ਪ੍ਰੋ. ਨਵ ਸੰਗੀਤ ਸਿੰਘ
ਪੈਂਤੀ-ਚਾਲੀ ਵਰ੍ਹੇ ਪਹਿਲਾਂ ਵੀ ਭਾਰਤੀ ਸਮਾਜ ਵਿਚ ਅਜਿਹੀਆਂ ਸਥਿਤੀਆਂ ਨਹੀਂ ਸਨ ਕਿ ਕੋਈ ਲੜਕੀ ਮੰਚ ’ਤੇ ਗਾਏ ਅਤੇ ਉਸ ਨੂੰ ਆਦਰ ਸਤਿਕਾਰ ਮਿਲੇ। ਫਿਰ ਸੱਤ-ਅੱਠ ਦਹਾਕੇ ਪਹਿਲਾਂ ਤਾਂ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਹੀਰਾਬਾਈ ਬੜੋਦਕਰ ਜਿਸ ਦਾ ਮੁੱਢਲਾ ਨਾਂ ਚੰਪਾ ਕਲੀ ਸੀ, ਉਨ੍ਹਾਂ ਗਿਣੀਆਂ-ਚੁਣੀਆਂ ਮੋਢੀ ਗਾਇਕਾਵਾਂ ਵਿਚੋਂ ਇਕ ਸੀ, ਜਿਨ੍ਹਾਂ ਨੇ ਨਿਰਭੈਤਾ ਨਾਲ ਇਨ੍ਹਾਂ ਰੂੜੀਆਂ ਨੂੰ ਤੋੜਿਆ ਅਤੇ ਭਾਰਤੀ ਔਰਤਾਂ ਲਈ ਸਦੀਆਂ ਤੋਂ ਬੰਦ ਪਏ ਦਰਵਾਜ਼ਿਆਂ ਉੱਤੇ ਦਸਤਕ ਦਿੱਤੀ। ਦਰਵਾਜ਼ੇ ਪਹਿਲਾਂ ਚਰਮਰਾਏ ਅਤੇ ਫਿਰ ਪੂਰੀ ਤਰ੍ਹਾਂ ਖੁੱਲ੍ਹਣ ਲੱਗ ਪਏ। ਅੱਗੇ ਚੱਲ ਕੇ ਤਾਂ ਪਦਮਸ੍ਰੀ, ਪਦਮਭੂਸ਼ਣ ਆਦਿ ਅਲੰਕਾਰਾਂ ਅਤੇ ਅਕਾਦਮੀ ਪੁਰਸਕਾਰਾਂ ਨੇ ਇਨ੍ਹਾਂ ਖੁੱਲ੍ਹੇ ਦਰਵਾਜ਼ਿਆਂ ’ਤੇ ਸਮਾਜਿਕ ਅਤੇ ਰਾਜ ਪੱਧਰੀ ਮਾਨਤਾ ਦੀ ਮੋਹਰ ਵੀ ਲਗਾ ਦਿੱਤੀ।
ਹੀਰਾਬਾਈ ਬੜੋਦਕਰ ਨੂੰ ਇਸੇ ਗੱਲ ਦਾ ਸਿਹਰਾ ਨਹੀਂ ਜਾਂਦਾ ਕਿ ਉਨ੍ਹਾਂ ਨੇ ਹਿੰਦੋਸਤਾਨੀ ਸੰਗੀਤ (ਗਾਇਨ) ਵਿਚ ਪਹਿਲਾ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਾਪਤ ਕਰਕੇ ਇਕ ਸੰਗੀਤ ਘਰਾਣੇ ਦੀ ਮਹਾਨਤਾ ਵਧਾਈ, ਸਗੋਂ ਇਸ ਗੱਲ ਦਾ ਵੀ ਹੈ ਕਿ ਆਪਣੇ ਸਾਦਾ, ਸੰਜਮੀ ਜੀਵਨ, ਉੱਚ-ਵਿਚਾਰਾਂ ਵਾਲੇ ਆਦਰਸ਼ਕ ਚਰਿੱਤਰ ਨਾਲ ਉਨ੍ਹਾਂ ਨੇ ਉਸ ਰੂੜੀਵਾਦੀ ਧਾਰਨਾ ਦਾ ਖੰਡਨ ਕੀਤਾ, ਜੋ ਪੇਸ਼ੇਵਰ ਗਾਇਕਾਵਾਂ ਨਾਲ ਅਕਸਰ ਜੁੜੀਆਂ ਹੁੰਦੀਆਂ ਹਨ। ਸਫ਼ੈਦ ਸੂਤੀ ਸਾੜ੍ਹੀ, ਸਾਦਾ ਹਾਰ ਸ਼ਿੰਗਾਰ, ਸਰਲ ਵਿਹਾਰ ਅਤੇ ਧਾਰਮਿਕ ਵਿਸ਼ਵਾਸ ਉਨ੍ਹਾਂ ਦੇ ਜੀਵਨ ਦਾ ਹਿੱਸਾ ਸਨ। ਹੀਰਾਬਾਈ ਨੇ ਆਪਣੀ ਮਧੁਰ ਆਵਾਜ਼ ਨਾਲ ਹਜ਼ਾਰਾਂ, ਲੱਖਾਂ ਸੰਗੀਤ-ਪ੍ਰੇਮੀਆਂ ਦੇ ਦਿਲ ਹੀ ਨਹੀਂ ਜਿੱਤੇ, ਸਗੋਂ ਆਪਣੇ ਸੱਭਿਅਕ ਸ਼ਖ਼ਸੀਅਤ ਦਾ ਪ੍ਰਭਾਵ ਪਾ ਕੇ ਉਸ ਸਨਮਾਨ ਨੂੰ ਵੀ ਪ੍ਰਾਪਤ ਕੀਤਾ ਜੋ ਆਮ ਭਾਰਤੀ ਕੁੜੀਆਂ ਲਈ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਜ਼ਰੂਰੀ ਸ਼ਰਤ ਸੀ।
ਮੰਚ ਗਾਇਨ ਦੇ ਨਾਲ-ਨਾਲ ਮੰਚ ਅਭਿਨੈ ਦੇ ਖੇਤਰ ਵਿਚ ਵੀ ਉਸ ਨੂੰ ਮੋਹਰੀ ਮੰਨਿਆ ਜਾਂਦਾ ਹੈ। ਉਨ੍ਹੀਂ ਦਿਨੀਂ ਜਦੋਂ ਮੰਚ ਅਭਿਨੈ ਕੁੜੀਆਂ ਲਈ ਵਰਜਿਤ ਖੇਤਰ ਸੀ ਅਤੇ ਇਸ ਕਮੀ ਕਰਕੇ ਔਰਤ ਪਾਤਰਾਂ ਦਾ ਅਭਿਨੈ ਵੀ ਮਰਦ ਅਭਿਨੇਤਾ ਹੀ ਅਦਾ ਕਰਦੇ ਸਨ, ਹੀਰਾਬਾਈ ਨੇ ਮੰਚ ’ਤੇ ਹਾਜ਼ਰ ਹੋ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਪਰੰਪਰਾ ਨੂੰ ਅੱਗੇ ਵਧਾਉਣ ਲਈ ਉਸ ਨੇ ਆਪਣੇ ਵੱਡੇ ਭਰਾ ਸੂਰਜ ਬਾਬੂ ਅਤੇ ਦੋ ਭੈਣਾਂ ਕਮਲਾਬਾਈ ਅਤੇ ਸਰਸਵਤੀ ਨਾਲ ਮਿਲ ਕੇ ਇਕ ਥੀਏਟਰ ਕੰਪਨੀ ਦੀ ਸਥਾਪਨਾ ਵੀ ਕੀਤੀ ਸੀ। ਹੀਰਾਬਾਈ ਖ਼ੁਦ ਇਸ ਵਿਚ ਨਾਇਕਾ ਦੀ ਭੂਮਿਕਾ ਅਦਾ ਕਰਦੀ ਅਤੇ ਉਸ ਦੀਆਂ ਭੈਣਾਂ ਸਹਿਨਾਇਕਾ ਅਤੇ ਖ਼ਲਨਾਇਕਾ ਦੀਆਂ। ਆਪਣੇ ਇਸ ਮੰਚ ’ਤੇ ਹੀਰਾਬਾਈ ਨੇ ਕਈ ਸੰਗੀਤ ਨਾਟਕਾਂ ਦਾ ਸਫਲ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚ ਪ੍ਰਸਿੱਧ ਮਰਾਠੀ ਨਾਟਕਕਾਰ ਅੰਨਾ ਸਾਹਿਬ ਕਿਰਲੋਸਕਰ ਲਿਖਤ ‘ਸੰਗੀਤ ਸੁਭੱਦਰਾ’ ਬੜਾ ਹਰਮਨ ਪਿਆਰਾ ਰਿਹਾ। ਸਾਰੇ ਨਾਟਕਾਂ ਦਾ ਸੰਗੀਤ ਖ਼ੁਦ ਹੀਰਾਬਾਈ ਦੇ ਮਧੁਰ ਗਲੇ ਤੋਂ ਪ੍ਰਵਾਹਿਤ ਅਤੇ ਪ੍ਰਸਾਰਿਤ ਹੁੰਦਾ ਸੀ। ਆਪਣੇ ਸਮੇਂ ਵਿਚ ਇਹ ਸੰਗੀਤ ਨਾਟਕ ਬੜੇ ਪਸੰਦ ਕੀਤੇ ਗਏ।
ਉਦੋਂ ਮੰਚ ਅਭਿਨੈ ਅਤੇ ਮੰਚ ਸੰਗੀਤ ਦੀ ਦ੍ਰਿਸ਼ਟੀ ਤੋਂ ਇਹ ਬੜਾ ਕ੍ਰਾਂਤੀਕਾਰੀ ਕਦਮ ਸੀ। ਹੀਰਾਬਾਈ ਨੂੰ ਉਚਿੱਤ ਪ੍ਰਸਿੱਧੀ ਵੀ ਮਿਲੀ, ਪਰ ਛੇਤੀ ਹੀ ਸਿਨਮਾ ਦੀ ਪੇਸ਼ੇਵਰ ਸਫਲਤਾ ਨਾਲ ਨਾਟਕ ਕੰਪਨੀਆਂ ਨੂੰ ਜੋ ਭਾਰੀ ਧੱਕਾ ਵੱਜਿਆ, ਉਸ ਵਿਚ ਹੀਰਾਬਾਈ ਦੀ ਥੀਏਟਰ ਕੰਪਨੀ ਵੀ ਸ਼ਾਮਲ ਸੀ। ਉਸ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ, ਪਰ ਉਦੋਂ ਤਕ ਉਹ ਗਾਇਕਾ ਦੇ ਰੂਪ ਵਿਚ ਬਹੁਤ ਹਰਮਨਪਿਆਰਤਾ ਹਾਸਲ ਕਰ ਚੁੱਕੀ ਸੀ। ਇਸ ਲਈ ਆਗਾਮੀ ਬਹੁਤ ਸਾਰੇ ਉਤਾਰ-ਚੜ੍ਹਾਵਾਂ ਦੇ ਬਾਵਜੂਦ ਉਸ ਦੀ ਮੰਗ ਵਧਦੀ ਹੀ ਗਈ। ਅੱਜ ਵੀ ਕਿਤੇ ਰੇਡੀਓ ਜਾਂ ਰਿਕਾਰਡ ਤੋਂ ਹੀਰਾਬਾਈ ਬੜੋਦਕਰ ਦੀ ਆਵਾਜ਼ ਆ ਰਹੀ ਹੋਵੇ ਤਾਂ ਲੋਕ ਨਾ ਸਿਰਫ਼ ਉਸ ਨੂੰ ਪਹਿਚਾਣ ਜਾਂਦੇ ਹਨ, ਸਗੋਂ ਸੁਣਨ ਲਈ ਰੁਕ ਵੀ ਜਾਂਦੇ ਹਨ। ਸ਼ਾਸਤਰੀ ਸ਼ੁੱਧਤਾ ਅਤੇ ਲੋਕਪ੍ਰਿਅਤਾ ਨੂੰ ਇਕੱਠਾ ਕਾਇਮ ਰੱਖ ਸਕਣਾ ਅਕਸਰ ਔਖਾ ਹੁੰਦਾ ਹੈ, ਪਰ ਹੀਰਾਬਾਈ ਦੀ ਆਵਾਜ਼ ਇਸੇ ਸੁਮੇਲ ਦਾ ਖ਼ੂਬਸੂਰਤ ਮਿਸ਼ਰਣ ਸੀ।
ਹੀਰਾਬਾਈ ਦਾ ਜਨਮ 29 ਮਈ 1905 ਨੂੰ ਸੰਗੀਤਕ ਮਾਹੌਲ ਵਿਚ ਹੀ ਹੋਇਆ। ਉਹ ਕਿਰਾਨਾ ਘਰਾਣੇ ਦੇ ਸੰਸਥਾਪਕ ਉਸਤਾਦ ਅਬਦੁਲ ਕਰੀਮ ਖ਼ਾਨ ਦੀ ਬੇਟੀ ਸੀ, ਭਾਵੇਂ ਉਹ ਉਨ੍ਹਾਂ ਦੀ ਸ਼ਿਸ਼ ਨਹੀਂ ਬਣ ਸਕੀ। ਉਸ ਦੀ ਦਾਦੀ ਬੜੌਦਾ ਦੇ ਰਾਜਕੁਮਾਰ ਦੀ ਗਾਇਕਾ ਸੀ, ਉਸ ਦਾ ਭਰਾ ਸੁਰੇਸ਼ ਮਾਨੇ ਵੀ ਆਪਣੇ ਸਮੇਂ ਦੇ ਚੰਗੇ ਠੁਮਰੀ ਗਾਇਕਾਂ ਵਿਚੋਂ ਇਕ ਸੀ। ਇਸ ਤਰ੍ਹਾਂ ਸੰਗੀਤ ਉਸ ਨੂੰ ਜਨਮ ਘੁੱਟੀ ਵਿਚ ਹੀ ਮਿਲਿਆ।
ਉਸ ਨੇ ਸ਼ੰਕਰ ਬੂਆ, ਗੌਹਰ ਜਾਨ, ਬਚੀ ਬੂਆ, ਫ਼ੈਜ਼ ਮੁਹੰਮਦ ਖਾਂ ਵਰਗੇ ਕਈ ਉਸਤਾਦਾਂ ਤੋਂ ਸਿੱਖਿਆ ਪ੍ਰਾਪਤ ਕੀਤੀ, ਪਰ ਉਸ ਦੇ ਵਿਧੀਵਤ ਗੁਰੂ ਬਣੇ ਸ੍ਰੀ ਅਬਦੁਲ ਵਹੀਦ ਖਾਂ। ਗੰਧਰਵ ਮਹਾਵਿਦਿਆਲਿਆ ਵੱਲੋਂ ਕਰਵਾਏ ਸੰਸਕ੍ਰਿਤਕ ਪ੍ਰੋਗਰਾਮ ਵਿਚ ਜਦੋਂ ਉਸ ਨੇ ਪਹਿਲੀ ਵਾਰ ਖੁੱਲ੍ਹੇ ਮੰਚ ’ਤੇ ਆਪਣਾ ਗਾਇਨ ਪੇਸ਼ ਕੀਤਾ ਤਾਂ ਉਸ ਦੀ ਉਮਰ ਸਿਰਫ਼ ਪੰਦਰਾਂ ਸਾਲ ਸੀ। ਇਸ ਪਹਿਲੇ ਪ੍ਰੋਗਰਾਮ ਦੀ ਸਫਲਤਾ ਨੇ ਉਸ ਨੂੰ ਏਨਾ ਉਤਸ਼ਾਹਿਤ ਕੀਤਾ ਕਿ ਉਸ ਦੇ ਪ੍ਰੋਗਰਾਮਾਂ ਦੀ ਗਿਣਤੀ ਵਧਣ ਲੱਗੀ ਅਤੇ ਫਿਰ ਵਧਦੀ ਹੀ ਚਲੀ ਗਈ। ਸ਼ਾਸਤਰੀ ਸੰਗੀਤ ਦੇ ਇਤਿਹਾਸ ਵਿਚ ਉਹ ਪਹਿਲੀ ਗਾਇਕਾ ਸੀ, ਜਿਸ ਨੇ ਮੰਚ ’ਤੇ ਪ੍ਰੋਗਰਾਮ ਪੇਸ਼ ਕਰਨ ਦੀ ਹਿੰਮਤ ਕੀਤੀ। ਸ਼ੁਰੂ ਵਿਚ ਹੀਰਾਬਾਈ ਨੇ ਆਪਣੇ ਘਰਾਣੇ ਦੀ ਪਰੰਪਰਾ ਅਨੁਸਾਰ ਹੀ ਕਦਮ ਵਧਾਏ, ਪਰ ਅੱਗੇ ਚੱਲ ਕੇ ਆਪਣੀ ਪ੍ਰਤਿਭਾ ਅਤੇ ਸੂਝਬੂਝ ਨਾਲ ਆਪਣਾ ਵਿਸ਼ਿਸ਼ਟ ਸਥਾਨ ਬਣਾਉਣ ਵਿਚ ਸਫਲ ਹੋਈ। ਉਸ ਦਾ ਖੇਤਰ ਸ਼ੁੱਧ ਸ਼ਾਸਤਰੀ ਸੰਗੀਤ ਦਾ ਹੀ ਰਿਹਾ, ਪਰ ਉਸ ਦੀ ਆਵਾਜ਼ ਵਿਚ ਲੈਅ ਅਤੇ ਤਾਲ ਦਾ ਇਕ ਅਜਿਹਾ ਅਨੋਖਾ ਮਿਸ਼ਰਣ ਸੀ, ਜੋ ਉਸ ਨੂੰ ਦੂਜੇ ਸ਼ਾਸਤਰੀ ਗਾਇਕਾਂ ਤੋਂ ਵੱਖ ਕਰਦਾ ਹੈ।
ਹੀਰਾਬਾਈ ਦੀ ਇਕ ਹੋਰ ਵਿਸ਼ੇਸ਼ਤਾ ਸੀ ਖ਼ਯਾਲ ਗਾਇਨ ਦੇ ਨਾਲ ਨਾਟ ਸੰਗੀਤ ਅਤੇ ਭਾਵ ਗੀਤਾਂ ’ਤੇ ਵੀ ਇਕੋ ਜਿਹਾ ਅਧਿਕਾਰ। ਕਿਰਾਨਾ ਘਰਾਣਾ ਖ਼ਿਆਲ ਲਈ ਹੀ ਪ੍ਰਸਿੱਧ ਸੀ। ਹੀਰਾਬਾਈ ਨੇ ਉਸ ਦੇ ਨਾਲ ਨਾਟ ਸੰਗੀਤ ਅਤੇ ਭਾਵ ਗੀਤਾਂ ਦੇ ਖੇਤਰ ਵਿਚ ਵੀ ਪ੍ਰਵੇਸ਼ ਕਰਕੇ ਬਹੁਤ ਪ੍ਰਸਿੱਧੀ ਅਤੇ ਲੋਕਪ੍ਰਿਅਤਾ ਹਾਸਲ ਕੀਤੀ। ਵਿਸ਼ੇਸ਼ ਤੌਰ ’ਤੇ ਭਾਵ ਗੀਤ ਗਾਇਨ ਨੇ ਤਾਂ ਭਾਰਤੀ ਸੰਗੀਤ ਦੇ ਇਤਿਹਾਸ ਵਿਚ ਉਸ ਨੂੰ ਅਮਰ ਕਰ ਦਿੱਤਾ।
