ਮਨਦੀਪ ਸਿੰਘ ਸਿੱਧੂ
ਰਮੇਸ਼ ਠਾਕੁਰ ਦੀ ਪੈਦਾਇਸ਼ 1913 ਨੂੰ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਲਾਹੌਰ ਤੋਂ ਤਾਲੀਮ ਹਾਸਲ ਕਰਨ ਤੋਂ ਬਾਅਦ ਉਸ ਦੀ ਦਿਲਚਸਪੀ ਫ਼ਿਲਮਾਂ ਵੱਲ ਹੋ ਗਈ। ਜਦੋਂ ਸੁਭਾਅ ਦੇ ਮਖੌਲੀਆ ਰਮੇਸ਼ ਦਾ ਮਨ ਉਛਲਿਆ ਤਾਂ 1939 ਵਿੱਚ ਉਹ ਕਮਲਾ ਮੂਵੀਟੋਨ ਵਿੱਚ ਸ਼ਾਮਲ ਹੋ ਗਏ।
ਜਦੋਂ ਰੂਪ ਕੇ. ਸ਼ੋਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਮਲਾ ਮੂਵੀਟੋਨ ਲਿਮਟਿਡ, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ ਉਰਫ਼ ‘ਦੁਖੀ ਜਵਾਨੀ’ (1940) ਸ਼ੁਰੂ ਕੀਤੀ ਤਾਂ ਉਸ ਨੂੰ ਨਵੇਂ ਅਦਾਕਾਰ ਵਜੋਂ ਮੁਤਆਰਿਫ਼ ਕਰਵਾਇਆ। ਉਸ ਨੇ ਇਸ ਫ਼ਿਲਮ ਵਿੱਚ ਸਹਾਇਕ ਭੂਮਿਕਾ ਨਿਭਾਈ ਜਦਕਿ ਮਰਕਜ਼ੀ ਕਿਰਦਾਰ ’ਚ ਲਾਹੌਰ ਦਾ ਰਈਸ ਗੱਭਰੂ ਐੱਮ. ਡੀ. ਕੰਵਰ (ਦੁੱਲਾ) ਤੇ ਰਾਗਿਨੀ (ਨੂਰਾਂ) ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਮੁਕਾਲਮੇ ਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਤੇ ਇੱਕ ਗੀਤ ਐੱਫ਼. ਡੀ. ਸ਼ਰਫ਼ ਅਤੇ ਮੌਸੀਕੀ ਪੰਡਤ ਗੋਬਿੰਦਰਾਮ ਨੇ ਮੁਰੱਤਬਿ ਕੀਤੀ। ਇਹ ਫ਼ਿਲਮ 26 ਅਪਰੈਲ 1940 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ। ਸੇਠ ਜਗਨਨਾਥ ਮਹੇਸ਼ਵਰੀ ਦੇ ਫ਼ਿਲਮਸਾਜ਼ ਅਦਾਰੇ ਏ. ਜੇ. ਐੱਨ. ਮਾਹੇਸ਼ਵਰੀ ਪ੍ਰੋਡਕਸ਼ਨਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਰਾਵੀ ਪਾਰ’ (1942) ’ਚ ‘ਜਮਾਂਦਾਰ’ ਦਾ ਪਾਰਟ ਅਦਾ ਕੀਤਾ ਜਦਕਿ ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਰਾਗਿਨੀ (ਜਮੁਨਾ) ਤੇ ਐੱਸ. ਡੀ. ਨਾਰੰਗ (ਪ੍ਰਤਾਪ, ਰਾਮੂ) ਦਾ ਡਬਲ ਕਿਰਦਾਰ ਨਿਭਾ ਰਹੇ ਸਨ। ਇਹ ਫ਼ਿਲਮ 11 ਅਕਤੂਬਰ 1942 ਨੂੰ ਰਾਇਲ ਥੀਏਟਰ, ਅੰਮ੍ਰਿਤਸਰ ਵਿੱਚ ਨੁਮਾਇਸ਼ ਹੋਈ। ਹਿਦਾਇਤਕਾਰ ਗੁਲ ਜ਼ਮਾਨ ਨੇ ਜਦੋਂ ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਪੰਜਾਬੀ ਫ਼ਿਲਮ ‘ਗੁਲ ਬਲੋਚ’ (1945) ਸ਼ੁਰੂ ਕੀਤੀ, ਜਿਸ ਦੇ ਫ਼ਿਲਮਸਾਜ਼ ਮੀਆਂ ਮੁਸ਼ਤਾਕ ਅਹਿਮਦ ਸਨ। ਇਸ ਫ਼ਿਲਮ ਵਿੱਚ ਉਸ ਨੇ ‘ਸ਼ਰਫ਼ੂ’ ਦਾ ਚਰਿੱਤਰ ਕਿਰਦਾਰ ਨਿਭਾਇਆ ਜਦਕਿ ਮੁੱਖ ਭੂਮਿਕਾਵਾਂ ਵਿੱਚ ਗੁਲ ਜ਼ਮਾਨ (ਗੁਲ) ਤੇ ਸਲਮਾ (ਦਾਰੋ) ਮੌਜੂਦ ਸਨ। 1943 ਵਿੱਚ ਸ਼ੁਰੂ ਹੋਈ ਇਹ ਫ਼ਿਲਮ 1945 ਵਿੱਚ ਸੈਂਸਰ ਤੇ 23 ਅਗਸਤ 1946 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ। ਇਸ ਫ਼ਿਲਮ ਦੇ ਗ੍ਰਾਮੋਫ਼ੋਨ ਰਿਕਾਰਡ ਜਾਰੀ ਨਹੀਂ ਹੋਏ ਸਨ। ਜਦੋਂ ਠਾਕੁਰ ਹਿੰਮਤ ਸਿੰਘ ਨੇ 218 ਫ਼ਿਰੋਜ਼ਪੁਰ ਰੋਡ, ਲਾਹੌਰ ’ਤੇ ਬਣੇ ਆਪਣੇ ਫ਼ਿਲਮਸਾਜ਼ ਅਦਾਰੇ ਲੀਲਾ ਮੰਦਰ ਪ੍ਰੋਡਕਸ਼ਨਜ਼ ਦੀ ਪਹਿਲੀ ਪੰਜਾਬੀ ਫ਼ਿਲਮ ‘ਕਮਲੀ’ (1946) ਸ਼ੁਰੂ ਕੀਤੀ ਤਾਂ ਉਸ ਨੇ ਪਿੰਡ ਕਿਸ਼ਨਪੁਰ ਦੇ ਚੌਧਰੀ ‘ਸਾਖੀ’ ਪਾਰਟ ਅਦਾ ਕੀਤਾ ਜਦਕਿ ਫ਼ਿਲਮ ਦਾ ਟਾਈਟਲ ਕਿਰਦਾਰ ਆਸ਼ਾ ਪੌਸਲੇ (ਧੀ ਮਾਸਟਰ ਇਨਾਇਤ ਅਲੀ ਨਾਥ) ਨਿਭਾ ਰਹੀ ਸੀ ਤੇ ਅਦਾਕਾਰ ਵਜੋਂ ਹਾਫ਼ਿਜ਼ਾਬਾਦ ਦਾ ਗੱਭਰੂ ਨਵੇਂ ਹੀਰੋ ਵਜੋਂ ਮੁਤਆਰਿਫ਼ ਹੋਇਆ ਸੀ।
