ਜਸਵਿੰਦਰ ਸਿੰਘ ਰੁਪਾਲ
ਜੀਵਨ ਯਾਤਰਾ ਦਾ ਅਖੀਰਲਾ ਸਫ਼ਰ ਜਿੱਥੇ ਬਹੁਤ ਸਾਰੀਆ ਚੁਣੌਤੀਆਂ ਭਰਪੂਰ ਹੁੰਦਾ ਹੈ, ਉੱਥੇ ਇੱਕ ਵੱਖਰੇ ਰੰਗ ਤੇ ਵੱਖਰੇ ਅੰਦਾਜ਼ ਦਾ ਵੀ ਹੁੰਦਾ ਹੈ। ਆਮ ਤੌਰ ’ਤੇ 60 ਜਾਂ 65 ਸਾਲ ਤੋਂ ਆਰੰਭ ਹੋਇਆ ਇਹ ਸਫ਼ਰ ਲੰਮੀ ਗੂੜ੍ਹੀ ਨੀਂਦ ’ਤੇ ਆਣ ਕੇ ਖਤਮ ਹੁੰਦਾ ਹੈ। ਜਿੱਥੇ ਕੁਝ ਭਾਗਾਂ ਵਾਲੇ ਇਸ ਸਫ਼ਰ ਦਾ ਆਨੰਦ ਵੀ ਮਾਣਦੇ ਹਨ, ਪਰ ਬਹੁ-ਗਿਣਤੀ ਇਸ ਸਮੇਂ ਦੁੱਖਾਂ, ਤਕਲੀਫ਼ਾਂ, ਉਦਾਸੀਆਂ, ਸ਼ਿਕਵੇ-ਸ਼ਿਕਾਇਤਾਂ ਅਤੇ ਵਿਚਾਰਗੀ ਵਿੱਚ ਸਫ਼ਰ ਨੂੰ ਰੋ ਰੋ ਕੱਟਦੇ ਹਨ। ਹਰ ਸਾਲ 1 ਅਕਤੂਬਰ ਇਸ ਸਫ਼ਰ ਦੇ ਪਾਂਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਇਸ ਦਿਨ ਸਾਰੇ ਰਾਸ਼ਟਰਾਂ ਨੂੰ ਬਜ਼ੁਰਗਾਂ ਅਤੇ ਬੁਢਾਪੇ ਪ੍ਰਤੀ ਪੈਦਾ ਹੋਈਆਂ ਗਲਤ-ਮਾਨਤਾਵਾਂ ਪ੍ਰਤੀ ਧਿਆਨ ਦਿਵਾਉਣ, ਇਨ੍ਹਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਇਨ੍ਹਾਂ ਨੂੰ ਪੇਸ਼ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਆਪਣੀ ਸਮਰੱਥਾ ਅਤੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਮਨਾਉਂਦਾ ਹੈ। 14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਆਪਣੇ ਮਤੇ ਰਾਹੀਂ 1 ਅਕਤੂਬਰ ਦੇ ਦਿਨ ਨੂੰ ਬਜ਼ੁਰਗਾਂ ਦੇ ਦਿਨ ਵਜੋਂ ਐਲਾਨ ਕੀਤਾ ਸੀ। ਇਹ ਵਿਆਨਾ ਦੇ ਬੁਢਾਪੇ ਬਾਰੇ ਅੰਤਰਰਾਸ਼ਟਰੀ ਐਕਸ਼ਨ ਪਲੈਨ ਦੇ ਸਿੱਟੇ ਵਜੋਂ ਸੀ, ਜਿਸ ਨੂੰ ਬੁਢਾਪੇ ਬਾਰੇ ਬਣੀ ਵਿਸ਼ਵ-ਅਸੈਂਬਲੀ ਨੇ 1982 ਵਿੱਚ ਸਵੀਕਾਰ ਕਰ ਲਿਆ ਸੀ ਅਤੇ ਬਾਅਦ ਵਿੱਚ ਯੂ.ਐੱਨ. ਦੀ ਜਨਰਲ ਅਸੈਂਬਲੀ ਨੇ ਵੀ ਇਸ ਦੀ ਪ੍ਰੋੜਤਾ ਕਰ ਦਿੱਤੀ ਸੀ।