ਸਾਲ 1953 ਵਿਚ ਚੀਨ ਸਰਕਾਰ ਦੇ ਸੱਦੇ ’ਤੇ ਭਾਰਤ ਦਾ ਜੋ ਪਹਿਲਾ ਸੱਭਿਆਚਾਰਕ ਪ੍ਰਤੀਨਿਧ ਮੰਡਲ ਚੀਨ ਭੇਜਿਆ ਗਿਆ ਸੀ, ਹੀਰਾਬਾਈ ਉਸ ਦੀ ਮੈਂਬਰ ਸੀ। ਚੀਨ ਸਰਕਾਰ ਨੇ ਉਸ ਦੇ ਸਾਹਮਣੇ ਚੀਨੀ ਕੁੜੀਆਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਸਿਖਾਉਣ ਲਈ ਇਕ ਸਨਮਾਨਯੋਗ ਅਹੁਦੇ ’ਤੇ ਨਿਯੁਕਤੀ ਦੇ ਪ੍ਰਸਤਾਵ ਨਾਲ ਉਸ ਨੂੰ ਉੱਥੇ ਰਹਿਣ ਲਈ ਬੇਨਤੀ ਕੀਤੀ, ਪਰ ਹੀਰਾਬਾਈ ਨੇ ਆਪਣਾ ਦੇਸ਼ ਛੱਡਣ ਤੋਂ ਨਿਮਰਤਾਪੂਰਵਕ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਪੂਰਬੀ ਅਫ਼ਰੀਕੀ ਦੇਸ਼ਾਂ ਵਿਚ ਆਪਣੇ ਸੰਗੀਤ ਦੌਰੇ ’ਤੇ ਰਵਾਨਾ ਹੋ ਗਈ।
ਇਕ ਮੋਹਰੀ ਅਤੇ ਹਰਮਨ ਪਿਆਰੀ ਗਾਇਕਾ ਹੋਣ ਦੇ ਨਾਤੇ ਉਸ ਨੇ ਪੂਰੇ ਦੇਸ਼ ਦੀ ਯਾਤਰਾ ਕਰਕੇ ਥਾਂ-ਥਾਂ ’ਤੇ ਹਜ਼ਾਰਾਂ ਆਮ ਸਭਾਵਾਂ ਵਿਚ ਆਪਣੇ ਪ੍ਰੋਗਰਾਮ ਪੇਸ਼ ਕੀਤੇ। ਵਿਭਿੰਨ ਵਾਦ ਯੰਤਰਾਂ ਦੀ ਲੈਅ ’ਤੇ ਗੂੰਜਦੇ ਉਸ ਦੇ ਮਧੁਰ ਗਲੇ ਨਾਲ ਸਰੋਤੇ ਮੰਤਰਮੁਗਧ ਹੋ ਜਾਂਦੇ ਸਨ। ਉਸ ਦੇ ਆਕਾਸ਼ਵਾਣੀ ਪ੍ਰੋਗਰਾਮਾਂ ਦੀ ਗਿਣਤੀ ਵੀ ਅਣਗਿਣਤ ਰਹੀ ਅਤੇ ਉਸ ਦੇ ਰਿਕਾਰਡ ਵੀ ਖੂਬ ਵਿਕੇ, ਫਿਰ ਵੀ ਹੀਰਾਬਾਈ ਆਰਥਿਕ ਦ੍ਰਿਸ਼ਟੀ ਤੋਂ ਸਦਾ ਬੇਫਿਕਰ ਨਹੀਂ ਰਹੀ ਕਿਉਂਕਿ 25 ਮੈਂਬਰਾਂ ਦੇ ਇਕ ਵੱਡੇ ਸੰਯੁਕਤ ਪਰਿਵਾਰ ਦਾ ਜ਼ਿਆਦਾ ਭਾਰ ਉਸ ਦੇ ਹੀ ਮੋਢਿਆਂ ’ਤੇ ਸੀ। ਆਪਣੀ ਸੰਗੀਤ ਸਾਧਨਾ ਵਿਚ ਉਹ ਸਾਰਿਆਂ ਦੀ ਸੁੱਖ ਸੁਵਿਧਾ ਦਾ ਧਿਆਨ ਵੀ ਰੱਖਦੀ ਰਹੀ।
60-65 ਸਾਲਾਂ ਤਕ ਆਪਣੇ ਸੰਗੀਤਕ ਜੀਵਨ ਦੀ ਬੇਮਿਸਾਲ ਸਫਲਤਾ ਅਤੇ ਪ੍ਰਸਿੱਧੀ ਦੇ ਬਾਵਜੂਦ ਹਉਮੈ ਦੀ ਭਾਵਨਾ ਹੀਰਾਬਾਈ ਨੂੰ ਛੂਹ ਤਕ ਨਹੀਂ ਸਕੀ। ਸੰਗੀਤ ਪ੍ਰੋਗਰਾਮਾਂ ਤੋਂ ਵਿਹਲ ਮਿਲਦਿਆਂ ਹੀ ਉਹ ਘਰ ਦੇ ਕੰਮਾਂ ਵਿਚ ਇਕ ਸਾਧਾਰਨ ਔਰਤ ਵਾਂਗ ਰੁਚੀ ਲੈਂਦੀ ਸੀ। ਰੁੱਝੇ ਹੋਏ ਪ੍ਰੋਗਰਾਮਾਂ ਵਿਚ ਵੀ ਪੂਜਾ ਪਾਠ ਅਤੇ ਰੱਬੀ ਭਗਤੀ ਲਈ ਉਸ ਕੋਲ ਬਹੁਤ ਸਮਾਂ ਹੁੰਦਾ ਸੀ। ਉਸ ਦੇ ਇਸ ਨਿੱਤਨੇਮ ਵਿਚ ਕਦੇ ਇਕ ਦਿਨ ਦੀ ਵੀ ਰੁਕਾਵਟ ਨਹੀਂ ਆਈ। ਸ਼ਾਇਦ ਇਹੋ ਕਾਰਨ ਸੀ ਕਿ ਜੀਵਨ ਵਿਚ ਅਨੇਕ ਤੰਗੀਆਂ ਤੁਰਸ਼ੀਆਂ ਵੇਖਣ ’ਤੇ ਵੀ ਉਸ ਨੇ ਕਦੇ ਸੰਤੁਲਨ ਨਹੀਂ ਗੁਆਇਆ, ਨਾ ਹੀ ਆਪਣੀ ਸਾਧਨਾ ਵਿਚ ਕੋਈ ਰੁਕਾਵਟ ਪੈਦਾ ਹੋਣ ਦਿੱਤੀ। ਰੁਝੇਵਿਆਂ ਭਰੇ ਪ੍ਰੋਗਰਾਮਾਂ ਦੇ ਨਾਲ-ਨਾਲ ਉਹ ਬੰਬਈ ਅਤੇ ਪੂਨੇ ਵਿਚ ਸੰਗੀਤ ਸਿਖਾਉਣ ਦੀਆਂ ਜਮਾਤਾਂ ਵੀ ਚਲਾਉਂਦੀ ਰਹੀ।