1947 ਵਿੱਚ ਪੰਜਾਬ ਵੰਡ ਤੋਂ ਬਾਅਦ ਹੋਰਨਾਂ ਫ਼ਨਕਾਰਾਂ ਵਾਂਗ ਰਮੇਸ਼ ਠਾਕੁਰ ਵੀ ਆਪਣੇ ਆਬਾਈ ਸ਼ਹਿਰ ਲਾਹੌਰ ਨੂੰ ਛੱਡ ਕੇ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਆ ਗਿਆ। 1947 ਵਿੱਚ ਜੈਮਿਨੀ ਦੀਵਾਨ ਨੇ ਲਾਹੌਰ ’ਚ ਆਪਣੇ ਫ਼ਿਲਮਸਾਜ਼ ਅਦਾਰੇ ਜੈਮਿਨੀ ਦੀਵਾਨ ਪ੍ਰੋਡਕਨਜ਼ ਹੇਠ ਪੰਜਾਬੀ ਫ਼ਿਲਮ ‘ਡਾ. ਚਮਨ’ ਸ਼ੁਰੂ ਕੀਤੀ। ਪਰ ਲਾਹੌਰ ਵਿੱਚ ਫਿਰਕੂ-ਫਸਾਦ ਦੇ ਚੱਲਦਿਆਂ ਜੈਮਿਨੀ ਦੀਵਾਨ (ਭਰਾ ਕਰਨ ਦੀਵਾਨ) ਇਸ ਦਾ ਪ੍ਰਿੰਟ ਬੰਬਈ ਲੈ ਆਏ। ਇੱਥੇ ਇਹ ਫ਼ਿਲਮ ਰੂਪ ਕੇ. ਸ਼ੋਰੀ ਦੀ ਹਿਦਾਇਤਕਾਰੀ ਵਿੱਚ ‘ਚਮਨ’ (1948) ਦੇ ਨਾਮ ਨਾਲ ਮੁਕੰਮਲ ਹੋਈ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਕਰਨ ਦੀਵਾਨ ਤੇ ਮੀਨਾ ਸ਼ੋਰੀ ਜਦ ਕਿ ਰਮੇਸ਼ ਠਾਕੁਰ ਰਿਟਾਇਰ ਫ਼ੌਜੀ ਦੇ ਰੂਪ ’ਚ ਭਾਈਆ ਭਗਵਾਨ ਦਾਸ (ਓਮ ਪ੍ਰਕਾਸ਼) ਦੇ ਘਰ ਦੇ ‘ਚੌਕੀਦਾਰ’ ਦਾ ਪਾਰਟ ਅਦਾ ਕਰ ਰਿਹਾ ਸੀ। ਇਹ ਕਾਮਯਾਬ ਫ਼ਿਲਮ 6 ਅਗਸਤ 1948 ਰਤਨ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ। ਆਰ. ਐੱਲ. ਭਾਖੜੀ ਤੇ ਕੁਲਦੀਪ ਸਹਿਗਲ ਦੇ ਫ਼ਿਲਮਸਾਜ਼ ਅਦਾਰੇ ਕੁਲਦੀਪ ਪਿਕਚਰਜ਼, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਲੱਛੀ’ (1949) ਵਿੱਚ ਵੀ ਰਮੇਸ਼ ਠਾਕੁਰ ਨੇ ਮਜ਼ਾਹੀਆ ਚਰਿੱਤਰ ਕਿਰਦਾਰ ਨਿਭਾਇਆ। ਫ਼ਿਲਮ ’ਚ ‘ਲੱਛੀ’ ਦਾ ਟਾਈਟਲ ਰੋਲ ਮਨੋਰਮਾ ਤੇ ਹੀਰੋ ਦਾ ਪਾਤਰ ਵਾਸਤੀ ਅਦਾ ਕਰ ਰਿਹਾ ਸੀ। ਇਹ ਫ਼ਿਲਮ 8 ਅਪਰੈਲ 1949 ਨੂੰ ਰੀਗਲ ਥੀਏਟਰ, ਮੋਗਾ ਵਿਖੇ ਰਿਲੀਜ਼ ਹੋਈ ਤੇ ਬੜੀ ਪਸੰਦ ਕੀਤੀ ਗਈ।
ਮੁਲਕਰਾਜ ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਛਈ’ (1950) ’ਚ ਮਖੌਲੀਆ ਅਦਾਕਾਰ ਸੁੰਦਰ ਦੇ ਲਾਲਾ (ਪਿਓ) ‘ਘਸੀਟਾ ਸ਼ਾਹ’ ਦਾ ਮਜ਼ਾਹੀਆ ਚਰਿੱਤਰ ਕਿਰਦਾਰ ਨਿਭਾਇਆ। ਇਹ ਫ਼ਿਲਮ 30 ਜੂਨ 1950 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਐੱਨ. ਐੱਸ. ਕਵਾਤੜਾ ਦੇ ਫ਼ਿਲਮਸਾਜ਼ ਅਦਾਰੇ ਕਵਾਤੜਾ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਕੇ. ਡੀ. ਮਹਿਰਾ (ਕ੍ਰਿਸ਼ਨ ਦੇਵ ਮਹਿਰਾ) ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਪੋਸਤੀ’ (1951) ’ਚ ਰਮੇਸ਼ ਠਾਕੁਰ ਨੇ ਅਦਾਕਾਰਾ ਸ਼ਿਆਮਾ ਦੇ ਭਾਈਏ (ਪਿਓ) ‘ਗਿਆਨੇ ਸ਼ਾਹ ਹਕੀਮ’ ਦਾ ਸੋਹਣਾ ਮਜ਼ਾਹੀਆ ਚਰਿੱਤਰ ਕਿਰਦਾਰ ਨਿਭਾਇਆ ਤੇ ਇਸ ਦਾ ਮਸ਼ਹੂਰ ਸੰਵਾਦ ‘ਅਸੀਂ ਜੱਦੀ-ਪੁਸ਼ਤੀ ਹਕੀਮ ਹੁੰਨੇ ਆਂ-ਨਾਨਕਿਓਂ ਵੀ ਦਾਦਕਿਓਂ ਵੀ’। ਇਹ ਸੁਪਰਹਿੱਟ ਫ਼ਿਲਮ 8 ਜੂਨ 1951 ਨੂੰ ਨਿਊ ਚਿੱਤਰਾ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਨਿਗਾਰਸਤਾਨ ਫ਼ਿਲਮਜ਼ ਦੀ ਹੀ ਰਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜੁਗਨੀ’ (1953) ’ਚ ਰਮੇਸ਼ ਠਾਕੁਰ ਨੇ ਟਾਈਟਲ ਕਿਰਦਾਰ ਨਿਭਾ ਰਹੀ ਅਦਾਕਾਰਾ ਰੂਪ ਮਾਲਾ (ਜੁਗਨੀ) ਦੇ ਪਿਓ ‘ਬਿੱਲੇ ਸ਼ਾਹ’ ਦਾ ਚਰਿੱਤਰ ਕਿਰਦਾਰ ਅਦਾ ਕੀਤਾ ਤੇ ਮਸ਼ਹੂਰ ਸੰਵਾਦ ਸੀ ‘ਤੇਰਾ ਦੇਣਾ ਦੁੱਧ ’ਚ ਧੋ ਕੇ ਦਿਆਂਗਾ’। ਇਹ ਫ਼ਿਲਮ 28 ਜਨਵਰੀ 1955 ਨੂੰ ਸਿਟੀਲਾਈਟ ਥੀਏਟਰ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਮਿਸਿਜ਼ ਮਲਿਕਾ ਕਵਾਤੜਾ ਤੇ ਐੱਨ. ਐੱਸ. ਕਵਾਤੜਾ ਦੇ ਬੈਨਰ ਕਵਾਤੜਾ ਫ਼ਿਲਮਜ਼, ਬੰਬੇ ਦੀ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਕੌਡੇ ਸ਼ਾਹ’ (1953) ਜਿਸ ਦਾ ਟਾਈਟਲ ਪਾਰਟ ਮਜਨੂੰ ਅਦਾ ਕਰ ਰਿਹਾ ਸੀ। ਇਸ ਫ਼ਿਲਮ ਵਿੱਚ ਰਮੇਸ਼ ਠਾਕੁਰ ਨੇ ਅਦਾਕਾਰਾ ਮਿਸ ਮੰਜੂ ਦੇ ਭਾਈਏ (ਪਿਓ) ‘ਗੱਟੂ ਭਲਵਾਨ’ ਦਾ ਮਖੌਲੀਆ ਚਰਿੱਤਰ ਪਾਤਰ ਨਿਭਾਇਆ ਤੇ ਮਸ਼ਹੂਰ ਸੰਵਾਦ ਸੀ ‘ਗੱਟੂ ਭਲਵਾਨ ਨਿਰੇ ਬਦਾਮ ਪੀਣਾ ਨਹੀਂ ਜਾਣਦਾ ਲਹੂ ਪੀਣਾ ਵੀ ਜਾਣਦਾ ਹੈ’। ਇਹ ਫ਼ਿਲਮ 3 ਜੁਲਾਈ 1953 ਨੂੰ ਹਰੀ ਪੈਲੇਸ, ਜਲੰਧਰ ਵਿਖੇ ਰਿਲੀਜ਼ ਹੋਈ।
ਈਸ਼ਵਰ ਆਨੰਦ ਦੇ ਫ਼ਿਲਮਸਾਜ਼ ਅਦਾਰੇ ਸੈਮ ਪ੍ਰੋਡਕਸ਼ਨਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਮਜ਼ਾਹੀਆ ਫ਼ਿਲਮ ‘ਲਾਰਾ ਲੱਪਾ’ (1953) ’ਚ ਉਸ ਨੇ ਅਦਾਕਾਰਾ ਸ਼ਿਆਮਾ ਦੇ ਪਿਓ ‘ਚੌਧਰੀ ਮੇਲਾ ਰਾਮ’ ਦਾ ਚਰਿੱਤਰ ਪਾਤਰ ਅਦਾ ਕੀਤਾ ਤੇ ਮਸ਼ਹੂਰ ਸੰਵਾਦ ‘ਜਿਹੜਾ ਪਿਓ ਆਪਣੀ ਔਲਾਦ ਨੂੰ ਲਾਡ-ਲਡਾ ਸਕਦਾ ਹੈ, ਉਸ ਦਾ ਗਲਾ ਵੀ ਘੁੱਟ ਸਕਦਾ ਹੈ’। ਇਹ ਫ਼ਿਲਮ 24 ਜੁਲਾਈ 1953 ਰੀਜੈਂਟ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਹਿਦਾਇਤਕਾਰ ਮਜਨੂੰ ਦੀ ਕਵਾਤੜਾ ਬ੍ਰਦਰਜ਼, ਬੰਬੇ ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ ‘ਵਣਜਾਰਾ’ (1954) ਜਿਸ ਦੇ ਫ਼ਿਲਮਸਾਜ਼ ਸ਼ਮਿੰਦਰ ਚਾਹਲ ਸਨ। ਇਸ ਫ਼ਿਲਮ ਵਿੱਚ ਰਮੇਸ਼ ਨੇ ਅਦਾਕਾਰਾ ਮੰਜੂ ਦੇ ਪਿਓ ‘ਚੌਧਰੀ ਰੱਖਾ’ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ 22 ਫਰਵਰੀ 1955 ਨੂੰ ਕਿਰਨ ਥੀਏਟਰ, ਚੰਡੀਗੜ੍ਹ ’ਚ ਰਿਲੀਜ਼ ਹੋਈ। ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਮਜਨੂੰ ਨਿਰਦੇਸ਼ਿਤ ਫ਼ਿਲਮ ‘ਮੁਕਲਾਵਾ’ (1957) ’ਚ ਚਰਿੱਤਰ ਅਦਾਕਾਰ ਵਜੋਂ ਰਮੇਸ਼ ਠਾਕੁਰ ਦੀ ਆਖ਼ਰੀ ਪੰਜਾਬੀ ਫ਼ਿਲਮ ਸੀ।
