ਮੁੰਬਈ: ਕੌਮੀ ਪੁਰਸਕਾਰ ਜੇਤੂ ਅਦਾਕਾਰਾ ਤੇ ਫਿਲਮ ਨਿਰਮਾਤਾ ਕੋਂਕਣਾ ਸੇਨ ਸ਼ਰਮਾ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਮਗਰੋਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ ਲਈ ਉਸ ਦੇ ਦਿਲ ਵਿਚ ਸਨਮਾਨ ਤੇ ਸਤਿਕਾਰ ਹੋਰ ਵਧ ਗਿਆ ਹੈ। ਕੋਂਕਣਾ ਆਉਣ ਵਾਲੀ ਵੈੱਬ ਸੀਰੀਜ਼ ‘ਮੁੰਬਈ ਡਾਇਰੀਜ਼: 26/11’ ਵਿੱਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਹ ਪੁੱਛੇ ਜਾਣ ’ਤੇ ਕਿ ਉਸ ਨੂੰ ਸ਼ੁਰੂ ਵਿੱਚ ਸ਼ੋਅ ਬਾਰੇ ਕੀ ਦਿਲਚਸਪ ਲੱਗਿਆ, ਕੋਂਕਣਾ ਨੇ ਕਿਹਾ, ‘ਮੈਂ ਨਿਖਿਲ ਨੂੰ ਪਿਛਲੇ ਕੁਝ ਸਮੇਂ ਤੋਂ ਜਾਣਦੀ ਹਾਂ ਤੇ ਮੈਂ ਉਸ ਦੀ ਸੋਚ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਇਸ ਕਰ ਕੇ ਮੈਨੂੰ ਪਤਾ ਸੀ ਕਿ ਉਹ 26/11 ਦੇ ਅਤਿਵਾਦੀ ਹਮਲੇ ਦੇ ਵਿਸ਼ੇ ’ਤੇ ਇੱਕ ਚੰਗਾ ਸ਼ੋਅ ਬਣਾਏਗਾ। ਹਾਂ, ਇਹ ਸੱਚ ਹੈ ਕਿ 26/11 ਹਮਲਾ ਪਹਿਲਾਂ ਵੀ ਕਈ ਫਿਲਮਾਂ ਅਤੇ ਸ਼ੋਅਜ਼ ਵਿੱਚ ਫਿਲਮਾਇਆ ਜਾ ਚੁੱਕਾ ਹੈ ਤੇ ਕਈ ਵਾਰ ਇੱਕ ਵਿਸ਼ਾ ਵੱਖਰੇ ਨਜ਼ਰੀਏ ਤੋਂ ਦੇਖਣਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ ਪਰ ਜੇ ਸਾਡੇ ਸ਼ੋਅ ਦੀ ਗੱਲ ਕਰੀਏ ਤਾਂ ਅਸੀਂ ਇਸ ਨੂੰ ਪਿਛੋਕੜ ਵਜੋਂ ਦਿਖਾ ਰਹੇ ਹਾਂ। ਇਹ ਦਸਤਾਵੇਜ਼ੀ ਨਹੀਂ ਹੈ।’’ ਉਸ ਨੇ ਕਿਹਾ, ‘‘ਜਦੋਂ ਕੋਈ ਅਤਿਵਾਦੀ ਹਮਲਾ ਹੁੰਦਾ ਹੈ ਤਾਂ ਕਿਸੇ ਹਸਪਤਾਲ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਹੈ। ਅਜਿਹੇ ਦੌਰਾਨ ਡਾਕਟਰਾਂ, ਨਰਸਾਂ, ਜੂਨੀਅਰ ਡਾਕਟਰਾਂ ਅਤੇ ਹੋਰ ਸਿਹਤ ਸਟਾਫ ਕਿਹੋ ਜਿਹੇ ਹਾਲਾਤ ’ਚੋਂ ਗੁਜ਼ਰਦੇ ਹਨ। ਮੇਰੇ ਖਿਆਲ ਵਿੱਚ ਇਹ ਇੱਕ ਦਿਲਚਸਪ ਦ੍ਰਿਸ਼ਟੀਕੋਣ ਹੈ।’’ ਅਦਾਕਾਰਾ ਨੇ ਕਿਹਾ ਕਿ ਇਸ ਸ਼ੋਅ ਰਾਹੀਂ ਉਨ੍ਹਾਂ ਮੂਹਰਲੀ ਕਤਾਰ ਦੇ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਨਿਖਿਲ ਅਡਵਾਨੀ ਵੱਲੋਂ ਨਿਰਦੇਸ਼ਿਤ ਇਹ ਸ਼ੋਅ 9 ਸਤੰਬਰ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗਾ। -ਆਈਏਐੱਨਐੱਸ