ਮੁੰਬਈ, 30 ਅਗਸਤ
ਫਿਲਮ ਅਦਾਕਾਰਾ ਦਿਵਿਆ ਦੱਤਾ ਦਾ ਕਹਿਣਾ ਹੈ ਕਿ ਫਿਲਮ ਦੇ ਸੈੱਟ ’ਤੇ ਅਕੇਵਾਂ ਤੇ ਲੋੜ ਨਾਲੋਂ ਵੱਧ ਭਰੋਸਾ ਹੋਣ ਦੇ ਡਰੋਂ ਉਹ ਹਮੇਸ਼ਾ ਚੰਗੀਆਂ ਭੂਮਿਕਾਵਾਂ ਦੀ ਭਾਲ ’ਚ ਰਹਿੰਦੀ ਹੈ। ‘ਵੀਰ ਜ਼ਾਰਾ’, ‘ਦਿੱਲੀ 6’ ਅਤੇ ‘ਭਾਗ ਮਿਲਖਾ ਭਾਗ’ ਜਿਹੀਆਂ ਫਿਲਮਾਂ ’ਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਦਿਵਿਆ ਨੇ ਕਿਹਾ ਕਿ ਜੇਕਰ ਉਸ ਨੂੰ ਕੋਈ ਪਹਿਲਾਂ ਨਿਭਾਏ ਕਿਰਦਾਰ ਜਿਹੀ ਭੂਮਿਕਾ ਨਿਭਾਉਣ ਨੂੰ ਮਿਲਦੀ ਹੈ ਤਾਂ ਵੀ ਉਹ ਕੋਸ਼ਿਸ਼ ਕਰਦੀ ਹੈ ਕਿ ਉਹ ਇਸ ਨੂੰ ਨਵੇਂ ਸਿਰਿਓਂ ਪੇਸ਼ ਕਰ ਸਕੇ। ਦਿਵਿਆ ਨੇ ਕਿਹਾ, ‘ਮੈਂ ਅਜਿਹੀ ਕੋਈ ਵੀ ਭੂਮਿਕਾ ਨਹੀਂ ਨਿਭਾਉਂਦੀ ਜਿਸ ਨੂੰ ਲੈ ਕੇ ਮੈਨੂੰ ਲੋੜ ਤੋਂ ਵੱਧ ਭਰੋਸਾ ਹੋਵੇ। ਇਸ ਤੋਂ ਮੈਨੂੰ ਡਰ ਲੱਗਦਾ ਹੈ। ਇੱਕੋ ਜਿਹੇ ਕਿਰਦਾਰ ਨੂੰ ਦੁਬਾਰਾ ਵੱਖਰੇ ਢੰਗ ਨਾਲ ਪੇਸ਼ ਕਰਨ ’ਚ ਮੁਸ਼ਕਿਲ ਤਾਂ ਹੁੰਦੀ ਹੈ ਪਰ ਫਿਰ ਵੀ ਮੈਂ ਇਸ ਨੂੰ ਨਵੇਂ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੀ ਹਾਂ।’ ਦਿਵਿਆ ਦੱਤਾ ਹੁਣ ਨਿਤਿਨ ਕੱਕੜ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਰਾਮ ਸਿੰਘ ਚਾਰਲੀ’ ’ਚ ਦਿਖਾਈ ਦੇਵੇਗੀ। ਇਹ ਫਿਲਮ ਅਜਿਹੇ ਵਿਅਕਤੀ (ਕੁਮੁਦ ਮਿਸ਼ਰਾ) ਦੀ ਕਹਾਣੀ ਹੈ ਜੋ ਸਰਕਸ ਬੰਦ ਹੋਣ ਮਗਰੋਂ ਰਿਕਸ਼ਾ ਚਾਲਕ ਬਣ ਜਾਂਦਾ ਹੈ। -ਪੀਟੀਆਈ