ਪਿਛਲੇ ਦਹਾਕਿਆਂ ਵਿੱਚ ਵਿਸ਼ਵ-ਜਨਸੰਖਿਆ ਦੀ ਬਣਤਰ ਵਿੱਚ ਵੱਡੀ ਤਬਦੀਲੀ ਆਈ ਹੈ। ਔਸਤ ਉਮਰ 46 ਸਾਲ ਤੋਂ ਵਧ ਕੇ 68 ਸਾਲ ਹੋਈ ਹੈ। 2019 ਵਿੱਚ ਵਿਸ਼ਵ ਦੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 703 ਮਿਲੀਅਨ ਸੀ ਜੋ ਇੱਕ ਅਨੁਮਾਨ ਅਨੁਸਾਰ 2050 ਤੱਕ ਲਗਭਗ 1.5 ਬਿਲੀਅਨ ਤੋਂ ਵੱਧ (ਦੁੱਗਣੇ ਤੋਂ ਵੀ ਵੱਧ) ਹੋ ਜਾਵੇਗੀ। ਤ੍ਰਾਸਦੀ ਇਹ ਵੀ ਕਿ ਇਸ ਦੀ ਦੋ-ਤਿਹਾਈ ਤੋਂ ਵੀ ਵੱਧ (1.1 ਬਿਲੀਅਨ) ਆਬਾਦੀ ਘੱਟ-ਵਿਕਸਤ ਅਤੇ ਅਵਿਕਸਤ ਦੇਸ਼ਾਂ ਵਿੱਚ ਹੋਵੇਗੀ। ਇਸ ਤਰ੍ਹਾਂ ਵਿਸ਼ਵ-ਜਨਸੰਖਿਆ ਦਾ ਵੱਡਾ ਹਿੱਸਾ ਸਾਡੇ ਸਭ ਦਾ ਧਿਆਨ ਮੰਗਦਾ ਹੈ।
ਸਾਨੂੰ ਬਜ਼ੁਰਗਾਂ ਲਈ ਇਹ ਦਿਨ ਇਸ ਲਈ ਮਨਾਉਣਾ ਚਾਹੀਦਾ ਹੈ ਕਿਉਂਕਿ ਪਹਿਲੀ ਗੱਲ ਉਹ ਸਭ ਸਾਡੇ ਸਤਿਕਾਰ ਦੇ ਪਾਤਰ ਹਨ। ਦੂਜਾ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਕਰਨਾ ਚਾਹੁੰਦੇ ਹਾਂ ਅਤੇ ਤੀਸਰੀ ਇਹ ਕਿ ਅਸੀਂ ਸਭ ਕੁਝ ਨਹੀਂ ਜਾਣਦੇ ਜਦੋਂਕਿ ਉਨ੍ਹਾਂ ਕੋਲ ਜੀਵਨ-ਤਜਰਬੇ ਦਾ ਵੱਡਾ ਖ਼ਜ਼ਾਨਾ ਹੈ।
ਸੰਯੁਕਤ ਰਾਸ਼ਟਰ ਹਰ ਸਾਲ ਇਸ ਦਿਨ ਨੂੰ ਮਨਾਉਣ ਲਈ ਇੱਕ ਥੀਮ (ਉਦੇਸ਼) ਦਿੰਦਾ ਹੈ, ਸਾਰੀਆਂ ਗਤੀਵਿਧੀਆਂ ਇਸ ਥੀਮ ’ਤੇ ਹੀ ਕੇਂਦਰਿਤ ਹੁੰਦੀਆਂ ਹਨ। 