ਹੀਰਾਬਾਈ ਬੜੋਦਕਰ ਉਨ੍ਹਾਂ ਗਿਣੇ-ਚੁਣੇ ਕਲਾਕਾਰਾਂ ਵਿਚੋਂ ਇਕ ਸੀ, ਜਿਸ ਨੇ ਆਪਣੇ ਜੀਵਨ ਵਿਚ ਹੀ ਆਪਣੇ ਸੁਪਨਿਆਂ ਨੂੰ ਸਾਕਾਰ ਹੁੰਦਿਆਂ ਵੇਖਿਆ। ਉਸ ਨੇ ਲੜਕੀਆਂ ਲਈ ਆਮ ਗਾਇਨ ਦੇ ਬੰਦ ਦਰਵਾਜ਼ੇ ਖੋਲ੍ਹੇ। ਇਸ ਲਈ ਆਪਣੀ ਪ੍ਰੌਢ ਅਵਸਥਾ ਵਿਚ ਆ ਕੇ ਖੁਸ਼ਹਾਲ ਪਰਿਵਾਰਾਂ ਦੀਆਂ ਲੜਕੀਆਂ ਨੂੰ ਸ਼ੌਕੀਆ ਜਾਂ ਪੇਸ਼ੇਵਰ ਰੂਪ ਵਿਚ ਮੰਚ ਗਾਇਨ ਅਤੇ ਅਭਿਨੈ ਵਿਚ ਰੁਚੀ ਲੈਂਦਿਆਂ ਵੇਖ ਕੇ ਉਸ ਨੂੰ ਬਹੁਤ ਖੁਸ਼ੀ ਹੁੰਦੀ ਸੀ। ਵਡੇਰੀ ਉਮਰ ਤਕ ਉਸ ਦਾ ਆਪਣਾ ਜੀਵਨ ਸੰਗੀਤਮਈ ਹੀ ਰਿਹਾ।
20 ਨਵੰਬਰ 1971 ਨੂੰ ਉਸ ਦੇ ਦੇਹਾਂਤ ’ਤੇ ਆਕਾਸ਼ਵਾਣੀ, ਦੂਰਦਰਸ਼ਨ ਉੱਤੇ ਸਮਾਚਾਰ ਪ੍ਰਸਾਰਨ ਤੋਂ ਇਲਾਵਾ ਦੇਸ਼ ਭਰ ਦੀਆਂ ਕਲਾ ਸੰਸਥਾਵਾਂ ਵੱਲੋਂ ਉਸ ਦੀ ਯਾਦ ਵਿਚ ਸ਼ਰਧਾਂਜਲੀ ਸਭਾਵਾਂ ਕੀਤੀਆਂ ਗਈਆਂ ਅਤੇ ਉਸ ਦੀ ਮੌਤ ਨੂੰ ਸੰਗੀਤ ਜਗਤ ਲਈ ਬਹੁਤ ਵੱਡਾ ਘਾਟਾ ਮੰਨਿਆ ਗਿਆ। 1965 ਵਿਚ ਉਸ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ 1970 ਵਿਚ ਪਦਮਭੂਸ਼ਣ ਤੇ ਰਾਸ਼ਟਰੀ ਪੁਰਸਕਾਰ ਨਾਲ ਅਲੰਕ੍ਰਿਤ ਕੀਤਾ ਗਿਆ। ਇਸ ਤੋਂ ਇਲਾਵਾ ਕਰੁਣਾ ਅਤੇ ਸ਼ਾਂਤੀ ਦੀ ਇਸ ਮਧੁਰ ਗਾਇਕਾ ਨੂੰ ‘ਸੰਗੀਤ ਕੋਇਲ’ ਅਤੇ ‘ਗਾਨ ਹੀਰਾ’ ਨਾਂ ਨਾਲ ਵੀ ਬੁਲਾਇਆ ਜਾਂਦਾ ਰਿਹਾ। ਸੱਚਮੁੱਚ ਹੀ ਉਹ ‘ਕੋਇਲ ਕੰਠੀ ਗਾਇਕਾ’ ਸੀ ਅਤੇ ਗਾਇਨ ਵਿਚ ‘ਹੀਰੇ ਦੀ ਕਣੀ’।
ਸੰਪਰਕ: 94176-92015