ਮੁੰਬਈ: ਅਦਾਕਾਰ ਪੰਜਕ ਝਾਅ ਹਾਲ ਹੀ ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਮਹਾਰਾਨੀ’ ਨਾਲ ਆਪਣੇ ਕੰਮ ਨੂੰ ਮਿਲੇ ਹੁੰਗਾਰੇ ਤੋਂ ਬਹੁਤ ਖੁਸ਼ ਹੈ ਤੇ ਉਸ ਦਾ ਮੰਨਣਾ ਹੈ ਕਿ ਇਹ ਉਸ ਦੀ ਦਹਾਕੇ ਤੋਂ ਵੱਧ ਸਮਾਂ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ। ਟੀਵੀ ਲੜੀਵਾਰ ‘ਬਾਲਿਕਾ ਵਧੂ ਅਤੇ ਕਿਉਂਕਿ ਜੀਨਾ ਇਸੀ ਕਾ ਨਾਮ ਹੈ’ ਵਿਚ ਥੋੜ੍ਹੀ ਜਿਹੀ ਝਲਕ ਦਿਖਾਉਣ ਵਾਲੇ ਝਾਅ ਨੇ ਇਸ ਸੀਰੀਜ਼ ਵਿੱਚ ਮੰਤਰੀ ਦਾ ਕਿਰਦਾਰ ਨਿਭਾਇਆ ਹੈ। ਖ਼ਬਰ ਏਜੰਸੀ ਗੱਲਬਾਤ ਕਰਦਿਆਂ 35 ਸਾਲਾ ਅਦਾਕਾਰ ਨੇ ਆਖਿਆ,‘‘ਮਹਾਰਾਨੀ ਦੀ ਕਾਮਯਾਬੀ ਨੇ ਮੈਨੂੰ ਸਮਰੱਥਾ ਬਖ਼ਸ਼ੀ ਹੈ ਅਤੇ ਮੈਨੂੰ ਉਮੀਦ ਜਾਗੀ ਹੈ ਕਿ ਲੋਕ ਮੇਰਾ ਕੰਮ ਦੇਖ ਸਕਦੇ ਹਨ ਅਤੇ ਮੈਨੂੰ ਹੋਰ ਚੰਗੀਆਂ ਪੇਸ਼ਕਸ਼ਾਂ ਆ ਸਕਦੀਆਂ ਹਨ ਪਰ ਮੈਨੂੰ ਇਸ ਹੁੰਗਾਰੇ ਦੀ ਉਮੀਦ ਨਹੀਂ ਸੀ। ਮੈਨੂੰ ਆਸ ਹੈ ਇਸ ਨਾਲ ਲੋਕਾਂ ਨੇ ਮੇਰੀ ਕਲਾ ਦੇਖੀ ਹੋਵੇਗੀ। ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਕੋਈ ਵੱਡਾ ਇਨਾਮ ਜਿੱਤ ਲਿਆ ਹੋਵੇ।’’ ਝਾਅ ਦਾ ਜਨਮ ਬਿਹਾਰ ਦੇ ਇਕ ਸਾਧਾਰਨ ਪਰਿਵਾਰ ਵਿੱਚ ਹੋਇਆ ਅਤੇ ਉਸ ਦਾ ਪਰਿਵਾਰ ਉਸ ਦੇ ਸੁਪਨੇ ਪੂਰੇ ਕਰਨ ਦੇ ਸਮਰੱਥ ਨਹੀਂ ਸੀ। ਉਸ ਨੇ ਸਾਲ 2000 ਵਿੱਚ ਮੁਜ਼ੱਫਰਪੁਰ ਤੋਂ ਇੰਗਲਿਸ਼ ਆਨਰਜ਼ ਕੀਤੀ ਅਤੇ ਜਰਨਲਿਜ਼ਮ ’ਚ ਦਾਖ਼ਲਾ ਲੈਣ ਲਈ ਦਿੱਲੀ ਆ ਗਿਆ। ਇਥੇ ਉਸ ਦਾ ਜਰਨਲਿਜ਼ਮ ਵਿਚ ਦਾਖ਼ਲਾ ਨਾ ਹੋ ਸਕਿਆ ਪਰ ਦਿੱਲੀ ਨੇ ਉਸ ਲਈ ਅਦਾਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਹ ਸਾਲ 2009 ਵਿਚ ਫ਼ਿਲਮਸਾਜ਼ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫ਼ਿਲਮ ‘ਦਿੱਲੀ 6’ ਵਿੱਚ ਨਜ਼ਰ ਆਇਆ।
ਉਸ ਨੇ ਆਖਿਆ,‘‘ਮੈਂ ਇਹ ਪ੍ਰਾਪਤੀ ਰਾਤੋ-ਰਾਤ ਨਹੀਂ ਕੀਤੀ। ਮੈਨੂੰ ਅੱਜ ਅਹਿਸਾਸ ਹੋਇਆ ਕਿ ਨਵਾਜ਼ੂਦੀਨ ਸਿੱਦੀਕੀ ਤੇ ਮਨੋਜ ਵਾਜਪਾਈ ਅੱਜ ਜਿਸ ਮੁਕਾਮ ’ਤੇ ਹਨ ਉਨ੍ਹਾਂ ਨੂੰ ਉਥੇ ਪਹੁੰਚਣ ਤੇ ‘ਸਟਾਰ’ ਬਣਨ ਵਿਚ ਬਹੁਤ ਸਮਾਂ ਲੱਗਾ ਹੈ।’’ -ਪੀਟੀਆਈ