ਮਨਦੀਪ ਰਿੰਪੀ
ਅੱਜ ਪਿੰਟੂ ਬਹੁਤ ਖੁਸ਼ ਸੀ। ਅੱਜ ਤਾਂ ਸਵੇਰੇ ਉੱਠ ਵੀ ਛੇਤੀ ਗਿਆ। ਸਕੂਲ ਜੋ ਨਹੀਂ ਸੀ ਜਾਣਾ। ਨਹੀਂ, ਅੱਗੇ ਤਾਂ ਮਸਾਂ ਹੀ ਉੱਠਦਾ। ਮੰਮੀ ਵਿਚਾਰੀ ਆਵਾਜ਼ਾਂ ਮਾਰ ਮਾਰ ਕਮਲੀ ਹੋ ਜਾਂਦੀ। ‘ਉੱਠ ਪੁੱਤ! ਉੱਠ ਜਾਹ ਹੁਣ ਟੈਮ ਹੋ ਗਿਆ ਤੇਰਾ ਸਕੂਲ ਦਾ। ਉੱਠ ਜਾਹ! ਮੇਰਾ ਪੁੱਤ ਲੇਟ ਹੋ ਜਾਣਾ।’ ਉਹ ਮਾਂ ਦੀਆਂ ਆਵਾਜ਼ਾਂ ਤਾਂ ਅਣਸੁਣਿਆ ਕਰ ਦਿੰਦਾ, ਪਰ ਪਿਓ ਦੀ ਇਕ ਹਾਕ ’ਤੇ ਉੱਠ ਖੜ੍ਹਾ ਹੁੰਦਾ। ਮਸਾਂ ਹੀ ਸਕੂਲ ਜਾਣ ਲਈ ਤਿਆਰ ਹੁੰਦਾ ਜਿਵੇਂ ਕਿਸੇ ਜੇਲ੍ਹ ’ਚ ਚੱਲਿਆ ਹੋਵੇ, ਪਰ ਅੱਜ ਤਾਂ ਦਰਵਾਜ਼ੇ ’ਚ ਖੜ੍ਹਾ ਜਿਹੜਾ ਵੀ ਲੰਘੇ ਉਹਨੂੰ ਦੇਖ ਕੇ, ‘ਲੈ! ਚੱਲਿਆ ਸਕੂਲ। ਮੈਨੂੰ ਤਾਂ ਮੌਜਾਂ। ਮਸਾਂ ਹੀ ਖਹਿੜਾ ਛੁੱਟਿਆ। ਮੈਂ ਨਈ ਜਾਇਆ ਕਰਨਾ ਸਕੂਲ। ਮੇਰਾ ਨਾਂ ਕਟਾਤਾ ਘਰਦਿਆਂ ਨੇ। ਕਹਿੰਦੇ ਪੜ੍ਹਦਾ ਤਾਂ ਹੈ ਨ੍ਹੀਂ। ਨਾਲੇ ਮਸਾਂ ਤਾਂ ਮੈਂ ਪਾਸ ਹੁੰਦਾ ਹਰ ਵਾਰੀ। ਪੜ੍ਹਾਈ ’ਚ ਮੇਰਾ ਚਿੱਤ ਨਹੀਂ ਲੱਗਦਾ। ਪੜ੍ਹ ਕੇ ਮੈਂ ਕੀ ਕਰਨਾ ? ਮੇਰੇ ਪਾਪਾ ਫੈਕਟਰੀ ’ਚ ਨੇ। ਮੈਂ ਵੀ ਕੋਈ ਕੰਮ ਸਿੱਖ ਲੈਣਾ। ਨਹੀਂ ਤਾਂ ਫੈਕਟਰੀ ’ਚ ਲੱਗ ਜਾਣਾ ਪਾਪਾ ਨਾਲ।’ ਪਿੰਟੂ ਦੀਆਂ ਗੱਲਾਂ ਸੁਣ ਦੂਜੇ ਬੱਚਿਆਂ ਦੇ ਮਨ ’ਚ ਵੀ ਆਉਂਦਾ ਕਿ ਪਿੰਟੂ ਦੇ ਮੰਮੀ ਪਾਪਾ ਕਿੰਨੇ ਚੰਗੇ ਹਨ। ਇਕ ਸਾਡੇ ਮੰਮੀ ਪਾਪਾ।’ ਐਨੇ ਨੂੰ ਪਿੰਟੂ ਦੇ ਪਾਪਾ ਦੀ ਉੱਚੀ ਹਾਕ ਨਾਲ ਪਿੰਟੂ ਅੰਦਰ ਨੂੰ ਭੱਜਿਆ ਆਇਆ। ‘ਚੱਲ, ਹੋ ਜਾ ਤਿਆਰ। ਜਾਣਾ ਨ੍ਹੀਂ ਮੇਰੇ ਨਾਲ? ਚੱਲ ਛੇਤੀ ਕਰ।’