2022 ਦਾ ਇਹ ਥੀਮ ਹੈ ‘ਬਜ਼ੁਰਗ ਔਰਤਾਂ ਦਾ ਲਚਕੀਲਾਪਣ ਅਤੇ ਯੋਗਦਾਨ’ (The Resilience and Contributions of Older Women) ਸੋ ਅੰਤਰਰਾਸ਼ਟਰੀ ਬਜ਼ੁਰਗਾਂ ਦੇ ਦਿਨ ਦਾ 2022 ਦਾ ਥੀਮ ਵਿਸ਼ਵ-ਚੁਣੌਤੀਆਂ ਦਾ ਬਜ਼ੁਰਗ ਔਰਤਾਂ ਵੱਲੋਂ ਲਚਕੀਲੇਪਣ ਰਾਹੀਂ ਸਾਹਮਣਾ ਕਰਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਵਡਿਆਉਣ ਅਤੇ ਯਾਦ ਕਰਨਾ ਹੈ। ਜਿਸ ਵਿੱਚ ਬਜ਼ੁਰਗ ਔਰਤਾਂ ਦੇ ਵਾਤਾਵਰਨ, ਸਮਾਜਿਕ, ਆਰਥਿਕ ਅਤੇ ਉਮਰ-ਭਰ ਦੀਆਂ ਝੱਲੀਆਂ ਅਸਮਾਨਤਾਵਾਂ ਪ੍ਰਤੀ ਉਨ੍ਹਾਂ ਦੀ ਲਚਕੀਲੀ ਪਹੁੰਚ ਨੂੰ ਉਜਾਗਰ ਕਰਨਾ ਹੈ। ਉਮਰ ਅਤੇ ਲਿੰਗ ਦੇ ਸਬੰਧ ਵਿੱਚ ਵਿਸ਼ਵ-ਪੱਧਰ ਦੇ ਸੁਧਰੇ ਹੋਏ ਅੰਕੜਿਆਂ ਦੇ ਮਹੱਤਵ ਪ੍ਰਤੀ ਜਾਗਰੂਕਤਾ ਲਿਆਉਣੀ ਹੈ।
ਸਾਡੇ ਆਪਣੇ ਦੇਸ਼ ਦੇ ਬਜ਼ੁਰਗਾਂ, ਖਾਸ ਕਰਕੇ ਬਜ਼ੁਰਗ ਔਰਤਾਂ ਦੇ ਸਾਹਮਣੇ ਮੁੱਖ ਮਸਲੇ ਹਨ ਕਿ ਇਨ੍ਹਾਂ ਦੀ ਬਹੁਗਿਣਤੀ ਘੱਟ ਪੜ੍ਹੀ ਹੋਈ ਹੈ। ਇਸ ਲਈ ਉਹ ਆਪਣੇ ਭਵਿੱਖ ਬਾਰੇ ਨਿੱਜੀ, ਆਜ਼ਾਦ ਅਤੇ ਦੂਰ-ਅੰਦੇਸ਼ੀ ਨਾਲ ਕੰਮ ਆਉਣ ਵਾਲੀ ਵਿਹਾਰਕ ਯੋਜਨਾ ਬਣਾਉਣ ਅਤੇ ਲਾਗੂ ਕਰਨ ਵਿੱਚ ਅਸਮਰੱਥ ਹਨ। ਸਮਾਜ ਵਿੱਚ ਅੱਜ ਵੀ ਮਰਦ ਦੀ ਪ੍ਰਧਾਨਗੀ ਹੈ। ਜਿਸ ਕਾਰਨ ਸਮਾਜਿਕ ਅਤੇ ਆਰਥਿਕ ਮਸਲਿਆਂ ’ਤੇ ਫੈਸਲਾ ਅਤੇ ਨੀਤੀਆਂ ਮਰਦਾਂ ਦੀਆਂ ਹੀ ਹੁੰਦੀਆਂ ਹਨ।
ਜਾਇਦਾਦ ਦਾ ਮਾਲਕ ਵਧੇਰੇ ਕਰਕੇ ਮਰਦ ਹੀ ਹੈ। ਜ਼ਮੀਨਾਂ, ਮਕਾਨ, ਗੱਡੀਆਂ, ਬੈਂਕ-ਖਾਤੇ ਅਤੇ ਹੋਰ ਸਭ ਮਰਦ ਦੇ ਨਾਮ ’ਤੇ ਹੈ। ਜੇ ਕਿਤੇ ਔਰਤ ਦੇ ਨਾਂ ’ਤੇ ਕੁਝ ਹੈ ਵੀ, ਤਦ ਵੀ ਉਸ ਨਕਦੀ ਜਾਂ ਜਾਇਦਾਦ ਬਾਰੇ ਅੰਤਿਮ ਫੈਸਲਾ ਮਰਦ ਦਾ ਹੀ ਹੈ। ਹੋਰ ਤਾਂ ਹੋਰ ਔਰਤ ਦੇ ਗਹਿਣੇ ਵੀ ਕਦੋਂ ਤੇ ਕਿੰਨੇ ਵੇਚਣੇ ਹਨ, ਇਹ ਫੈਸਲਾ ਵੀ ਔਰਤ ਦੇ ਹੱਥ ਵਿੱਚ ਨਹੀਂ। ਇਸ ਸਭ ਕੁਝ ਕਾਰਨ ਬਜ਼ੁਰਗ ਔਰਤਾਂ ਪੂਰੀ ਤਰ੍ਹਾਂ ਆਪਣੇ ਪਤੀ ’ਤੇ ਜਾਂ ਉਸ ਦੀ ਮੌਤ ਹੋਣ ’ਤੇ ਪੁੱਤਾਂ ’ਤੇ ਨਿਰਭਰ ਹਨ। ਪਤੀ ਜਾਂ ਪੁੱਤ ਦੀ ਸਹਿਮਤੀ ਨਾਲ ਹੀ ਉਸ ਨੂੰ ਕੁਝ ਵੀ ਖਾਣ ਨੂੰ, ਪਹਿਨਣ ਨੂੰ ਜਾਂ ਹੋਰ ਵਰਤਣ ਲਈ ਮਿਲ ਸਕਦਾ ਹੈ। ਉਸ ਦੀ ਆਪਣੀ ਪੂਰੀ ਮਰਜ਼ੀ ਕਿਤੇ ਘੱਟ ਹੀ ਚੱਲਦੀ ਹੈ।
ਭਾਰਤੀ ਸੱਭਿਆਚਾਰ ਨੇ ਔਰਤ ਨੂੰ ਮਮਤਾ ਦੀ ਮੂਰਤ, ਕੁਰਬਾਨੀ ਕਰਨ ਵਾਲੀ, ਸਹਿਣਸ਼ੀਲ ਆਦਿ ਵਿਸ਼ੇਸ਼ਣ ਦੇ ਕੇ ਉਸ ਨੂੰ ਨਿੱਜ ਬਾਰੇ ਸੋਚਣ ਹੀ ਨਹੀਂ ਦਿੱਤਾ। ਉਸ ਦੀ ਸਾਰੀ ਦੀ ਸਾਰੀ ਸੋਚ ਆਪਣੇ ਪਤੀ ਜਾਂ ਔਲਾਦ ਨੂੰ ਖੁਸ਼ ਦੇਖਣ ਅਤੇ ਉਨ੍ਹਾਂ ਦਾ ਖਿਆਲ ਰੱਖਣ ਵਿੱਚ ਹੀ ਬੀਤ ਜਾਂਦੀ ਹੈ। ਉਹ ਆਪਣੀ ਬਿਮਾਰੀ ਦੇ ਇਲਾਜ ਕਰਵਾਉਣ ਨੂੰ ਵੀ ਆਪਣੇ ਪੁੱਤ/ਧੀ ਦੇ ਸ਼ੌਕ ਪੂਰੇ ਕਰਨ ਕਰਕੇ ਟਾਲ ਸਕਦੀ ਹੈ ਜਾਂ ਦੇਰੀ ਕਰ ਸਕਦੀ ਹੈ।
ਸਾਡੇ ਬਜ਼ੁਰਗਾਂ ਨੇ ਆਮ ਕਰਕੇ ਅਤੇ ਔਰਤਾਂ ਨੇ ਖਾਸ ਕਰਕੇ ਆਪਣੇ ਬੁਢਾਪੇ ਲਈ ਕੁਝ ਵੀ ਬੱਚਤ ਨਹੀਂ ਕੀਤੀ ਹੁੰਦੀ। ਉਹ ਆਪਣੀ ਜਾਇਦਾਦ ਆਪਣੇ ਬੱਚਿਆਂ ਵਿੱਚ ਵੰਡ ਕੇ ਖੁਸ਼ ਹੁੰਦੇ ਹਨ। ਇਸੇ ਲਈ ਉਹ ਪੁੱਤਰਾਂ ਅਤੇ ਨੂੰਹਾਂ ਤੋਂ ਸੇਵਾ ਅਤੇ ਸਤਿਕਾਰ ਦੀ ਉਮੀਦ ਰੱਖਦੇ ਹਨ। ਇਹ ਨਾ ਮਿਲਣ ’ਤੇ ਉਦਾਸ ਅਤੇ ਨਿਰਾਸ਼ ਹੁੰਦੇ ਹਨ।
