ਮਨਦੀਪ ਸਿੰਘ ਸਿੱਧੂ
ਗੌਰੀ ਭਾਰਤੀ ਫ਼ਿਲਮਾਂ ਦੇ ਇਬਤਿਦਾਈ ਦੌਰ ਦੇ ਮਸ਼ਹੂਰ ਮਜ਼ਾਹੀਆ ਅਦਾਕਾਰ ਸਨ, ਜਿਨ੍ਹਾਂ ਨੇ ਚੁੱਪ ਫ਼ਿਲਮਾਂ ਤੋਂ ਲੈ ਕੇ ਬੋਲਦੀਆਂ ਫ਼ਿਲਮਾਂ ਤਕ ਹੀਰੋ ਤੋਂ ਲੈ ਕੇ ਮਜ਼ਾਹੀਆ ਤੇ ਫਿਰ ਚਰਿੱਤਰ ਅਦਾਕਾਰ ਵਜੋਂ ਆਪਣੀ ਪੁਖਤਾ ਪਛਾਣ ਬਣਾਈ। ਹੌਲੀਵੁੱਡ ਦੀ ਮਸ਼ਹੂਰ ਮਜ਼ਾਹੀਆ ਜੋੜੀ ‘ਲਾਰੇਲ’ ਅਤੇ ‘ਹਾਰਡੀ’ ਵਾਂਗ ‘ਗੌਰੀ’ ਤੇ ‘ਦੀਕਸ਼ਤ’ ਦੀ ਮਜ਼ਾਹੀਆ ਜੋੜੀ ਨੇ ਵੀ ਫ਼ਿਲਮ-ਮੱਦਾਹਾਂ ਦੇ ਦਿਲਾਂ ਵਿਚ ਆਪਣੀ ਅਮਿੱਟ ਛਾਪ ਛੱਡੀ।
5 ਫੁੱਟ 6 ਇੰਚ ਲੰਬੇ ਗੱਭਰੂ ਗੌਰੀ ਦੀ ਪੈਦਾਇਸ਼ 11 ਅਗਸਤ 1901 ਨੂੰ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਉਸ ਦਾ ਅਸਲ ਨਾਮ ਨਜ਼ੀਰ ਅਹਿਮਦ ਗੌਰੀ ਸੀ। ਉਸ ਦੇ ਪਿਤਾ ਐੱਮ. ਅੱਲਾਹ ਬਖ਼ਸ਼ ਖ਼ਾਨ ਦਿੱਲੀ ਅਤੇ ਕਲਕੱਤੇ (ਹੁਣ ਕੋਲਕਾਤਾ) ਵਿਚ ਮੋਤੀਆਂ ਦੇ ਵਪਾਰੀ ਸਨ, ਜਿਨ੍ਹਾਂ ਦੀ 1933 ਵਿਚ ਮੌਤ ਹੋ ਗਈ ਸੀ। ਕਲਕੱਤੇ ਯੂੂਨੀਵਰਸਿਟੀ ਤੋਂ ਹਾਈ ਸਕੂਲ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਗੌਰੀ ਅਗਲੀ ਪੜ੍ਹਾਈ ਕਰਨ ਲਈ ਐੱਫ. ਸੀ. ਕਾਲਜ, ਲਾਹੌਰ ਵਾਪਸ ਆ ਗਏ। ਲਾਹੌਰ ਤੋਂ ਬੀ. ਏ. ਪਾਸ ਕਰਨ ਤੋਂ ਬਾਅਦ ਇਕ ਰਿਆਸਤ ਵਿਚ ਏ. ਡੀ. ਸੀ. ਲੱਗ ਗਏ, ਪਰ ਫ਼ਿਲਮਾਂ ’ਚ ਕੰਮ ਕਰਨ ਦੀ ਚਾਹਤ ਉਨ੍ਹਾਂ ਨੂੰ ਫ਼ਿਲਮਾਂ ਵੰਨੀ ਖਿੱਚ ਲਿਆਈ। ਪੰਜਾਬੀ ਤੋਂ ਇਲਾਵਾ ਗੌਰੀ ਉਰਦੂ, ਅੰਗਰੇਜ਼ੀ, ਗੁਜਰਾਤੀ, ਬੰਗਾਲੀ ਤੇ ਫ਼ਾਰਸੀ ਜ਼ੁਬਾਨ ਵੀ ਵਧੀਆ ਬੋਲਦੇ ਸਨ। ਸ਼ੌਕ ਵਜੋਂ ਉਹ ਵਾਇਲਨ, ਮੈਂਡੋਲੀਨ ਤੇ ਸਿਤਾਰ ਵਜਾਉਣ ਵਿਚ ਵੀ ਮੁਹਾਰਤ ਰੱਖਦੇ ਸਨ।
