ਗੁਰਚਰਨ ਸਿੰਘ ਜੰਜੂਆ
ਵੀਹ ਕੁ ਸਾਲ ਪਹਿਲਾਂ ਲੰਡਨ ਦੀਆਂ ਕਾਰਾਂ ਵਿੱਚ ਚੱਲੇ ਗੀਤ ‘ਮੁੰਡਿਆਂ ਤੋਂ ਬਚ ਕੇ ਰਹੀਂ, ਨੀਂ ਤੂੰ ਹੁਣੇ ਹੁਣੇ ਹੋਈ ਮੁਟਿਆਰ’ ਦਾ ਗਾਇਕ ਲਾਭ ਜੰਜੂਆ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸ ਦਾ ਜਨਮ 1957 ਵਿੱਚ ਪਿਤਾ ਸੁੱਚਾ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਘਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਹੋਇਆ। ਉਸ ਨੇ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ, ਖਨਿਆਣ ਅਤੇ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਅਤੇ ਉਚੇਰੀ ਸਿੱਖਿਆ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਤੋਂ ਪ੍ਰਾਪਤ ਕੀਤੀ।
ਭਾਵੇਂ ਉਸ ਨੂੰ ਸੰਗੀਤ ਦਾ ਬਚਪਨ ਤੋਂ ਹੀ ਸ਼ੌਕ ਸੀ, ਪਰ ਸ਼ੌਕ ਨੂੰ ਇੱਕ ਮੁਕਾਮ ’ਤੇ ਪਹੁੰਚਾਉਣ ਲਈ ਉਸ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਦਾਦਾ ਬਖਤਾਵਰ ਸਿੰਘ ਪਾਸੋਂ ਹਾਸਲ ਕੀਤੀ ਅਤੇ ਉਸਤਾਦ ਮਰਹੂਮ ਸੰਗੀਤਕਾਰ ਜਸਵੰਤ ਸਿੰਘ ਭੰਵਰਾ ਨੂੰ ਗੁਰੂ ਧਾਰਿਆ। ਉਸ ਨੇ ਆਪਣੀ ਰਿਹਾਇਸ਼ ਜਿੱਥੇ ਲਾਗਲੇ ਸ਼ਹਿਰ ਖੰਨਾ ਵਿੱਚ ਰੱਖੀ, ਉੱਥੇ ਖੰਨਾ ਦੇ ਕਈ ਸਕੂਲਾਂ ਵਿੱਚ ਬਤੌਰ ਸੰਗੀਤ ਅਧਿਆਪਕ ਵੀ ਨੌਕਰੀ ਕੀਤੀ। ਸੰਗੀਤ ਦੇ ਖੇਤਰ ਵਿੱਚ ਕਦਮ ਰੱਖਦਿਆਂ ਹੀ ਉਸ ਦੀ ਪਹਿਲੀ ਧਾਰਮਿਕ ਕੈਸੇਟ ‘ਸਤਿਗੁਰ ਨਾਨਕ ਤੇਰੀ ਬਾਣੀ’ ਅਤੇ ਫਿਰ ਪੰਜਾਬੀ ਕੈਸੇਟਾਂ ‘ਜਿਹੜੀ ਬਣੀ ਮਸ਼ੂਕ ਸੀ’, ‘ਰਾਤਾਂ ਤੋਂ ਲੰਮੇ ਖ਼ਤ’, ‘ਪਿਆਰ ਦੇ ਰੁੱਕੇ’, ‘ਟਕੂਏ ਖੜਕਣਗੇ’, ‘ਬੇਵਫ਼ਾ’, ‘ਹਲਚਲ ਹੋਗੀ’, ‘ਵੈਰ ਬੁਰਾ ਹੁੰਦਾ ਜੱਟ ਦਾ’, ‘ਦਿਲਾਂ ਵਾਲੀ ਚੋਰਨੀ’ ਅਤੇ ਪੰਜਾਬੀ ਫ਼ਿਲਮਾਂ ‘ਜ਼ਿੱਦ ਜੱਟਾਂ ਦੀ’, ‘ਜੱਟ ਅਤੇ ਜਵਾਨ’, ‘ਪਿਆਰ ਨਸੀਬਾਂ ਦਾ’, ‘ਲੰਬੜਦਾਰ’, ‘ਜਾਅਲੀ ਪਾਸਪੋਰਟ’, ‘ਦੂਰ ਨਹੀਂ ਨਨਕਾਣਾ’, ‘ਰੁਸਤਮੇ ਹਿੰਦ’, ‘ਕਲਯੁੱਗ’, ‘ਰੀਝਾਂ’, ‘ਸਿਆਸਤ’ ਅਤੇ ‘ਐੱਮ. ਐੱਲ. ਏ. ਨੱਥਾ ਸਿੰਘ’ ਵਿੱਚ ਗੀਤ ਗਾਏ।
ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਸੰਗੀਤਕਾਰ ਪ੍ਰੀਤਮ ਚੱਕਰਵਰਤੀ ਨਾਲ ਹੋਈ ਮੁਲਾਕਾਤ ਉਸ ਲਈ ਬਹੁਤ ਲਾਹੇਵੰਦ ਹੋਈ ਜਿਸ ਕਾਰਨ ਉਸ ਦੀ ਬੌਲੀਵੁੱਡ ਵਿੱਚ ਐਂਟਰੀ ਹੋਈ। ਉਸ ਨੇ ਹਿੰਦੀ ਫ਼ਿਲਮ ‘ਬੂਮ’ ਵਿੱਚ ‘ਮੁੰਡਿਆਂ ਤੋਂ ਬਚਕੇ ਰਹੀਂ ਨੀਂ ਤੂੰ ਹੁਣੇ ਹੁਣੇ ਹੋਈ ਮੁਟਿਆਰ’, ‘ਗਰਮ ਮਸਾਲਾ’ ਵਿੱਚ ‘ਚੋਰੀ ਚੋਰੀ ਦਿਲ ਲੈ ਗਈ’, ‘ਢੋਲ’ ਵਿੱਚ ‘ਯਾਰਾ ਢੋਲ ਵਜਾ ਕੇ’, ‘ਹੈਟ੍ਰਿਕ’ ਵਿੱਚ ‘ਲੁੱਟ ਗਿਆ ਸਰਦਾਰ ਰੱਬ ਖੈਰ ਕਰੇ’, ‘ਪਾਰਟਨਰ’ ਵਿੱਚ ‘ਸੋਹਣੀ ਦੇ ਨਖਰੇ ਸੋਹਣੇ ਲੱਗਦੇ’, ‘ਸਿੰਘ ਇਜ਼ ਕਿੰਗ’ ਵਿੱਚ ‘ਜੀ ਕਰਦਾ ਵੀ ਜੀ ਕਰਦਾ’, ‘ਟੱਲੀ ਹੂਆ ਟੱਲੀ ਹੂਆ ਯਾਰਾ ਮੇਰੇ ਯਾਰ ਦੇਖੋ ਟੱਲੀ ਹੂਆ’, ‘ਨਕਸ਼ਾ’ ਵਿੱਚ ‘ਲੈਟ ਡੂ ਬੱਲੇ ਬੱਲੇ’, ‘ਪਿਆਰ ਦੇ ਸਾਈਡ ਇਫੈਕਟ’ ਵਿੱਚ ‘ਪਾਪੇ ਪਿਆਰ ਕਰਕੇ ਪਛਤਾਇਆ’, ‘ਹਾਲ-ਏ-ਦਿਲ’ ਵਿੱਚ ‘ਅੱਗ ਲੱਗ ਗਈ ਅੱਜਕੱਲ੍ਹ ਦੇ ਫੈਸ਼ਨ ਨੂੰ’ ਅਤੇ ‘ਮੁਝੇ ਲਵ ਹੂਆ’ ਦਾ ਟਾਈਟਲ ਗੀਤ ਗਾਇਆ। ਫ਼ਿਲਮ ‘ਕੁਈਨ’ ਵਿੱਚ ‘ਲੰਡਨ ਠੁਮਕਦਾ’, ‘ਸਿੰਘ ਇਜ਼ ਬਿਲਿੰਗ’ ਵਿੱਚ ‘ਦਿਲ ਕਰੇ ਚੂੰ ਚੈਂ ਚੂੰ ਚੈਂ’ ਆਦਿ 150 ਦੇ ਕਰੀਬ ਗੀਤ ਗਾਏ।
ਉਸ ਨੇ ਹਿੰਦੀ ਫ਼ਿਲਮ ‘ਤਸਕਰ’ ਵਿੱਚ ਖ਼ਲਨਾਇਕ ਦੀ ਭੂਮਿਕਾ ਨਿਭਾਈ। ਫ਼ਿਲਮ ‘ਤੇਰਾ ਬੈਂਡ ਬਜੇਗਾ ਪੱਕਾ’ ਅਤੇ ‘ਜਦ ਇਸ਼ਕ ਨਚਾਵੇ’ ਵਿੱਚ ਵੀ ਬਾਖੂਬੀ ਅਦਾਕਾਰੀ ਕੀਤੀ। ਬੀ.ਬੀ.ਸੀ. ਲੰਡਨ ਵੱਲੋਂ ਲਾਭ ਜੰਜੂਆਂ ਨੂੰ ਸੰਗੀਤ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਬਦਲੇ ਬਕਾਇਦਾ ਸਨਮਾਨਿਤ ਵੀ ਕੀਤਾ ਗਿਆ, ਜੋ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਸਨ। ਪਰ ਅਜਿਹੇ ਸੁਰੀਲੇ ਗਾਇਕ ਨੂੰ ਸਮੇਂ ਦੀਆਂ ਸਰਕਾਰਾਂ, ਬੌਲੀਵੁੱਡ ਅਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਸਿਰੇ ਤੋਂ ਹੀ ਵਿਸਾਰ ਦਿੱਤਾ ਗਿਆ ਹੈ। ਕਿਸੇ ਵੱਲੋਂ ਵੀ ਉਸ ਦੀ ਯਾਦ ਵਿੱਚ 6 ਸਾਲ ਬੀਤਣ ਉਪਰੰਤ ਕੋਈ ਸਮਾਗਮ ਜਾਂ ਸਭਿਆਚਾਰਕ ਮੇਲਾ ਵੀ ਨਹੀਂ ਕਰਵਾਇਆ ਗਿਆ। 22 ਅਕਤੂਬਰ 2015 ਨੂੰ ਸਦੀਵੀ ਵਿਛੋੜਾ ਦੇ ਗਏ ਜੰਜੂਆ ਦੀ ਆਵਾਜ਼ ਸਾਡੇ ਕੰਨਾਂ ਵਿੱਚ ਹਮੇਸ਼ਾਂ ਗੂੰਜਦੀ ਅਤੇ ਦਿਲਾਂ ਨੂੰ ਟੁੰਬਦੀ ਰਹੇਗੀ।
ਸੰਪਰਕ: 98555-21640