ਹਰਦਿਆਲ ਸਿੰਘ ਥੂਹੀ
ਸੰਗੀਤ ਦੇ ਵਿਦਵਾਨ ਇਸ ਗੱਲ ਨੂੰ ਮੰਨਦੇ ਹਨ ਕਿ ਸ਼ਾਸਤਰੀ ਸੰਗੀਤ ਦਾ ਆਧਾਰ ਲੋਕ ਸੰਗੀਤ ਹੈ। ਸੰਗੀਤ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀਆਂ ਮਿਸਾਲਾਂ ਮਿਲਦੀਆਂ ਹਨ, ਜਦੋਂ ਕਿਸੇ ਗਾਇਕ ਨੇ ਆਪਣੀ ਗਾਇਕੀ ਦਾ ਸਫ਼ਰ ਲੋਕ ਸੰਗੀਤ ਤੋਂ ਸ਼ੁਰੂ ਕਰਕੇ ਸ਼ਾਸਤਰੀ ਸੰਗੀਤ ਤਕ ਤੈਅ ਕੀਤਾ। ਅਜਿਹੇ ਵਿਰਲਿਆਂ ਵਿਚੋਂ ਹੀ ਹੋਇਆ ਢਾਡੀ ਜਲਾਲ ਖਾਂ, ਜਿਸ ਨੇ ਲੋਕ ਢਾਡੀ ਗਾਇਕੀ ਤੋਂ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਅਤੇ ਭਾਈ ਸੰਤੋਖ ਸਿੰਘ ਵਜੋਂ ਗੁਰੂ ਘਰ ਦਾ ਰਾਗੀ ਬਣ ਕੇ ਪ੍ਰਸਿੱਧੀ ਪ੍ਰਾਪਤ ਕੀਤੀ।
ਜਲਾਲ ਖਾਂ ਦਾ ਜਨਮ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਵਿਖੇ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਪਿਤਾ ਸੁੰਦਰ ਖਾਂ ਤੇ ਮਾਤਾ ਜਿਊਣੀ ਦੇ ਘਰ ਹੋਇਆ। ਇਨ੍ਹਾਂ ਦਾ ਜੱਦੀ ਪਿੰਡ ਪਿਊਰੀ ਸੀ। ਸੁੰਦਰ ਖਾਂ ਹੁਰੀਂ ਤਿੰਨ ਭਰਾ ਸਨਚੂਹਾ ਖਾਂ ਤੇ ਕੌਡੂ ਖਾਂ। ਸੁੰਦਰ ਖਾਂ ਨੂੰ ਵਾਂਦਰ ਜਟਾਣੇ ਦੀ ਪੰਚਾਇਤ ‘ਪੱਗ ਦੇ ਕੇ’ ਇੱਥੇ ਲੈ ਆਈ ਸੀ। ਬਾਕੀ ਪਰਿਵਾਰ ਪਿੰਡ ਪਿਊਰੀ ਹੀ ਸੀ। ਜਲਾਲ ਖਾਂ ਨੇ ਸਕੂਲੀ ਪੜ੍ਹਾਈ ਬੇਸ਼ੱਕ ਨਹੀਂ ਕੀਤੀ, ਪਰ ਉਹ ਆਪਣੀ ਮਿਹਨਤ ਨਾਲ ਉਰਦੂ ਪੜ੍ਹਨਾ ਸਿੱਖ ਗਿਆ ਸੀ। ਢਾਡੀ ਕਲਾ ਦੀ ਜਾਗ ਉਸ ਨੂੰ ਘਰ ਵਿਚੋਂ ਹੀ ਲੱਗੀ ਕਿਉਂਕਿ ਉਸ ਦੇ ਵਡੇਰੇ ਇਸ ਕਲਾ ਨਾਲ ਜੁੜੇ ਹੋਏ ਸਨ। ਸਾਰੰਗੀ ਦੇ ਗੁਰ ਉਸ ਨੇ ਆਪਣੇ ਚਚੇਰੇ ਵੱਡੇ ਭਰਾ ਕੂਕਾ ਖਾਂ ਤੋਂ ਸਿੱਖੇ। ਕੂਕਾ ਪਿਊਰੀ ਵਾਲਾ ਇਕ ਨਾਮੀ ਸਾਰੰਗੀ ਵਾਦਕ ਸੀ। ਵਾਂਦਰ ਜਟਾਣੇ ਦਾ ਹਰੀਜਨਾਂ ਦਾ ਇਕ ਯਤੀਮ ਮੁੰਡਾ ਚੂਹੜ ਸਿੰਘ ਸੀ, ਜਿਸ ਨੂੰ ਸੁੰਦਰ ਖਾਂ ਨੇ ਪਾਲਿਆ ਸੀ। ਉਹ ਜਲਾਲ ਖਾਂ ਦਾ ਪਾਛੂ ਢਾਡੀ ਸੀ। ਚੂਹੜ ਖਾਂ ਭਾਵੇਂ ਮੁਨਾਖਾ ਸੀ, ਪਰ ਉਸ ਦੀ ਆਵਾਜ਼ ਬਹੁਤ ਸੁਰੀਲੀ ਅਤੇ ਬੁਲੰਦ ਸੀ।
ਜਲਾਲ ਖਾਂ ਦੀ ਭੈਣ ਰਾਜੀ ਉਰਫ਼ ਰਜ਼ੀਆ ਬੇਗ਼ਮ ਤਖ਼ਤ ਮੁਲਾਣੇ ਜੰਗੂ ਖਾਂ ਨੂੰ ਵਿਆਹੀ ਗਈ ਸੀ। ਜੰਗੂ ਖਾਂ ਆਪਣੇ ਸਮੇਂ ਦਾ ਵਧੀਆ ਢਾਡੀ ਸੀ, ਜਿਸ ਨੇ ਢਾਡੀ ਗਾਇਕੀ ਦੀ ਸਿਖਲਾਈ ਆਪਣੇ ਮਾਮੇ ਪ੍ਰਸਿੱਧ ਢਾਡੀ ਵਧਾਵਾ ਖਾਂ ਢੱਡਿਆਂ ਵਾਲੇ ਤੋਂ ਲਈ ਸੀ। ਵਧਾਵਾ ਖਾਂ ਮਹਾਰਾਜਾ ਸੰਗਰੂਰ (ਜੀਂਦ ਰਿਆਸਤ) ਦਾ ਦਰਬਾਰੀ ਢਾਡੀ ਸੀ। ਜੰਗੂ ਖਾਂ ਦਾ ਮੁੰਡਾ ਤੇ ਜਲਾਲ ਖਾਂ ਦਾ ਭਾਣਜਾ ਕੀੜੇ ਖਾਂ ਬਚਪਨ ਵਿਚ ਹੀ ਢੱਡ ’ਤੇ ਠੋਲੇ ਮਾਰਨ ਲੱਗ ਪਿਆ ਸੀ। ਕੀੜੇ ਖਾਂ ਨੇ ਢਾਡੀ ਕਲਾ ਦੀ ਬਾਕਾਇਦਾ ਸਿਖਲਾਈ ਆਪਣੇ ਨਾਨਕੇ ਵਾਂਦਰ ਜਟਾਣੇ ਰਹਿ ਕੇ ਆਪਣੇ ਮਾਮੇ ਜਲਾਲ ਖਾਂ ਤੋਂ ਲਈ। ਇਸ ਤਰ੍ਹਾਂ ਚੜ੍ਹਦੀ ਉਮਰ ਵਿਚ ਹੀ ਉਹ ਜਲਾਲ ਖਾਂ ਦੀ ਅਗਵਾਈ ਅਧੀਨ ਗਾਉਣ ਲੱਗ ਪਿਆ ਤੇ ਖੁੱਲ੍ਹੀ ਡੁੱਲ੍ਹੀ ਸੁਰੀਲੀ ਆਵਾਜ਼ ਸਦਕਾ ਜਲਦੀ ਹੀ ਉਹ ਸਰੋਤਿਆਂ ਦਾ ਚਹੇਤਾ ਗਾਇਕ ਬਣ ਗਿਆ। ਜਦੋਂ ਉਹ ਉੱਚੀ ਲੰਮੀ ਹੇਕ ਲਾਉਂਦਾ ਤਾਂ ਸਰੋਤੇ ਕਹਿੰਦੇ ‘ਲੈ ਬਈ ਕੀੜਾ ਮਾਰ ਗਿਆ ਚੁੱਭੀ, ਹੁਣ ਸਿਰੇ ਜਾ ਕੇ ਨਿਕਲੂ’ ਇਸ ਤਰ੍ਹਾਂ ਉਸ ਦੀ ਲਾਈ ਮਿਰਜ਼ੇ ਦੀ ਸੁਰ ’ਤੇ ਲੋਕ ਰੁਪਈਆਂ ਦਾ ਮੀਂਹ ਵਰ੍ਹਾ ਦਿੰਦੇ ਸਨ। ਇਲਾਕੇ ਦੇ ਪ੍ਰਸਿੱਧ ਮੇਲਿਆਂ ਤਖ਼ਤੂਪੁਰੇ, ਮਾਘੀ ਮੁਕਤਸਰ, ਫ਼ਰੀਦਕੋਟ ਦੇ ਦੁਸਹਿਰੇ, ਛਪਾਰ ਆਦਿ ’ਤੇ ਲੋਕ ਇਨ੍ਹਾਂ ਨੂੰ ਉਡੀਕਦੇ। ਇਸ ਤੋਂ ਇਲਾਵਾ ਸਥਾਨਕ ਮੇਲਿਆਂ, ਪਸ਼ੂ ਮੰਡੀਆਂ ਦੇ ਮੇਲਿਆਂ, ਦੁਸਹਿਰੇ ਆਦਿ ਦੇ ਪ੍ਰੋਗਰਾਮਾਂ ’ਤੇ ਇਨ੍ਹਾਂ ਦੇ ਅਖਾੜੇ ਲੱਗਦੇ। ਕੁਝ ਹੀ ਸਮੇਂ ਵਿਚ ‘ਮਾਮੇ ਭਾਣਜੇ’ ਦੀ ਇਸ ਜੋੜੀ ਨੇ ਚੰਗਾ ਨਾਂ ਕਮਾਇਆ। ਕਈ ਸਾਲ ਇਹ ਸਿਲਸਿਲਾ ਚਲਦਾ ਰਿਹਾ।
ਮਾਮੇ ਭਾਣਜੇ ਦੀ ਇਹ ਜੋੜੀ ਆਮ ਲੋਕ ਢਾਡੀਆਂ ਵਾਂਗ ਭਾਵੇਂ ਸਾਰੀਆਂ ਹੀ ਗਾਥਾਵਾਂ ਗਾਉਂਦੀ ਸੀ, ਪਰ ਸਰੋਤੇ ਇਨ੍ਹਾਂ ਤੋਂ ਮਿਰਜ਼ਾ ਤੇ ਪੂਰਨ ਫਰਮਾਇਸ਼ ਕਰਕੇ ਸੁਣਦੇ ਸਨ। ਪੇਸ਼ ਹਨ ਇਕ ਦੋ ਵੰਨਗੀਆਂ:
* ਬਿੰਡਾ ਤਾਂ ਬੋਲਦਾ ਸਾਹਿਬਾਂ ਵਿਚ ਵਾੜ ਦੇ,
ਘੁੱਗੀ ਤਾਂ ਬੋਲਦੀ ਨੀਂ ਵਿਚ ਜੰਡ।
ਅੱਵਲ ਤਾਂ ਮਾਰਾਂ ਸਾਹਿਬਾਂ ਉਸ ਦੇ,
ਜਿਹਦੀ ਹੈਂ ਤੂੰ ਮੰਗ।
ਸਿਰ ਤੋਂ ਮੰਡਾਸਾ ਲਾਹ ਦਿਆਂ,
ਦੂਜੀ ਮਾਰਾਂ ਕੁਲ੍ਹੇ ਦੇ ਤੰਗ।
ਤੂੰ ਕਿਉਂ ਦਿਲ ਛੱਡ ਬਹਿ ਗਈ ਸਾਹਿਬਾਂ,
ਵਿਚ ਵੇਖੀਂ ਨੀਂ ਮੈਦਾਨ ਮੇਰੇ ਰੰਗ।
* ਜੰਡਾ ਵੇ ਜੰਡੋਰਿਆ,
ਤੇਰੀ ਗੂਹੜੀ ਵੇ ਛਾਉਂ ਮਹੀਨ।
ਉੱਪਰ ਸਬਜ਼ ਹਰਿਆਵਲੀ,