ਮੈਡੀਕਲ ਬੀਮਾ ਕਰਵਾਉਣਾ ਨਾ ਤਾਂ ਸਰਕਾਰ ਵੱਲੋਂ ਜ਼ਰੂਰੀ ਹੈ, ਨਾ ਹੀ ਇਹ ਬਜ਼ੁਰਗ ਆਪ ਇਸ ਦੀ ਮਹੱਤਤਾ ਪ੍ਰਤੀ ਸੁਚੇਤ ਹਨ। ਜਿਸ ਕਰਕੇ ਬੱਚਤ ਨਾ ਹੋਣ ਕਰਕੇ ਉਹ ਮਹਿੰਗੇ ਇਲਾਜ ਕਰਵਾਉਣ ਤੋਂ ਬਾਂਝੇ ਰਹਿ ਜਾਂਦੇ ਹਨ, ਕਿਉਂਕਿ ਬੱਚਿਆਂ ਨੇ ਪੈਸੇ ਨੂੰ ਆਪਣੀਆਂ ਲੋੜਾਂ ਅਤੇ ਰੁਚੀਆਂ ਅਨੁਸਾਰ ਖਰਚਣਾ ਹੁੰਦਾ ਹੈ।
ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਉਨ੍ਹਾਂ ਦੀ ਤੰਦਰੁਸਤੀ ਅਤੇ ਖੁਸ਼ੀ ਲਈ ਯਤਨ ਕਰਨੇ ਚਾਹੀਦੇ ਹਨ। ਹਰ ਨੌਜਵਾਨ ਨੂੰ ਉਨ੍ਹਾਂ ਦੇ ਖਾਣ-ਪੀਣ ਅਤੇ ਸਿਹਤ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਸਮੇਂ ਸਮੇਂ ’ਤੇ ਮੈਡੀਕਲ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇ ਕੱਪੜੇ, ਉਨ੍ਹਾਂ ਦੇ ਕਮਰੇ ਆਦਿ ਵੱਲ ਉਚੇਚਾ ਧਿਆਨ ਦੇਣ ਦੀ ਜ਼ਰੂਰਤ ਹੈ।
ਉਹ ਘਰ ਦੇ ਕਿਸੇ ਕੋਨੇ ਵਿੱਚ ਨਾ ਰਹਿਣ ਸਗੋਂ ਮੁੱਖ ਕਮਰੇ ਵਿੱਚ ਹੋਣ ਅਤੇ ਹਰ ਮਹਿਮਾਨ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਵੇ। ਬਜ਼ੁਰਗਾਂ ਨੂੰ ਸੁਣਨਾ ਚਾਹੀਦਾ ਹੈ। ਆਪਣਾ ਸਮਾਂ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਦੇ ਕੰੰਮਾਂ ਵਿੱਚ ਭਰਪੂਰ ਬਣਦਾ ਸਨਮਾਨ ਅਤੇ ਸਥਾਨ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਰੁਚੀ ਅਨੁਸਾਰ ਉਹ ਜਿਸ ਵੀ ਚੀਜ਼ ਨੂੰ ਪਸੰਦ ਕਰਦੇ ਹਨ, ਉਸ ’ਤੇ ਖਰਚ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਟੋਕਣ ਤੋਂ ਇਕਦਮ ਗੁੱਸੇ ਨਹੀਂ ਹੋਣਾ ਚਾਹੀਦਾ। ਜਦੋਂ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਮਿਲੇਗਾ ਤਾਂ ਉਹ ਵੀ ਬੱਚਿਆਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਗੇ ਅਤੇ ਬੇਲੋੜੀ ਟੋਕਾ ਟਾਕੀ ਨਹੀਂ ਕਰਨਗੇ।