ਪਿੰਟੂ ਭੱਜਿਆ ਅੰਦਰ ਗਿਆ। ਛੇਤੀ ਛੇਤੀ ਨਹਾ ਕੇ ਨਵੇਂ ਕੱਪੜੇ ਪਾ ਕੇ ਪਾਪਾ ਕੋਲ ਆ ਖੜ੍ਹਿਆ। ‘ਉਏ, ਆ ਕੀ? ਆਪਾਂ ਕਿਸੇ ਵਿਆਹ ’ਚ ਨਈ ਚੱਲੇ। ਕੰਮ ਚੱਲੇ। ਘਰ ਵਾਲੇ ਕੱਪੜੇ ਪਾ।’ ‘ਪਰ ਪਾਪਾ।’
‘ਪਰ ਪੁਰ ਕੁਝ ਨਹੀਂ। ਚੱਲ, ਉੱਥੇ ਕੰਮ ਕਰਨਾ।’
ਪਿੰਟੂ ਭੱਜਿਆ ਭੱਜਿਆ ਆਪਣੀ ਮੰਮੀ ਕੋਲ ਜਾ ਕੇ, ‘ਮੰਮੀ ਆਹ ਦੇਖ ਲਓ, ਪਾਪਾ ਕੀ ਕਹਿੰਦੇ? ਪਾਪਾ ਕਹਿੰਦੇ ਘਰ ਵਾਲੇ ਕੱਪੜੇ ਪਾ।’ ‘ਹਾਂ, ਫਿਰ ਪੁੱਤ ਉੱਥੇ ਕੰਮ ਕਰਨਾ ਦੂਜੇ ਕੱਪੜੇ ਪਾ ਲੈ।’
ਪਿੰਟੂ ਨੇ ਘਰ ਵਾਲੇ ਕੱਪੜੇ ਪਾ ਲਏ। ਪਿੰਟੂ ਦੇ ਪਾਪਾ ਨੇ ਕਿੱਕ ਮਾਰ ਸਕੂਟਰ ਸਟਾਰਟ ਕੀਤਾ ਤੇ ਪਿੰਟੂ ਪਿੱਛੇ ਬੈਠ ਗਿਆ।
ਪਿੰਟੂ ਰਸਤੇ ਵਿਚ ਸੋਚਣ ਲੱਗਾ, ‘ਮੌਜਾਂ ਈ ਲੱਗ ਗਈਆਂ… ਨਹੀਂ ਤਾਂ ਸਾਰਾ ਈ ਦਿਨ… ਚੱਲ ਹੋਮ ਵਰਕ ਕਰ। ਤੇਰੇ ਨੰਬਰ ਘੱਟ ਕਿਉਂ ਆਏ? ਚੱਲ ਪੜ੍ਹ ਬੈਠ ਕੇ। ਸਕੂਲ ਦਾ ਕੰਮ ਕਰ ਲਿਆ? ਯਾਦ ਕਰ ਲਿਆ ? ਸਾਰਾ ਦਿਨ ਮਗਜ਼ ਖਪਾਈ। ਜਦੋਂ ਮੈਨੂੰ ਪੜ੍ਹਾਈ ਚੰਗੀ ਨਹੀਂ ਲੱਗਦੀ। ਸਮਝਦੇ ਈ ਨਈਂ।’ ਜਦੋਂ ਪਿੰਟੂ ਦੇ ਪਾਪਾ ਨੇ ਸਕੂਟਰ ਦੀ ਬਰੇਕ ਮਾਰੀ ਤਾਂ ਪਿੰਟੂ ਇਕਦਮ ਇੱਧਰ ਉੱਧਰ ਦੇਖਣ ਲੱਗਾ। ਉਹ ਸਕੂਟਰ ਤੋਂ ਉਤਰ ਕੇ ਇਕ ਪਾਸੇ ਖੜ੍ਹਾ ਹੋ ਗਿਆ। ਉਸ ਦੇ ਪਾਪਾ ਨੇ ਸਕੂਟਰ ਸਟੈਂਡ ’ਤੇ ਲਗਾਇਆ ਅਤੇ ਗੇਟ ਵੱਲ ਤੁਰ ਪਏ। ਪਿੰਟੂ ਆਪਣੇ ਪਾਪਾ ਦੇ ਪਿੱਛੇ ਪਿੱਛੇ ਤੁਰ ਪਿਆ।