ਹੇਠਾਂ ਸਾਫ਼ ਜੀ ਵੇ ਜ਼ਮੀਨ।
ਪਾਲੋ ਪਾਲੀ ਵੇ ਪੱਤੇ ਡਾਹਣੀਆਂ,
ਕੋਮਲ ਫਲੀਆਂ ਵੇ ਨਰਮ ਮਹੀਨ।
ਰੋਹੀ ਵਿਚ ਨਿਸ਼ਾਨ ਤੂੰ,
ਲੱਖੀਂ ਲਹਿਣ ਵੇ ਪੰਖੀ ਮਸਕੀਨ।
ਸੱਤਵੇਂ ਦਹਾਕੇ ਦੇ ਵਿਚਕਾਰ ਜਿਹੇ ਜਲਾਲ ਖਾਂ ਦੀ ਜ਼ਿੰਦਗੀ ਵਿਚ ਇਕ ਅਜਿਹਾ ਮੋੜ ਆਇਆ, ਜਿਸ ਨੇ ਉਸ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਹ ਪਰਿਵਾਰ ਸਮੇਤ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਤੇ ਜਲਾਲ ਖਾਂ ਤੋਂ ਭਾਈ ਸੰਤੋਖ ਸਿੰਘ ਬਣ ਗਿਆ। ਉਸ ਦੇ ਚਾਰੇ ਪੁੱਤਰ ਸਾਧੂ ਸਿੰਘ, ਬਹਾਦਰ ਸਿੰਘ, ਜਗਜੀਤ ਸਿੰਘ ਤੇ ਸੁਖਦੇਵ ਸਿੰਘ ਹੋ ਗਏ। ਸੰਤੋਖ ਸਿੰਘ ਨੇ ਆਪਣੇ ਛੋਟੇ ਤਿੰਨ ਪੁੱਤਰਾਂ ਨੂੰ ਨਾਲ ਲਾ ਕੇ ਪੰਥਕ ਢਾਡੀ ਜਥਾ ਬਣਾ ਲਿਆ ਅਤੇ ਸੂਰਬੀਰ ਯੋਧਿਆਂ ਦੀਆਂ ਵਾਰਾਂ ਤੇ ਪ੍ਰਸੰਗ ਗਾਉਣੇ ਸ਼ੁਰੂ ਕਰ ਦਿੱਤੇ। ਇਸ ਸਮੇਂ ਦੌਰਾਨ ਇਹ ਪਰਿਵਾਰ ਦਿੱਲੀ ਚਲਾ ਗਿਆ ਅਤੇ ਤਿਲਕ ਨਗਰ ਰਿਹਾਇਸ਼ ਕਰ ਲਈ। ਸੰਤੋਖ ਸਿੰਘ ਖ਼ੁਦ ਸਾਰੰਗੀ ਵਜਾਉਂਦਾ ਸੀ। ਬਹਾਦਰ ਸਿੰਘ ਜਥੇ ਦੇ ਆਗੂ ਵਜੋਂ ਵਿਖਿਆਨ ਕਰਦਾ ਸੀ ਅਤੇ ਜਗਜੀਤ ਸਿੰਘ ਤੇ ਸੁਖਦੇਵ ਸਿੰਘ ਪਾਛੂ ਢਾਡੀ ਸਨ। 1970 ਤਕ ਇਸ ਜਥੇ ਨੇ ਪੰਥਕ ਢਾਡੀ ਵਜੋਂ ਚੰਗਾ ਨਾਮਣਾ ਖੱਟਿਆ। ਇੱਥੋਂ ਫੇਰ ਇਸ ਪਰਿਵਾਰ ਦੇ ਜੀਵਨ ਵਿਚ ਇਕ ਹੋਰ ਮੋੜ ਆਇਆ ਅਤੇ ਇਹ ਪਰਿਵਾਰ ਨਿਰੋਲ ਗੁਰਬਾਣੀ ਕੀਰਤਨ ਨਾਲ ਜੁੜ ਗਿਆ। ਸੰਗੀਤ ਤਾਂ ਇਨ੍ਹਾਂ ਦੇ ਅੰਦਰ ਪਹਿਲਾਂ ਸੀ ਹੀ, ਸੋ ਹੁਣ ਰਾਗਾਂ ਵਿਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਪਰਿਵਾਰਕ ਰਾਗੀ ਜਥਾ ਬਣਾ ਲਿਆ। ਭਾਈ ਸੰਤੋਖ ਸਿੰਘ ਦਿਲਰੁਬਾ ਵਜਾਉਂਦੇ ਸਨ। ਬਹਾਦਰ ਸਿੰਘ ਆਗੂ ਜਗਜੀਤ ਸਿੰਘ ਸਹਾਇਕ ਦੋਵੇਂ ਹਾਰਮੋਨੀਅਮ ਅਤੇ ਸੁਖਦੇਵ ਸਿੰਘ ਤਬਲਾ ਵਜਾਉਂਦਾ ਸੀ। ਇਕ ਦਹਾਕੇ ਦੌਰਾਨ ਭਾਈ ਸੰਤੋਖ ਸਿੰਘ ਦੇ ਪੁੱਤਰਾਂ ਨੇ ਬਤੌਰ ਰਾਗੀ ਸਿੱਖ ਜਗਤ ਵਿਚ ਆਪਣੀ ਨਿਵੇਕਲੀ ਪਛਾਣ ਬਣਾਈ। ਬਹਾਦਰ ਸਿੰਘ ਤੋਂ ਛੋਟੇ ਜਗਜੀਤ ਸਿੰਘ ਦਾ ਕੀਰਤਨ ਬਹੁਤ ਰਸਭਿੰਨਾ ਸੀ। ਉਸ ਨੇ ਰਾਗੀ ਜਗਜੀਤ ਸਿੰਘ ਕੋਮਲ ਵਜੋਂ ਆਪਣਾ ਨਾਂ ਬਣਾਇਆ।
1980 ਵਿਚ ਇਕ ਹਾਦਸੇ ਵਿਚ ਭਾਈ ਸੰਤੋਖ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੇ ਪੁੱਤਰਾਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਿਆ ਅਤੇ ਨਿਰੰਤਰ ਅੱਗੇ ਵਧਾਇਆ। 1984 ਦੇ ਦੰਗਿਆਂ ਤੋਂ ਬਾਅਦ ਸਾਰਾ ਪਰਿਵਾਰ ਮੁੜ ਪੰਜਾਬ ਆ ਕੇ ਲੁਧਿਆਣਾ ਰਹਿਣ ਲੱਗ ਪਿਆ। ਕੁਝ ਸਮੇਂ ਪਿੱਛੋਂ ਬਹਾਦਰ ਸਿੰਘ ਨਾਨਕਸਰ ਠਾਠ ਵਾਲਿਆਂ ਦੇ ਜ਼ਰੀਏ ਆਪਣੇ ਪਰਿਵਾਰ ਸਮੇਤ ਇੰਗਲੈਂਡ ਚਲਾ ਗਿਆ ਤੇ ਉੱਥੇ ਗੁਰੂ ਘਰਾਂ ਵਿਚ ਕੀਰਤਨ ਕਰਨ ਲੱਗ ਪਿਆ। ਕੁਝ ਸਮੇਂ ਬਾਅਦ ਹੀ ਉਸ ਦਾ ਅੰਦਰਲਾ ਢਾਡੀ ਜਾਗ ਪਿਆ। ਉਸ ਨੇ ਸਾਰੰਗੀ ਚੁੱਕੀ ਤੇ ਆਪਣੇ ਸ਼ਾਗਿਰਦਾਂ ਮਨਜੀਤ ਸਿੰਘ ਤੇ ਸੁਖਵਿੰਦਰ ਸਿੰਘ ਬਿੱਲਾ ਨੂੰ ਢੱਡਾਂ ’ਤੇ ਲਾ ਕੇ ਵਾਰਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਢਾਡੀ ਬਹਾਦਰ ਸਿੰਘ ‘ਰਾਕਟ’ ਬਣ ਕੇ। 1998 ਤਕ ਬਤੌਰ ਢਾਡੀ ਗਾਇਆ। ਮੁੜ ਫੇਰ ਰਾਗੀ ਵਜੋਂ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਦੋਵੇਂ ਪੁੱਤਰ ਅਜੀਤ ਸਿੰਘ ਹਾਰਮੋਨੀਅਮ ਤੇ ਹਰਪ੍ਰੀਤ ਸਿੰਘ ਤਬਲੇ ’ਤੇ ਸਾਥ ਦਿੰਦੇ ਸਨ। ਭਾਈ ਜਗਜੀਤ ਸਿੰਘ ਕੋਮਲ ਜੋ ਬਹੁਤ ਸੁਰੀਲਾ ਕੀਰਤਨ ਕਰਦੇ ਹਨ, ਕੁਝ ਸਮਾਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਰਹੇ। ਅੱਜ ਕੱਲ੍ਹ ਉਹ ਅਮਰੀਕਾ ਦੇ ਮਿਸ਼ੀਗਨ ਵਿਚ ਗ੍ਰੀਨ ਕਾਰਡ ਹੋਲਡਰ ਹਨ ਤੇ ਉੱਥੇ ਕੀਰਤਨ ਦੀ ਡਿਊਟੀ ਨਿਭਾ ਰਹੇ ਹਨ। ਭਾਈ ਸੁਖਦੇਵ ਸਿੰਘ ਮਾਣਕਵਾਲ ਲੁਧਿਆਣਾ ਰਹਿ ਰਹੇ ਹਨ।
ਜਲਾਲ ਖਾਂ ਦੇ ਭਾਣਜੇ ਕੀੜੇ ਖਾਂ ਨੇ ਵੀ ਸਮੇਂ ਦਾ ਰੁਖ਼ ਦੇਖ ਕੇ ਆਪਣਾ ਰਸਤਾ ਬਦਲ ਲਿਆ। ਉਸ ਨੇ ਢਾਡੀ ਗਾਇਕੀ ਛੱਡ ਕੇ ਬੈਂਜੋ ਨਾਲ ਸਟੇਜਾਂ ’ਤੇ ਗਾਉਣਾ ਸ਼ੁਰੂ ਕਰ ਦਿੱਤਾ। ਬਾਬੂ ਸਿੰਘ ਮਾਨ ਮਰਾੜਾਂ ਵਾਲੇ ਨਾਲ ਬਚਪਨ ਦੀ ਦੋਸਤੀ ਸੀ। ਉਨ੍ਹਾਂ ਦੇ ਲਿਖੇ ਗੀਤ ਸਟੇਜਾਂ ’ਤੇ ਗਾਏ। ਲੋਕਾਂ ਦੀ ਮੰਗ ਅਨੁਸਾਰ ਦੂਸਰੇ ਕਲਾਕਾਰਾਂ ਨਾਲ ਸਾਂਝੇ ਪ੍ਰੋਗਰਾਮ ਹੋਣ ਲੱਗੇ। ਸਟੇਜੀ ਅਖਾੜਿਆਂ ਦੇ ਪ੍ਰੋਗਰਾਮਾਂ ਦੇ ਨਾਲ ਨਾਲ 1974 ਵਿਚ ਮੁਹੰਮਦ ਸਦੀਕ, ਕਰਮਜੀਤ ਧੂਰੀ ਅਤੇ ਕੁਲਦੀਪ ਮਾਣਕ ਨਾਲ ਸਾਂਝਾ ਇਕ ਸੁਪਰ ਸਵੈਨ ਤਵਾ ਵੀ ਰਿਲੀਜ਼ ਹੋਇਆ। ਇਸ ਤਵੇ ਵਿਚ ਕੀੜੇ ਖਾਂ ਦੇ ਦੋ ਗੀਤ ਸ਼ਾਮਲ ਸਨ, ਪਹਿਲਾ ‘ਗੱਡੀ ਵਾਲਿਆ ਵੇ ਅੜਬ ਤਖਾਣਾ, ਕੁੜੀਆਂ ਨੂੰ ਮਿਲ ਲੈਣ ਦੇ’ ਅਤੇ ਦੂਜਾ ‘ਸਰਪੈਂਚੀ’ ਸੀ। ਦੋਵੇਂ ਗੀਤ ਬਾਬੂ ਸਿੰਘ ਮਾਨ ਦੇ ਲਿਖੇ ਹੋਏ ਸਨ। ਕੁਝ ਸਮੇਂ ਬਾਅਦ ਕੀੜੇ ਖਾਂ ਨੇ ਇਸ ਗਾਇਕੀ ਵੱਲੋਂ ਪਾਸਾ ਵੱਟ ਲਿਆ ਅਤੇ ਪੂਰੀ ਤਰ੍ਹਾਂ ਧਾਰਮਿਕ ਗਾਇਕੀ ਨੂੰ ਸਮਰਪਿਤ ਹੋ ਗਿਆ। ਜੀਵਨ ਦਾ ਆਖਰੀ ਦਹਾਕਾ ਉਸ ਨੇ ਇਸੇ ਗਾਇਕੀ ਦੇ ਲੇਖੇ ਲਾ ਦਿੱਤਾ। 1986 ਵਿਚ ਕੀੜੇ ਖਾਂ ਇਸ ਫਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸ ਦੇ ਚਾਰ ਬੱਚਿਆਂ, ਦੋ ਧੀਆਂ ਤੇ ਦੋ ਪੁੱਤਰਾਂ ਵਿਚੋਂ ਪੁੱਤਰ ਦਿਲਸ਼ਾਦ ਅਖ਼ਤਰ ਅਤੇ ਧੀ ਮਨਪ੍ਰੀਤ ਅਖ਼ਤਰ ਸੰਗੀਤ ਦੇ ਖੇਤਰ ਵਿਚ ਕਿਸੇ ਰਸਮੀ ਜਾਣ ਪਛਾਣ ਦੇ ਮੁਥਾਜ ਨਹੀਂ। ਸੰਗੀਤ ਜਗਤ ਨੂੰ ਇਨ੍ਹਾਂ ਦੋਵੇਂ ਭੈਣ ਭਰਾਵਾਂ ਤੋਂ ਵੱਡੀਆਂ ਆਸਾਂ ਸਨ, ਪਰ ਬੇਵਕਤੀ ਮੌਤ ਨੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ। ਵੱਡਾ ਪੁੱਤਰ ਗੁਰਾਂ ਦਿੱਤਾ ਖਾਨ ਐੱਫ.ਸੀ.ਆਈ. ਵਿਚੋਂ ਬਤੌਰ ਮੈਨੇਜਰ ਸੇਵਾ ਮੁਕਤ ਹੈ। ਪਿਛਲੇ ਦਿਨੀਂ ਮੈਂ ਉਸ ਨਾਲ ਬਹੁਤ ਸਾਰੀਆਂ ਪਰਿਵਾਰਕ ਯਾਦਾਂ ਸਾਂਝੀਆਂ ਕੀਤੀਆਂ, ਜੋ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।
ਸੰਪਰਕ: 84271-00341