ਭਾਵੇਂ ਕੁਝ ਬਜ਼ੁਰਗ ਬਹੁਤ ਵਧੀਆ ਸਹੂਲਤਾਂ ਵੀ ਮਾਣ ਰਹੇ ਹਨ ਅਤੇ ਬੱਚਿਆਂ ਤੋਂ ਸਤਿਕਾਰ ਵੀ ਲੈ ਰਹੇ ਹਨ, ਪਰ ਅਜਿਹੇ ਭਾਗਾਂ ਵਾਲਿਆਂ ਦੀ ਗਿਣਤੀ ਘੱਟ ਹੈ। ਬਹੁਤ ਵਾਰੀ ਅਸੀਂ ਜਾਇਦਾਦ ਦੇ ਝਗੜੇ ਕਾਰਨ ਬਜ਼ੁਰਗਾਂ ਨੂੰ ਬੇਇੱਜ਼ਤ ਹੁੰਦੇ ਦੇਖਦੇ, ਸੁਣਦੇ, ਪੜ੍ਹਦੇ ਹਾਂ। ਦਿਨੋਂ ਦਿਨ ਵਧ ਰਹੇ ਬਿਰਧ ਆਸ਼ਰਮ ਇਸ ਗੱਲ ਦਾ ਪ੍ਰਮਾਣ ਹਨ ਕਿ ਨੌਜਵਾਨ ਇਨ੍ਹਾਂ ਬਜ਼ੁਰਗਾਂ ਦੀ ਲੋੜ ਨਹੀਂ ਸਮਝ ਰਹੇ। ਠੀਕ ਸਮੇਂ ’ਤੇ ਸੰਭਲਣਾ ਹੀ ਸਿਆਣਪ ਹੁੰਦੀ ਹੈ। ਜਿੱਥੇ ਸਰਕਾਰਾਂ ਨੂੰ ਅਜਿਹੀਆਂ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਦੀ ਲੋੜ ਹੈ ਜਿਸ ਨਾਲ ਬੁਢਾਪਾ ਤੰਦਰੁਸਤੀ ਤੇ ਖੁਸ਼ਹਾਲੀ ਵਾਲਾ ਹੋਵੇ, ਉੱਥੇ ਸਮਾਜ ਦੇ ਹਰ ਮੈਂਬਰ ਨੂੰ ਇਨ੍ਹਾਂ ਹੀਰਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇੱਕ ਵਾਰੀ ਇਹ ਬਿਰਤੀ ਪੈਦਾ ਹੋ ਗਈ, ਤਾਂ ਅਗਲੀਆਂ ਪੀੜ੍ਹੀਆਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਪਵੇਗੀ। ਬਜ਼ੁਰਗਾਂ ਨੂੰ ਭੌਤਿਕ ਸਹੂਲਤਾਂ, ਪਰਿਵਾਰ ਅਤੇ ਸਮਾਜ ਵਿੱਚ ਪੂਰਾ ਸਤਿਕਾਰ ਦੇ ਕੇ ਹੀ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਨੂੰ ਮਨਾਉਣਾ ਅਸਲ ਵਿੱਚ ਸਫਲ ਮੰਨਿਆ ਜਾਵੇਗਾ।
ਸੰਪਰਕ: 98147-15796