ਪਿੰਟੂ ਦੇ ਪਾਪਾ ਗੇਟ ਕੋਲ ਜਾ ਚੌਕੀਦਾਰ ਨੂੰ ਕਹਿੰਦੇ, ‘ਸਾਹਬ ਜੀ ਨੂੰ ਮਿਲਣਾ ਹੈ।’ ਚੌਕੀਦਾਰ ਬੋਲਿਆ ‘ਨਹੀਂ! ਨਹੀਂ! ਸਾਹਬ ਜੀ ਮੈਨੂੰ ਗੁੱਸਾ ਹੋਣਗੇ। ਜਦੋਂ ਸਾਹਿਬ ਜੀ ਬਾਹਰ ਆਏ ਫਿਰ ਮਿਲ ਲੈਣਾ।’ ‘ਯਾਰ! ਇਕ ਮਿੰਟ ਦੀ ਤਾਂ ਗੱਲ ਐ। ਆਹ ਮੇਰਾ ਮੁੰਡਾ। ਇਹਨੂੰ ਕੰਮ ’ਤੇ ਰਖਾਉਣਾ। ਮਿਲ ਲੈਣ ਦੇ। ਨਹੀਂ ਤਾਂ ਮੇਰੀ ਅੱਧੀ ਦਿਹਾੜੀ ਕੱਟੀ ਜਾਣੀ। ਮੇਰੀ ਗ਼ੈਰਹਾਜ਼ਰੀ ਲੱਗ ਜਾਣੀ। ਮੈਂ ਆਪਣੇ ਕੰਮ ’ਤੇ ਜਾਣਾ।’ ਚੌਕੀਦਾਰ ਬੜੇ ਰੋਹਬ ਨਾਲ ਬੋਲਿਆ, ‘ਤੂੰ ਮੈਨੂੰ ਕੰਮ ਤੋਂ ਕਢਾਉਣਾ। ਰੁਕ ਨਈ ਸਕਦਾ ਦੋ ਮਿੰਟ? ਆ ਲੈਣ ਦੇ ਸਾਹਿਬ ਨੂੰ।’ ਮਿੰਟੂ ਦਾ ਪਿਓ ਦਰਸ਼ਨ ਵਿਚਾਰਾ ਚੁੱਪ ਚਾਪ ਬੇਵੱਸ ਹੋਇਆ ਖੜ੍ਹ ਗਿਆ। ਪਿੰਟੂ ਆਪਣੇ ਪਿਓ ਦੇ ਮੂੰਹ ਵੱਲ ਵੇਖਦਾ ਰਹਿ ਗਿਆ ਅਤੇ ਚੌਕੀਦਾਰ ਦਾ ਇਸ ਤਰ੍ਹਾਂ ਬੋਲਣਾ ਉਸ ਨੂੰ ਬਹੁਤ ਚੁਭਿਆ। ਐਨੇ ਨੂੰ ਸਾਹਿਬ ਬਾਹਰ ਆਏ ਤਾਂ ਦਰਸ਼ਨ ਬੋਲਿਆ, ‘ਸਾਹਿਬ! ਸਾਹਿਬ ਜੀ! ਇਕ ਗੱਲ ਕਰਨੀ ਸੀ।’
ਸਾਹਿਬ, ‘ਹਾਂ ਦੱਸ… ਦਰਸ਼ਨ ਕੀ ਕੰਮ ਐ?’ ‘ਸਾਹਿਬ ਜੀ, ਆਹ ਮੇਰਾ ਮੁੰਡਾ। ਇਹਨੂੰ ਕੰਮ ’ਤੇ ਰੱਖ ਲਓ।’
ਸਾਹਿਬ ਬੋਲਿਆ, ‘ਨਹੀਂ, ਨਹੀਂ! ਇਹ ਤਾਂ ਅਜੇ ਛੋਟਾ… ਮੈਨੂੰ ਜੇਲ੍ਹ ਕਰਾਉਣੀ।’
‘ਸਾਹਿਬ ਜੀ ਮੈਂ ਸੋਚਦਾ ਸੀ… ਜਿਹੜੇ ਮੈਂ ਤੁਹਾਡੇ ਕੋਲੋਂ ਦਸ ਹਜ਼ਾਰ ਰੁਪਏ ਆਪਣੀ ਘਰਵਾਲੀ ਦੇ ਇਲਾਜ ਲਈ ਲਏ ਸਨ… ਉਹ ਪੈਸੇ ਹੌਲੀ ਹੌਲੀ ਉਤਰ ਜਾਣਗੇ। ਇਸ ਕਰਕੇ ਮੈਂ ਤਾਂ ਕਹਿੰਦਾ ਸੀ। ਇਹ ਪੜ੍ਹਦਾ ਨਈ। ਘਰ ਰਹਿ ਕੇ ਵੀ ਗਲੀਆਂ ’ਚ ਘੁੰਮਦਾ ਰਹਿੰਦੈ।’
