ਨੂਰ ਮੁਹੰਮਦ ਨੂਰ
ਜਦੋਂ ਕੋਈ ਚੀਜ਼ ਕਿਸੇ ਤਕੜੇ ਵਿਅਕਤੀ ਦੇ ਹੱਥ ਚਲੀ ਜਾਵੇ ਅਤੇ ਉਸ ਦੀ ਵਾਪਸੀ ਦੀ ਉਮੀਦ ਬਾਕੀ ਨਾ ਰਹੇ ਤਾਂ ਅਖਾਣ ਬੋਲਿਆ ਜਾਂਦਾ ਹੈ, ‘ਗੰਗਾ ਗਏ ਹੱਡ ਨਹੀਂ ਮੁੜਦੇ।’
ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਮੁਰਦੇ ਨੂੰ ਸਾੜਨ ਤੋਂ ਬਾਅਦ ਉਸਦੇ ਫੁੱਲ (ਹੱਡੀਆਂ ਦੀ ਸੁਆਹ) ਹਰਿਦੁਆਰ ਜਾ ਕੇ ਗੰਗਾ ਨਦੀ ਵਿਚ ਪ੍ਰਵਾਹ ਕਰ ਦਿੰਦੇ ਹਨ ਜਿੱਥੇ ਤੇਜ਼ ਪਾਣੀ ਦਾ ਵਹਾਅ ਉਸਨੂੰ ਆਪਣੇ ਨਾਲ ਰੋੜ੍ਹ ਕੇ ਲੈ ਜਾਂਦਾ ਹੈ। ਗੰਗਾ ਨਦੀ ਹਿੰਦੂਆਂ ਲਈ ਪਵਿੱਤਰ ਨਦੀ ਹੈ, ਉਨ੍ਹਾਂ ਦਾ ਅਕੀਦਾ ਹੈ ਕਿ ਫੁੱਲਾਂ ਨੂੰ ਗੰਗਾ ਵਿਚ ਪਾਏ ਜਾਣ ਤੋਂ ਬਾਅਦ ਵਿੱਛੜੀ ਆਤਮਾਂ ਨੂੰ ਸਵਰਗ ਲੋਕ ਵਿਚ ਥਾਂ ਮਿਲਦੀ ਹੈ।
ਇਸ ਪਵਿੱਤਰ ਨਦੀ ਦਾ ਇਤਿਹਾਸ ਲਿਖਦਿਆਂ ‘ਪੰਜਾਬੀ ਸਾਹਿਤ ਸੰਦਰਭ ਕੋਸ਼’ ਦਾ ਲੇਖਕ ਸਫ਼ਾ 388 ਉੱਤੇ ਲਿਖਦਾ ਹੈ, ‘ਗੰਗਾ ਭਾਰਤ ਦੀ ਇਕ ਪ੍ਰਸਿੱਧ ਅਤੇ ਪ੍ਰਮੁੱਖ ਨਦੀ ਹੈ ਜਿਸਨੂੰ ਹਿੰਦੂ ਮੱਤ ਵਿਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸਤਿਕਾਰ ਵਜੋਂ ਉਹ ਇਸਨੂੰ ‘ਗੰਗਾ ਮਈਆ’ ਆਖ ਕੇ ਬੁਲਾਉਂਦੇ ਹਨ। ਇਸਦੇ ਕੰਢੇ ਉੱਤੇ ਹਰਿਦੁਆਰ, ਪਰਿਆਗ, ਬਨਾਰਸ, ਪਟਨਾ ਜਿਹੇ ਮਹੱਤਵਪੂਰਨ ਨਗਰ ਵਸੇ ਹੋਏ ਹਨ ਅਤੇ ਇਹ ਸਾਰੇ ਨਗਰ ਤੀਰਥ ਅਸਥਾਨਾਂ ਵਜੋਂ ਪੂਜਣਯੋਗ ਹਨ। ਇਨ੍ਹਾਂ ਨਗਰਾਂ ਵਿਚ ਬਣੇ ਘਾਟਾਂ ਦੀ ਯਾਤਰਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਹਿੰਦੂ ਧਰਮ ਨਾਲ ਸਬੰਧਤ ਲੋਕਾਂ ਦਾ ਵਿਸ਼ਵਾਸ ਹੈ ਕਿ ਗੰਗਾ ਵਿਚ ਇਸ਼ਨਾਨ ਕਰਨ ਨਾਲ ਹਰ ਪ੍ਰਕਾਰ ਦੇ ਰੋਗ ਖ਼ਤਮ ਹੋ ਜਾਂਦੇ ਹਨ ਅਤੇ ਅਣਜਾਣਪੁਣ ਵਿਚ ਕੀਤੇ ਸਾਰੇ ਪਾਪ ਧੋਤੇ ਜਾਂਦੇ ਹਨ। ਉੱਤਰੀ ਭਾਰਤ ਦੇ ਲੋਕ ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਗੰਗਾ ਵਿਚ ਇਸ ਕਰਕੇ ਜਲਪ੍ਰਵਾਹ ਕਰਦੇ ਹਨ ਕਿ ਗੰਗਾ ਦੇ ਜਲ ਛੋਹ ਨਾਲ ਉਹ ਮੁਕਤੀ ਪ੍ਰਾਪਤ ਕਰਨ ਦੇ ਅਧਿਕਾਰੀ ਬਣ ਜਾਂਦੇ ਹਨ।’
ਗੰਗਾ ਨਾਂ ਦੀ ਇਹ ਨਦੀ 13800 ਫੁੱਟ ਦੀ ਉੱਚਾਈ ’ਤੇ ਸਥਿਤ ਗੰਗੋਤਰੀ ਦੇ ਨੇੜੇ ਹਿਮਗੁਫ਼ਾ ਵਿਚੋਂ ਨਿਕਲਦੀ ਹੈ। ਉੱਥੇ ਇਸਦਾ ਨਾਂ ਭਾਗੀਰਥੀ ਲਿਆ ਜਾਂਦਾ ਹੈ। ਅੱਗੇ ਆ ਕੇ ਜਦੋਂ ਜਹਨਵੀ ਅਤੇ ਅਲਕਨੰਦਾ ਨਾਂ ਦੀਆਂ ਨਦੀਆਂ ਇਸ ਵਿਚ ਮਿਲ ਜਾਂਦੀਆਂ ਹਨ ਤਾਂ ਇਸ ਦਾ ਨਾਂ ਗੰਗਾ ਹੋ ਜਾਂਦਾ ਹੈ। ਇਹ ਹਰਿਦੁਆਰ ਸ਼ਹਿਰ ਦੇ ਨੇੜੇ ਮੈਦਾਨੀ ਇਲਾਕੇ ਵਿਚ ਦਾਖਲ ਹੁੰਦੀ ਹੈ ਜਿੱਥੇ ਬਹੁਤ ਸਾਰੇ ਮੰਦਰ ਸਥਿਤ ਹਨ। ਮੈਦਾਨੀ ਇਲਾਕੇ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਗੰਗਾ, ਯਮਨਾ, ਗੋਮਤੀ, ਘਾਘਾਰਾ, ਸੋਨ, ਗੰਡਕ ਅਤੇ ਕੋਸੀ ਆਦਿ ਨਦੀਆਂ ਵੀ ਇਸ ਵਿਚ ਮਿਲ ਜਾਂਦੀਆਂ ਹਨ। ਇਕ ਅੰਦਾਜ਼ੇ ਅਨੁਸਾਰ 2500 ਕਿਲੋ ਮੀਟਰ ਚੱਲ ਕੇ ਗੰਗਾ ਬੰਗਾਲ ਦੀ ਖਾੜੀ ਵਿਚ ਜਾ ਡਿੱਗਦੀ ਹੈ।
ਗੰਗਾ ਦੀ ਉਤਪਤੀ ਬਾਰੇ ਪੁਰਾਣ-ਸਾਹਿਤ ਵਿਚ ਅਨੇਕ ਪ੍ਰਕਾਰ ਦੀਆਂ ਕਥਾਵਾਂ ਮਿਲਦੀਆਂ ਹਨ। ਮਾਰਕੰਡੇ-ਪੁਰਾਣ ਅਨੁਸਾਰ ਗੰਗਾ ਦੀ ਉਤਪਤੀ ਨਾਰਾਇਣ ਦੇ ਧ੍ਰਧਾਰ ਨਾਮਕ ਪਦ ਵਿਚੋਂ ਹੋਈ ਅਤੇ ਉੱਥੋਂ ਚੱਲ ਕੇ ਉਹ ਜਲ ਦੇ ਬੁਨਿਆਦੀ ਚੰਦਰ ਮੰਡਲ ਵਿਚ ਦਾਖਲ ਹੋਈ। ਅਤਿਅੰਤ ਪਵਿੱਤਰ ਰੂਪ ਵਿਚ ਉਹ ਮੇਰੂ ਪਰਬਤ ਉੱਤੇ ਡਿੱਗੀ। ਫੇਰ ਚਾਰ ਧਾਰਾਵਾਂ ਵਿਚ ਵੰਡੀ ਗਈ ਅਤੇ ਮੇਰੂ, ਮੰਦਰ, ਹਿਮਾਲਾ, ਗੰਧਮਾਦਨ ਦੇ ਵੱਡੇ ਵੱਡੇ ਪਰਬਤਾਂ ਨੂੰ ਚੀਰਦੀ ਹੋਈ ਜਲ ਨਾਲ ਮਾਨਸਰੋਵਰ ਨੂੰ ਭਰ ਕੇ ਸ਼ੈਲਰਾਜ ਹਿਮਾਲਾ ਦੇ ਰਮਣੀਕ ਸਿਖਰ ਉੱਤੇ ਪਹੁੰਚੀ। ਗੰਗਾ ਦੇ ਹਿਮਾਲਾ ਉੱਤੇ ਪਹੁੰਚਣ ਤੋਂ ਬਾਅਦ ਸ਼ਿਵ ਜੀ ਨੇ ਉਸਨੂੰ ਆਪਣੇ ਸਿਰ ਉੱਤੇ ਧਾਰਨ ਕਰ ਲਿਆ, ਪਰ ਰਾਜਾ ਭਗੀਰਥ ਨੇ ਤਪੱਸਿਆ ਰਾਹੀਂ ਸ਼ਿਵ ਜੀ ਨੂੰ ਪ੍ਰਸੰਨ ਕਰਕੇ ਗੰਗਾ ਦੀ ਯਾਚਨਾ ਕੀਤੀ। ਸ਼ਿਵ ਜੀ ਨੇ ਗੰਗਾ ਨੂੰ ਛੱਡ ਦਿੱਤਾ ਅਤੇ ਉਹ ਸੱਤ ਧਾਰਾਵਾਂ ਵਿਚ ਵੰਡ ਕੇ ਚੱਲਣ ਲੱਗੀ ਜਿਨ੍ਹਾਂ ਵਿਚੋਂ ਤਿੰਨ ਧਾਰਾਵਾਂ ਪੂਰਬ ਵੱਲ ਚੱਲੀਆਂ ਅਤੇ ਤਿੰਨ ਪੱਛਮ ਵੱਲ ਅਤੇ ਇਕ ਰਾਜਾ ਭਗੀਰਥ ਦੇ ਪਿੱਛੇ ਪਿੱਛੇ ਚੱਲ ਪਈ। ਭਗੀਰਥ ਵੱਲੋਂ ਗੰਗਾ ਨੂੰ ਧਰਤੀ ਉੱਤੇ ਲਿਆਏ ਜਾਣ ਕਾਰਨ ਇਸ ਦਾ ਇਕ ਨਾਂ ਭਗੀਰਥੀ ਵੀ ਪਿਆ।
ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਗੰਗਾ ਸਵਰਗ ਤੋਂ ਉੱਤਰੀ ਤਾਂ ਜਾਹਨੂੰ ਰਿਸ਼ੀ ਯੱਗ ਕਰ ਰਿਹਾ ਸੀ। ਜਦੋਂ ਜਾਹਨੂੰ ਰਿਸ਼ੀ ਦੇ ਯੱਗ ਵਿਚ ਵਿਘਨ ਪਿਆ ਤਾਂ ਉਹ ਗੰਗਾ ਤੋਂ ਗੁੱਸੇ ਹੋ ਕੇ ਉਸ ਨੂੰ ਪੀ ਗਿਆ, ਪਰ ਬਾਅਦ ਵਿਚ ਅਪਣੇ ਕੰਨਾਂ ਰਾਹੀਂ ਵਗਣ ਦੀ ਆਗਿਆ ਦੇ ਦਿੱਤੀ ਜਿਸ ਕਰਕੇ ਇਸ ਨੂੰ ਜਾਹੁਨਵੀ ਵੀ ਕਿਹਾ ਜਾਂਦਾ ਹੈ।
ਬਾਲਮੀਕੀ ਰਾਮਾਇਣ ਵਿਚ ਇਹ ਵੀ ਲਿਖਿਆ ਮਿਲਦਾ ਹੈ ਕਿ ਹਿਮਾਲਾ ਪਰਬਤ ਦੇ ਘਰ ਸੁਮੇਰੂ ਦੀ ਪੁੱਤਰੀ ਮੋਨਕਾ ਦੀ ਕੁੱਖੋਂ ਗੰਗਾ ਅਤੇ ਉਮਾ ਦੋ ਭੈਣਾਂ ਪੈਦਾ ਹੋਈਆਂ। ਇਕ ਵਾਰ ਸ਼ਿਵ ਨੇ ਆਪਣਾ ਵੀਰਜ ਗੰਗਾ ਵਿਚ ਪਾਇਆ, ਪਰ ਗੰਗਾ ਉਸਨੂੰ ਧਾਰਨ ਨਾ ਕਰ ਸਕੀ ਅਤੇ ਬ੍ਰਹਮਾ ਦੇ ਕਮੰਡਲ ਵਿਚ ਜਾ ਫਸੀ, ਪਰ ਭਗੀਰਥ ਦੀ ਪ੍ਰਾਰਥਨਾ ਨਾਲ ਕਮੰਡਲ ’ਚੋਂ ਨਿਕਲ ਕੇ ਧਰਤੀ ਉੱਤੇ ਆਈ।
ਮਹਾਂਭਾਰਤ ਵਿਚ ਲਿਖਿਆ ਮਿਲਦਾ ਹੈ ਕਿ ਗੰਗਾ ਦੀ ਕੁੱਖ ’ਚੋਂ ਰਾਜਾ ਸ਼ਾਂਤਨੂੰ ਦੇ ਘਰ ਭੀਸ਼ਮ ਪਿਤਾਮਾ ਦਾ ਜਨਮ ਹੋਇਆ ਜਿਸ ਕਰਕੇ ਭੀਸ਼ਮ ਨੂੰ ਗਾਂਗੋਯ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਘਟਨਾਵਾਂ ਮਿਲਦੀਆਂ ਹਨ ਜਿਨ੍ਹਾਂ ਦਾ ਸਰੂਪ ਪ੍ਰਤੀਕਾਤਮਕ ਹੈ। ਯੋਗ ਮੱਤ ਵਾਲਿਆਂ ਨੇ ਇੜਾ ਨਾੜੀ ਦਾ ਨਾਂ ਗੰਗਾ ਰੱਖਿਆ ਹੈ। ਮੱਧ ਯੁੱਗ ਦੇ ਸੰਤਾਂ ਨੇ ਗੰਗਾ ਨਾਲੋਂ ਗੁਰੂ ਦੇ ਚਰਨਾਂ ਨੂੰ ਜ਼ਿਆਦਾ ਪਵਿੱਤਰ ਮੰਨਿਆ ਹੈ। ਗੁਰੂ ਅਰਜਨ ਦੇਵ ਜੀ ਨੇ ਹਰ ਵਿਚ ਲੀਨ ਸਾਧਕ ਦੇ ਚਰਨਾਂ ਨੂੰ ਗੰਗਾ ਦੇ ਕੰਢੇ ’ਤੇ ਸਥਿਤ ਕਰੋੜਾਂ ਤੀਰਥਾਂ ਤੋਂ ਉੱਤਮ ਮੰਨਿਆ ਹੈ।
ਇਸ ਅਖਾਣ ਵਿਚ ਗੰਗਾ ਦੀ ਉਤਪਤੀ ਦਰਸਾਉਣ ਦਾ ਭਾਵ ਗੰਗਾ ਦੀ ਉਸਤਤ ਕਰਨਾ ਨਹੀਂ ਸਗੋਂ ਪਾਠਕਾਂ ਨੂੰ ਜਾਣੂ ਕਰਵਾਉਣਾ ਹੈ ਕਿ ਗੰਗਾ ਕੀ ਚੀਜ਼ ਹੈ ਅਤੇ ਇਸ ਅਖਾਣ ਦਾ ਗੰਗਾ ਨਾਲ ਕੀ ਸਬੰਧ ਹੈ।
ਸੰਪਰਕ: 98555-51359