ਮੁੰਬਈ: ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਊਧਮ’ ਦੀ ਪਰਮੋਸ਼ਨ ਲਈ ਪਹੁੰਚੇ ਅਦਾਕਾਰ ਵਿੱਕੀ ਕੌਸ਼ਲ ਨੇ ਕਿਹਾ ਕਿ ਇਸ ਫਿਲਮ ਦਾ ਹਰ ਸ਼ਾਟ ਮਰਹੂਮ ਅਦਾਕਾਰ ਇਰਫਾਨ ਖਾਨ ਨੂੰ ਸ਼ਰਧਾਂਜਲੀ ਹੋਵੇਗਾ। ਇਸ ਵਿੱਚ ਵਿੱਕੀ ਨੇ ਮੁੱਖ ਕਿਰਦਾਰ ਨਿਭਾਇਆ ਹੈ, ਜੋ ਪਹਿਲਾਂ ਇਰਫਾਨ ਖਾਨ ਵੱਲੋਂ ਨਿਭਾਇਆ ਜਾਣਾ ਸੀ। ਵਿੱਕੀ ਨੇ ਦੱਸਿਆ ਕਿ ਉਹ ਮਰਹੂਮ ਅਦਾਕਾਰ ਇਰਫਾਨ ਖਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਇਸ ਦੌਰਾਨ ਫਿਲਮ ਦੇ ਨਿਰਦੇਸ਼ਕ ਸ਼ੁਜੀਤ ਸਰਕਾਰ ਨੇ ਵੀ ਫਿਲਮ ਬਾਰੇ ਵਿਚਾਰ ਸਾਂਝੇ ਕੀਤੇ। ਮਹਿਮਾਨਾਂ ਨਾਲ ਗੱਲਬਾਤ ਕਰਦਿਆਂ ਅਰਚਨਾ ਪੂਰਨ ਸਿੰਘ ਨੇ ਵਿੱਕੀ ਨੂੰ ਪੁੱਛਿਆ ਕਿ ਮੁੱਖ ਪਾਤਰ ਦੀ ਭੂਮਿਕਾ ਨਿਭਾਉਣੀ ਕਿੰਨੀ ਔਖੀ ਸੀ ਕਿਉਂਕਿ ਉਸ ਤੋਂ ਪਹਿਲਾਂ ਇਰਫਾਨ ਖਾਨ ਨੂੰ ਇਸ ਕਿਰਦਾਰ ਲਈ ਚੁਣਿਆ ਗਿਆ ਸੀ। ਇਸ ਦੇ ਜਵਾਬ ਵਿੱਚ ਵਿੱਕੀ ਨੇ ਕਿਹਾ, ‘‘ਅਸਲ ਵਿੱਚ ਮੈਂ ਇਰਫਾਨ ਸਰ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਨੂੰ ਲੱਗਦਾ ਹੈ ਕਿ ਉਹ ਦੁਨੀਆ ਦੇ ਸਰਬੋਤਮ ਅਦਾਕਾਰਾਂ ’ਚੋਂ ਇੱਕ ਹਨ। ਉਨ੍ਹਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸ ਫਿਲਮ ਦਾ ਹਰ ਸ਼ਾਟ ਇਰਫਾਨ ਸਰ ਨੂੰ ਸ਼ਰਧਾਂਜਲੀ ਹੈ।’’ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਇਹ ਐਪੀਸੋਡ ਸੋਨੀ ਐਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