ਸੁਰਜੀਤ ਜੱਸਲ
ਫਿਲਮ ‘ਤੁਣਕਾ-ਤੁਣਕਾ’ ਨਾਲ ਪੰਜਾਬੀ ਪਰਦੇ ’ਤੇ ਆਇਆ ਨੌਜਵਾਨ ਲੇਖਕ, ਨਿਰਦੇਸ਼ਕ ਤੇ ਅਦਾਕਾਰ ਹਰਦੀਪ ਗਰੇਵਾਲ ਵੱਖਰੀ ਕਿਸਮ ਦੇ ਸਿਨਮਾ ਦਾ ਆਸ਼ਕ ਹੈ। ਉਸ ਨੇ ਵਿਆਹ ਕਲਚਰ ਜਾਂ ਹਾਸੇ ਮਜ਼ਾਕ ਵਾਲੀਆਂ ਫਿਲਮਾਂ ਦੀ ਭੀੜ ਵਿੱਚ ਜ਼ਿੰਦਗੀ ਤੋਂ ਨਿਰਾਸ਼ ਮਨੁੱਖ ਵਿੱਚ ਹੌਸਲਾ, ਜਜ਼ਬਾ ਤੇ ਮਨੋਬਲ ਭਰਨ ਵਾਲੇ ਸਿਨਮਾ ਦੀ ਸਿਰਜਣਾ ਕੀਤੀ ਹੈ। ਉਸ ਦੀ ਪਹਿਲੀ ਫਿਲਮ ‘ਤੁਣਕਾ ਤੁਣਕਾ’ ਨੇ ਕਰੋਨਾ ਦੇ ਦਿਨਾਂ ਦੌਰਾਨ ਸਿਨਮਾ ਘਰਾਂ ਵਿੱਚ ਪਸਰੀ ਚੁੱਪ ਨੂੰ ਤੋੜ ਕੇ ਨਵੇਂ ਸਿਨਮਾ ਦਾ ਆਗਾਜ਼ ਕੀਤਾ। ਇਸ ਫਿਲਮ ਨੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਤੇ ਇਸ ਰਾਹੀਂ ਦਰਸ਼ਕਾਂ ਦੇ ਪਿਆਰ ਨੇ ਹਰਦੀਪ ਗਰੇਵਾਲ ਦੇ ਹੌਸਲੇ ਨੂੰ ਮਜ਼ਬੂਤ ਕੀਤਾ ਹੈ।
ਅੱਜਕੱਲ੍ਹ ਉਹ ਆਪਣੀ ਨਵੀਂ ਫਿਲਮ ‘ਬੈਚ 2013’ ਨਾਲ ਮੁੜ ਸਰਗਰਮ ਹੋਇਆ ਹੈ। ਪਿਛਲੇ ਹਫ਼ਤੇ ਰਿਲੀਜ਼ ਹੋਈ ਇਹ ਫਿਲਮ ਇੱਕ ਅਜਿਹੇ ਨੌਜਵਾਨ ’ਤੇ ਆਧਾਰਿਤ ਹੈ ਜਿਸ ਦੀ ਜ਼ਿੰਦਗੀ ਵਿੱਚ ਅਜਿਹੀਆਂ ਬਹੁਤ ਘਟਨਾਵਾਂ ਵਾਪਰਦੀਆਂ ਹਨ ਜਿਸ ਕਰਕੇ ਉਹ ਵਾਰ ਵਾਰ ਹਾਰਦਾ ਹੈ, ਫਿਰ ਉੱਠਦਾ ਹੈ… ਫਿਰ ਹਾਰਦਾ ਹੈ ਤੇ ਫਿਰ ਉੱਠਦਾ ਹੈ। ਨੌਜਵਾਨਾਂ ਦੇ ਇਰਾਦਿਆਂ ਨੂੰ ਦ੍ਰਿੜ ਕਰਦੀ ਇਹ ਫਿਲਮ ਆਮ ਫਿਲਮਾਂ ਤੋਂ ਬਹੁਤ ਹਟਕੇ ਹੈ।
ਗਾਇਕੀ ਤੋਂ ਫਿਲਮਾਂ ਵੱਲ ਆਏ ਹਰਦੀਪ ਗਰੇਵਾਲ ਨੇ ਦੱਸਿਆ,‘‘ਫਿਲਮ ‘ਬੈਚ 2013’ ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸ ਨੂੰ ਆਪਣੀ ਜਵਾਨੀ ਵਿੱਚ ਇਹ ਨਹੀਂ ਪਤਾ ਕਿ ਉਸ ਦੀ ਜ਼ਿੰਦਗੀ ਦਾ ਟੀਚਾ ਕੀ ਹੈ, ਉਸ ਨੇ ਕਿਹੜੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਹੈ? ਉਸ ਨੇ ਆਪਣੀ ਜ਼ਿੰਦਗੀ ਬਾਰੇ ਕਦੇ ਸੋਚਿਆ ਹੀ ਨਹੀਂ। ਉਸ ਦਾ ਪਿਤਾ ਪੁਲੀਸ ਅਫ਼ਸਰ ਹੈ, ਪਰ ਉਸ ਦਾ ਪੁਲੀਸ ਮਹਿਕਮੇ ਵਿੱਚ ਜਾਣ ਦਾ ਕੋਈ ਮਨ ਨਹੀਂ। ਅਚਾਨਕ ਹਾਲਾਤ ਅਜਿਹੇ ਬਣਦੇ ਹਨ ਕਿ ਨਾ ਸਿਰਫ਼ ਉਹ ਆਪਣੇ ਦਮ ’ਤੇ ਪੁਲੀਸ ਵਿੱਚ ਭਰਤੀ ਹੁੰਦਾ ਹੈ ਬਲਕਿ ਉਸ ਨੂੰ ਇੱਕ ਅਜਿਹੀ ਸਪੈਸ਼ਲ ਟੀਮ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਜੋ ਕਿਸੇ ਵੀ ਅਣਸੁਖਾਵੇਂ ਹਾਲਾਤ ਨੂੰ ਕੰਟਰੋਲ ਕਰ ਸਕੇ। ਜਿਸ ਦਾ ਨਾਂ ‘ਬੈਚ 2013’ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਇਹ ਇੱਕ ਨੌਜਵਾਨ ਦੇ ਪ੍ਰੇਰਣਾਦਾਇਕ ਸਫ਼ਰ ਦੀ ਕਹਾਣੀ ਹੈ।’’
ਆਪਣੇ ਕਿਰਦਾਰ ਬਾਰੇ ਹਰਦੀਪ ਗਰੇਵਾਲ ਨੇ ਦੱਸਿਆ ਕਿ ‘‘ਬੈਚ 2013’ ਵਿੱਚ ਉਸ ਦੇ ਦੋ ਤਰ੍ਹਾਂ ਦੇ ਕਿਰਦਾਰ ਸੀ। ਪਹਿਲੇ ਵਿੱਚ ਮੈਨੂੰ ਆਪਣਾ ਵਜ਼ਨ 70 ਤੋਂ 90 ਕਿਲੋਗ੍ਰਾਮ ਤੱਕ ਵਧਾਉਣਾ ਪਿਆ ਜਦੋਂਕਿ ਦੂਜੇ ਕਿਰਦਾਰ ਲਈ 90 ਤੋਂ 80 ਕਿਲੋਗ੍ਰਾਮ ਤੱਕ ਘਟਾਉਣਾ ਪਿਆ। ਜਿਸ ਕਰਕੇ ਫਿਲਮ ਦੋ ਸ਼ਡਿਊਲ ਵਿੱਚ ਸ਼ੂਟ ਕਰਨੀ ਪਈ। ‘ਤੁਣਕਾ ਤੁਣਕਾ’ ਨਾਲੋਂ ਇਹ ਕਹਾਣੀ ਵਧੇਰੇ ਭਾਵਨਾਤਮਕ ਹੈ, ਜਿਸ ਲਈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਫਿਲਮ ਦੇ ਐਕਸ਼ਨ ਦੀ ਗੱਲ ਕਰੀਏ ਤਾਂ ਇਹ ਆਮ ਫਿਲਮਾਂ ਵਾਂਗ ਹੀਰੋ ਸਟਾਇਲ ਨਹੀਂ ਹੈ। ਸਾਡੇ ਕਮਾਂਡੋ ਜਾਂ ਸਪੈਸ਼ਲ ਫੋਰਸ ਦੇ ਜੁਆਨ ਜਦੋਂ ਕੋਈ ਮੁਕਾਬਲਾ ਕਰਦੇ ਹਨ ਤਾਂ ਉਨ੍ਹਾਂ ਦਾ ਕਿਹੋ ਜਿਹਾ ਐਕਸ਼ਨ ਹੁੰਦਾ ਹੈ? ਇਸ ਲਈ ਅਸੀਂ ਅਜਿਹੇ ਐਕਸ਼ਨ ਡਾਇਰੈਕਟਰ ਨੂੰ ਚੁਣਿਆ ਜੋ ਸਪੈਸ਼ਲ ਫੋਰਸ ਜਾਂ ਆਰਮੀ ਨਾਲ ਜੁੜਿਆ ਹੋਇਆ ਸੀ। ਇਸ ਫਿਲਮ ਦਾ ਐਕਸ਼ਨ ਵੀ ਵੱਖਰਾ ਹੈ ਤੇ ਕਹਾਣੀ ਤਾਂ ਵੱਖਰੀ ਹੈ ਹੀ।’’
ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਹਰਦੀਪ ਗਰੇਵਾਲ, ਹਸ਼ਨੀਨ ਚੌਹਾਨ, ਡਾ. ਸਾਹਿਬ ਸਿੰਘ, ਨੀਤਾ ਮਹਿੰਦਰਾ, ਮਨਜੀਤ ਸਿੰਘ, ਹਰਿੰਦਰ ਭੁੱਲਰ, ਪ੍ਰੀਤ ਭੁੱਲਰ ਤੇ ਪਰਮਵੀਰ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਹਰਦੀਪ ਗਰੇਵਾਲ ਨੇ ਲਿਖੇ ਹਨ। ਫਿਲਮ ਦਾ ਨਿਰਮਾਤਾ ਹਰਦੀਪ ਗਰੇਵਾਲ ਹੈ ਅਤੇ ਨਿਰਦੇਸ਼ਕ ਗੈਰੀ ਖਟਰਾਓ ਹੈ। ਫਿਲਮ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ। ਗੀਤ ਹਰਮਨਜੀਤ ਸਿੰਘ ਤੇ ਹਰਦੀਪ ਗਰੇਵਾਲ ਨੇ ਲਿਖੇ ਹਨ ਜਿਨ੍ਹਾਂ ਨੂੰ ਕੰਵਰ ਗਰੇਵਾਲ, ਦੇਵੀ, ਅਕਸ਼ ਤੇ ਹਰਦੀਪ ਗਰੇਵਾਲ ਨੇ ਗਾਇਆ ਹੈ। ਹਰਦੀਪ ਗਰੇਵਾਲ ਦੇ ਗੀਤਾਂ ਵਾਂਗ ਹੀ ਨਿਰਾਸ਼ ਤੇ ਉਦਾਸ ਨੌਜਵਾਨਾਂ ਨੂੰ ਮਿਹਨਤ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹਿਤ ਕਰਦੀ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ ’ਤੇ ਖਰਾ ਉਤਰੇਗੀ।
ਸੰਪਰਕ: 98146-07737