ਮੁੰਬਈ: ਅਦਾਕਾਰਾ ਯਾਮੀ ਗੌਤਮ ਨੇ ਫਿਲਮਸਾਜ਼ ਆਦਿੱਤਿਆ ਧਾਰ ਨਾਲ ਜੂਨ ਵਿਚ ਵਿਆਹ ਕਰਵਾ ਲਿਆ ਸੀ। ਅਦਾਕਾਰਾ ਨੇ ਕਿਹਾ ਕਿ ਜੇ ਕਰੋਨਾ ਮਹਾਮਾਰੀ ਕਾਰਨ ਪਾਬੰਦੀਆਂ ਨਾ ਵੀ ਹੁੰਦੀਆਂ ਤਾਂ ਵੀ ਉਨ੍ਹਾਂ ਦੇ ਵਿਆਹ ਦਾ ਸਮਾਗਮ ਸਾਦਾ ਹੀ ਹੋਣਾ ਸੀ। ਗੌਤਮ (32) ਅਤੇ ਧਾਰ (38) ਦਾ ਵਿਆਹ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਹੋਇਆ ਸੀ। ਇਸ ਵਿਆਹ ਸਮਾਗਮ ਵਿਚ ਸਿਰਫ਼ 20 ਜਣੇ ਹੀ ਸ਼ਾਮਲ ਹੋਏ ਸਨ। ਧਾਰ ਨੇ ਗੌਤਮ ਦੀ ਸਾਲ 2019 ਦੀ ਬਲੌਕਬਾਸਟਰ ਫਿਲਮ ‘ਉੜੀ-ਦਿ ਸਰਜੀਕਲ ਸਟਰਾਈਕ’ ਦਾ ਨਿਰਦੇਸ਼ਨ ਕੀਤਾ ਸੀ। ਇਸ ਜੋੜੇ ਨੇ ਆਪਣੇ ਵਿਆਹ ਦਾ ਐਲਾਨ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਕੀਤਾ ਜਿਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ। ਅਦਾਕਾਰਾ ਨੇ ਕਿਹਾ, ‘‘ਇਹ ਸਮਾਗਮ ਸਾਦਾ ਸੀ। ਮੈਂ ਅਤੇ ਆਦਿੱਤਿਆ ਸਾਦਗੀ ਪਸੰਦ ਹਾਂ ਇਸ ਲਈ ਅਸੀਂ ਵਿਆਹ ਸਮਾਗਮ ਨੂੰ ਵੀ ਸਾਦਾ ਹੀ ਰੱਖਿਆ। ਇਹ ਸਮਾਗਮ ਸਾਡਾ ਨਿੱਜੀ ਸੀ, ਇਸ ਲਈ ਇਸ ਦਾ ਖ਼ੁਲਾਸਾ ਉਦੋਂ ਹੀ ਕੀਤਾ ਗਿਆ ਹੈ ਜਦੋਂ ਇਸ ਬਾਰੇ ਦੱਸਣ ਦਾ ਸਹੀ ਸਮਾਂ ਸੀ। -ਪੀਟੀਆਈ