ਪੰਜਾਬ ਵੰਡ ਤੋਂ ਪਹਿਲਾਂ ਮਜ਼ਾਹੀਆ ਚਰਿੱਤਰ ਅਦਾਕਾਰ ਵਜੋਂ ਲਾਹੌਰ ’ਚ ਬਣੀਆਂ ਰਮੇਸ਼ ਠਾਕੁਰ ਦੀਆਂ ਕਾਮਯਾਬ ਹਿੰਦੀ ਫ਼ਿਲਮਾਂ ਵਿੱਚ ਕਮਲਾ ਮੂਵੀਟੋਨ ਲਿਮਟਿਡ, ਲਾਹੌਰ ਦੀ ਹੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਸਟੰਟ ਹਿੰਦੀ ਫ਼ਿਲਮ ‘ਹਿੰਮਤ’ (1941) ’ਚ ਉਸ ਨੇ ‘ਰਮੇਸ਼’ ਦਾ ਚਰਿੱਤਰ ਪਾਰਟ ਅਦਾ ਕੀਤਾ। ਇਹ ਫ਼ਿਲਮ 27 ਜੂਨ 1941 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਮਾਹੇਸ਼ਵਰੀ ਪਿਕਚਰਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਪਗਲੀ’ (1943) ਵਿੱਚ ਉਸ ਨੇ ‘ਪੰਡਤ’ ਦਾ ਪਾਰਟ ਅਦਾ ਕੀਤਾ। ਮਾਹੇਸ਼ਵਰੀ ਬੈਨਰ ਦੀ ਹੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਰਾਗਿਨੀ’ (1945) ’ਚ ਉਸ ਨੇ ਚਰਿੱਤਰ ਪਾਰਟ ਨਿਭਾਇਆ। ਜੀ. ਆਰ. ਗਵਲਿਨੀ ਦੇ ਫ਼ਿਲਮਸਾਜ਼ ਅਦਾਰੇ ਗੰਗਾ ਪ੍ਰੋਡਕਸ਼ਨਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਆਈ ਬਹਾਰ’ (1946), ਮਾਹੇਸ਼ਵਰੀ ਪਿਕਚਰਜ਼, ਲਾਹੌਰ ਦੀ ਨਿਰੰਜਨ ਪਾਲ ਨਿਰਦੇਸ਼ਿਤ ਫ਼ਿਲਮ ‘ਕਹਾਂ ਗਏ’ (1946) ਵਿੱਚ ਸ਼ਾਨਦਾਰ ਚਰਿੱਤਰ ਕਿਰਦਾਰ ਨਿਭਾਉਣ ਤੋਂ ਬਾਅਦ ਗਿਰਧਰ ਬਹਾਰ ਪ੍ਰੋਡਕਸ਼ਨਜ਼, ਲਾਹੌਰ ਦੀ ਹਰਬੰਸ ਨਿਰਦੇਸ਼ਿਤ ਫ਼ਿਲਮ ‘ਰੇਹਾਨਾ’ ਉਰਫ਼ ‘ਦਿ ਬੈਗਰ ਗਰਲ’ (1946) ’ਚ ਰਮੇਸ਼ ਨੇ ‘ਮੁੱਖ ਵਜ਼ੀਰ’ ਦਾ ਪਾਰਟ, ਲਾਈਟ ਹਾਊਸ ਪ੍ਰੋਡਕਸ਼ਨਜ਼, ਲਾਹੌਰ ਦੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਫ਼ਿਲਮ ‘ਨੇਕ ਦਿਲ’ (1948) ’ਚ ਵੀ ਅਹਿਮ ਚਰਿੱਤਰ ਪਾਰਟ ਅਦਾ ਕੀਤਾ।
