ਮਨਦੀਪ ਸਿੰਘ ਸਿੱਧੂ
ਪੰਜਾਬੀ ਫ਼ਿਲਮਾਂ ਦੀ ਚਰਿੱਤਰ ਅਦਾਕਾਰਾ ਵਜੋਂ ਭਰਪੂਰ ਨਾਮਣਾ ਖੱਟਣ ਵਾਲੀ ਪੰਮੀ ਸਿੱਧੂ ਉਰਫ਼ ਪੰਮੀ ਸੰਧੂ ਉਰਫ਼ ਪਰਮਿੰਦਰ ਕੌਰ ਸਿੱਧੂ ਦੀ ਪੈਦਾਇਸ਼ 17 ਅਪਰੈਲ 1959 ਨੂੰ ਡੇਰਾਬੱਸੀ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਈ। ਇਨ੍ਹਾਂ ਦੇ ਪਿਤਾ ਡਾ. ਬਚਨ ਸਿੰਘ ਆਰ. ਐੱਮ. ਪੀ. ਡਾਕਟਰ ਅਤੇ ਮਾਤਾ ਗੁਰਮੀਤ ਕੌਰ ਨਰਸਿੰਗ ਖਿੱਤੇ ਨਾਲ ਜੁੜੇ ਹੋਏ ਸਨ। ਮੂਲ ਰੂਪ ਵਿੱਚ ਇਨ੍ਹਾਂ ਦਾ ਪਰਿਵਾਰ ਪਿੰਡ ਮਹਿਲ ਕਲਾਂ, ਜ਼ਿਲ੍ਹਾ ਸੰਗਰੂਰ ਨਾਲ ਵਾਬਸਤਾ ਸੀ। ਘਰਦਿਆਂ ਦੀ ਲਾਡਲੀ ਗੁੱਡੀ (ਪੰਮੀ) ਨੇ ਸੱਤਵੀਂ ਪਿੰਡ ਮਹਿਲ ਕਲਾਂ, ਅੱਠਵੀਂ ਸਿੱਖ ਗਰਲਜ਼ ਹਾਇਰ ਸੈਕੰਡਰੀ ਸਕੂਲ, ਸਿੱਧਵਾਂ ਖੁਰਦ ਅਤੇ ਫਿਰ ਪਰੈੱਪ (ਗਿਆਰਵੀਂ) ਵੀ ਉੱਥੋਂ ਹੀ ਕੀਤੀ। ਖ਼ਾਲਸਾ ਕਾਲਜ ਫਾਰ ਵਿਮੈੱਨ, ਲੁਧਿਆਣਾ ਵਿਖੇ ਦਾਖਲਾ ਲਿਆ ਅਤੇ ਉੱਥੋਂ ਬੀ. ਏ. ਪਾਸ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਬੈਸਟ ਐੱਨ. ਸੀ. ਸੀ. ਕੈਡਿਟ, ਬੈਸਟ ਰਾਈਫਲ ਸ਼ੁੂਟਰ, ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ, ਸਟੂਡੈਂਟ ਕੌਂਸਲ ਦੀ ਸਕੱਤਰ ਯਾਨੀ ਕਿ ਹਰ ਗਤੀਵਿਧੀ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਸ ਨੇ ਐੱਮ. ਏ. ਅੰਗਰੇਜ਼ੀ ਤੇ ਇਤਿਹਾਸ ਕੀਤੀ ਅਤੇ ਬਾਅਦ ਵਿੱਚ ਐੱਮ. ਫਿੱਲ ਕੀਤੀ।
ਫ਼ਿਲਮਾਂ ’ਚ ਆਉਣ ਦਾ ਸਬੱਬ ਇੰਜ ਬਣਿਆ ਕਿ ਇੱਕ ਦਿਨ ਸਰੋਜਨੀ ਹਾਲ ਹੋਸਟਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਪੰਮੀ ਸਿੱਧੂ ਦੀ ਮੁਲਾਕਾਤ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਾਮੇਡੀਅਨ ਡਾ. ਸੁਰਿੰਦਰ ਸ਼ਰਮਾ ਨਾਲ ਹੋਈ ਜੋ ਹੋਸਟਲ ਫੰਕਸ਼ਨ ਵਿੱਚ ਕੁੜੀਆਂ ਨੂੰ ਗਿੱਧਾ ਸਿਖਾਉਣ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕੁੜੀਆਂ ਨੂੰ ਭੰਗੜਾ, ਗਿੱਧਾ ਬੈਲੇ ਨ੍ਰਿਤ ਕਰਵਾਇਆ ਜਿੱਥੇ ਉਹ ਪੰਮੀ ਦੀ ਨਾਚ ਕਲਾ ਤੋਂ ਬੜਾ ਮੁਤਾਸਿਰ ਹੋਏ। 1982-83 ਵਿੱਚ ਸਰੋਜਨੀ ਹਾਲ ਹੋਸਟਲ ਵਿੱਚ ਸਟੇਜ ਡਰਾਮਾ ‘ਪਾਰੋ’ ਦੀ ਰਿਹਰਸਲ ਚੱਲ ਰਹੀ ਸੀ ਜੋ ਡਾ. ਸੁਰਿੰਦਰ ਸ਼ਰਮਾ ਨੇ ਕਰਵਾਉਣੀ ਸੀ। ਪਰ ਉਸ ਦਿਨ ਉਹ ਇਕੱਲੇ ਨਹੀਂ ਆਏ ਉਨ੍ਹਾਂ ਨਾਲ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਤੇ ਹਿਦਾਇਤਕਾਰ ਵਰਿੰਦਰ ਵੀ ਸਨ। ਜਦੋਂ ਉਹ ਰਿਹਰਸਲ ਕਰਵਾ ਰਹੇ ਸਨ ਤਾਂ ਉਹ ਪੰਮੀ ਦੇ ‘ਪਾਰੋ’ ਕਿਰਦਾਰ ਤੋਂ ਬੜੇ ਪ੍ਰਭਾਵਿਤ ਹੋਏ। ਰਿਹਰਸਲ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਸੁਰਿੰਦਰ ਸ਼ਰਮਾ ਨੂੰ ਮੁਖ਼ਾਤਬਿ ਹੁੰਦਿਆ ਆਖਿਆ, ‘ਯਾਰ ਆਹ ਕੁੜੀ ਤਾਂ ਮੇਰੀ ਅਗਲੀ ਫ਼ਿਲਮ ਵਿੱਚ ਕੰਮ ਕਰੂਗੀ’।
25 ਮਈ 1986 ਨੂੰ ਪੰਮੀ ਸਿੱਧੂ ਦਾ ਵਿਆਹ ਥਾਬਲਕੇ (ਜ਼ਿਲ੍ਹਾ ਜਲੰਧਰ) ਦੇ ਗੱਭਰੂ ਪ੍ਰੀਤਇੰਦਰ ਸਿੰਘ ਸੰਧੂ ਨਾਲ ਹੋ ਗਿਆ ਜੋ ਬਿਜਲੀ ਬੋਰਡ ਵਿੱਚ ਇੰਜੀਨੀਅਰ ਸਨ। ਜਦੋਂ ਵਰਿੰਦਰ ਨੇ 1985 ’ਚ ਆਪਣੀ ਪੰਜਾਬੀ ਫ਼ਿਲਮ ‘ਯਾਰੀ ਜੱਟ ਦੀ’ ਸ਼ੁਰੂ ਕੀਤੀ ਤਾਂ ਆਪਣੇ ਵਾਅਦੇ ਮੁਤਾਬਿਕ ਪੰਮੀ ਨੂੰ ਅਦਾਕਾਰੀ ਦਾ ਮੌਕਾ ਦਿੱਤਾ। ਸ਼ੋਰ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਵਰਿੰਦਰ ਦੀ ਅਦਾਕਾਰੀ ਤੇ ਹਿਦਾਇਤਕਾਰੀ ਵਿੱਚ ਨੁਮਾਇਸ਼ ਹੋਈ ‘ਯਾਰੀ ਜੱਟ ਦੀ’ (1987) ਵਿੱਚ ਪੰਮੀ ਸਿੱਧੂ ਨੇ ਪੰਮੀ ਸੰਧੂ ਦੇ ਨਾਮ ਨਾਲ ਫ਼ਿਲਮ ਦੀ ਮੁੱਖ ਹੀਰੋਇਨ ਪ੍ਰੀਤੀ ਸਪਰੂ (ਬਿੱਲੂ) ਦੀ ਮਤਰੇਈ ਤੇ ਜ਼ਾਲਮ ਮਾਂ ਦਾ ਕਿਰਦਾਰ ਬੜੀ ਉਮਦਗੀ ਨਾਲ ਨਿਭਾਇਆ। ਮੁਕਾਲਮੇ ਸੁਖਜਿੰਦਰ ਸ਼ੇਰਾ, ਗੀਤ ਕੁਲਵੰਤ ਜਾਨੀ, ਹਾਕਮ ਸੂਫ਼ੀ, ਚਿਰਾਗ਼ ਪਹਿਚਾਨ ਗਰੁੱਪ, ਹੀਰਾ ਗਰੁੱਪ ਯੂ. ਕੇ. ਅਤੇ ਸੰਗੀਤ ਕਮਲ ਕਾਂਤ ਨੇ ਮੁਰੱਤਬਿ ਕੀਤਾ ਸੀ। ਫ਼ਿਲਮਸਾਜ਼ ਸੁਰਿੰਦਰ, ਓਂਕਾਰ ਤੇ ਰਵੀ ਅਤੇ ਕਹਾਣੀ, ਹਿਦਾਇਤਕਾਰੀ ਦੇ ਫ਼ਰਜ਼ ਵਰਿੰਦਰ ਨੇ ਅੰਜਾਮ ਦਿੱਤੇ ਸਨ। ਇਹ ਫ਼ਿਲਮ ਸਿਲਵਰ ਜੁਬਲੀ ਹਿੱਟ ਰਹੀ।
6 ਅਗਸਤ 1987 ਨੂੰ ਪੰਮੀ ਸਿੱਧੂ ਪੁਰਾਲੇਖ ਵਿਭਾਗ ਵਿੱਚ ਮੁਲਾਜ਼ਮ ਮੁਕੱਰਰ ਹੋ ਗਈ, ਜਿੱਥੋਂ ਉਹ 31 ਮਾਰਚ 2016 ਨੂੰ ਸੇਵਾ ਮੁਕਤ ਹੋਈ। ਇਸ ਸਮੇਂ ਦੌਰਾਨ ਉਹ ਪੰਜਾਬੀ ਫ਼ਿਲਮਾਂ ਨਾਲ ਵੀ ਜੁੜੀ ਰਹੀ। ਸਰਦੂਲ ਅਟਵਾਲ ਪੰਮੀ ਦੇ ਜ਼ਾਤੀ ਤੌਰ ’ਤੇ ਵਾਕਿਫ਼ ਸਨ ਅਤੇ ਫ਼ਿਲਮ ‘ਯਾਰੀ ਜੱਟ ਦੀ’ ਦੇ ਕਿਰਦਾਰ ਤੋਂ ਮੁਤਾਸਿਰਜ਼ਦਾ। ਜਦੋਂ ਉਨ੍ਹਾਂ ਨੇ ਆਪਣੀ ਨਵੀਂ ਪੰਜਾਬੀ ਫ਼ਿਲਮ ‘ਜ਼ੋਰਾਵਰ’ ਸ਼ੁਰੂ ਕੀਤੀ, ਤਾਂ ਉਹ ਪੰਮੀ ਨੂੰ ਉਸ ਦੇ ਦਫ਼ਤਰ ਵਿੱਚ ਹੀ ਫ਼ਿਲਮ ’ਚ ਕੰਮ ਕਰਨ ਲਈ ਸਾਈਨਿੰਗ ਅਮਾਊਂਟ ਦੇ ਗਏ। ਇੰਡੋ-ਅਮੈਰੀਕਿਨ ਆਰਟਸ, ਬੰਬੇ ਦੀ ਦੇਸ਼ ਗੌਤਮ ਨਿਰਦੇਸ਼ਿਤ ਫ਼ਿਲਮ ‘ਜ਼ੋਰਾਵਰ’ (1995), ਜਿਸ ਦਾ ਟਾਈਟਲ ਰੋਲ ਵਲੈਤੀਏ ਸ਼ਰਨਦੀਪ ਨੇ ਨਿਭਾਇਆ ਤੇ ਹੀਰੋਇਨ ਦਾ ਪਾਰਟ ਰਵਿੰਦਰ ਮਾਨ ਕਰ ਰਹੀ ਸੀ, ’ਚ ਪੰਮੀ ਸਿੱਧੂੂ ਨੇ ‘ਫੱਫੇਕੁੱਟਣੀ ਸੱਸ’ ਦਾ ਰੋਲ ਬਾਖ਼ੂਬੀ ਕੀਤਾ। ਫ਼ਿਲਮਸਾਜ਼ ਰਬਿੰਦਰ ਸਿੰਘ, ਕਹਾਣੀ ਸਰਦੂਲ ਅਟਵਾਲ, ਮੁਕਾਲਮੇ ਬਖਸ਼ਿੰਦਰ ਤੇ ਸਰਦੂਲ ਅਟਵਾਲ, ਗੀਤ ਵਿਜੈ ਧਾਮੀ ਅਤੇ ਸੰਗੀਤਕਾਰ ਨਿਰਮਲ ਸਿੱਧੂ ਸਨ। ਸੁਰਜੀਤ ਮੂਵੀਜ਼, ਬੰਬੇ ਦੀ ਇਕਬਾਲ ਢਿੱਲੋਂ ਨਿਰਦੇਸ਼ਿਤ ਫ਼ਿਲਮ ‘ਸੁੱਖਾ’ (1996), ਜਿਸ ਦਾ ਟਾਈਟਲ ਰੋਲ ਵਿਸ਼ਾਲ ਸਿੰੰਘ ਨੇ ਨਿਭਾਇਆ ਅਤੇ ਨਵੀਂ ਹੀਰੋਇਨ ਵਜੋਂ ਰੇਸ਼ਮਾ ਰਾਜ ਮੌਜੂਦ ਸੀ। ਕਹਾਣੀ ਇਕਬਾਲ ਢਿੱਲੋਂ, ਮੁਕਾਲਮੇ ਤੇ ਮੰਜ਼ਰਨਾਮਾ ਦਰਸ਼ਨ ਔਲਖ ਅਤੇ ਸੰਗੀਤ ਸੁਰਿੰਦਰ ਬਚਨ ਨੇ ਤਹਿਰੀਰ ਕੀਤਾ।
ਪੰਮੀ ਸੰਧੂ ਦੀ ਚੌਥੀ ਪੰਜਾਬੀ ਫ਼ਿਲਮ ਸੋਹਲ ਪ੍ਰੋਡਕਸ਼ਨਜ਼, ਬੰਬੇ ਦੀ ਰਾਜੇਸ਼ ਪੁਰੀ ਨਿਰਦੇਸ਼ਿਤ ‘ਇਸ਼ਕ ਨਾ ਪੁੱਛੇ ਜਾਤ’ (1997) ਸੀ। ਫ਼ਿਲਮ ਵਿੱਚ ਹੀਰੋ ਦਾ ਕਿਰਦਾਰ ਵਿਸ਼ਾਲ ਸਿੰਘ ਤੇ ਹੀਰੋਇਨ ਵਜੋਂ ਸ਼ੀਤਲ ਬੇਦੀ ਮੌਜੂਦ ਸੀ। ਫ਼ਿਲਮ ਦੀ ਕਹਾਣੀ ਦਲਵਿੰਦਰ ਸੋਹਲ ਤੇ ਦਰਸ਼ਨ ਔਲਖ, ਗੀਤ, ਸੰਗੀਤ ਬਲਵਿੰਦਰ ਸਫ਼ਰੀ ਯੂ. ਕੇ. ਤੇ ਇਕਬਾਲ ਢਿੱਲੋਂ ਅਤੇ ਫ਼ਿਲਮਸਾਜ਼ ਦਲਵਿੰਦਰ ਸੋਹਲ ਸਨ। ਫ਼ਿਲਮ ਵਿੱਚ ਪੰਮੀ ਸੰਧੂ ਨੇ ‘ਜੰਗੀਰੋ’ ਦਾ ਜਜ਼ਬਾਤੀ ਕਿਰਦਾਰ ਨਿਭਾਇਆ, ਜਿਸ ਦੀ ਧੀ ‘ਕੰਮੋ’ (ਸ਼ੀਤਲ ਬੇਦੀ) ਚੌਧਰੀਆਂ ਦੇ ਮੁੰਡੇ ‘ਰਾਜ’ (ਵਿਸ਼ਾਲ ਸਿੰਘ) ਨੂੰ ਪਿਆਰ ਕਰਦੀ ਹੈ। ਮਹਿਕ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਇਕਬਾਲ ਚਾਨਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਤੇਰੀਆਂ ਮੁਹੱਬਤਾਂ’ (1998), ਜਿਸ ਦੀ ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਕੁਲਬੀਰ ਬਡੇਂਸਰੋ, ਗੀਤ ਚੰਨ ਗੁਰਾਇਆਂ ਵਾਲਾ ਅਤੇ ਦਿਲਕਸ਼ ਤਰਜ਼ਾਂ ਰਵੀ ਨੇ ਤਾਮੀਰ ਕੀਤੀਆਂ ਸਨ। ਇਸ ਫ਼ਿਲਮ ਵਿੱਚ ਪੰਮੀ ਸੰਧੂ ਨੇ ਚਰਿੱਤਰ ਭੂਮਿਕਾ ਨਿਭਾਈ। ਇਹ ਫ਼ਿਲਮ ਸੈਂਸਰ ਤਾਂ ਹੋ ਗਈ, ਪਰ ਕਿਸੇ ਕਾਰਨ ਰਿਲੀਜ਼ ਸੰਭਵ ਨਹੀਂ ਹੋ ਸਕੀ। ਮਸ਼ਹੂਰ ਪੰਜਾਬੀ ਵਿਅੰਗਕਾਰ ਜਸਪਾਲ ਭੱਟੀ ਦੇ ਜ਼ਾਤੀ ਬੈਨਰ ਜਸਪਾਲ ਭੱਟੀ ਲਿਮਟਿਡ, ਬੰਬੇ ਦੀ ਜਸਪਾਲ ਭੱਟੀ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਮਾਹੌਲ ਠੀਕ ਹੈ’ (1998) ਵਿੱਚ ਪੰਮੀ ਸੰਧੂ ਨੇ ਛੋਟਾ ਜਿਹਾ ਮਜ਼ਾਹੀਆ ਪਾਰਟ ਅਦਾ ਕੀਤਾ।
ਪੰਮੀ ਸਿੱਧੂ ਨੇ ਪੰਜਾਬੀ ਫ਼ੀਚਰ ਫ਼ਿਲਮਾਂ ਦੇ ਨਾਲ-ਨਾਲ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ਵਿੱਚ ਵੀ ਭਰਵੀਂ ਹਾਜ਼ਰੀ ਲੁਆਈ। ਪ੍ਰੋਗਰਾਮ ਦਾ ਨਾਮ ਸੀ ‘ਰੰਗ ’ਚ ਭੰਗ’ ਜੋ ਸਾਲ ਭਰ ਚੱਲਿਆ ਅਤੇ ਇਸ ਤੋਂ ਬਾਅਦ ਇਨ੍ਹਾਂ ਦੇ ਸੰਗੀਤਕ ਕਾਮੇਡੀ ਸ਼ੋਅ ‘ਕੱਚ ਦੀਆਂ ਮੁੰਦਰਾਂ’ ਪ੍ਰੋਗਰਾਮ ਨੂੰ ਵੀ ਦਰਸ਼ਕਾਂ ਨੇ ਖ਼ਾਸਾ ਪਸੰਦ ਕੀਤਾ। ਅਦਾਕਾਰੀ ਦੇ ਖੇਤਰ ਵਿੱਚ ਆਉਣ ਦਾ ਸਿਹਰਾ ਉਹ ਆਪਣੇ ਗੁਰੂ ਡਾ. ਸੁਰਿੰਦਰ ਸ਼ਰਮਾ ਨੂੰ ਦਿੰਦੀ ਹੈ, ਜਿਨ੍ਹਾਂ ਦੇ ਤੂਫ਼ੈਲ ਉਸ ਨੂੰ ਫ਼ਿਲਮਾਂ ਅਤੇ ਦੂਰਦਰਸ਼ਨ ਨਾਲ ਜੁੜਨ ਦਾ ਖ਼ੂਬਸੂਰਤ ਮੌਕਾ ਮਿਲਿਆ।
ਸਮਾਜਿਕ ਕੰਮਾਂ ਵਿੱਚ ਉਸਾਰੂ ਭੂਮਿਕਾਵਾਂ ਨਿਭਾਉਣ ਸਦਕਾ ਪੰਮੀ ਸਿੱਧੂ ਨੂੰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਐਵਾਰਡ ਮਿਲ ਚੁੱਕੇ ਹਨ।
ਪੰਮੀ ਸਿੱਧੂ ਦੇ ਪਤੀ ਦੀ 2016 ਵਿੱਚ ਮੌਤ ਹੋ ਚੁੱਕੀ ਹੈ। ਉਨ੍ਹਾਂ ਦਾ ਇੱਕ ਪੁੱਤਰ ਗੁਰਪਿੰਦਰਪ੍ਰੀਤ ਸਿੰਘ ਸੰਧੂ ਹੈ ਜੋ ਪੜ੍ਹਾਈ ਕਰ ਰਿਹਾ ਹੈ। ਪੰਮੀ ਸਿੱਧੂ ਅੱਜਕੱਲ੍ਹ ਪੰਜਾਬੀ ਫ਼ਿਲਮੀ ਖੇਤਰ ਵਿੱਚ ਮੁੜ ਤੋਂ ਸਰਗਰਮ ਹੋ ਕੇ ਲਘੂ ਤੇ ਪੰਜਾਬੀ ਫ਼ੀਚਰ ਫ਼ਿਲਮਾਂ ਕਰ ਰਹੀ ਹੈ।
ਸੰਪਰਕ: 97805-09545