ਮੁੰਬਈ: ਬੌਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਆਖਿਆ ਕਿ ਉਸ ਨੂੰ ਫ਼ਿਲਮਾਂ ਵਿੱਚ ਸਾੜੀ ਪਹਿਨਣਾ ਬਹੁਤ ਪਸੰਦ ਹੈ। ਅਦਾਕਾਰਾ ਨੇ ਇਸ ਦਾ ਸਿਹਰਾ ਆਪਣੇ ਹਿੰਦੀ ਸਿਨੇ ਜਗਤ ਦੇ ਸਫ਼ਰ ਨੂੰ ਦਿੱਤਾ ਹੈ। ਉਸ ਨੇ ਆਖਿਆ, ‘‘ਮੈਂ ਹਿੰਦੀ ਸਿਨੇ ਜਗਤ ਵਿੱਚ ਸ਼ੁਰੂਆਤ ਨਾਲ ਹੀ ਸਾੜੀ ਪਹਿਨਣੀ ਸ਼ੁਰੂ ਕੀਤੀ ਹੈ ਕਿਉਂਕਿ ਸਾੜੀ ਵਿੱਚ ਲੋਕ ਮੈਨੂੰ ਬਹੁਤ ਪਸੰਦ ਕਰਦੇ ਹਨ।’’ ਭੂਮੀ ਨੇ ਕਿਹਾ, ‘ਜਦੋਂ ਦਰਸ਼ਕਾਂ ਨੂੰ ਮੈਂ ਸਾੜੀ ਵਿੱਚ ਸੋਹਣੀ ਲੱਗਦੀ ਹਾਂ ਤਾਂ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ। ਮੈਨੂੰ ਜਦੋਂ ਵੀ ਸ਼ੂਟਿੰਗ ਦੌਰਾਨ ਸਾੜੀ ਪਾਉਣ ਦਾ ਮੌਕਾ ਮਿਲਦਾ ਹੈ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਤੇ ਕਿਸਮਤ ਨਾਲ ਮੈਨੂੰ ਕਈ ਫ਼ਿਲਮਾਂ ਵਿੱਚ ਸਾੜੀ ਪਾਉਣ ਦਾ ਮੌਕਾ ਵੀ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਦਰਸ਼ਕ ਮੇਰੀ ਨਵੀਂ ਫਿਲਮ ‘ਗੋਵਿੰਦਾ ਮੇਰਾ ਨਾਮ’ ਵਿਚਲੇ ਸਾੜੀ ਵਾਲੇ ਕਿਰਦਾਰ ਨੂੰ ਵੀ ਪਸੰਦ ਕਰ ਰਹੇ ਹਨ।’ ਅਦਾਕਾਰਾ ਨੇ ਕਿਹਾ, ‘ਫਿਲਮ ‘ਪਤੀ ਪਤਨੀ ਔਰ ਵੋਹ’ ਵਿੱਚ ਮੈਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ਤੇ ਮੈਨੂੰ ਆਸ ਹੈ ਕਿ ‘ਗੋਵਿੰਦਾ ਮੇਰਾ ਨਾਮ’ ਨੂੰ ਵੀ ਇੰਨਾ ਹੀ ਪਿਆਰ ਮਿਲੇਗਾ। ਇਨ੍ਹਾਂ ਦੋਵੇਂ ਫਿਲਮਾਂ ਵਿਚਲੇ ਮੇਰੇ ਕਿਰਦਾਰ ਬਿਲਕੁਲ ਵੱਖਰੇ ਹਨ।’ ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਭੂਮੀ ਨਾਲ ਵਿੱਕੀ ਕੌਸ਼ਲ ਵੀ ਨਜ਼ਰ ਆਵੇਗਾ। ਅਗਲੇ ਸਾਲ 10 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਕਿਆਰਾ ਅਡਵਾਨੀ ਵਿੱਕੀ ਕੌਸ਼ਲ ਦੀ ਨਟਖਟ ਸਹੇਲੀ ਦੀ ਭੂਮਿਕਾ ਨਿਭਾਅ ਰਹੀ ਹੈ। -ਆਈਏਐੱਨਐੱਸ