ਉੱਤਮਵੀਰ ਸਿੰਘ ਦਾਊਂ
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਮਾਹਿਲਪੁਰ ਦੇ ਨੇੜੇ ਪੈਂਦੇ ਪਿੰਡ ਕੈਂਡੋਵਾਲ ਵਿਖੇ ਮਾਤਾ ਸਤਵਿੰਦਰ ਕੌਰ ਤੇ ਪਿਤਾ ਸੂਬੇਦਾਰ ਅਜੈਬ ਸਿੰਘ ਦੇ ਘਰ ਪੈਦਾ ਹੋਇਆ ਗੁਰਮਿੰਦਰ ਕੈਂਡੋਵਾਲ ਗੀਤਕਾਰੀ ਦੇ ਖੇਤਰ ਦਾ ਨਾਮਵਰ ਹਸਤਾਖ਼ਰ ਹੈ। ਉਸ ਨੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਤੋਂ ਬੀ.ਏ. ਅਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਤੋਂ ਡਬਲ ਐੱਮ.ਏ. ਰਾਜਨੀਤੀ ਸ਼ਾਸਤਰ ਤੇ ਪੰਜਾਬੀ ਵਿਸ਼ੇ ਵਿਚ ਕੀਤੀ। ਉਹ ਗੀਤਕਾਰੀ ਦੇ ਨਾਲ-ਨਾਲ ਜੀ.ਐੱਸ. ਸ਼ਿਵਾਲਕ ਪਬਲਿਕ ਸਕੂਲ ਵਿਚ ਬਤੌਰ ਪ੍ਰਿੰਸੀਪਲ ਸੇਵਾ ਨਿਭਾਅ ਰਿਹਾ ਹੈ। ਗੁਰਮਿੰਦਰ ਨੂੰ ਪੜ੍ਹਨ-ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ। ਇਹੀ ਸ਼ੌਕ ਗੀਤਕਾਰ ਬਣਨ ਲਈ ਪ੍ਰੇਰਨਾ ਸਰੋਤ ਬਣਿਆ। ਉਹ ਗੀਤ ਨੂੰ ਕਦੇ ਵੀ ਵਪਾਰਕ ਨਜ਼ਰੀਏ ਤੋਂ ਨਹੀਂ ਲਿਖਦਾ, ਇਸੇ ਲਈ ਉਸ ਦੇ ਸਮੁੱਚੇ ਗੀਤਾਂ ਵਿਚ ਸਰੋਦੀ ਰੰਗਤ ਝਲਕਾਂ ਮਾਰਦੀ ਹੈ।
ਉਸ ਨੇ ਕੁਝ ਚਿਰ ਕਾਮੇਡੀ ਤੇ ਅਦਾਕਾਰੀ ਵੀ ਕੀਤੀ, ਪਰ ਫਿਰ ਪੂਰੀ ਤਰ੍ਹਾਂ ਗੀਤਕਾਰੀ ਨੂੰ ਸਮਰਪਿਤ ਹੋ ਗਿਆ। ਉਸ ਦਾ ਪਹਿਲਾ ਗੀਤ ਜਲੰਧਰ ਦੂਰਦਰਸ਼ਨ ’ਤੇ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਵਿਚ ‘ਲੋਕੀ ਰੱਖਦੇ ਨੇ ਕੋਲ ਤਸਵੀਰਾਂ, ਅਸੀਂ ਤੇਰੀ ਯਾਦ ਰੱਖ ਲਈ’ ਸੁਖਵਿੰਦਰ ਤੇ ਦੇਸਰਾਜ ਵੱਲੋਂ ਗਾਇਆ ਗਿਆ। ਫਿਰ ਉਸ ਦਾ ਮੇਲ ਫਾਈਨਟੋਨ ਕੰਪਨੀ ਵਾਲੇ ਰਾਜਿੰਦਰ ਸਿੰਘ ਨਾਲ ਹੋਇਆ ਤੇ 1996 ਵਿਚ ਗਾਇਕ ਰਵਿੰਦਰ ਗਰੇਵਾਲ ਦੀਆਂ ਕੈਸੇਟਾਂ ਲਈ ਟਾਈਟਲ ਗੀਤ ‘ਗੁਲਾਬੀ ਪੱਗ ਬੰਨ੍ਹ ਮਿੱਤਰਾ’ ਤੇ ‘ਗੱਭਰੂ ਸ਼ੌਕੀਨ ਲਿਖੇ’ ਜੋ ਬਹੁਤ ਹੀ ਮਕਬੂਲ ਹੋਏ। ਇਸ ਮਗਰੋਂ ਗੀਤਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਚੱਲਦਾ ਰਿਹਾ। ਸਾਲ 2002 ਵਿਚ ਨਛੱਤਰ ਗਿੱਲ ਦੀ ਐਲਬਮ ‘ਇਸ਼ਕ ਜਗਾਵੇ’ ਵਿਚਲੇ ਗੀਤ ‘ਤੈਨੂੰ ਕੋਲ ਬਿਠਾ ਕੇ ਪੁੱਛਾਂਗੇ, ਕਿੰਜ ਵਾਅਦੇ ਕਰਕੇ ਭੁੱਲ ਜਾਈ ਦਾ’ ਨੇ ਗੁਰਮਿੰਦਰ ਕੈਂਡੋਵਾਲ ਦੀ ਉਦਾਸ ਗੀਤਾਂ ਦੇ ਰਚੇਤਾ ਵਜੋਂ ਵੱਖਰੀ ਪਛਾਣ ਬਣਾਈ।
ਉਹ ਕੁਦਰਤਨ ਹੀ ਬੜਾ ਸੰਵੇਦਨਸ਼ੀਲ ਸ਼ਖ਼ਸ ਹੈ। ਉਸ ਨੂੰ ਸ਼ਬਦ ਦੀ ਸੰਵੇਦਨਾ ਤੇ ਵੇਦਨਾ ਨੂੰ ਪ੍ਰਗਟਾਉਣ ਦੀ ਜਾਚ ਹੈ। ਉਹ ਬਹੁਤੀ ਥਾਈਂ ਦਿਲ ਦੀ ਪੀੜ ਤੇ ਕਸਕ ਨੂੰ ਸਹਿਜ ਭਾਵਾਂ ਨਾਲ ਬਿਆਨ ਕਰ ਜਾਂਦਾ ਹੈ। ਉਹ ਸ਼ਬਦਾਂ ਨਾਲ ਖੇਡਣਾ ਵੀ ਜਾਣਦਾ ਤੇ ਸ਼ਬਦਾਂ ਰਾਹੀਂ ਪ੍ਰਭਾਵ ਸਿਰਜਣੇ ਵੀ ਜਾਣਦਾ। ਇਹੀ ਲਿਖਣ ਕਲਾ ਉਸ ਨੂੰ ਹੋਰਨਾਂ ਤੋਂ ਅੱਡਰਾ ਦਰਸਾਉਂਦੀ ਹੈ। ਸ਼ਾਇਰੀ ਗੁਰਮਿੰਦਰ ਦੇ ਰੋਮ-ਰੋਮ ਵਿਚ ਵਸੀ ਹੋਈ ਹੈ। ਇਹ ਸ਼ਾਇਰੀ ਨਿਰੀਪੁਰੀ ਕਲਪਨਾ ਨਾ ਹੋ ਕੇ ਦਿਲ ਤੋਂ ਰੂਹ ਤਕ ਹੰਢਾਏ ਦਰਦ ਦੀ ਕਲਮ ਬਿਆਨੀ ਖ਼ੁਦ-ਬ-ਖ਼ੁਦ ਕਰਦੀ ਹੈ। ਉਸ ਦੇ ਹੁਣ ਤਕ 100 ਤੋਂ ਵੱਧ ਗੀਤ ਵੱਖ-ਵੱਖ ਕਲਾਕਾਰਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਉਂਜ ਇਹ ਸੂਚੀ ਬੜੀ ਲੰਮੀ ਹੈ, ਪਰ ਜਿਨ੍ਹਾਂ ਗਾਇਕਾਂ ਨੇ ਉਸ ਦੇ ਗੀਤ ਗਾਏ, ਉਨ੍ਹਾਂ ਵਿਚ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਮਰਹੂਮ ਸਾਬਰ ਕੋਟੀ, ਨਛੱਤਰ ਗਿੱਲ, ਜਸਪਿੰਦਰ ਨਰੂਲਾ, ਫ਼ਿਰੋਜ਼ ਖ਼ਾਨ, ਲਖਵਿੰਦਰ ਵਡਾਲੀ, ਕਲੇਰ ਕੰਠ, ਗੁਲਜ਼ਾਰ ਲਾਹੌਰੀਆ, ਹਰਭਜਨ ਸ਼ੇਰਾ, ਰੌਸ਼ਨ ਪ੍ਰਿੰਸ, ਕਮਲ ਖ਼ਾਨ, ਇੰਦਰਜੀਤ ਨਿੱਕੂ, ਅੰਗਰੇਜ਼ ਅਲੀ, ਮੀਕਾ ਸਿੰਘ, ਮੁਹੰਮਦ ਇਰਸ਼ਾਦ, ਹਸ਼ਮਤ-ਸੁਲਤਾਨਾ ਭੈਣਾਂ ਆਦਿ ਦੇ ਨਾਂ ਸ਼ੁਮਾਰ ਹਨ। ਉਸ ਵੱਲੋਂ ਲਿਖੇ ਗੀਤਾਂ ਦੇ ਕੁਝ ਬੋਲ ਇਸ ਤਰ੍ਹਾਂ ਹਨ:
* ਗੱਲ ਤੇਰਿਆਂ ਮੁਕਾਇਆਂ ਸੱਚੀਂ ਮੁੱਕ ਜਾਣੀ ਏਂ
ਆਹ ਲੈ ਵੇਖ ਲੈ ਨਬਜ਼ ਮੇਰੀ ਰੁਕ ਜਾਣੀ ਏਂ
ਸਾਡਾ ਪਿਆਰ ਕਾਹਤੋਂ ਤੇਰੇ ਲਈ ਤਮਾਸ਼ਾ ਹੋ ਗਿਆ
ਸਾਡੀ ਜਾਨ ਤੇ ਬਣੀ ਏਂ ਤੇਰਾ ਹਾਸਾ ਹੋ ਗਿਆ।
(ਨਛੱਤਰ ਗਿੱਲ)
* ਜਿੱਥੇ ਸਾਨੂੰ ਤੋਲਿਆ ਨੀਂ ਅਸੀਂ ਉੱਥੇ ਤੁਲ ਗਏ
ਕਰ ਵਫ਼ਾਦਾਰੀਆਂ ਵੀ ਅਸੀਂ ਮਿੱਟੀ ਵਿਚ ਰੁਲ ਗਏ
ਸਾਡੀ ਇਸ਼ਕ ਕਹਾਣੀ ਕਾਹਤੋਂ ਹੰਝੂਆਂ ’ਚ ਵਹਿ ਗਈ
ਦੱਸੀਂ ਸਾਡੇ ਪਿਆਰ ਵਿਚ ਕਮੀ ਕਿੱਥੇ ਰਹਿ ਗਈ।
(ਫ਼ਿਰੋਜ਼ ਖ਼ਾਨ)
* ਕੋਈ ਚੰਗਾ ਏ ਨਾ ਮਾੜਾ ਏ
ਨਾ ਕਰਨਾ ਕਿਸੇ ਦਾ ਸਾੜਾ ਏ
ਦਿਲ ਵਾਲਿਆਂ ਦੀ ਦਿਲਗੀਰੀ ਵਿਚ ਰਹਿਨੇ ਆਂ
ਫ਼ੱਕਰਾਂ ਦਾ ਕੀ ਏ- ਫ਼ਕੀਰੀ ਵਿਚ ਰਹਿਨੇ ਆਂ।
(ਮੁਹੰਮਦ ਇਰਸ਼ਾਦ)
* ਸੂਫ਼ੀ ਸੁਪਨੇ ਸਜਾ ਲਏ ਜਦੋਂ ਅੱਖੀਆਂ
ਤਰੀਕੇ ਸਾਰੇ ਮਾਹੀਆ- ਤੂੰ ਸਿੱਖੇ ਲੱਗਦੇ
ਐਸਾ ਰੰਗ ਇਸ਼ਕੇ ਦਾ ਚੜ੍ਹਿਆ
