ਮੁੰਬਈ, 25 ਮਈ
ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਅੱਜ ਸਿਨੇ ਜਗਤ ਵਿੱਚ 37 ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਹੈ। 500 ਤੋਂ ਵੱਧ ਭੂਮਿਕਾਵਾਂ ਨਿਭਾਉਣ ਵਾਲੇ ਤਜਰਬੇਕਾਰ ਅਦਾਕਾਰ ਖੇਰ ਦਾ ਕਹਿਣਾ ਹੈ ਕਿ ਉਹ ਅਦਾਕਾਰ ਵਜੋਂ ਕਦੇ ਅਸੁਰੱਖਿਤ ਨਹੀਂ ਸੀ ਅਤੇ ਉਹ ਲੋਕਾਂ ਦੇ ਮਿਲੇ ਪਿਆਰ ਸਦਕਾ ਬਹੁਤ ਖੁਸ਼ ਹੈ। ਖੇਰ ਨੇ 28 ਸਾਲ ਦੀ ਉਮਰ ਵਿੱਚ ਮਹੇਸ਼ ਭੱਟ ਦੀ ਫ਼ਿਲਮ ‘ਸਾਰਾਂਸ਼’ ਨਾਲ 1984 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਖੇਰ ਨੇ ਆਖਿਆ,‘‘ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਸਮੇਂ ਅਸੁਰੱਖਿਅਤ ਵਿਅਕਤੀ ਸੀ ਕਿਉਂਕਿ ਮੇਰੇ ਕੋਲ ਰਹਿਣ ਨੂੰ ਥਾਂ ਨਹੀਂ ਸੀ ਪਰ ਮੈਂ ਕਦੇ ਅਸੁਰੱਖਿਅਤ ਅਦਾਕਾਰ ਨਹੀਂ ਸੀ ਕਿਉਂਕਿ ਮੈਂ ਬਿਹਤਰੀਨ ਸਕੂਲ ਵਿੱਚ ਚਾਰ ਸਾਲ ਸਿਖਲਾਈ ਲਈ ਸੀ। ਮੈਂ ਚੰਗੀਆਂ ਤੇ ਮਾੜੀਆਂ ਹਰ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਪਰ ਮੈਨੂੰ ਉਨ੍ਹਾਂ ’ਤੇ ਮਾਣ ਹੈ। ਮੈਂ ਆਪਣੇ ਮਾੜੇ ਕੰਮ ਦੀ ਜ਼ਿੰਮੇਵਾਰੀ ਕਬੂਲਦਾ ਹਾਂ ਕਿਉਂਕਿ ਉਹ ਮੇਰੇ ਸਫ਼ਰ ਦਾ ਹਿੱਸਾ ਹੈ।’’ ਜਾਣਕਾਰੀ ਅਨੁਸਾਰ ਅਨੁਪਮ ਖੇਰ ਨੂੰ ‘ਕਰਮਾ, ਹਮ ਆਪਕੇ ਹੈਂ ਕੌਨ..! ਡੈਡੀ’ ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਨਿਭਾਏ ਕਿਰਦਾਰ ਸਦਕਾ ਜਾਣਿਆ ਜਾਂਦਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਕਰੀਅਰ ਦੌਰਾਨ ਖੁਦ ਨੂੰ ਕਦੇ ਸੰਜੀਦਗੀ ਨਾਲ ਨਹੀਂ ਲਿਆ। ਉਸ ਨੇ ਆਖਿਆ,‘‘ਮੈਂ ਬਹੁਤ ਖੁਸ਼ ਹਾਂ ਕਿਉਂਕਿ ਪ੍ਰਮਾਤਮਾ ਦੀ ਮੇਰੇ ’ਤੇ ਬਹੁਤ ਕਿਰਪਾ ਹੈ ਤੇ ਸਿਨੇ ਜਗਤ ਵਿੱਚ ਬਹੁਤ ਮਾਣ ਸਤਿਕਾਰ ਹੈ। ਮੈਂ ਸ਼ਿਮਲਾ ਦੇ ਵਣ ਵਿਭਾਗ ਦੇ ਕਲਰਕ ਦਾ ਪੁੱਤਰ ਹਾਂ। ਮੈਂ ਸਮਝਦਾ ਹਾਂ ਕਿ ਕਰੀਅਰ ਦੌਰਾਨ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਕਦੇ ਖੁਦ ਨੂੰ ਸੰਜੀਦਗੀ ਨਾਲ ਨਹੀਂ ਲਿਆ। ਮੈਂ ਆਪਣਾ ਕੰਮ ਕੀਤਾ। ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਜੋਖਮ ਲੈਂਦੇ ਹੋ ਤਾਂ ਚੰਗੇ ਰਸਤੇ ’ਤੇ ਚੱਲਦਿਆਂ ਪ੍ਰਮਾਤਮਾ ਉਸ ਦਾ ਫ਼ਲ ਜ਼ਰੂਰ ਦਿੰਦਾ ਹੈ। -ਆਈਏਐੱਨਐੱਸ