ਕੀ ਹੋਵੇਗਾ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਮੀਡੀਆ ਦਾ। ਕ੍ਰਿਕਟ ਨੂੰ ਛੱਡ ਕੇ ਭਾਰਤੀ ਮੀਡੀਆ ਨੂੰ ਸਿਰਫ਼ ਓਲੰਪਿਕਸ ਵੇਲੇ ਹੀ ਹੋਰ ਖੇਡਾਂ ਦੀ ਯਾਦ ਆਉਂਦੀ ਹੈ। ਉਹ ਹੋਰ ਖੇਡਾਂ ਨਾਲ ਚੌਥੇ ਦਰਜੇ ਦਾ ਵਿਹਾਰ ਕਰਦਾ ਹੈ।
ਹਾਕੀ ਜਾਦੂਗਰ ਧਿਆਨ ਚੰਦ ਨੂੰ ਭਾਰਤ ਰਤਨ ਦੇਣ ਵਿਚ ਸਾਰਿਆਂ ਨੇ ਪੈਰ ਮਲੇ, ਪਰ ਇਕ ਹੋਰ ਕ੍ਰਿਕਟਰ ਨੂੰ ਭਾਰਤ ਰਤਨ ਦੇਣ ਵਿਚ ਸਾਰਿਆਂ ਨੇ ਹਾਮੀ ਭਰੀ। ਇਸ ’ਤੇ ਮੀਡੀਆ ਤੋਂ ਆਵਾਜ਼ ਉੱਠਣ ਦੀ ਆਸ ਸੀ, ਪਰ ਉਹ ਉਸ ਸ਼ਿੱਦਤ ਨਾਲ ਨਹੀਂ ਬੋਲਿਆ, ਜਿਸ ਦੀ ਜ਼ਰੂਰਤ ਸੀ। ਕੇਂਦਰ ਸਰਕਾਰ ਨੇ ਭਾਵੇਂ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਦਲ ਕੇ ਧਿਆਨ ਚੰਦ ਖੇਲ ਰਤਨ ਕਰ ਕੇ ਹਾਕੀ ਜਾਦੂਗਰ ਨੂੰ ਮਹਾਨ ਸ਼ਰਧਾਂਜਲੀ ਦਿੱਤੀ ਹੈ, ਪਰ ਨਾਮ ਬਦਲਣਾ ਹੀ ਕਾਫ਼ੀ ਨਹੀਂ। ਭਾਰਤੀ ਹਾਕੀ ਟੀਮ ਦੇ ਮੁੰਡਿਆਂ ਤੇ ਕੁੜੀਆਂ ਨੇ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਹਨ ਉਨ੍ਹਾਂ ਨੇ ਸੋਚ ਤਾਂ ਬਦਲਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਹਾਕੀ ਨੂੰ ਜਗਾਉਣ, ਮਨਾਉਣ ਤੇ ਨਾਲ ਰਲਾਉਣ ਦਾ ਇਹੀ ਵੇਲਾ ਹੈ।