ਬਾਕੀ ਰੰਗ ਫਿੱਕੇ ਲੱਗਦੇ।
(ਹਸ਼ਮਤ-ਸੁਲਤਾਨਾ)
ਗੁਰਮਿੰਦਰ ਕੈਂਡੋਵਾਲ ਦਾ ਮੰਨਣਾ ਹੈ ਕਿ ਬੀਟ ਜਾਂ ਰੁਮਾਂਟਿਕ ਗੀਤਾਂ ਦੀ ਤੁਲਨਾ ਵਿਚ ਉਦਾਸ ਗੀਤਾਂ ਦੀ ਉਮਰ ਚਿਰ ਸਥਾਈ ਹੁੰਦੀ ਹੈ। ਇਸੇ ਲਈ ਉਦਾਸ ਗੀਤ ਸਦਾਬਹਾਰ ਗੀਤਾਂ ਦਾ ਰੁਤਬਾ ਹਾਸਲ ਕਰਦੇ ਹਨ।
ਉਹ ਆਖਦਾ ਹੈ ਕਿ ਗੀਤ ਲਿਖਣ ਵੇਲੇ ਕਦੇ ਵੀ ਕਿਸੇ ਖ਼ਾਸ ਸਥਾਨ ਜਾਂ ਇਕਾਂਤ ਮਾਹੌਲ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਜਦੋਂ ਵੀ ਕਿਸੇ ਖ਼ਿਆਲ ਦੀ ਆਮਦ ਹੁੰਦੀ ਹੈ ਤਾਂ ਕਲਮ ਆਪ-ਮੁਹਾਰੇ ਜਜ਼ਬਾਤ ਨੂੰ ਉਲੀਕਣ ਲੱਗ ਪੈਂਦੀ ਹੈ।
ਉਹ ਹੁਣ ਤਕ ਆਪਣੇ ਸਹਿਯੋਗੀ ਹਨੀ ਬਰਾੜ ਨਾਲ ਮਿਊਜ਼ਿਕ ਕੰਪਨੀ ‘ਸੁਰਖ਼ਾਬ’ ਦੇ ਬੈਨਰ ਹੇਠ ਕਈ ਸੁਰੀਲੇ ਗਾਇਕਾਂ ਤੇ ਗਾਇਕਾਵਾਂ ਨੂੰ ਸਰੋਤਿਆਂ ਦੇ ਰੂ-ਬ-ਰੂ ਕਰ ਚੁੱਕਾ ਹੈ। ਜਲਦ ਹੀ ਉਸ ਦੇ ਹੋਰ ਗੀਤ ਵੀ ‘ਸੁਰਖ਼ਾਬ’ ਜ਼ਰੀਏ ਰਿਲੀਜ਼ ਹੋ ਰਹੇ ਹਨ। ਅਜੋਕੀ ਗੀਤਕਾਰੀ ਤੇ ਗਾਇਕੀ ਬਾਰੇ ਉਸ ਦਾ ਕਹਿਣਾ ਹੈ ਕਿ ਅੱਜ ਜੋ ਚੱਲ ਰਿਹਾ ਹੈ, ਇਹ ਰੁਝਾਨ ਕੋਈ ਬਹੁਤਾ ਵਧੀਆ ਨਹੀਂ। ਇਸ ਦਾ ਨੌਜਵਾਨ ਪੀੜ੍ਹੀ ’ਤੇ ਉਸਾਰੂ ਪ੍ਰਭਾਵ ਨਹੀਂ ਪੈ ਰਿਹਾ। ਇਸ ਚਕਾਚੌਂਧ ਲਈ ਜਿੱਥੇ ਸਾਡੇ ਗੀਤਕਾਰ ਤੇ ਗਾਇਕ ਜ਼ਿੰਮੇਵਾਰ ਹਨ, ਉੱਥੇ ਸਰੋਤਿਆਂ ਦੀ ਬਦਲੀ ਹੋਈ ਮਾਨਸਿਕਤਾ ਵੀ ਜ਼ਿੰਮੇਵਾਰ ਹੈ। ਜੇ ਸਰੋਤੇ ਚੰਗੀ ਲੇਖਣੀ ਤੇ ਗਾਇਕੀ ਨੂੰ ਹੁਲਾਰਾ ਦੇਣਗੇ ਤਾਂ ਹੀ ਸਾਡਾ ਵਿਰਸਾ ਤੇ ਸੱਭਿਆਚਾਰ ਮੁੜ ਸੁਰਜੀਤ ਹੋ ਸਕੇਗਾ।
ਸੰਪਰਕ: 87290-00242