ਸਾਹਿਬ, ‘ਚੱਲ ਠੀਕ ਐ।’ ਚੌਕੀਦਾਰ ਵੱਲ ਵੇਖ ਕੇ, ‘ਮੁੰਡੇ ਨੂੰ ਕੰਮ ਦੱਸ ਦੇ।’
ਦਰਸ਼ਨ ਆਪਣੇ ਕੰਮ ’ਤੇ ਚਲਾ ਗਿਆ। ਚੌਕੀਦਾਰ ਪਿੰਟੂ ਨੂੰ ਅੰਦਰ ਲੈ ਗਿਆ ਅਤੇ ਇੱਟਾਂ ਚੁੱਕਣ ਦੇ ਕੰਮ ’ਤੇ ਲਾ ਦਿੱਤਾ। ਪਿੰਟੂ ਅੱਧੇ ਕੁ ਘੰਟੇ ਬਾਅਦ ਥੱਕ ਕੇ ਬੈਠ ਗਿਆ। ਚੌਕੀਦਾਰ, ‘ਚੱਲ! ਚੱਲ! ਕਾਕਾ ਕੰਮ ਕਰ। ਬੈਠਣ ਨਹੀਂ ਆਇਆ। ਤੇਰਾ ਪਿਓ ਤੈਨੂੰ ਕੰਮ ਲਈ ਲੈ ਕੇ ਆਇਆ।’ ਪਿੰਟੂ ਵਿਚਾਰਾ ਥੱਕ ਹਾਰ ਕੇ ਦੁਪਹਿਰ ਵੇਲੇ ਜਦੋਂ ਰੋਟੀ ਖਾਣ ਲੱਗਾ। ਚੌਕੀਦਾਰ ਨੇ ਫਿਰ ਰੌਲਾ ਪਾ ਦਿੱਤਾ, ‘ਛੇਤੀ ਰੋਟੀ ਖਾ। ਕੰਮ ਬਹੁਤ ਪਿਆ।’ ਪਿੰਟੂ ਨੇ ਛੇਤੀ ਛੇਤੀ ਰੋਟੀ ਬੜੀ ਮੁਸ਼ਕਿਲ ਨਾਲ ਖਾਧੀ। ਸ਼ਾਮ ਵੇਲੇ ਜਦੋਂ ਦਰਸ਼ਨ ਉਸ ਨੂੰ ਲੈਣ ਆਇਆ ਤਾਂ ਆਖਣ ਲੱਗਾ,‘ਪਾਪਾ ਮੈਂ ਨਈ ਕੰਮ ਕਰਨਾ। ਮੈਂ ਤਾਂ ਸਕੂਲ ਜਾਣਾ।’ ਦਰਸ਼ਨ ਨੇ ਸਕੂਟਰ ਦੀ ਕਿੱਕ ਮਾਰੀ ਅਤੇ ਪਿੰਟੂ ਸਕੂਟਰ ’ਤੇ ਬੈਠ ਉਸ ਨਾਲ ਘਰ ਪਹੁੰਚ ਗਿਆ। ਘਰ ਜਾ ਕੇ ਪਿੰਟੂ ਬੋਲਿਆ, ‘ਮੰਮੀ! ਮੇਰਾ ਬਸਤਾ ਕਿੱਥੇ? ਮੇਰੀ ਵਰਦੀ ਕਿੱਥੇ ਆ? ਮੈਂ ਤਾਂ ਕੱਲ੍ਹ ਸਕੂਲ ਜਾਣਾ। ਮੈਥੋਂ ਕੰਮ ਨਈ ਹੋਣਾ। ਪੜ੍ਹਨਾ ਸੌਖਾ। ਮੈਂ ਤਾਂ ਪੜ੍ਹਨਾ।’
ਅਗਲੇ ਦਿਨ ਪਿੰਟੂ ਸਵੇਰੇ ਜਲਦੀ ਉੱਠ ਸਕੂਲ ਲਈ ਤਿਆਰ ਹੋ ਗਿਆ ਤੇ ਆਪਣੇ ਮਾਂ ਬਾਪ ਨੂੰ ਵਾਅਦਾ ਕੀਤਾ ਕਿ ਉਹ ਹੁਣ ਧਿਆਨ ਨਾਲ ਪੜ੍ਹੇਗਾ। ਬੱਚਿਆਂ ਨੂੰ ਵੀ ਸਕੂਲ ਜਾ ਕੇ ਆਖਣ ਲੱਗਾ, ‘ਪੜ੍ਹਨਾ ਬਹੁਤ ਸੌਖਾ ਹੈ। ਬੰਦੇ ਦੀ ਇੱਜ਼ਤ ਪੜ੍ਹਾਈ ਨਾਲ ਹੀ ਹੈ। ਮੈਂ ਹੁਣ ਮਨ ਲਾ ਕੇ ਪੜ੍ਹਾਂਗਾ।’
ਸੰਪਰਕ: 98143-85918