ਮੁੰਬਈ: ਸੋਨੂ ਸੂਦ ਇਕ ਅਜਿਹਾ ਨਾਮ ਹੈ ਜੋ ਰਾਹਤ ਕਾਰਜਾਂ ਲਈ ਸਹਾਰੇ ਵਜੋਂ ਜਾਣਿਆ ਜਾਣ ਲੱਗਾ ਹੈ। ਅਦਾਕਾਰ ਇਕ ਵਾਰ ਫਿਰ ਕਰੋਨਾ ਰੋਕੂ ਟੀਕਾਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਗੇ ਆਇਆ ਹੈ। ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਉਹ ਅੱਜ ਮੁੰਬਈ ਦੇ ਕਾਲਾ ਕਿਲਾ ਸਥਿਤ ਧਾਰਾਵੀ ’ਚ ਫਰੰਟ ਲਾਈਨ ਵਰਕਰਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਪਹੁੰਚੇ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕੋਵਿਡ-19 ਸਬੰਧੀ ਟੀਕਾਕਰਨ ਖੁਰਾਕ ਦਾ ਅੰਕੜਾ 100 ਕਰੋੜ ਨੂੰ ਪਾਰ ਕਰ ਗਿਆ ਹੈ। ਇੱਥੇ ਅਦਾਕਾਰ ਸੋਨੂ ਸੂਦ ਨੇ ਕਿਹਾ,‘‘ਹਾਲੇ ਅਸੀਂ ਕੋਵਿਡ-19 ਦੀ ਸਥਿਤੀ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ। ਖੋਜਕਾਰਾਂ ਮੁਤਾਬਿਕ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦਾ ਅਜੇ ਤੱਕ ਟੀਕਾਕਰਨ ਨਹੀਂ ਹੋਇਆ। ਹਾਲਾਂਕਿ ਪੂਰੇ ਦੇਸ਼ ਨੂੰ ਕਰੋਨਾ ਮੁਕਤ ਕਰਨ ਦਾ ਵਿਚਾਰ ਹੈ।’’ ਅਦਾਕਾਰ ਨੇ ਕਿਹਾ ਕਿ ਐਤਵਾਰ ਦੀ ਮੁਹਿੰਤ ਤਹਿਤ ਵੱਧ ਤੋਂ ਵੱਧ ਵਿਅਕਤੀਆਂ ਨੂੰ ਵੈਕਸੀਨੇਸ਼ਨ ਲਈ ਉਤਸ਼ਾਹਿਤ ਕਰਨਾ ਉਸ ਦਾ ਏਜੰਡਾ ਹੈ। ਉਸ ਦਾ ਮੰਨਣਾ ਹੈ ਕਿ ਫਰੰਟ ਲਾਈਨ ਵਰਕਰਾਂ ਦੇ ਬੱਚਿਆਂ ਤੋਂ ਬਿਹਤਰ ਹੋਰ ਕੋਈ ਲੋਕਾਂ ਨੂੰ ਜਾਗਰੂਕ ਨਹੀਂ ਕਰ ਸਕਦਾ। ਦੱਸਣਯੋਗ ਹੈ ਕਿ ਕਰੋਨਾ ਦੌਰਾਨ ਮੂਹਰਲੀ ਸਫ਼ਾਂ ਵਿੱਚ ਕੰਮ ਕਰਨ ਤੋਂ ਇਲਾਵਾ ਸੋਨੂ ਸੂਦ ਨੇ ਅਕਸ਼ੈ ਕੁਮਾਰ ਨਾਲ ਆਉਣ ਵਾਲੀ ਆਪਣੀ ਫ਼ਿਲਮ ‘ਪ੍ਰਿਥਵੀਰਾਜ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਤੋਂ ਇਲਾਵਾ ਉਹ ਤੇਲਗੂ ਫ਼ਿਲਮ ‘ਅਚਾਰਿਆ’ ਦੀ ਸ਼ੂਟਿੰਗ ਦੀ ਤਿਆਰੀ ਵਿੱਚ ਹੈ। -ਆਈਏਐੱਨਐੱਸ