ਮੁੰਬਈ: ਅਦਾਕਾਰਾ ਲਾਰਾ ਦੱਤਾ ਨੇ ਦੱਸਿਆ ਕਿ ਉਸ ਨੇ ਅਦਾਕਾਰੀ ਤੋਂ ਦੂਰੀ ਇਸ ਕਰ ਕੇ ਬਣਾ ਲਈ ਸੀ ਕਿਉਂਕਿ ਉਹ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀ ਪਤਨੀ ਜਾਂ ਪ੍ਰੇਮਿਕਾ ਬਣ-ਬਣ ਕੇ ਅੱਕ ਚੁੱਕੀ ਸੀ। 2003 ਵਿੱਚ ‘ਅੰਦਾਜ਼’ ਨਾਲ ਫਿਲਮ ਜਗਤ ਵਿੱਚ ਪੈਰ ਰੱਖਣ ਵਾਲੀ ਲਾਰਾ ਦੱਤਾ ਨੇ 2015 ’ਚ ਫਿਲਮਾਂ ਵਿੱਚ ਕੰਮ ਕਰਨਾ ਘਟਾ ਦਿੱਤਾ ਸੀ। ਅਦਾਕਾਰਾ ਨੇ ਦੱਸਿਆ ਕਿ ਫਿਲਮਾਂ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਉਸ ਨੇ ਇਸ ਲਈ ਵੀ ਲਿਆ ਕਿਉਂਕਿ ਉਹ ਆਪਣੀ ਧੀ ਸਾਇਰਾ ’ਤੇ ਆਪਣਾ ਸਾਰਾ ਧਿਆਨ ਲਗਾਉਣਾ ਚਾਹੁੰਦੀ ਸੀ। ਦੂਜਾ ਕਾਰਨ ਇਹ ਵੀ ਸੀ ਕਿ ਉਸ ਨੂੰ ਕੋਈ ਚੁਣੌਤੀ ਭਰਪੂਰ ਕਿਰਦਾਰ ਨਿਭਾਉਣ ਦਾ ਮੌਕਾ ਨਹੀਂ ਸੀ ਮਿਲ ਰਿਹਾ। ਇੱਕ ਇੰਟਰਵਿਊ ਦੌਰਾਨ ਲਾਰਾ ਨੇ ਕਿਹਾ, ‘ਆਪਣੀ ਉਮਰ ਦੇ 30ਵਿਆਂ ਵਿੱਚ ਪੈਰ ਧਰਦਿਆਂ ਹੀ ਮੈਂ ਫਿਲਮਾਂ ਤੋਂ ਕੁਝ ਉਕਤਾ ਗਈ ਸੀ। ਉਸ ਵੇੇਲੇ ਫਿਲਮ ਜਗਤ ਇੱਕ ਵੱਖਰੇ ਦੌਰ ਵਿੱਚੋਂ ਲੰਘ ਰਿਹਾ ਸੀ। ਤੁਹਾਨੂੰ ਇਸ ਕਰਕੇ ਫਿਲਮ ਵਿੱਚ ਲਿਆ ਜਾਂਦਾ ਸੀ ਕਿਉਂਕਿ ਫਿਲਮ ਵਿੱਚ ਇੱਕ ਖੂਬਸੂਰਤ ਅਦਾਕਾਰਾ ਦਾ ਹੋਣਾ ਲਾਜ਼ਮੀ ਹੁੰਦਾ ਸੀ। ਤੁਸੀਂ ਸਿਰਫ਼ ਹੀਰੋ ਦੀ ਪ੍ਰੇਮਿਕਾ ਜਾਂ ਪਤਨੀ ਦੀ ਭੂਮਿਕਾ ਹੀ ਨਿਭਾਅ ਸਕਦੇ ਸੀ ਤੇ ਮੈਂ ਇਸ ਸਭ ਤੋਂ ਅੱਕ ਚੁੱਕੀ ਸੀ।’ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਇਸ ਲੜੀ ਨੂੰ ਤੋੜਨ ਲਈ ਉਸ ਨੇ ਲਗਾਤਾਰ ਕਈ ਕਾਮੇਡੀ ਫਿਲਮਾਂ ਵੀ ਕੀਤੀਆਂ, ਜਿਸ ਵਿੱਚ ਉਸ ਨੂੰ ਕੁਝ ਕਰਨ ਦਾ ਮੌਕਾ ਮਿਲਣ ਦੀ ਆਸ ਦਿਖਦੀ ਸੀ। ਜ਼ਿਕਰਯੋਗ ਹੈ ਕਿ ਲਾਰਾ ਦੱਤਾ ਨੇ ਹੁਣ ਤੱਕ ਕਈ ਸਫ਼ਲ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ‘ਨੋ ਐਂਟਰੀ’, ‘ਭਾਗਮ ਭਾਗ’, ‘ਪਾਰਟਨਰ’ ਅਤੇ ‘ਹਾਊਸਫੁੱਲ’ ਸ਼ਾਮਲ ਹਨ। -ਪੀਟੀਆਈ