ਚੰਡੀਗੜ੍ਹ: ਸੋਸ਼ਲ ਮੀਡੀਆ ਵਿੱਚ ਕੁਝ ਤਾਂ ਗ਼ਲਤ ਹੋ ਰਿਹਾ ਹੈ, ਜਦੋਂ ਸਾਰਾ ਦੇਸ਼ ਸਿੱਧੂ ਮੂਸੇਵਾਲਾ ਤੇ ਕੇਕੇ ਵਰਗੇ ਕੌਮਾਂਤਰੀ ਪੱਧਰ ’ਤੇ ਪਛਾਣ ਬਣਾਉਣ ਵਾਲੇ ਕਲਾਕਾਰਾਂ ਦੇ ਵਿਛੋੜੇ ’ਚ ਗ਼ਮਗੀਨ ਹੈ। ਉਦੋਂ ਵੀ ਕੁਝ ਲੋਕ ਸੋਸ਼ਲ ਮੀਡੀਆ ’ਤੇ ਨਫ਼ਰਤ ਭਰੇ ਸੰਦੇਸ਼ ਭੇਜ ਰਹੇ ਹਨ। ਇਨ੍ਹੀਂ ਦਿਨੀਂ ਗਾਇਕ ਤੇ ਰੈਪਰ ਬਾਦਸ਼ਾਹ ਨੂੰ ਵੀ ਨਫ਼ਰਤੀ ਸੰਦੇਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਕੀ ਹੈ? ਕਿਸੇ ਨੂੰ ਨਹੀਂ ਪਤਾ। ਹਾਲ ਹੀ ਵਿੱਚ ਬਾਦਸ਼ਾਹ ਨੂੰ ਕਿਸੇ ਨੇ ਸੰਦੇਸ਼ ਭੇਜਿਆ ਹੈ, ਜਿਸ ਵਿੱਚ ਉਸ ਵਿਅਕਤੀ ਨੇ ਬਾਦਸ਼ਾਹ ਨੂੰ ਗ਼ਾਲ ਕੱਢ ਕੇ ਪੁੱਛਿਆ ਹੈ, ‘ਤੂੰ ਕਦੋਂ ਮਰੇਂਗਾ।’ ਇਹ ਹੈਰਾਨ ਕਰਨ ਵਾਲਾ ਹੈ, ਇੱਕ ਪਾਸੇ ਲੋਕ ਮੂਸੇਵਾਲਾ ਦੀ ਮੌਤ ’ਤੇ ਇਨਸਾਫ਼ ਦੀ ਮੰਗ ਕਰ ਰਹੇ ਹਨ ਤਾਂ ਦੂਜੇ ਪਾਸੇ ਕੁਝ ਲੋਕ ਇੱਕ ਹੋਰ ਪੰਜਾਬੀ ਕਲਾਕਾਰ ਦੀ ਮੌਤ ਦੀ ਦੁਆ ਮੰਗ ਰਹੇ ਹਨ। ਮੰਗਲਵਾਰ ਦੇ ਦਿਨ ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਮਰਹੂਮ ਗਾਇਕ ਕੇਕੇ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਉਸ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਕੇਕੇ ਦੇ ਅਚਾਨਕ ਤੁਰ ਜਾਣ ’ਤੇ ਬਾਦਸ਼ਾਹ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਕੇ ਦੀ ਤਸਵੀਰ ਨਾਲ ਲਿਖਿਆ ਸੀ, ‘ਕਿਉਂ ?’ ਇਸ ਤੋਂ ਕੁਝ ਹੀ ਸਮੇਂ ਬਾਅਦ ਗਾਇਕ ਦੇ ਅਕਾਊਂਟ ’ਤੇ ਕਿਸੇ ਵਿਅਕਤੀ ਦਾ ਸੰਦੇਸ਼ ਆਇਆ, ਜਿਸ ਵਿੱਚ ਉਸ ਨੇ ਬਾਦਸ਼ਾਹ ਨੂੰ ਪੁੱਛਿਆ ਕਿ ਉਹ ਕਦੋਂ ਮਰੇਗਾ। ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਹ ਸੰਦੇਸ਼ ਸਾਂਝਾ ਕਰਦਿਆਂ ਲਿਖਿਆ, ‘ਬਸ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਅਸੀਂ ਰੋਜ਼ਾਨਾ ਕਿਸ ਪੱਧਰ ਦੀ ਨਫ਼ਰਤ ਦਾ ਸਾਹਮਣਾ ਕਰਦੇ ਹਾਂ।’ ਬਾਦਸ਼ਾਹ ਨੇ ਕੁਝ ਸਮੇਂ ਬਾਅਦ ਲਿਖਿਆ, ‘ਜੋ ਤੁਸੀਂ ਦੇਖਦੇ ਹੋ ਉਹ ਭੁਲੇਖਾ ਹੈ ਅਤੇ ਜੋ ਤੁਸੀਂ ਸੁਣਦੇ ਹੋ ਉਹ ਝੂਠ ਹੈ ਪਰ ਕੁਝ ਲੋਕ ਤੁਹਾਨੂੰ ਮਿਲਣ ਲਈ ਮਰੇ ਜਾ ਰਹੇ ਹਨ ਜਦਕਿ ਕੁਝ ਲੋਕ ਤੁਹਾਡੀ ਮੌਤ ਲਈ ਦੁਆ ਮੰਗ ਰਹੇ ਹੁੰਦੇ ਹਨ।’ -ਟ੍ਰਿਬਿਊਨ ਵੈੱਬ ਡੈਸਕ