ਕਰਨੈਲ ਸਿੰਘ ਸੋਮਲ
ਪੁੰਗਰੇ ਬੀਜ ਤੋਂ ਪੌਦਾ ਤੇ ਦਰੱਖਤ ਬਣ ਫੈਲਣ ਵਾਂਗ ਸਾਡਾ ਆਪਾ ਵਿਕਸਤ ਹੋਣ ਨੂੰ ਹੁੰਦਾ ਹੈ। ਹਾਲਤਾਂ ਸਾਜ਼ਗਰ ਨਾ ਹੋਣ ਤਾਂ ਇਹ ਸੁੰਗੜਦਾ ਤੇ ਸੁੱਕਦਾ ਵੀ ਹੈ। ਸੰਤਾਲੀ ਵਿੱਚ ਪੰਜਾਬ ਦੇ ਆਪੇ ਦੀ ਕੱਟ-ਵੱਢ ਹੋਈ। ਇਸ ਦੇ ਮੁੜ ਸਬੂਤਾ ਹੋਣ ਲਈ ਬਿਹਬਲਤਾ ਪੰਜਾਬ ਦੀ ਜਰਖੇਜ਼ ਜ਼ਮੀਨ ਦੇ ਕਣ ਕਣ ਵਿੱਚ ਹੁਣ ਤਾਈਂ ਪ੍ਰਤੀਤ ਹੁੰਦੀ ਹੈ। ਕਾਲੇਪਾਣੀਆਂ ਦੇ ਕੈਦਖਾਨੇ ਤੇ ਤਸ਼ੱਦਦ ਕੇਂਦਰ ਭਾਰਤੀਆਂ ਦੀ ਹੋਂਦ ਨੂੰ ਪੱਛਣ ਤੇ ਮੇਟਣ ਦੇ ਯਤਨ ਵਜੋਂ ਬਣੇ ਸਨ। ਅਸਲ ਵਿੱਚ, ਸਾਡੇ ਜ਼ਿਹਨ ਵਿੱਚ ਜੋ ਵੱਸਿਆ ਹੈ ਅਤੇ ਜਿੱਥੋਂ ਤੀਕ ਅਸੀਂ ਆਪਣੀ ਕਲਪਨਾ ਜਾਂ ਵਾਸਤਵਿਕ ਰੂਪ ਵਿੱਚ ਪਹੁੰਚ ਰੱਖਦੇ ਹਾਂ, ਉਹ ਸਾਡੀ ਹੋਂਦ ਜਾਂ ਆਪੇ ਦਾ ਅੰਗ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਸਾਡੇ ਨਾਂ ਵਿੱਚ ਸਮਾਇਆ ਅਤੇ ਆਇਨੇ ਵਿੱਚ ਨਿਹਾਰਿਆ ਆਪਾ ਤਾਂ ਪਿਆਰਾ ਹੁੰਦਾ ਹੈ, ਪਰ ਗੱਲ ਇਸ ਤੋਂ ਅਗਾਂਹ ਦੀ ਵੀ ਹੈ।
ਆਲਾ-ਭੋਲਾ ਬਾਲ ਨਾ ‘ਮੈਂ’ ਤੋਂ ਜਾਣੂ ਹੈ ਤੇ ਨਾ ਆਪਣੇ ਨਾਂ ਤੋਂ ਚੇਤੰਨ। ਅੱਗੋਂ ਘਰ ਦੀ ਦਹਿਲੀਜ਼ ਨੂੰ ਟੱਪ ਕੇ ਬਾਹਰ ਜਾਣ ਦੀ ਲਲਕ ਬਾਲ-ਅਵਸਥਾ ਤੋਂ ਹੋ ਕੇ ਜਾਂਦੀ ਹੈੈ। ਉਸ ਦੇ ਨਾਲ ਖੇਡਦੇ, ਕਲੋਲਾਂ ਕਰਦੇ ਹੋਰ ਬੱਚੇ ਉਹਦੇ ਆਪੇ ਦਾ ਅੰਗ ਬਣ ਜਾਂਦੇ ਹਨ। ਬਾਹਰਲਾ ਜਗਤ ਨਵੇਂ ਸਬੰਧ ਸਿਰਜੇ ਜਾਣ ਦੇ ਅਨੇਕਾਂ ਮੌਕੇ ਦਿੰਦਾ ਹੈ। ਮਸਲਨ, ਫ਼ੌਜ ਵਿੱਚ ਭਰਤੀ ਹੋਇਆ ਜਵਾਨ ਆਪਣੇ ਸਾਥੀਆਂ ਨਾਲ ਜਾਣ-ਪਛਾਣ ਕੱਢਦਾ ਤੇ ਫਿਰ ਸਾਂਝਾਂ ਬਣਾਉਂਦਾ ਹੈ। ਨਵੀਆਂ ਤੋਂ ਨਵੀਆਂ ਥਾਵਾਂ ਨੂੰ ਜਾਣਾ ਹੁੰਦਾ ਹੈ। ਵੱਖ-ਵੱਖ ਪ੍ਰਦੇਸ, ਕਈ ਵਾਰੀ ਵਿਦੇਸ਼ ਵੀ ਗਾਹੁਣ ਨੂੰ ਮਿਲਦੇ ਹਨ। ਘਰ ਤੋਂ ਦੂਰ ਇੱਕ ਵੱਖਰੇ ਸੰਸਾਰ ਨਾਲ ਵਾਹ ਪੈਂਦਾ ਹੈ। ਇਹ ਵਾਹ-ਵਾਸਤੇ ਫ਼ੌਜੀ ਦੇ ਆਪੇ ਨੂੰ ਨਵੇਂ ਪਸਾਰ ਦਿੰਦੇ ਹਨ। ਕੁੜੀਆਂ ਵਿਆਹ ਪਿੱਛੋਂ ਸਹੁਰੀਂ ਜਾਂਦੀਆਂ ਹਨ। ਸਹੁਰਿਆਂ ਦਾ ਘਰ ਉਨ੍ਹਾਂ ਲਈ ਓਪਰਾ ਹੁੰਦਾ ਹੈ। ਪੇਕਾ ਘਰ ਤੇ ਉਸ ਦਾ ਆਲਾ-ਦੁਆਲਾ ਪਿੱਛੇ ਰਹਿ ਜਾਂਦਾ ਹੈ। ਤਦ ਕੁੜੀ ਦਾ ਆਪਾ ਓਸ ਨਵੇਂ ਤੇ ਅਣਜਾਣੇ ਜਹਾਨ ਨੂੰ ਅਪਣਾਉਣ ਅਤੇ ਪੇਕਿਆਂ ਦੇ ਲਗਾਅ ਨੂੰ ਸੰਜਮ ਵਿੱਚ ਰੱਖਣ ਲਈ ਅਚੇਤ-ਸੁਚੇਤ ਯਤਨਸ਼ੀਲ ਹੁੰਦਾ ਹੈ। ਮੁਲਾਜ਼ਮਤ ਵਿੱਚ ਆਈਆਂ ਕੁੜੀਆਂ ਆਪਣੇ ਸਹਿਕਰਮੀ ਪੁਰਖਾਂ ਅਤੇ ਇਸਤਰੀਆਂ ਨਾਲ ਮਿਲ ਕੇ ਕੰਮ ਕਰਦੀਆਂ ਹਨ। ਤਦ, ਸਲੀਕਾ, ਸਹਿਜ ਤੇ ਪਰਸਪਰ ਸਤਿਕਾਰ ਉਨ੍ਹਾਂ ਦੇ ਆਪੇ ਦੀ ਤਾਕਤ ਬਣਦੇ ਹਨ। ਉਹ ਦੱਬੀਆਂ ਦੱਬੀਆਂ ਰਹਿਣ ਦੀ ਥਾਂ ਆਪਣੀ ਉਜਾਗਰ ਹੁੰਦੀ ਨਵੀਂ ਸਮਰੱਥਾ ਤੋਂ ਹੁਲਾਸੀਆਂ ਵੀ ਜਾਂਦੀਆਂ ਹਨ। ਇਸ ਜਗਤ ਦੀ ਨੁਹਾਰ ਇਵੇਂ ਹੀ ਨਿੱਖਰਦੀ ਹੈ।
ਹੁਣ ਰੁਜ਼ਗਾਰ ਲਈ ਵਿਦੇਸ਼ ਜਾਣ ਤੇ ਉੱਥੇ ਹੀ ਵੱਸਣ ਦਾ ਰੁਝਾਨ ਵਧ ਰਿਹਾ ਹੈ। ਪਿੱਛੇ ਪਰਿਵਾਰ ਵਾਲੇ ਉਨ੍ਹਾਂ ਧਰਤੀਆਂ ਦੀਆਂ ਗੱਲਾਂ ਆਪਣੇ ਪਿੰਡ ਤੇ ਇਲਾਕੇ ਵਾਂਗ ਕਰਦੇ ਹਨ। ਉੱਥੋਂ ਦੀਆਂ ਖ਼ਬਰਾਂ ਅਤੇ ਨਵੀਆਂ ਜਾਣਕਾਰੀਆਂ ਦੇ ਸਬੱਬ ਦੇਸ ਬੈਠਿਆਂ ਦੇ ਆਪੇ ਦਾ ਵਿਸਤਾਰ ਹੁੰਦਾ ਰਹਿੰਦਾ ਹੈ।
ਪਹਿਲਿਆਂ ਵਿੱਚ ਵੀ ਸਾਡੇ ਹੋਣਹਾਰ ਨੌਜਵਾਨ ਵਿਦੇਸ਼ਾਂ ਵਿੱਚ ਪੜ੍ਹਨ ਲਈ ਗਏ। ਪ੍ਰੋ. ਪੂਰਨ ਸਿੰਘ ਵੀ ਗਿਆ ਸੀ। ਇਸ ਨਾਲ ਉਸ ਦੀਆਂ ਸੋਚਾਂ ਅਤੇ ਵਿਚਾਰਾਂ ਵਿੱਚ ਬੜੀਆਂ ਸੋਹਣੀਆਂ ਤਬਦੀਲੀਆਂ ਆਈਆਂ। ਉਸ ਨੇ ਵਾਲਟ ਵਿਟਮੈਨ ਵਾਂਗ ਛੰਦਾ-ਬੰਦੀ ਤੋਂ ਮੁਕਤ ਕਵਿਤਾ ਲਿਖੀ ਜਿਹੜੀ ਖੁੱਲ੍ਹੀ ਕਵਿਤਾ ਤੇ ਗੱਦ-ਕਾਵਿ ਵੀ ਅਖਵਾਈ। ਛੰਦਾਂ ਦੀਆਂ ਬੰਦਸ਼ਾਂ ਤੋਂ ਮੁਕਤ ਹੋਣ ਦੀ ਲਾਲਸਾ ਵਾਸਤਵ ਵਿੱਚ ਸੁਤੰਤਰਤਾ ਦੀ ਤਾਂਘ ਸੀ। ਫਿਰ, ਉਸ ਨੇ ਜੋ ਕੁਝ ਲਿਖਿਆ ਉਹ ਪੰਜਾਬ ਤੇ ਪੰਜਾਬੀਆਂ ਦੇ ਆਪੇ ਨੂੰ ਨਵੇਂ-ਦਿਸਹੱਦੇ ਦੇਣ ਵਾਲਾ ਸੀ। ਹੋਰ ਵੀ ਕਿੰਨੇ ਹੀ ਭਾਰਤੀ, ਪੰਜਾਬੀਆਂ ਸਮੇਤ ਵਿਦੇਸ਼ਾਂ ਵਿੱਚ ਗਏ। ਕਈਆਂ ਨੇ ਦੇਸ਼ ਦੀ ਆਜ਼ਾਦੀ ਲਈ ਮੁਹਰੈਲਾਂ ਵਜੋਂ ਕੰਮ ਕੀਤਾ। ਕਈ ਸ਼ਹੀਦ ਵੀ ਹੋਏ। ਅਸੀਂ ਭੁੱਲ ਹੀ ਨਹੀਂ ਸਕਦੇ ਉਨ੍ਹਾਂ ਨੂੰ। ਇਸ ਮਹਾਨ ਵਿਰਸੇ ਵੱਲ ਪਿੱਠ ਕਰਕੇ ਅਸੀਂ ਕਾਹਦੇ ਜੋਗੇ ਹਾਂ। ਬਾਬਾ ਨਾਨਕ ਦੀਆਂ ਚਾਰ ਉਦਾਸੀਆਂ ਨੇ ਸਾਨੂੰ ਜੋ ਦਿੱਤਾ ਉਸ ਦਾ ਲੱਖਣ ਲਾਉਣਾ ਔਖਾ ਹੈ। ਸਾਡੇ ਖ਼ਮੀਰ ਨੂੰ ਅਖ਼ੀਰਲੀ ਅਮੀਰੀ ਬਖ਼ਸ਼ੀ। ਵਰਤਮਾਨ ਭਾਵੇਂ ਹੁਣ ਦੇ ਪਲਾਂ ਵਿੱਚ ਜਿਊਣ ਦਾ ਨਾਂ ਹੈ। ਅਤੀਤ ਸਾਡਾ ਵਿਰਸਾ ਬਣਦਾ ਹੈ। ਭਵਿੱਖ ਸਾਡੇ ਸੋਹਣੇ ਸੁਪਨਿਆਂ ਦੀ ਜ਼ਮੀਨ ਹੈੈ। ਇਹ ਤਿੰਨੇ ਕਾਲ ਸਾਡਾ ਆਪਾ ਬਣੀ ਬੋਲੀ ਦੇ ਹਰ ਸ਼ਬਦ ਵਿੱਚ ਹਾਜ਼ਰ ਹੁੰਦੇ ਹਨ।
ਸਾਡੇ ਖੇਤੀ ਦੇ ਸੰਦ, ਰਸੋਈ ਦੇ ਭਾਂਡੇ, ਸਾਜ਼, ਗੀਤ-ਸੰਗੀਤ, ਸਾਡੇ ਚੁੱਲ੍ਹਿਆਂ, ਰੁੱਤਾਂ-ਮੌਸਮਾਂ, ਫੁੱਲਾਂ-ਫ਼ਲਾਂ ਦੀ ਮਹਿਕ ਅਤੇ ਖੇਤਾਂ, ਬਾਗਾਂ-ਬਗੀਚਿਆਂ ਵਿੱਚ ਖਿੱਲਰੇ ਅਨੰਤ ਰੰਗ ਸਾਡੇ ਆਪੇ ਨੂੰ ਸਜੀਵ ਰੱਖਦੇ ਹਨ। ਦਿਨ-ਰਾਤ ਦੀਆਂ ਅਸੰਖ ਦਿਲਕਸ਼ ਝਾਤਾਂ ਤੇ ਜ਼ਿੰਦਗੀ ਦਾ ਡੁੱਲ੍ਹ-ਡੁੱਲ੍ਹ ਪੈਂਦਾ ਸੁਹਜ ਇਸ ਆਪੇ ਨੂੰ ਅਸੀਮ ਬਣਾਉਂਦੇ ਹਨ। ਘੁਮੱਕੜਾਂ ਦਾ ਆਪੇ ਦਾ ਪਸਾਰ ਹੁੰਦਾ ਰਹਿਣ ਕਰਕੇ ਉਹ ਵਿਸ਼ਵ ਨਾਗਰਿਕ ਸਦਾਉਂਦੇ ਹਨ। ਚੰਗੀਆਂ ਕਿਤਾਬਾਂ ਦਾ ਸਾਥ ਸਾਡੇ ਜ਼ਿਹਨੀ ਜਹਾਨ ਨੂੰ ਮੋਕਲਾ ਕਰਦਾ ਹੈ।
ਸਾਡੀ ਹਮਦਰਦੀ ਦੇ ਘੇਰੇ ਦੇ ਫੈਲਣ ਨਾਲ ਸਾਡੇ ਆਪੇ ਦਾ ਪਸਾਰ ਹੁੰਦਾ ਹੈ। ਕਿਤੇ ਤਬਾਹੀ ਹੁੰਦੀ ਹੈ ਤਾਂ ਅਸੀਂ ਆਪਣੇ ਘਰਾਂ ਵਿੱਚ ਬੈਠੇ ਤ੍ਰਾਹ ਤ੍ਰਾਹ ਕਰਦੇ ਹਾਂ। ਹਮਦਰਦੀ ਦੀ ਅਣਹੋਂਦ ਹੋਵੇ, ਤਦ ਅਸੀਂ ਆਪਣੇ ਗਲੀ-ਮੁਹੱਲੇ ਵਿੱਚ ਵਾਪਰੇ ਕਿਸੇ ਦੁਖਾਂਤ ਤੋਂ ਪਸੀਜਦੇ ਨਹੀਂ। ਕੋਈ ਕਿਸੇ ਵੀ ਬਜ਼ੁਰਗ ਔਰਤ ਨੂੰ ਆਪਣੀ ਮਾਂ ਖ਼ਿਆਲ ਕਰਕੇ ਉਸ ਦਾ ਸਤਿਕਾਰ ਕਰਦਾ ਹੈ। ਸੰਵੇਦਨਸ਼ੀਲਤਾ ਨਾ ਹੋਵੇ ਤਾਂ ਆਪਣੇ ਮਾਂ-ਬਾਪ ਨੂੰ ਵੀ ਘਰੋਂ ਕੱਢਣ ਤੀਕ ਜਾਂਦਾ ਹੈ। ਦਇਆ, ਹਮਦਰਦੀ ਤੇ ਸੋਹਣੀ ਸਿਆਣ ਆਪੇ ਦੇ ਪਸਾਰਾਂ ਦਾ ਆਧਾਰ ਹਨ। ਅਸੀਮ ਬ੍ਰਹਿਮੰਡ ਬਾਰੇ ਖੋਜਾਂ ਕਰਦੇ ਵਿਗਿਆਨੀ ਅਚੰਭਿਤ ਹੁੰਦੇ, ਪੂਰੀ ਥਾਹ ਪਾਉਣ ਦੀ ਖੋਹ ਕਾਰਨ ਅੱਗੇ ਤੋਂ ਅੱਗੇ ਖੋਜਣ ਤੁਰ ਪੈਂਦੇ ਹਨ। ਸਾਧਾਰਨ ਲੋਕ ਆਪਣੇ ਸੀਮਤ ਗਿਆਨ ਤੇ ਸੋਝੀ ਅਨੁਸਾਰ ਆਪਣੇ ਆਪਣੇ ਲੱਖਣ ਲਾਉਂਦੇ ਹਨ। ਜਿੰਨੀ ਕਿਸੇ ਦੀ ਜ਼ਿਹਨੀ ਸਮਰੱਥਾ ਓਨਾ ਹੀ ਉਸ ਦੇ ਆਪੇ ਦਾ ਪਸਾਰ।
ਸੰਪਰਕ: 98141-57137