ਹਰਕੀਰਤ ਕੌਰ
ਮਾਂ ਦੇ ਗਰਭ ਵਿੱਚੋਂ ਪੈਦਾ ਹੋਇਆ ਮਨੁੱਖ ਪਹਿਲਾਂ ਬੇਸਮਝ ਹੁੰਦਾ ਹੈ। ਜਿਵੇਂ ਜਿਵੇਂ ਮਨੁੱਖ ਦਾ ਸਰੀਰਕ ਵਿਕਾਸ ਹੁੰਦਾ ਹੈ ਤਿਵੇਂ ਤਿਵੇਂ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ। ਕਿਸੇ ਵੀ ਮਨੁੱਖ ਦੀ ਸ਼ਖ਼ਸੀਅਤ ਉੱਪਰ ਉਸ ਦੇ ਪਾਲਣ ਪੋਸ਼ਣ, ਉਸ ਦੇ ਆਲੇ ਦੁਆਲੇ ਦਾ ਬਹੁਤ ਪ੍ਰਭਾਵ ਹੁੰਦਾ ਹੈ। ਚੰਗੀਆਂ ਮਾੜੀਆਂ ਹਰ ਤਰ੍ਹਾਂ ਦੀਆਂ ਆਦਤਾਂ ਮਨੁੱਖ ਆਪਣੇ ਆਲੇ ਦੁਆਲੇ ਜਾਂ ਜਿਨ੍ਹਾਂ ਮਨੁੱਖਾਂ ਵਿੱਚ ਉਸ ਦਾ ਵਿਕਾਸ ਹੁੰਦਾ ਹੈ, ਉੱਥੋਂ ਗ੍ਰਹਿਣ ਕਰਦਾ ਹੈ। ਜਦੋਂ ਬੱਚੇ ਦੀ ਬੁੱਧੀ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੁੰਦਾ, ਉਦੋਂ ਤੱਕ ਉਸ ਵਿੱਚ ਆਈ ਹਰ ਤਬਦੀਲੀ ਦਾ ਕਾਰਨ ਉਸ ਦੇ ਮਾਪਿਆਂ ਜਾਂ ਆਸ ਪਾਸ ਦੇ ਲੋਕਾਂ ਨੂੰ ਮੰਨਿਆ ਜਾ ਸਕਦਾ ਹੈ। ਪਰ ਜਦੋਂ ਇੱਕ ਮਨੁੱਖ ਦੀ ਪੂਰਨ ਸੋਝੀ ਦਾ ਵਿਕਾਸ ਹੋ ਜਾਂਦਾ ਹੈ, ਉਹ ਆਪਣੀਆਂ ਹਰ ਤਰ੍ਹਾਂ ਦੀਆਂ ਕਿਰਿਆਵਾਂ ਆਪ ਕਰਨ ਦੇ ਯੋਗ ਹੋ ਜਾਂਦਾ ਹੈ। ਜਦੋਂ ਉਸ ਨੂੰ ਚੰਗੇ ਮਾੜੇ ਦੀ ਸੋਝੀ ਆ ਜਾਂਦੀ ਹੈ ਤਾਂ ਫਿਰ ਉਸ ਦੁਆਰਾ ਕੀਤੇ ਹਰ ਕਾਰਜ ਦੀ ਜ਼ਿੰਮੇਵਾਰੀ ਉਸ ਦੀ ਆਪਣੀ ਹੁੰਦੀ ਹੈ।
ਹਰ ਇੱਕ ਮਨੁੱਖ ਦੇ ਜੀਵਨ ਦਾ ਪਹਿਲਾ ਮੰਤਵ ਇੱਕ ਚੰਗਾ ਮਨੁੱਖ ਬਣਨਾ ਹੋਣਾ ਚਾਹੀਦਾ ਹੈ। ਇਸ ਵਿੱਚ ਕੋਈ ਦੋਰਾਇ ਨਹੀਂ ਕਿ ਕੋਈ ਵੀ ਮਨੁੱਖ ਸਰਵਗੁਣ ਸਪੰਨ ਨਹੀਂ ਹੁੰਦਾ, ਹਰ ਇੱਕ ਵਿੱਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਹਨ, ਪਰ ਜੇਕਰ ਮਨੁੱਖ ਆਪਣੀਆਂ ਕਮੀਆਂ ਲੱਭ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਵੇ ਤਾਂ ਉਹ ਆਪਣੀ ਇੱਕ ਚੰਗੀ ਸ਼ਖ਼ਸੀਅਤ ਦਾ ਨਿਰਮਾਣ ਕਰ ਸਕਦਾ ਹੈ।
ਇਹ ਮਨੁੱਖੀ ਸੁਭਾਅ ਦੀ ਫਿਤਰਤ ਹੈ ਕਿ ਇਹ ਹਮੇਸ਼ਾਂ ਦੂਸਰਿਆਂ ਦੀਆਂ ਕਮੀਆਂ ਲੱਭਣ ਲਈ ਤਤਪਰ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਮਨੁੱਖ ਪਸੰਦ ਨਹੀਂ ਕਰਦਾ, ਉਨ੍ਹਾਂ ਦੇ ਗੁਣ ਕਦੇ ਵੀ ਉਸ ਦੀਆਂ ਨਜ਼ਰਾਂ ਵਿੱਚ ਨਹੀਂ ਚੜ੍ਹਦੇ। ਜਦੋਂ ਕਿ ਮਨੁੱਖ ਨੂੰ ਦੂਸਰਿਆਂ ਦੀਆਂ ਕਮੀਆਂ ਲੱਭਣ ਦੀ ਬਜਾਇ ਆਪਣੀ ਸ਼ਖ਼ਸੀਅਤ ਨੂੰ ਵਿਚਾਰਨਾ ਚਾਹੀਦਾ ਹੈ। ਆਪਣੀਆਂ ਕਮੀਆਂ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਮੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਪਰ ਜਦੋਂ ਤੱਕ ਅਸੀਂ ਆਪਣੀਆਂ ਕਮੀਆਂ ਤੋਂ ਖੁਦ ਜਾਣੂ ਨਹੀਂ ਹੋਵਾਂਗੇ, ਓਨੀ ਦੇਰ ਤੱਕ ਅਸੀਂ ਉਨ੍ਹਾਂ ਕਮੀਆਂ ਨੂੰ ਗੁਣਾਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਕਰ ਸਕਦੇ।
ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਮਨੁੱਖ ਨੂੰ ਆਪਾ ਖੋਜਣਾ ਚਾਹੀਦਾ ਹੈ ਕਿਉਂਕਿ ਆਪਣੇ ਆਪ ਦੀ ਖੋਜ ਕਰਨ ਨਾਲ ਪਰੇਸ਼ਾਨੀਆਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਰੋਜ਼ਮਰ੍ਹਾ ਦੇ ਜੀਵਨ ਵਿੱਚੋਂ ਕੋਈ ਉਦਹਾਰਨ ਲੈਣੀ ਹੋਵੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ’ਤੇ ਗੁੱਸਾ ਹੋਣ ਵਾਲਾ ਵਿਅਕਤੀ ਖੁਦ ਜਾਣਦਾ ਹੈ ਕਿ ਕ੍ਰੋਧ ਵਿੱਚ ਆਉਣਾ ਉਸ ਦੀ ਇੱਕ ਵੱਡੀ ਕਮੀ ਹੈ, ਪਰ ਉਹ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ। ਉਸ ਦਾ ਆਪਣੇ ਆਪ ਉੱਪਰ ਕਿਸੇ ਵੀ ਤਰ੍ਹਾਂ ਦਾ ਨਿਯੰਤਰਣ ਨਾ ਹੋਣ ਕਾਰਨ ਉਹ ਹਮੇਸ਼ਾਂ ਆਪਣੇ ਆਪ ਨੂੰ ਅਤੇ ਸਾਹਮਣੇ ਵਾਲਿਆਂ ਨੂੰ ਪਰੇਸ਼ਾਨ ਕਰ ਦਿੰਦਾ ਹੈ। ਜਦੋਂ ਕਿ ਜੇਕਰ ਇਸ ਤਰ੍ਹਾਂ ਦੇ ਮਨੁੱਖ ਆਪਣੀ ਕਮੀ ਨੂੰ ਸਵੀਕਾਰ ਕਰਕੇ, ਉਸ ਨੂੰ ਸਹੀ ਕਰਨ ਲਈ, ਕੰਮ ਕਰਨ ਲਈ ਤਿਆਰ ਹੋ ਜਾਣ ਤਾਂ ਉਨ੍ਹਾਂ ਦੀ ਇਸ ਕਮੀ ਨੂੰ ਸਬਰ ਤੇ ਸਹਿਜਤਾ ਵਰਗੇ ਗੁਣਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਕ੍ਰੋਧ ਤੇ ਸਹਿਜਤਾ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ।
ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਕਮੀਆਂ ਸਾਡੇ ਵਿੱਚ ਹੁੰਦੀਆਂ ਹਨ, ਜਿਨ੍ਹਾਂ ਨੂੰ ਥੋੜ੍ਹੀ ਜਿਹੀ ਸਿਆਣਪ ਵਰਤ ਕੇ ਦੂਰ ਕੀਤਾ ਜਾ ਸਕਦਾ ਹੈ। ਜ਼ਿੰਦਗੀ ਸਿੱਖਣ ਦੀ ਪ੍ਰਕਿਰਿਆ ਹੈ। ਰੋਜ਼ ਦਿਹਾੜੀ ਦੇ ਕੰਮਾਂ ਕਾਰਾਂ ਵਿੱਚੋਂ ਵਿਚਰਦੇ ਸਾਨੂੰ ਪਤਾ ਨਹੀਂ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ। ਹਰ ਰੋਜ਼ ਸਾਡੇ ਜੀਵਨ ਦੇ ਤਜਰਬੇ ਵਿੱਚ ਨਵੀਂ ਕਹਾਣੀਆਂ, ਨਵੇਂ ਅਨੁਭਵ ਜੁੜਦੇ ਰਹਿੰਦੇ ਹਨ ਅਤੇ ਜੁੜਦੇ ਰਹਿਣਗੇ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਸ ਸਫ਼ਰ ਦੇ ਚੱਲਦਿਆਂ ਅਸੀਂ ਦੂਸਰਿਆਂ ਦੀ ਬਜਾਇ ਆਪਣੀਆਂ ਕਮੀਆਂ ਲੱਭੀਏ ਅਤੇ ਆਪਣੀ ਸ਼ਖ਼ਸੀਅਤ ਨੂੰ ਹੋਰ ਨਿਖਾਰੀਏ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਉਨ੍ਹਾਂ ਕਮੀਆਂ ਨੂੰ ਲੱਭ ਕੇ ਦੂਰ ਕਿਵੇਂ ਕਰ ਸਕਦੇ ਹਾਂ? ਇਸ ਦੀ ਇੱਕ ਪ੍ਰਕਿਰਿਆ ਇਹ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਪ ਦਾ ਅਧਿਐਨ ਕਰੋ। ਆਪਣੀ ਹਰ ਚੰਗੀ ਮਾੜੀ ਆਦਤ ਦੀ ਸੂਚੀ ਬਣਾਓ। ਜੋ ਚੰਗੀਆਂ ਆਦਤਾਂ ਹਨ, ਉਨ੍ਹਾਂ ਲਈ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ ਅਤੇ ਜੋ ਬੁਰੀਆਂ ਆਦਤਾਂ ਹਨ, ਉਨ੍ਹਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ? ਉਸ ਦੇ ਢੰਗ ਤਰੀਕੇ ਲੱਭੋ ਅਤੇ ਉਸ ਦੀ ਇੱਕ ਸੂਚੀ ਤਿਆਰ ਕਰੋ। ਆਪਣੇ ਆਪ ’ਤੇ ਨਿਯੰਤਰਣ ਕਰਨਾ ਸਿੱਖੋ। ਉਨ੍ਹਾਂ ਬੁਰੀਆਂ ਆਦਤਾਂ ਦੀ ਜਗ੍ਹਾ ’ਤੇ ਨਵੀਆਂ ਕਲਾਵਾਂ ਸਿੱਖਣ ਵੱਲ ਆਪਣਾ ਧਿਆਨ ਲਾਓ। ਵੱਧ ਤੋਂ ਵੱਧ ਸਮਾਂ ਆਪਣੇ ਆਪ ਨਾਲ ਬਿਤਾਓ। ਆਪਣੀ ਸੰਗਤ ਨੂੰ ਮਾਣੋ। ਤਿਆਰ ਕੀਤੀ ਸੂਚੀ ਵਿੱਚ ਆਪਣੇ ਆਪ ਵਿੱਚ ਆ ਰਹੀਆਂ ਤਬਦੀਲੀਆਂ ਵੀ ਜ਼ਰੂਰ ਲਿਖੋ। ਹਮੇਸ਼ਾਂ ਸਕਾਰਾਤਮਕ ਨਜ਼ਰੀਆ ਰੱਖੋ। ਸਵੈ ਵਿਸ਼ਵਾਸ ਰੱਖ ਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਯਤਨਸ਼ੀਲ ਹੋਵੋ।
ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਆਪ ਦਾ ਅਧਿਐਨ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡੀਆਂ ਕਮੀਆਂ ਗੁਣਾਂ ਦਾ ਰੂਪ ਧਾਰਨ ਕਰ ਲੈਣਗੀਆਂ। ਇਸ ਨਾਲ ਇੱਕ ਬਹੁਤ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਨਿਰਮਾਣ ਹੋ ਸਕਦਾ ਹੈ, ਜਿਸ ਨੂੰ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਜ਼ਰ ਨਹੀਂ ਆਉਂਦੀ। ਅਜਿਹੀ ਸ਼ਖ਼ਸੀਅਤ ਜੋ ਹੋਰਾਂ ਵਿੱਚ ਕਮੀਆਂ ਲੱਭਣ ਦੀ ਬਜਾਇ ਉਹੀ ਸਮਾਂ ਆਪਣੇ ਆਪ ਨੂੰ ਸੰਵਾਰਨ ਵਿੱਚ ਲਗਾਉਂਦੀ ਹੋਵੇ। ਜੋ ਹੋਰਨਾਂ ਨੂੰ ਬਦਲਣ ਦੀ ਜਗ੍ਹਾ ਪਹਿਲਾਂ ਸਵੈ ਪੜਚੋਲ ਕਰਦੀ ਹੋਵੇ। ਇਸ ਤਰ੍ਹਾਂ ਨਾਲ ਇੱਕ ਅਜਿਹੀ ਸ਼ਖ਼ਸੀਅਤ ਸਿਰਜੀ ਜਾ ਸਕਦੀ ਹੈ, ਜੋ ਹਰ ਜਗ੍ਹਾ ਚੜ੍ਹਦੀਕਲਾ ਦਾ ਪੈਗ਼ਾਮ ਦਿੰਦੀ ਹੋਵੇਗੀ।
ਸੰਪਰਕ: 97791-18066