1925 ਵਿਚ ਉਹ ਬੰਬੇ ਚਲੇ ਗਏ ਅਤੇ ਉੱਥੇ ਲਕਸ਼ਮੀ ਪਿਕਚਰਜ਼ ਵਿਚ ਸ਼ਾਮਲ ਹੋ ਗਏ। ਜਦੋਂ ਸੇਠ ਚੰਦੂਲਾਲ ਸ਼ਾਹ ਨੇ ਆਪਣੀ ਹਿਦਾਇਤਕਾਰੀ ਵਿਚ ਚੁੱਪ ਫ਼ਿਲਮ ‘ਪੰਚਡੰਡਾ’ ਉਰਫ਼ ‘ਫਾਈਵ ਡੀਵਾਇਨ ਵਾਂਡਸ’ (1925) ਬਣਾਈ ਤਾਂ ਗੌਰੀ ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ। ਇਸ ਅਦਾਰੇ ਵੱਲੋਂ ਉਨ੍ਹਾਂ ਨੂੰ ਹਰ ਮਹੀਨੇ 75 ਰੁਪਏ ਤਨਖਾਹ ਮਿਲਦੀ ਸੀ। ਇਸ ਤੋਂ ਬਾਅਦ ਗੌਰੀ ਨੇ ਬਹੁਤ ਸਾਰੀਆਂ ਚੁੱਪ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ।
ਸਾਲ 1930 ਵਿਚ ਗੌਰੀ, ਸੇਠ ਚੰਦੂਲਾਲ ਸ਼ਾਹ ਦੇ ਫ਼ਿਲਮਸਾਜ਼ ਅਦਾਰੇ ਸ੍ਰੀ ਰਣਜੀਤ ਮੂਵੀਟੋਨ ਵਿਚ ਸ਼ਾਮਲ ਹੋ ਗਏ। ਜਦੋਂ ਸੇਠ ਚੰਦੂਲਾਲ ਸ਼ਾਹ ਨੇ ਜੇਯੰਤ ਦੇਸਾਈ ਦੀ ਹਿਦਾਇਤ ਵਿਚ ਬੋਲਦੀ ਹਿੰਦੀ ਫ਼ਿਲਮ ‘ਭੂਤੀਆ ਮਹਲ’ ਉਰਫ਼ ‘ਹੰਟਡ ਹਾਊਸ’ (1932) ਬਣਾਈ, ਤਾਂ ਗੌਰੀ ਨੂੰ ਮਰਕਜ਼ੀ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਫ਼ਿਲਮ ਵਿਚ ਪਹਿਲੀ ਵਾਰ ਗੌਰੀ ਤੇ ਦੀਕਸ਼ਤ ਦੀ ਮਜ਼ਾਹੀਆ ਜੋੜੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਫ਼ਿਲਮ ਵਿਚ ਕੁਲ 8 ਗੀਤ ਸਨ, ਜਿਨ੍ਹਾਂ ਦੇ ਬੋਲ ਡਾ. ਧਨੀ ਰਾਮ ਪ੍ਰੇਮ ਅਤੇ ਸੰਗੀਤ ਉਸਤਾਦ ਝੰਡੇ ਖ਼ਾਨ ਨੇ ਤਿਆਰ ਕੀਤਾ ਸੀ। ਇਸ ਤੋਂ ਬਾਅਦ ਗੌਰੀ ਨੇ ਰਣਜੀਤ ਮੂਵੀਟੋਨ ਦੀਆਂ ਬਹੁਤ ਸਾਰੀਆਂ ਫ਼ਿਲਮਾਂ ’ਚ ਮਜ਼ਾਹੀਆ ਅਦਾਕਾਰੀ ਨਾਲ ਫ਼ਿਲਮਬੀਨ ਖ਼ੂਬ ਹਸਾਏ, ਜਿਨ੍ਹਾਂ ਵਿਚ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮਾਂ ‘ਦੋ ਬਦਮਾਸ਼’ ਉਰਫ਼ ‘ਟੂ ਇੰਪੋਸਟਰਸ’ (1932), ‘ਚਾਰ ਚਕਰਮ’ ਉਰਫ਼ ‘ਚੰਡਾਲ ਚੌਕੜੀ’ ਉਰਫ਼ ‘ਫ਼ਾਰ ਰਾਸਕਲ’ ਉਰਫ਼ ‘ਚਾਰ ਭੌਂਦੂ’ (1932), ‘ਭੋਲਾ ਸ਼ਿਕਾਰ’ ਉਰਫ਼ ‘ਐਸੀ ਵਿਕਟਮ’ (1933), ‘ਕ੍ਰਿਸ਼ਨ ਸੁਦਾਮਾ’ (1933)। ਰਣਜੀਤ ਮੂਵੀਟੋਨ, ਬੰਬੇ ਦੀ ਚੰਦੂਲਾਲ ਸ਼ਾਹ ਨਿਰਦੇਸ਼ਿਤ ਫ਼ਿਲਮ ‘ਮਿਸ 1933’ (1933) ਵਿਚ ਗੌਰੀ ਤੇ ਦੀਕਸ਼ਤ ਦੀ ਜੋੜੀ ਨੇ ਖ਼ੂਬ ਮਜ਼ਾਹ ਪੈਦਾ ਕੀਤਾ। ਉਸਤਾਦ ਝੰਡੇ ਖ਼ਾਨ ਦੇ ਸੰਗੀਤ ਵਿਚ ਇਸ ਫ਼ਿਲਮ ਵਿਚ ਪੇਸ਼ ਕੀਤਾ ਗਿਆ ਪੰਜਾਬੀ ਗੀਤ ‘ਓ ਮਰਨੋਂ ਜ਼ਰਾ ਨੀਂ ਡਰਦੇ ਜਿਨ੍ਹਾਂ ਨੇ ਨੈਣ ਲਗਾ ਲਏ ਨੀਂ’ (ਸਮੂਹ ਗੀਤ) ਬੜਾ ਪਸੰਦ ਕੀਤਾ ਗਿਆ। ਰਣਜੀਤ ਮੂਵੀਟੋਨ ਦੀ ਹੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਨਾਦਿਰਾ’ (1934) ਵਿਚ ਗੌਰੀ ਨੇ ‘ਸ਼ਹਿਜ਼ਾਦੇ’ ਦਾ ਸੋਹਣਾ ਪਾਰਟ ਅਦਾ ਕੀਤਾ ਜਦੋਂਕਿ ‘ਨਾਦਿਰਾ’ ਦਾ ਟਾਈਟਲ ਰੋਲ ਅਦਾਕਾਰਾ ‘ਮਾਧੁਰੀ’ ਨਿਭਾ ਰਹੀ ਸੀ, ਜਿਸ ਦੇ ਸਨਮੁੱਖ ਈ. ਬਿਲੀਮੋਰੀਆ ‘ਦਿਲਾਵਰ’ ਦੇ ਕਿਰਦਾਰ ਵਿਚ ਮੌਜੂਦ ਸੀ। ਇਸੇ ਬੈਨਰ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਸਿਤਮਗਰ’ ਉਰਫ਼ ‘ਦਿ ਟਾਈਰੈਂਟ’ (1934) ਵਿਚ ਗੌਰੀ ਨੇ ‘ਕਬੀਰ’ ਦਾ ਅਤੇ ਜੋੜੀਦਾਰ ਦੀਕਸ਼ਤ ‘ਮਿਰਜ਼ਾ ਬੇਗ਼’ ਦਾ ਪਾਤਰ ਨਿਭਾ ਰਿਹਾ ਸੀ। ਰਣਜੀਤ ਬੈਨਰ ਦੀ ਹੀ ਚੰਦੂਲਾਲ ਸ਼ਾਹ ਨਿਰਦੇਸ਼ਿਤ ਫ਼ਿਲਮ ‘ਗੁਣ ਸੁੰਦਰੀ’ (1934) ਵਿਚ ਗੌਰੀ ਨੇ ‘ਵਸੰਤਰਾਏ’ ਦਾ ਤੇ ਦੀਕਸ਼ਤ ਨੇ ‘ਮਨੋਹਰ ਲਾਲ ਸ਼ਾਸਤਰੀ’ ਦਾ ਰੋਲ ਅਦਾ ਕੀਤਾ ਜਦੋਂਕਿ ‘ਗੁਣ ਸੁੰਦਰੀ’ ਦੇ ਟਾਈਟਲ ਰੋਲ ਵਿਚ ਅਦਾਕਾਰਾ ਗੌਹਰ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਇਹ ਫ਼ਿਲਮ 7 ਸਤੰਬਰ 1934 ਨੂੰ ਕਰਾਊਨ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਹਿੱਟ ਫ਼ਿਲਮ ਕਰਾਰ ਪਾਈ। ਰਣਜੀਤ ਬੈਨਰ ਦੀ ਹੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਤੂਫ਼ਾਨ ਮੇਲ’ (1934) ਵਿਚ ਗੌਰੀ ਨੇ ‘ਸੈਕਰੇਟਰੀ ਨੰਬਰ ਵਨ’ ਦਾ ਮਜ਼ਾਹੀਆ ਰੋਲ ਕੀਤਾ। ਰਣਜੀਤ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਵੀਰ ਬਬਰੂਵਾਹਨ’ (1934) ਵਿਚ ਗੌਰੀ ਨੇ ‘ਉੱਲੂ ਵਸੰਤ’ ਤੇ ਦੀਕਸ਼ਤ ਨੇ ‘ਸੁਮ ਸਿਨਹਾ’ ਦਾ ਮਖੌਲੀਆ ਪਾਰਟ ਨਿਭਾਇਆ। ਰਣਜੀਤ ਦੀ ਹੀ ਚੰਦੂਲਾਲ ਸ਼ਾਹ ਨਿਰਦੇਸ਼ਿਤ ਫ਼ਿਲਮ ‘ਕੀਮਤੀ ਆਂਸੂ’ (1935) ਵਿਚ ਗੌਰੀ ਨੇ ‘ਉਸਤਾਦ ਸ਼ਿਆਮ ਸੁੰਦਰ’ ਦਾ ਤੇ ਦੀਕਸ਼ਤ ‘ਮਹਾਤਮਾ ਰਾਮਾਨੰਦ’ ਦਾ ਕਿਰਦਾਰ ਅਦਾ ਕਰ ਰਿਹਾ ਸੀ। ਇਹ ਫ਼ਿਲਮ 14 ਫਰਵਰੀ 1935 ਨੂੰ ਪੈਲੇਸ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ। ਰਣਜੀਤ ਮੂਵੀਟੋਨ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਨੂਰ-ਏ-ਵਤਨ’ (1935) ਵਿਚ ਗੌਰੀ ਨੇ ‘ਸੈਕਰੇਟਰੀ’ ਦਾ ਪਾਤਰ ਨਿਭਾਇਆ ਜਦੋਂਕਿ ਮਰਕਜ਼ੀ ਕਿਰਦਾਰ ਵਿਚ ਈ. ਬਿਲੀਮੋਰੀਆ ਤੇ ਮਾਧੁਰੀ ਦੀ ਜੋੜੀ ਮੌਜੂਦ ਸੀ। ਰਣਜੀਤ ਮੂਵੀਟੋਨ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਕਾਲੇਜ ਗਰਲ’ ਉਰਫ਼ ‘ਕਾਲੇਜ ਕੰਨਯਾ’ (1935) ਵਿਚ ਗੌਰੀ ਨੇ ‘ਚਿਰੰਜੀਵ’ ਦਾ ਪਾਰਟ ਅਦਾ ਕੀਤਾ ਜਦੋਂਕਿ ਮੁੱਖ ਭੂਮਿਕਾ ਵਿਚ ਮਾਧੁਰੀ ਤੇ ਰਾਜਾ ਸੈਂਡੋ ਅਦਾਕਾਰੀ ਕਰ ਰਹੇ ਸਨ। ਰਣਜੀਤ ਮੂਵੀਟੋਨ ਦੀ ਚੰਦੂਲਾਲ ਸ਼ਾਹ ਨਿਰਦੇਸ਼ਿਤ ਫ਼ਿਲਮ ‘ਦੇਸ਼ ਦਾਸੀ’ (1935) ਵਿਚ ਗੌਰੀ ‘ਕਰਸਨ ਪਟੇਲ’ ਤੇ ਦੀਕਸ਼ਤ ‘ਕਾਨਾ ਪਟੇਲ’ ਦੇ ਕਿਰਦਾਰ ਵਿਚ ਫ਼ਿਲਮਬੀਨਾਂ ਨੂੰ ਹਸਾ ਰਹੇ ਸਨ। ਇਹ ਫ਼ਿਲਮ 28 ਸਤੰਬਰ 1935 ਨੂੰ ਮੋਤੀ ਜਗਤ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ। ਰਣਜੀਤ ਮੂਵੀਟੋਨ ਦੀ ਰਾਜਾ ਸੈਂਡੋ ਨਿਰਦੇਸ਼ਿਤ ਫ਼ਿਲਮ ‘ਬਲੈਕ ਬੈਂਡਿਟ’ ਉਰਫ਼ ‘ਚਾਲਾਕ ਚੋਰ’ (1936) ਵਿਚ ਗੌਰੀ ਨੇ ‘ਚਾਲਾਕ ਸਾਲਾ ਸਾਹਬ’ ਤੇ ਦੀਕਸ਼ਤ ਨੇ ‘ਪਟਾਕ ਸਾਲਾ ਸਾਹਬ’ ਤੇ ਤੀਜੇ ਕਾਮੇਡੀਅਨ ਵਜੋਂ ਰੇਵਾਸ਼ੰਕਰ ਨੇ ‘ਖਟਾਕ ਸਾਲਾ ਸਾਹਬ’ ਦਾ ਮਖੌਲੀਆ ਪਾਰਟ ਨਿਭਾਇਆ। ਰਣਜੀਤ ਮੂਵੀਟੋਨ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਲਹਿਰੀ ਲਾਲਾ’ (1936) ਵਿਚ ਗੌਰੀ ਨੇ ‘ਰਤਨ ਸਿੰਹ’ ਦੀਕਸ਼ਤ ‘ਮਿ. ਬੀ. ਏ.’ ਅਤੇ ਤੀਜੇ ਕਾਮੇਡੀਅਨ ਵਜੋਂ ਚਾਰਲੀ ‘ਮਿ. ਐੱਮ. ਏ.’ ਦਾ ਪਾਰਟ ਨਿਭਾ ਰਿਹਾ ਸੀ। ਰਣਜੀਤ ਬੈਨਰ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਗੇ ਪ੍ਰਿੰਸ’ ਉਰਫ਼ ‘ਰੰਗੀਲਾ ਰਾਜਾ’ (1936) ਵਿਚ ਗੌਰੀ ਨੇ ‘ਕਿਸ਼ਨ ਸਿਨਹਾ’ ਤੇ ਦੂਜੇ ਕਾਮੇਡੀਅਨ ਵਜੋਂ ਚਾਰਲੀ ਨੇ ‘ਭੂਪਤ ਸਿੰਘ’ ਦਾ ਰੋਲ ਕੀਤਾ। ਰਣਜੀਤ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਤੂਫ਼ਾਨੀ ਟੋਲੀ’ ਉਰਫ਼ ‘ਰੈਕਲਸ ਰੋਗਸ’ (1937) ਵਿਚ ਗੌਰੀ ਨੇ ‘ਡਾਕਟਰ’ ਦਾ ਤੇ ਦੀਕਸ਼ਤ ਨੇ ‘ਜਾਗੀਰਦਾਰ’ ਦਾ ਪਾਰਟ ਨਿਭਾਇਆ। ਰਣਜੀਤ ਬੈਨਰ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਜ਼ਮੀਨ ਕਾ ਚਾਂਦ’ ਉਰਫ਼ ‘ਲਵ ਆਫ਼ ਏ ਸਲੇਵ’ (1937) ਵਿਚ ਗੌਰੀ, ਚਾਰਲੀ ਤੇ ਰਾਮ ਆਪਟੇ ਨੇ ‘ਸਲੇਵ’ ਯਾਨੀ ‘ਗੁਲਾਮ’ ਦਾ ਪਾਰਟ ਅਦਾ ਕੀਤਾ। ਰਣਜੀਤ ਦੀ ਫ਼ਿਲਮ ‘ਲਿਊਰ ਆਫ਼ ਗੋਲਡ’ ਉਰਫ਼ ‘ਸ਼ਰਾਫ਼ੀ ਲੂਟ’ (1937) ਵਿਚ ਗੌਰੀ ਨੇ ਅਦਾਕਾਰਾ ਖ਼ਾਤੂਨ ਦੇ ਭਰਾ ਦਾ ਰੋਲ ਕੀਤਾ। ਇਸ ਤੋਂ ਇਲਾਵਾ ਰਣਜੀਤ ਮੂਵੀਟੋਨ ਦੀਆਂ ਹੀ ਹੋਰ ਫ਼ਿਲਮਾਂ ‘ਦਿ ਨਾਈਟਏਂਗਲ’ ਉਰਫ਼ ‘ਬਨ ਕੀ ਚਿੜੀਆ’ (1938) ਵਿਚ ਗੌਰੀ ਨੇ ‘ਬੱਟੂ ਰਾਜਾ’, ‘ਦਿ ਕੈਟ’ ਉਰਫ਼ ‘ਬਿੱਲੀ’ (1938) ’ਚ ‘ਸੈਕਰੇਟਰੀ’, ‘ਪ੍ਰਿਥਵੀ ਪੁੱਤਰ’ (1938) ’ਚ ‘ਚੇਲਾ’ ਦਾ, ‘ਨਦੀ ਕਿਨਾਰੇ’ (1939) ’ਚ ‘ਸੈਕਰੇਟਰੀ’, ‘ਹੌਲੀ’ (1940) ’ਚ ‘ਗੋਪਾਲ’ ਦਾ, ‘ਸਜਨੀ’ (1940) ’ਚ ‘ਪੋਸਟਮੈਨ’, ‘ਬੇਟੀ’ (1941) ’ਚ ‘ਡਾਕਟਰ’ ਦਾ, ‘ਢੰਡੋਰਾ’ (1941) ’ਚ ‘ਸੈਕਰੇਟਰੀ’, ‘ਸ਼ਾਦੀ’ (1941) ’ਚ ‘ਸੈਕਰੇਟਰੀ’ ਦਾ ਮਖੌਲੀਆ ਪਾਰਟ ਅਦਾ ਕੀਤਾ। ਇਹ ਭਾਰਤੀ ਸਿਨਮਾ ਦਾ ਉਹ ਵੇਲਾ ਸੀ ਜਦੋਂ ਕਾਮੇਡੀਅਨ ਦੀਕਸ਼ਤ ਨਾਲ ਗੌਰੀ ਦੀ ਜੋੜੀ ਸਿਨੇ ਪਰਦੇ ’ਤੇ ਆਉਂਦਿਆਂ ਹੀ ਹਾਸਿਆਂ ਦੇ ਬੰਡਲ ਖੁੱਲ੍ਹ ਜਾਂਦੇ ਸਨ।
ਸਾਲ 1942 ਵਿਚ ਗੌਰੀ ਨੇ ਰਣਜੀਤ ਮੂਵੀਟੋਨ ਛੱਡ ਦਿੱਤਾ ਅਤੇ ਸੁਤੰਤਰ ਰੂਪ ਵਿਚ ਹੋਰਨਾਂ ਬੈਨਰਾਂ ਦੀਆਂ ਸ਼ਾਨਦਾਰ ਫ਼ਿਲਮਾਂ ਵਿਚ ਆਪਣੀ ਮਜ਼ਾਹੀਆ ਤੇ ਚਰਿੱਤਰ ਅਦਾਕਾਰੀ ਦੇ ਰੰਗ ਬਿਖੇਰੇ। ਰੈਕਸ ਪਿਕਚਰਜ਼, ਬੰਬੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਥੰਡਰ’ (1939) ’ਚ ਗੌਰੀ ਨੇ ‘ਬਮ ਬਮ’ ਦਾ ਮਜ਼ਾਹੀਆ ਰੋਲ ਕੀਤਾ। ਸੁਦਾਮਾ ਪ੍ਰੋਡਕਸ਼ਨ, ਬੰਬੇ ਦੀ ਸਰਵੋਤਮ ਬਦਾਮੀ ਨਿਰਦੇਸ਼ਿਤ ਫ਼ਿਲਮ ‘ਹਾਲੀਡੇ ਇਨ ਬੰਬੇ’ ਉਰਫ਼ ‘ਬੰਬੇ ਕੀ ਸੈਰ’ (1941) ’ਚ ਗੌਰੀ ਨੇ ‘ਸ਼ਾਂਤੀ ਲਾਲ’ ਦਾ, ਚਿੱਤਰਾ ਪ੍ਰੋਡਕਸ਼ਨਜ਼, ਬੰਬੇ ਦੀ ਕ੍ਰਿਸ਼ਨ ਗੋਪਾਲ ਤੇ ਕੇ. ਟੀ. ਦਾਤੇ ਨਿਰਦੇਸ਼ਿਤ ਫ਼ਿਲਮ ‘ਕਿਸੀ ਸੇ ਨਾ ਕਹਿਨਾ’ (1942), ਸੌਭਾਗਯਾ ਪਿਕਚਰਜ਼, ਬੰਬੇ ਦੀ ਦਵਾਰਕਾ ਖੋਸਲਾ, ਬੇਦੀ ਤੇ ਰਾਮ ਕਮਲਾਨੀ ਨਿਰਦੇਸ਼ਿਤ ਫ਼ਿਲਮ ‘ਮੁਸਕਰਾਹਟ’ (1943), ਫ਼ਜ਼ਲੀ ਬ੍ਰਦਰਜ਼, ਬੰਬੇ ਦੀ ‘ਇਸਮਤ’ (1944), ‘ਦਿਲ’ (1946) ਤੇ ‘ਮਹਿੰਦੀ’ (1947) ’ਚ ਵੀ ਗੌਰੀ ਨੇ ਆਪਣੇ ਬਿਹਤਰੀਨ ਫ਼ਨ ਦੀ ਨੁਮਾਇਸ਼ ਕੀਤੀ। ਬੰਬੇ ਸਿਨੇਟੋਨ, ਬੰਬੇ ਦੀ ਫ਼ਿਲਮ ‘ਲਾਲ ਹਵੇਲੀ’ (1944) ’ਚ ਗੌਰੀ ਨੇ ‘ਨੈਨਾਜੀ’ ਦਾ ਪਾਰਟ ਨਿਭਾਇਆ। ਏਸ਼ੀਆਟਿਕ ਪਿਕਚਰਜ਼, ਬੰਬੇ ਦੀ ਮਹੇਸ਼ ਚੰਦਰ ਨਿਰਦੇਸ਼ਿਤ ਫ਼ਿਲਮ ‘ਚਾਂਦ ਤਾਰਾ’ (1945) ’ਚ ਗੌਰੀ ਨੇ ‘ਮਿਸਤਰੀ’ ਦਾ ਰੋਲ ਕੀਤਾ। ਮਿਨਰਵਾ ਮੂਵੀਟੋਨ, ਬੰਬੇ ਦੀ ਫ਼ਿਲਮ ‘ਏਕ ਦਿਨ ਕਾ ਸੁਲਤਾਨ’ (1945) ਵਿਚ ‘ਸਾਹਿਬਜ਼ਾਦਾ ਹਾਮਿਦ ਖ਼ਾਨ’ ਦਾ ਪਾਰਟ ਅਦਾ ਕੀਤਾ। ਭਾਰਤ ਪ੍ਰੋਡਕਸ਼ਨਜ਼, ਬੰਬੇ ਦੀ ‘ਸਜਨੀ’ (1947) ਆਦਿ ਤੋਂ ਇਲਾਵਾ ਫ੍ਰੀ ਇੰਡੀਆ ਫ਼ਿਲਮਜ਼, ਬੰਬੇ ਦੀ ਫ਼ਿਲਮ ‘ਦੁਨੀਆਦਾਰੀ’ (1948) ਮਜ਼ਾਹੀਆ ਅਦਾਕਾਰ ਵਜੋਂ ਗੌਰੀ ਦੀ ਆਖ਼ਰੀ ਫ਼ਿਲਮ ਕਰਾਰ ਪਾਈ।
ਗੌਰੀ ਨੇ ਸਿਰਫ਼ ਇਕੋ ਪੰਜਾਬੀ ਫ਼ਿਲਮ ਵਿਚ ਸ਼ਾਨਦਾਰ ਕੰਮ ਕੀਤਾ। ਜਦੋਂ ਅਦਾਕਾਰ ਤੇ ਫ਼ਿਲਮਸਾਜ਼ ਲਾਲਾ ਯਕੂਬ (ਲਾਹੌਰ) ਨੇ ਆਪਣੀ ਅਦਾਕਾਰਾ ਪਤਨੀ ਖ਼ੁਰਸ਼ੀਦ ਬਾਨੋ (ਕਸੂਰ ਵਾਲੀ) ਨਾਲ ਮਿਲਕੇ ਆਪਣੇ ਫ਼ਿਲਮਸਾਜ਼ ਅਦਾਰੇ ਮਾਡਰਨ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਤੇ ਮੁਨੱਵਰ ਐੱਚ. ਕਾਸਿਮ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ੀਚਰ ਫ਼ਿਲਮ ‘ਪਟੋਲਾ’ (1942) ਬਣਾਈ ਤਾਂ ਇਸ ਫ਼ਿਲਮ ਵਿਚ ਗੌਰੀ ਨੂੰ ‘ਨਵਾਬ’ ਖ਼ਾਨ’ ਦਾ ਮਜ਼ਾਹੀਆ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਕਹਾਣੀ ਤੇ ਮੰਜ਼ਰਨਾਮਾ ਮੁਨੱਵਰ ਐੱਚ. ਕਾਸਿਮ, ਮੁਕਾਲਮੇ ਲਾਲਾ ਯਕੂਬ, ਗੀਤ ਅਰਸ਼ਦ ਗੁਜਰਾਤੀ, ਤਨਵੀਰ ਨੱਕਵੀ, ਜ਼ਮਾਨਬੀ ਅਤੇ ਮੌਸੀਕੀ ਖੇਮਚੰਦ ਪ੍ਰਕਾਸ਼ (ਪਹਿਲੀ ਪੰਜਾਬੀ ਫ਼ਿਲਮ) ਨੇ ਮੁਰੱਤਬਿ ਕੀਤੀ। ਖ਼ੁਰਸ਼ੀਦ ਬਾਨੋ ਤੇ ਅਰੁਣ ਅਹੂਜਾ (ਅਸਲੀ ਨਾਮ ਗੁਲਸ਼ਨ ਸਿੰਘ ਅਹੂਜਾ) ਦੇ ਮਰਕਜ਼ੀ ਕਿਰਦਾਰ ਵਾਲੀ ਇਹ ਕਾਮਯਾਬ ਫ਼ਿਲਮ 8 ਅਕਤੂਬਰ 1942 ਨੂੰ ਜਸਵੰਤ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ।
ਪੰਜਾਬ ਵੰਡ ਤੋਂ ਬਾਅਦ ਗੌਰੀ ਫ਼ਿਲਮ ਮਰਕਜ਼ ਬੰਬੇ ਨੂੰ ਖ਼ੈਰਬਾਦ ਕਹਿ ਕੇ ਲਾਹੌਰ (ਪਾਕਿਸਤਾਨ) ਤੁਰ ਗਏ। ਪਾਕਿਸਤਾਨੀ ਫ਼ਿਲਮ ਸਨਅਤ ਵਿਚ ਉਨ੍ਹਾਂ ਕਈ ਪੰਜਾਬੀ ਤੇ ਉਰਦੂ ਫ਼ਿਲਮਾਂ ਵਿਚ ਮਜ਼ਾਹੀਆ ਤੇ ਚਰਿੱਤਰ ਕਿਰਦਾਰ ਨਿਭਾਏ। ਭਾਰਤ-ਪਾਕਿ ਫ਼ਿਲਮਾਂ ਦਾ ਮਾਰੂਫ਼ ਮਜ਼ਾਹੀਆ ਅਦਾਕਾਰ ਗੌਰੀ 9 ਦਸੰਬਰ 1977 ਨੂੰ ਲਾਹੌਰ ਵਿਚ 76 ਸਾਲਾਂ ਦੀ ਉਮਰ ’ਚ ਅਕਾਲ ਚਲਾਣਾ ਕਰ ਗਿਆ।
ਸੰਪਰਕ: 97805-09545