ਵੰਡ ਤੋਂ ਬਾਅਦ ਉਸ ਨੇ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਦੀਆਂ ਅਨੇਕਾਂ ਫ਼ਿਲਮਾਂ ਵਿੱਚ ਯਾਦਗਾਰੀ ਚਰਿੱਤਰ ਕਿਰਦਾਰ ਨਿਭਾਏ। ਇਨ੍ਹਾਂ ’ਚੋਂ ਚੰਦ ਯਾਦਗਾਰੀ ਫ਼ਿਲਮਾਂ ਦੇ ਨਾਮ ਕਾਬਿਲ-ਏ-ਜ਼ਿਕਰ ਹਨ- ਹਿਦਾਇਤਕਾਰ ਹਰਬੰਸ ਦੀ ‘ਬਾਲਮਾ’ (1949), ਰਾਮਚੰਦਰ ਠਾਕੁਰ ਦੀ ‘ਰੁਮਾਲ’ (1949), ਵਲੀ ਸਾਹਿਬ ਦੀ ‘ਪੁਤਲੀ’ (1950), ਡੀ. ਡੀ. ਕਸ਼ਯਪ ਦੀ ‘ਆਰਾਮ’ (1951), ਐੱਮ. ਸਾਦਿਕ ਦੀ ‘ਪੂਨਮ’ (1952/ਰਾਏ ਸਾਹਿਬ), ਜਗਦੀਸ਼ ਸੇਠੀ ਦੀ ‘ਪੈਨਸ਼ਨਰ’ (1954), ਏ. ਐੱਮ. ਖ਼ਾਨ ਦੀ ‘ਰੂਪ ਬਸੰਤ’ (1955), ਲੇਖਰਾਜ ਭਾਖੜੀ ਦੀ ‘ਟਾਂਗਾਵਾਲੀ’ (1955), ਕੇਦਾਰ ਕਪੂਰ ਦੀ ‘ਚੰਗੇਜ਼ ਖ਼ਾਨ’ (1957), ਓ. ਪੀ. ਰਲਹਨ ਦੀ ‘ਮੁਜਰਿਮ’ (1958/ਮਹਿਮਾਨ ਭੂਮਿਕਾ), ਜੇ. ਡੀ. ਫ਼ਿਲਮਜ਼, ਬੰਬੇ ਦੀ ‘ਰਾਜ ਸਿੰਹਾਸਨ’ (1958) ਆਦਿ ਤੋਂ ਇਲਾਵਾ ਪਾਲ ਸਟੂਡੀਓਜ਼, ਬੰਬੇ ਦੀ ਮੋਹਨ ਸਿਨਹਾ ਨਿਰਦੇਸ਼ਿਤ ਫ਼ਿਲਮ ‘ਸ਼ਾਨ-ਏ-ਹਿੰਦ’ (1960) ਤੋਂ ਬਾਅਦ ਉਹ ਕਿਸੇ ਫ਼ਿਲਮ ਵਿੱਚ ਵਿਖਾਈ ਨਹੀਂ ਦਿੱਤੇ।
ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਮਜ਼ਾਹੀਆ ਚਰਿੱਤਰ ਅਦਾਕਾਰ ਵਜੋਂ ਆਪਣੀ ਅਦਾਕਾਰੀ ਦੀ ਅਮਿੱਟ ਛਾਪ ਛੱਡਣ ਵਾਲੇ ਰਮੇਸ਼ ਠਾਕੁਰ ਕਦੋਂ ਫ਼ੌਤ ਹੋਏ? ਇਨ੍ਹਾਂ ਦਾ ਪਰਿਵਾਰ ਕਿੱਥੇ ਹੈ? ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ। ਪਰ ਫ਼ਿਲਮ-ਮੱਦਾਹਾਂ ਦੇ ਚੇਤਿਆਂ ਵਿੱਚ ਪੰਜਾਬੀ ਫ਼ਿਲਮਾਂ ’ਚ ਨਿਭਾਏ ਮਖੌਲੀਆ ਕਿਰਦਾਰਾਂ ਰਾਹੀਂ ਉਹ ਹਮੇਸ਼ਾਂ ਯਾਦ ਕੀਤੇ ਜਾਣਗੇ।
ਸੰਪਰਕ: 97805-09545